Sunday, March 4, 2012

                              ਬਿਗਾਨੇ ਧੰਨ ਨਾਲ
       ਵਲੈਤੀ ਪ੍ਰਾਹੁਣੇ ਲੁੱਟ ਗਏ ਮੌਜ ਮੇਲਾ !
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ 'ਚ ਪ੍ਰਾਹੁਣਚਾਰੀ ਦਾ ਮੌਜ ਮੇਲਾ ਅਨਸਾਰ ਬਰਨੀ ਤੇ ਰੂਬੀ ਢੱਲਾ ਨੇ ਲੁੱਟ ਲਿਆ ਹੈ। ਪੌਣੇ ਪੰਜ ਵਰਿ•ਆਂ ਦੌਰਾਨ ਪੰਜਾਬ 'ਚ ਵਲੈਤੀ ਪ੍ਰਾਹੁਣਿਆਂ ਵਲੋਂ 110 ਗੇੜੇ ਲਾਏ ਗਏ ਹਨ ਜਿਨ•ਾਂ ਨੂੰ 'ਸਟੇਟ ਗੈਸਟ' ਦਾ ਰੁਤਬਾ ਦਿੱਤਾ ਗਿਆ ਸੀ। ਵਿਦੇਸ਼ੀ ਪ੍ਰਾਹੁਣੇ ਵਫ਼ਦਾਂ ਦੇ ਰੂਪ ਵਿੱਚ ਵੀ ਆਏ ਅਤੇ ਇਕੱਲੇ ਇਕੱਲੇ ਵੀ ਪੰਜਾਬ ਪੁੱਜੇ ਸਨ। ਸਭਨਾਂ ਵਿਦੇਸ਼ੀ ਪ੍ਰਾਹੁਣਿਆਂ ਚੋਂ ਜੋ ਟਹਿਲ ਸੇਵਾ ਪਾਕਿਸਤਾਨ ਦੇ ਸਾਬਕਾ ਕੇਂਦਰੀ ਅਨਸਾਰ ਬਰਨੀ ਅਤੇ ਕਨੇਡਾ ਦੀ ਐਮ.ਪੀ ਰੂਬੀ ਢੱਲਾ ਦੀ ਹੋਈ ਹੈ, ਉਸ ਖ਼ਾਤਰਦਾਰੀ ਦਾ ਲੁਤਫ਼ ਹੋਰਨਾਂ ਵਿਦੇਸ਼ੀ ਪ੍ਰਾਹੁਣਿਆਂ ਦੇ ਹਿੱਸੇ ਨਹੀਂ ਆ ਸਕਿਆ ਹੈ। ਅਕਾਲੀ ਸਰਕਾਰ ਵਲੋਂ ਇਨ•ਾਂ ਪ੍ਰਵਾਸੀ ਪ੍ਰਾਹੁਣਿਆਂ ਲਈ ਪੰਜ ਤਾਰਾ ਹੋਟਲਾਂ 'ਚ ਖਾਣ ਪੀਣ ਅਤੇ ਰਹਿਣ ਸਹਿਣ ਦਾ ਇੰਤਜ਼ਾਮ ਕੀਤਾ ਗਿਆ। ਲੰਮੀਆਂ ਗੱਡੀਆਂ ਕਿਰਾਏ 'ਤੇ ਘੁੰਮਣ ਫਿਰਨ ਲਈ ਦਿੱਤੀਆਂ ਗਈਆਂ। ਫੁੱਲਾਂ ਨਾਲ ਸਵਾਗਤ ਅਤੇ ਮਹਿੰਗੇ ਤੋਹਫ਼ੇ ਵੀ ਇਨ•ਾਂ ਪ੍ਰਾਹੁਣਿਆਂ ਨੂੰ ਸਰਕਾਰ ਵਲੋਂ ਭੇਟ ਕੀਤੇ ਗਏ। ਅਕਾਲੀ ਭਾਜਪਾ ਸਰਕਾਰ ਵਲੋਂ ਲੰਘੇ ਪੌਣੇ ਪੰਜ ਵਰਿ•ਆਂ ਇਨ•ਾਂ ਵਿਦੇਸ਼ੀ ਮਹਿਮਾਨਾਂ ਦੀ ਟਹਿਲ ਸੇਵਾ 'ਤੇ ਕਰੀਬ 45 ਲੱਖ ਰੁਪਏ ਖਰਚ ਦਿੱਤੇ ਗਏ ਹਨ ਜਦੋਂ ਕਿ ਫੁੱਲਾਂ ਅਤੇ ਤੋਹਫ਼ਿਆਂ 'ਤੇ 7.26 ਲੱਖ ਰੁਪਏ ਖਰਚੇ ਗਏ ਹਨ। ਵਿਅਕਤੀਗਤ ਰੂਪ ਵਿੱਚ ਸਭ ਤੋਂ ਜਿਆਦਾ ਟਹਿਲ ਸੇਵਾ ਦਾ ਖਰਚਾ ਅਨਸਾਰ ਬਰਨੀ ਦਾ ਆਇਆ ਹੈ ਜੋ ਕਿ 9.91 ਲੱਖ ਰੁਪਏ ਬਣਦਾ ਹੈ ਜਦੋਂ ਕਿ ਦੂਸਰੇ ਨੰਬਰ 'ਤੇ ਐਮ.ਪੀ ਰੂਬੀ ਢੱਲਾ ਹੈ ਜਿਸ ਦਾ ਖਰਚਾ 4.83 ਲੱਖ ਰੁਪਏ ਬਣਦਾ ਹੈ।
           ਪ੍ਰਾਹੁਣਚਾਰੀ ਵਿਭਾਗ ਪੰਜਾਬ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਦਿੱਤੇ ਗਏ ਹਨ, ਉਨ•ਾਂ ਮੁਤਾਬਿਕ ਪਾਕਿਸਤਾਨੀ ਵਫ਼ਦਾਂ ਅਤੇ ਪ੍ਰਾਹੁਣਿਆਂ ਵਲੋਂ ਪੰਜਾਬ ਦੇ 31 ਗੇੜੇ ਲਾਏ ਗਏ ਹਨ। ਪਾਕਿਸਤਾਨੀ ਪ੍ਰਾਹੁਣਿਆਂ 'ਤੇ ਸਰਕਾਰ ਵਲੋਂ 15,08,904 ਰੁਪਏ ਦਾ ਖਰਚਾ ਕੀਤਾ ਗਿਆ ਹੈ। ਸਭ ਤੋਂ ਮਹਿੰਗਾ ਦੌਰਾ ਪਾਕਿਸਤਾਨ ਦੇ ਅਨਸਾਰ ਬਰਨੀ ਦਾ ਪੰਜਾਬ ਦਾ 6 ਅਪਰੈਲ 2008 ਤੋਂ 17 ਅਪਰੈਲ 2008 ਤੱਕ ਦਾ ਰਿਹਾ ਹੈ। ਅਨਸਾਰ ਬਰਨੀ 9 ਅਪਰੈਲ ਤੋਂ 11 ਅਪਰੈਲ ਤੱਕ ਆਗਰਾ ਅਤੇ ਰਾਜਸਥਾਨ ਗਏ ਅਤੇ ਉਥੋਂ ਦੇ ਖਾਣ ਪੀਣ ਦਾ ਖਰਚਾ 11054 ਰੁਪਏ ਪੰਜਾਬ ਸਰਕਾਰ ਵਲੋਂ ਕੀਤਾ ਗਿਆ। ਅਨਸਾਰ ਬਰਨੀ ਦੀ ਟਰਾਂਸਪੋਰਟ ਦਾ ਖਰਚਾ 2 ਲੱਖ ਰੁਪਏ ਆਇਆ। ਅਨਸਾਰ ਬਰਨੀ ਦੇ ਚੰਡੀਗੜ• ਅਤੇ ਅੰਮ੍ਰਿਤਸਰ ਦੇ ਤਿੰਨ ਦਿਨਾਂ ਦੌਰੇ ਦਾ ਖਰਚਾ 4,64,609 ਰੁਪਏ ਆਇਆ। ਇਸ 'ਚ ਐਮ.ਕੇ.ਹੋਟਲ ਅੰਮ੍ਰਿਤਸਰ ਦਾ ਖਰਚਾ ਵੀ ਸ਼ਾਮਲ ਹੈ। ਚੰਡੀਗੜ• ਦੇ ਮਾਊਂਟ ਵਿਊ ਹੋਟਲ 'ਚ ਉਨ•ਾਂ ਦੀ ਠਹਿਰ ਅਤੇ ਖਾਣ ਪੀਣ ਦਾ ਖਰਚਾ 1,86,415 ਰੁਪਏ ਵੱਖਰਾ ਆਇਆ ਹੈ। ਪੰਜਾਬ ਭਵਨ ਚੰਡੀਗੜ• ਅਤੇ ਪੰਜਾਬ ਭਵਨ ਦਿੱਲੀ 'ਚ ਉਨ•ਾਂ ਦੀ ਟਹਿਲ ਸੇਵਾ 'ਤੇ 10464 ਰੁਪਏ ਖਰਚ ਕੀਤੇ ਗਏ।
           ਤੋਹਫ਼ਿਆਂ ਦੀ ਗੱਲ ਕਰੀਏ ਤਾਂ ਅਨਸਾਰ ਬਰਨੀ ਨੂੰ ਸਰਕਾਰ ਤਰਫ਼ੋਂ  12,179 ਰੁਪਏ ਦਾ ਸਿਲਵਰ ਦਾ ਮੈਮੈਂਟੋ ਦਿੱਤਾ ਗਿਆ। 13 ਪੋਰਟਰੇਟ ਆਫ਼ ਪੰਜਾਬ ਵਿਦ ਫਰੇਮ ਤੋਹਫ਼ੇ ਵਜੋਂ ਦਿੱਤੇ ਗਏ ਜਿਨ•ਾਂ 'ਤੇ 63,700 ਰੁਪਏ ਖਰਚ ਆਏ। 6 ਗੋਲਡਨ ਟੈਂਪਲ (ਤੋਹਫ਼ਾ) ਦਿੱਤੇ ਗਏ ਜਿਨ•ਾਂ ਦਾ ਖਰਚਾ 39540 ਰੁਪਏ ਆਇਆ। ਅਕਾਲੀ ਸਰਕਾਰ ਨੇ ਅਨਸਾਰ ਬਰਨੀ ਨੂੰ 16 ਅਪਰੈਲ 2008 ਨੂੰ ਦੋ ਚੈੱਸ ਬਾਕਸ ਤੋਹਫ਼ੇ ਵਿੱਚ ਦਿੱਤੇ ਜਿਨ•ਾਂ 'ਤੇ 2200 ਰੁਪਏ ਖਰਚ ਆਏ। ਇਸੇ ਦਿਨ ਹੀ ਸਰਕਾਰ ਨੇ ਅਨਸਾਰ ਬਰਨੀ ਨੂੰ ਤੋਹਫ਼ੇ ਵਜੋਂ 4700 ਰੁਪਏ ਦੀ ਫੁਲਕਾਰੀ ਭੇਟ ਕੀਤੀ ਗਈ। ਏਨੀ ਟਹਿਲ ਸੇਵਾ ਕਿਸੇ ਹੋਰ ਪ੍ਰਵਾਸੀ ਪ੍ਰਾਹੁਣੇ ਦੀ ਵਿਅਕਤੀਗਤ ਰੂਪ ਵਿੱਚ ਨਹੀਂ ਹੋਈ। ਵਿਦੇਸ਼ੀ ਪ੍ਰਾਹਿਣਆ ਚੋਂ ਦੂਸਰੇ ਨੰਬਰ 'ਤੇ ਰਹਿਣ ਵਾਲੀ ਰੂਬੀ ਢੱਲਾ 'ਤੇ ਸਰਕਾਰੀ ਖਰਚਾ 4,83,436 ਰੁਪਏ ਹੋਇਆ ਹੈ। ਰੂਬੀ ਢੱਲਾ 16 ਜਨਵਰੀ 2008 ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੀ ਸੀ। ਮੁੱਖ ਮੰਤਰੀ ਪੰਜਾਬ ਵਲੋਂ ਰੂਬੀ ਢੱਲਾ ਨੂੰ 4200 ਰੁਪਏ ਦੀ ਕੀਮਤ ਦੇ ਦੋ ਦੁਪੱਟੇ ਤੋਹਫ਼ੇ ਵਜੋਂ ਦਿੱਤੇ ਗਏ ਅਤੇ 6090 ਰੁਪਏ ਦੀ ਗੋਲਡਨ ਟੈਂਪਲ ਦੀ ਤਸਵੀਰ ਆਦਿ ਦਾ ਤੋਹਫ਼ਾ ਦਿੱਤਾ ਗਿਆ। ਉਸ ਤੋਂ ਪਹਿਲਾਂ ਰੂਬੀ ਢੱਲਾ 3 ਜਨਵਰੀ ਤੋਂ 4 ਜਨਵਰੀ 2008 ਤੱਕ ਅੰਮ੍ਰਿਤਸਰ ਦੇ ਮੋਹਨ ਇੰਟਰਨੈਸ਼ਨਲ ਹੋਟਲ ਵਿੱਚ ਠਹਿਰੀ ਜਿਥੋਂ ਦੇ ਖਾਣੇ ਆਦਿ ਦਾ ਖਰਚਾ 16893 ਰੁਪਏ ਪੰਜਾਬ ਸਰਕਾਰ ਤਰਫ਼ੋਂ ਦਿੱਤਾ ਗਿਆ। ਉਸ ਮਗਰੋਂ ਰੂਬੀ ਢੱਬਾ ਫਿਰ ਆਪਣੇ ਪਰਿਵਾਰ ਸਮੇਤ 6 ਜਨਵਰੀ 2011 ਨੂੰ ਪੰਜਾਬ ਆਈ। ਉਹ ਕਾਫੀ ਸਮਾਂ ਪੰਜਾਬ ਰਹੀ। ਇਸ ਸਮੇਂ ਦੌਰਾਨ ਪੰਜਾਬ ਸਰਕਾਰ ਵਲੋਂ ਉਨ•ਾਂ ਦੀ ਟਰਾਂਸਪੋਰਟ ਦਾ ਖਰਚਾ 3,00,656 ਰੁਪਏ ਤਾਰਿਆ ਗਿਆ ਜਦੋਂ ਕਿ ਇਸ ਤੋਂ ਇਲਾਵਾ 1,55,597 ਰੁਪਏ ਦਾ ਵੱਖਰਾ ਬਿੱਲ ਤਾਰਿਆ ਗਿਆ। ਇਵੇਂ ਹੀ ਕੈਨੇਡਾ ਦੇ ਐਮ.ਪੀ ਗੁਰਬਖਸ ਸਿੰਘ ਮੱਲੀ ਦੀ ਟਹਿਲ ਸੇਵਾ 'ਤੇ ਸਰਕਾਰ ਨੇ 1,53,236 ਰੁਪਏ ਖਰਚ ਕੀਤੇ ਹਨ। ਉਹ ਆਪਣੇ ਡੈਲੀਗੇਸ਼ਨ ਸਮੇਤ ਚੰਡੀਗੜ• ਦੇ ਤਾਜ ਹੋਟਲ ਵਿੱਚ ਠਹਿਰਾਇਆ ਜਿਸ ਦਾ ਖਰਚਾ 82908 ਰੁਪਏ ਆਇਆ ਸੀ।
            ਪੰਜਾਬ ਸਰਕਾਰ ਨੂੰ ਸਭ ਤੋਂ ਸਸਤੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰਿਮੀਅਰ ਉੱਜਲ ਦੁਸਾਂਝ ਅਤੇ ਟਿੱਮ ਉਪਲ ਪਏ ਹਨ। ਦੁਸਾਂਝ ਦੇ ਦੋ ਪੰਜਾਬ ਗੇੜਿਆਂ 'ਤੇ ਸਿਰਫ਼ 20,488 ਰੁਪਏ ਖਰਚ ਆਏ ਜਦੋਂ ਕਿ ਟਿੱਮ ਉਪਲ ਦੇ ਦੌਰੇ 'ਤੇ ਸਿਰਫ਼ 1218  ਰੁਪਏ ਹੀ ਖਰਚ ਕਰਨੇ ਪਏ। ਡੈਲੀਗੇਸ਼ਨ ਦੇ ਰੂਪ ਵਿੱਚ ਸਭ ਤੋਂ ਜਿਆਦਾ ਖਰਚਾ ਅਮਰੀਕੀ ਡੈਲੀਗੇਸ਼ਨ 'ਤੇ ਆਇਆ ਹੈ ਜੋ ਕਿ 10 ਅਕਤੂਬਰ 2007 ਨੂੰ ਪੰਜਾਬ ਆਇਆ ਸੀ। ਇਸ ਡੈਲੀਗੇਸ਼ਨ 'ਤੇ ਸਰਕਾਰ ਵਲੋਂ 8,63,609 ਰੁਪਏ ਖਰਚ ਕੀਤੇ ਗਏ ਸਨ । ਤੋਹਫ਼ਿਆਂ ਦੀ ਗੱਲ ਕਰੀਏ ਤਾਂ 5 ਨਵੰਬਰ 2007 ਨੂੰ ਆਏ ਕਨੇਡੀਅਨ ਡੈਲੀਗੇਸ਼ਨ ਨੂੰ 60682 ਰੁਪਏ ਦੇ ਛੇ ਮੈਮੈਂਟੋ ਦਿੱਤੇ ਗਏ ਹਨ ਜਦੋਂ ਕਿ ਉਸੇ ਦਿਨ ਹੀ ਪਾਕਿਸਤਾਨ ਡੈਲੀਗੇਸ਼ਨ ਨੂੰ ਛੇ ਮੈਮੈਂਟੋ 49909 ਰੁਪਏ ਦੇ ਦਿੱਤੇ ਗਏ।  ਜਪਾਨੀ ਡੈਲੀਗੇਸ਼ਨ ਨੂੰ 92380 ਰੁਪਏ ਦੇ 18 ਮੈਮੈਂਟੋ ਦਿੱਤੇ ਗਏ ਅਤੇ ਕੈਨੇਡਾ ਦੇ ਡੈਲੀਗੇਸ਼ਨ ਨੂੰ 14958 ਰੁਪਏ ਦੀਆਂ 5 ਫੁਲਕਾਰੀਆਂ ਦਿੱਤੀਆਂ ਸਨ। ਪ੍ਰਵਾਸੀ ਪ੍ਰਾਹੁਣਿਆਂ ਨੂੰ ਖੁਸ਼ ਕਰਨ ਵਾਸਤੇ ਸਰਕਾਰ ਨੇ ਪੈਸੇ ਦੀ ਪ੍ਰਵਾਹ ਨਹੀਂ ਕੀਤੀ ਹੈ।
                                                ਡਿਪਟੀ ਕਮਿਸ਼ਨਰਾਂ ਦੀ ਮੁਰਗਿਆਂ ਨਾਲ ਸੇਵਾ
ਮੁੱਖ ਸਕੱਤਰ ਪੰਜਾਬ ਵਲੋਂ ਲੋਕ ਮਸਲਿਆਂ 'ਤੇ ਵਿਚਾਰ ਵਟਾਂਦਰਾ ਕਰਨ ਆਏ ਡਿਪਟੀ ਕਮਿਸ਼ਨਰਾਂ ਦੀ ਸੇਵਾ ਮੁਰਗਿਆਂ ਨਾਲ ਕੀਤੀ ਗਈ ਸੀ। ਮੁੱਖ ਸਕੱਤਰ ਨੇ 8 ਸਤੰਬਰ 2009 ਨੂੰ ਡਿਪਟੀ ਕਮਿਸ਼ਨਰਾਂ ਦੀ ਚੰਡੀਗੜ• 'ਚ ਮੀਟਿੰਗ ਸੱਦੀ ਸੀ ਤਾਂ ਜੋ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਿਚਾਰਿਆ ਜਾ ਸਕੇ। ਇਸ ਮੀਟਿੰਗ ਵਿੱਚ 70 ਜਣਿਆਂ ਦੀ ਖ਼ਾਤਰਦਾਰੀ 'ਤੇ 12,460 ਰੁਪਏ ਖਰਚ ਆਏ ਸਨ। ਸਰਕਾਰੀ ਸੂਚਨਾ ਵਿੱਚ ਦੱਸਿਆ ਗਿਆ ਹੈ ਕਿ ਡਿਪਟੀ ਕਮਿਸ਼ਨਰਾਂ ਨੂੰ ਹਾਈ ਟੀ,ਮਿਨਰਲ ਵਾਟਰ ਅਤੇ ਨਾਨ ਵੈੱਜ ਵਰਤਾਇਆ ਗਿਆ ਸੀ। ਇਸੇ ਤਰ•ਾਂ ਇੰਡੀਅਨ ਐਸੋਸੀਏਸ਼ਨ ਆਫ਼ ਬਾਇਓ ਮੈਡੀਕਲ ਸਾਇੰਸਟੈਸ ਦੀ 30ਵੀਂ ਸਲਾਨਾ ਕਾਨਫਰੰਸ 19 ਨਵੰਬਰ 2009 ਨੂੰ ਪੰਜਾਬ ਭਵਨ ਚੰਡੀਗੜ• ਵਿੱਚ ਹੋਈ ਜਿਸ ਵਿੱਚ 325 ਮਹਿਮਾਨਾਂ ਨੂੰ ਨਾਨ ਵੈੱਜ ਵਰਤਿਆ ਗਿਆ ਜਿਸ 'ਤੇ ਸਰਕਾਰ ਨੇ 58500 ਰੁਪਏ ਖਰਚ ਕੀਤੇ ਸਨ।
     

   

No comments:

Post a Comment