Tuesday, March 13, 2012

                                   ਲੋਕ ਰਾਜ
                .....ਬਾਹਲੇ ਪੜ੍ਹੇ ਵੇਖਣ ਖੜ੍ਹੇ
                                ਚਰਨਜੀਤ ਭੁੱਲਰ
ਬਠਿੰਡਾ : ਮਾਲਵਾ ਖਿੱਤੇ ਦੇ ਕਰੀਬ ਦੋ ਦਰਜਨ ਵਿਧਾਇਕਾਂ ਨੇ ਕਾਲਜ ਦਾ ਮੂੰਹ ਨਹੀਂ ਵੇਖਿਆ। ਭਾਵੇਂ ਇਹ ਉਮੀਦਵਾਰ ਘੱਟ ਪੜ੍ਹੇ ਲਿਖੇ ਹਨ ਪਰ ਮਾਲਵੇ ਦੇ ਲੋਕਾਂ ਨੇ ਇਨ੍ਹਾਂ ਉਮੀਦਵਾਰਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾ ਦਿੱਤਾ ਹੈ। ਇਨ੍ਹਾਂ 'ਚੋਂ ਬਹੁਤੇ ਉਮੀਦਵਾਰ ਪੁਰਾਣੇ ਸਿਆਸੀ ਧੁਨੰਤਰ ਹਨ। ਇਨ੍ਹਾਂ ਵਿਧਾਇਕਾਂ 'ਚੋਂ ਤਿੰਨ ਵਿਧਾਇਕ ਤਾਂ ਪੰਜ ਜਮਾਤਾਂ ਹੀ ਪਾਸ ਹਨ ਜਦੋਂ ਕਿ ਇੱਕ ਵਿਧਾਇਕ ਤਾਂ ਸਿਰਫ ਪੜ੍ਹ ਲਿਖ ਹੀ ਸਕਦਾ ਹੈ,ਉਸ ਕੋਲ ਕੋਈ ਰਸਮੀ ਵਿੱਦਿਅਕ ਯੋਗਤਾ ਨਹੀਂ ਹੈ।ਪ੍ਰਾਪਤ  ਜਾਣਕਾਰੀ ਅਨੁਸਾਰ ਹਲਕਾ ਭਦੌੜ ਤੋਂ ਕਾਂਗਰਸੀ ਵਿਧਾਇਕ ਮੁਹੰਮਦ ਸਦੀਕ ਪੰਜ ਜਮਾਤਾਂ ਪਾਸ ਹਨ ਅਤੇ ਉਨ੍ਹਾਂ ਨੇ ਸਾਬਕਾ ਆਈ.ਏ.ਐਸ. ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ ਹਰਾਇਆ ਹੈ। ਮੁਹੰਮਦ ਸਦੀਕ ਕਾਂਗਰਸ ਦੇ ਪੁਰਾਣੇ ਵਰਕਰ ਹਨ। ਹਲਕਾ ਬੁਢਲਾਡਾ ਤੋਂ ਵਿਧਾਇਕ ਚਤਿੰਨ ਸਿੰਘ ਸਮਾਓ ਕੋਲ ਵੀ ਕੋਈ ਰਸਮੀ ਵਿੱਦਿਅਕ ਯੋਗਤਾ ਨਹੀਂ ਹੈ। ਉਹ ਪਹਿਲਾਂ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ ਅਤੇ ਐਤਕੀਂ ਪਹਿਲੀ ਵਾਰ ਵਿਧਾਇਕ ਬਣੇ ਹਨ। ਉਹ ਸਿਰਫ ਪੜ੍ਹ ਲਿਖ ਹੀ ਸਕਦੇ ਹਨ। ਉਨ੍ਹਾਂ ਨੇ ਕਾਂਗਰਸ ਦੇ ਸਤਪਾਲ ਸਿੰਘ ਨੂੰ ਹਰਾਇਆ ਹੈ।  ਹਲਕਾ ਜੈਤੋ ਤੋਂ ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਵੀ ਪੰਜ ਜਮਾਤਾਂ ਹੀ ਪਾਸ ਹਨ। ਉਨ੍ਹਾਂ ਨੇ ਅਕਾਲੀ ਦਲ ਦੇ ਸੀਨੀਅਰ ਨੇਤਾ ਗੁਰਦੇਵ ਸਿੰਘ ਬਾਦਲ ਨੂੰ ਦੋ ਵਾਰ ਹਰਾਇਆ ਹੈ। ਹਾਲਾਂਕਿ ਗੁਰਦੇਵ ਸਿੰਘ ਬਾਦਲ ਵੀ ਪੜ੍ਹਾਈ ਲਿਖਾਈ ਵਾਲੇ ਪਾਸਿਓਂ ਦੂਰ ਹੀ ਹਨ। ਹਲਕਾ ਜ਼ੀਰਾ ਤੋਂ ਅਕਾਲੀ ਵਿਧਾਇਕ ਹਰੀ ਸਿੰਘ ਜ਼ੀਰਾ ਵੀ ਪੰਜ ਜਮਾਤਾਂ ਪਾਸ ਹਨ ਅਤੇ ਉਨ੍ਹਾਂ ਨੇ ਕਾਂਗਰਸ ਦੇ ਨਰੇਸ਼ ਕਟਾਰੀਆ ਨੂੰ ਹਰਾਇਆ ਹੈ।
           ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਵੀ ਅੱਠ ਜਮਾਤਾਂ ਪਾਸ ਹੀ ਹਨ। ਉਹ ਐਤਕੀਂ ਹਿੰਦੂ ਕੋਟੇ 'ਚੋਂ ਮੰਤਰੀ ਬਣਨ ਦੀ ਦੌੜ ਵਿੱਚ ਹਨ। ਉਹ ਵਪਾਰੀ ਵਰਗ ਨਾਲ ਸਬੰਧਿਤ ਹਨ ਅਤੇ ਬਾਦਲ ਪਰਿਵਾਰ ਦੇ ਕਰੀਬੀ ਹਨ। ਉਨ੍ਹਾਂ ਦੇ ਮੁਕਾਬਲੇ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਜੋ ਕਿ ਗਰੈਜੂਏਟ ਹਨ, ਚੋਣ ਹਾਰ ਗਏ। ਸਿੰਗਲਾ ਦੇ ਮੁਕਾਬਲੇ ਪੀਪਲਜ਼ ਪਾਰਟੀ ਦੇ ਐਡਵੋਕੇਟ ਸੁਖਦੀਪ ਸਿੰਘ ਭਿੰਡਰ ਵੀ ਖੜ੍ਹੇ ਸਨ। ਸੰਗਰੂਰ ਤੋਂ ਅਕਾਲੀ ਵਿਧਾਇਕ ਪ੍ਰਕਾਸ਼ ਚੰਦ ਗਰਗ ਵੀ ਅੱਠ ਜਮਾਤਾਂ ਪਾਸ ਹੀ ਹਨ ਅਤੇ ਉਹ ਵੀ ਮੰਤਰੀ ਬਣਨ ਦੀ ਦੌੜ ਵਿੱਚ ਹਨ। ਫਰੀਦਕੋਟ ਹਲਕੇ ਤੋਂ ਅਕਾਲੀ ਵਿਧਾਇਕ ਦੀਪ ਮਲਹੋਤਰਾ ਵੀ ਅੱਠ ਜਮਾਤਾਂ ਪੜ੍ਹੇ ਹਨ। ਉਹ ਵੀ ਮੰਤਰੀ ਬਣਨ ਦੇ ਚੱਕਰ ਵਿੱਚ ਹਨ। ਉਨ੍ਹਾਂ ਨੇ ਸਾਬਕਾ ਸਿੱਖਿਆ ਮੰਤਰੀ ਅਵਤਾਰ ਸਿੰਘ ਬਰਾੜ ਨੂੰ ਹਰਾਇਆ ਹੈ।ਹਲਕਾ ਮਾਨਸਾ ਤੋਂ ਅਕਾਲੀ ਵਿਧਾਇਕ ਪ੍ਰੇਮ ਮਿੱਤਲ ਵੀ ਅੱਠ ਜਮਾਤਾਂ ਹੀ ਪੜ੍ਹੇ ਹਨ ਅਤੇ ਉਨ੍ਹਾਂ ਨੇ ਪਹਿਲੀ ਵਾਰ ਚੋਣ ਲੜੀ ਹੈ। ਫਾਜ਼ਿਲਕਾ ਤੋਂ ਜੇਤੂ ਰਹੇ ਸੁਰਜੀਤ ਜਿਆਣੀ ਵੀ ਅੱਠ ਜਮਾਤਾਂ ਪਾਸ ਹਨ। ਇਸੇ ਤਰ੍ਹਾਂ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਅਕਾਲੀ ਵਿਧਾਇਕ ਜੋਗਿੰਦਰ ਸਿੰਘ ਵੀ ਅੱਠ ਜਮਾਤਾਂ ਪਾਸ ਹਨ। ਹਲਕਾ ਧਰਮਕੋਟ ਤੋਂ ਜੇਤੂ ਅਕਾਲੀ ਵਿਧਾਇਕ ਤੋਤਾ ਸਿੰਘ ਦਸ ਜਮਾਤਾਂ ਪਾਸ ਹਨ ਅਤੇ ਉਹ ਸਿੱਖਿਆ ਮੰਤਰੀ ਰਹਿ ਚੁੱਕੇ ਹਨ। ਮਹਿਲ ਕਲਾਂ ਤੋਂ ਕਾਂਗਰਸੀ ਵਿਧਾਇਕ ਹਰਚੰਦ ਕੌਰ ਵੀ 10 ਜਮਾਤਾਂ ਪਾਸ ਹਨ।
          ਹਲਕਾ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਵੀ ਮੈਟ੍ਰਿਕ ਪਾਸ ਹਨ ਅਤੇ ਉਨ੍ਹਾਂ ਨੇ ਆਪਣੇ ਵਿਰੋਧੀ ਨੂੰ 13 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਨਾਲ ਹੀ ਉਨ੍ਹਾਂ ਨੇ ਵਿਦੇਸ਼ 'ਚੋਂ ਪੜ੍ਹੇ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ ਹੈ। ਪੰਜਾਬ ਦੇ ਸਾਬਕਾ ਡੀ.ਜੀ.ਪੀ. ਪੀ.ਐਸ.ਗਿੱਲ ਨੂੰ ਬਾਰਾਂ ਜਮਾਤਾਂ ਪਾਸ ਕਾਂਗਰਸੀ ਉਮੀਦਵਾਰ ਜੋਗਿੰਦਰਪਾਲ ਜੈਨ ਨੇ ਹਰਾ ਦਿੱਤਾ ਹੈ।ਹਲਕਾ ਨਿਹਾਲ ਸਿੰਘ ਵਾਲਾ ਤੋਂ ਜੇਤੂ ਰਹੀ ਅਕਾਲੀ ਵਿਧਾਇਕ ਰਾਜਵਿੰਦਰ ਕੌਰ ਵੀ 12 ਜਮਾਤਾਂ ਪਾਸ ਹੈ। ਹਲਕਾ ਘਨੌਰ ਤੋਂ ਜੇਤੂ ਅਕਾਲੀ ਵਿਧਾਇਕ ਹਰਪ੍ਰੀਤ ਕੌਰ ਵੀ 12 ਜਮਾਤਾਂ ਪਾਸ ਹੈ। ਹਲਕਾ ਰਾਏਕੋਟ ਤੋਂ ਕਾਂਗਰਸੀ ਉਮੀਦਵਾਰ ਗੁਰਚਰਨ ਸਿੰਘ ਅਤੇ ਹਲਕਾ ਗਿੱਲ ਤੋਂ ਅਕਾਲੀ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ ਵੀ ਦਸ ਜਮਾਤਾਂ ਹੀ ਪਾਸ ਹਨ। ਇਸੇ ਤਰ੍ਹਾਂ ਹਲਕਾ ਲੁਧਿਆਣਾ ਕੇਂਦਰੀ ਤੋਂ ਕਾਂਗਰਸੀ ਵਿਧਾਇਕ ਸੁਰਿੰਦਰ ਕੁਮਾਰ ਅਤੇ ਹਲਕਾ ਲੁਧਿਆਣਾ ਉੱਤਰੀ ਤੋਂ ਰਾਕੇਸ਼ ਪਾਂਡੇ ਵੀ 10 ਜਮਾਤਾਂ ਹੀ ਪਾਸ ਹਨ। ਹਲਕਾ ਦਾਖਾ ਤੋਂ ਮਨਪ੍ਰੀਤ ਸਿੰਘ ਇਯਾਲੀ ਵੀ 12 ਜਮਾਤਾਂ ਪਾਸ ਹਨ।  ਇਸ ਸਬੰਧੀ ਉੱਘੇ ਕਹਾਣੀਕਾਰ ਅਤੇ ਕਾਲਮਨਵੀਸ ਗੁਰਬਚਨ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਵਿੱਦਿਅਕ ਯੋਗਤਾ ਕੋਈ ਮਾਇਨੇ ਨਹੀਂ ਰੱਖਦੀ ਬਲਕਿ ਕਈ ਵਾਰ ਤਾਂ ਇਹ ਯੋਗਤਾ ਪੁੱਠੀ ਪੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵੋਟਰ ਅਪਣੱਤ ਰੱਖਣ ਵਾਲੇ ਅਤੇ ਕੀਤੇ ਕੰਮ ਕਾਰਾਂ ਨੂੰ ਵੇਖ ਕੇ ਵੋਟ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਬਹੁਤੇ ਪੜ੍ਹੇ ਲਿਖੇ ਲੋਕਾਂ ਤੋਂ ਵਿੱਥ ਪਾ ਕੇ ਰਹਿੰਦੇ ਹਨ ਜਿਸ ਕਰਕੇ ਉਹ ਵੋਟਾਂ ਵਿੱਚ ਪੱਛੜ ਜਾਂਦੇ ਹਨ।

No comments:

Post a Comment