Thursday, March 1, 2012

           ਵਿਜੀਲੈਂਸ ਦੇ ਰੰਗ ਹੋਏ 'ਬਦਰੰਗ'
                              ਚਰਨਜੀਤ ਭੁੱਲਰ
ਬਠਿੰਡਾ : ਪਟਵਾਰੀ ਖ਼ਿਲਾਫ਼ ਕਾਰਵਾਈ ਤੋਂ ਪਾਸਾ ਵੱਟ ਕੇ ਵਿਜੀਲੈਂਸ ਰੇਂਜ ਬਠਿੰਡਾ ਨੇ ਇਕ ਕਿਸਾਨ ਨੂੰ ਹੀ ਚੱਕਰ ਵਿੱਚ ਫਸਾ ਦਿੱਤਾ ਹੈ। ਅੱਕੇ ਹੋਏ ਕਿਸਾਨ ਨੇ ਅੱਜ ਵਿਜੀਲੈਂਸ ਦਫਤਰ ਅੱਗੇ ਧਰਨਾ ਲਾ ਦਿੱਤਾ।ਪਿੰਡ ਬਾਲਿਆਂਵਾਲੀ ਦੇ ਕਿਸਾਨ ਕੁਲਦੀਪ    ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੀ ਮੌਤ ਮਗਰੋਂ ਰਜਿਸਟਰਡ ਵਸੀਅਤ ਦੇ ਆਧਾਰ 'ਤੇ ਜ਼ਮੀਨ ਨਾਂ ਕਰਾਉਣ ਲਈ ਪਟਵਾਰੀ ਕੋਲ ਗਿਆ ਸੀ, ਜਿਸ ਨੇ ਕਥਿਤ ਤੌਰ 'ਤੇ ਰਿਸ਼ਵਤ ਮੰਗੀ। ਉਸ ਦਾ ਕਹਿਣਾ ਸੀ ਕਿ ਉਸ ਨੇ ਵਿਜੀਲੈਂਸ ਅਫਸਰਾਂ ਦੇ ਕਹਿਣ 'ਤੇ ਪਟਵਾਰੀ ਨਾਲ ਛੇ ਹਜ਼ਾਰ ਰੁਪਏ ਵਿੱਚ ਸੌਦਾ ਤੈਅ ਕੀਤਾ ਅਤੇ ਦੋ ਹਜ਼ਾਰ ਰੁਪਏ ਪੇਸ਼ਗੀ ਦੇ ਦਿੱਤੀ। ਫਰਵਰੀ ਮਹੀਨੇ ਦੇ ਤੀਜੇ ਹਫ਼ਤੇ ਉਹ ਵਿਜੀਲੈਂਸ ਦੇ ਡੀ.ਐਸ.ਪੀ. ਬਲਜੀਤ ਸਿੰਘ ਸਿੱਧੂ ਕੋਲ ਗਿਆ, ਜੋ ਪਟਵਾਰੀ ਨੂੰ ਫੜਨ ਲਈ ਤਿਆਰ ਹੋ ਗਏ ਸਨ ਪਰ ਜਦੋਂ ਉਨ੍ਹਾਂ ਨੇ ਐਸ.ਪੀ. ਵਿਜੀਲੈਂਸ ਨਾਲ ਗੱਲ ਕੀਤੀ ਤਾਂ ਉਸ ਮਗਰੋਂ ਮਾਮਲਾ ਢਿੱਲਾ ਪੈ ਗਿਆ। ਉਸ ਨੇ ਵਿਜੀਲੈਂਸ ਅਫਸਰਾਂ ਨੂੰ ਚਾਰ ਹਜ਼ਾਰ ਰੁਪਏ ਵੀ ਦੇ ਦਿੱਤੇ ਤਾਂ ਜੋ ਉਨ੍ਹਾਂ ਉਤੇ ਰੰਗ ਲਾ ਕੇ ਪਟਵਾਰੀ ਨੂੰ ਰੰਗੇ ਹੱਥੀਂ ਫੜਾਇਆ ਜਾ ਸਕੇ ਪਰ ਕੁਝ ਦਿਨਾਂ ਮਗਰੋਂ ਵਿਜੀਲੈਂਸ ਅਫਸਰਾਂ ਨੇ ਪਟਵਾਰੀ ਨੂੰ ਫੜਨ ਦੀ ਥਾਂ ਮੁੱਦਈ ਕਿਸਾਨ ਨੂੰ ਹੀ ਲਾਰੇ ਲਾਉਣੇ ਸ਼ੁਰੂ ਕਰ ਦਿੱਤੇ।ਇਸ ਉਤੇ ਕੁਲਦੀਪ ਸਿੰਘ ਨੇ ਮਾਮਲਾ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਕੋਲ ਉਠਾ ਦਿੱਤਾ। ਕਿਸਾਨ ਕੁਲਦੀਪ ਸਿੰਘ ਆਖਦਾ ਹੈ ਕਿ ਵਿਜੀਲੈਂਸ ਅਫਸਰ, ਪਟਵਾਰੀ ਨੂੰ ਫੜਨ ਦੀ ਥਾਂ ਉਸ ਤੋਂ ਰੰਗ ਲਾਉਣ ਵਾਸਤੇ ਲਏ ਚਾਰ ਹਜ਼ਾਰ ਰੁਪਏ ਵਾਪਸ ਕਰ ਰਹੇ ਹਨ, ਜੋ ਉਸ ਨੇ ਵਾਪਸ ਨਹੀਂ ਲਏ। ਅੱਜ ਜਦੋਂ ਕਿਸਾਨ ਨੇ ਦਫਤਰ ਅੱਗੇ ਧਰਨਾ ਮਾਰ ਦਿੱਤਾ ਤਾਂ ਵਿਜੀਲੈਂਸ ਅਫਸਰਾਂ ਨੇ ਇਸ ਕਿਸਾਨ ਨੂੰ ਪਟਵਾਰੀ ਖ਼ਿਲਾਫ਼ ਹਲਫੀਆ ਬਿਆਨ ਦੇਣ ਲਈ ਆਖ ਦਿੱਤਾ।
           ਪਤਾ ਲੱਗਿਆ ਹੈ ਕਿ ਬਠਿੰਡਾ ਦੇ ਵਿਜੀਲੈਂਸ ਅਫਸਰਾਂ ਨੂੰ ਉਪਰੋਂ ਪ੍ਰਵਾਨਗੀ ਨਹੀਂ ਮਿਲ ਸਕੀ ਸੀ, ਜਿਸ ਕਰਕੇ ਪਟਵਾਰੀ ਨੂੰ ਰੰਗੇ ਹੱਥੀਂ ਫੜਨ ਤੋਂ ਸਥਾਨਕ ਵਿਜੀਲੈਂਸ ਅਫਸਰਾਂ ਨੇ ਪਾਸਾ ਵੱਟ ਲਿਆ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪਿੰਡ ਬਾਲਿਆਂਵਾਲੀ ਦੇ ਆਗੂ ਗੁਰਜੰਟ ਸਿੰਘ ਅਤੇ ਜਗਸੀਰ ਸਿੰਘ ਦਾ ਕਹਿਣਾ ਸੀ ਕਿ ਅਸਲ ਵਿੱਚ ਵਿਜੀਲੈਂਸ ਅਫਸਰ ਪਟਵਾਰੀ ਨਾਲ ਮਿਲ ਗਏ ਹਨ, ਜਿਸ ਕਰਕੇ ਹੁਣ ਮਾਮਲਾ ਰਫਾ ਦਫਾ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਵਿਜੀਲੈਂਸ ਅਫਸਰ ਹੁਣ ਆਖ ਰਹੇ ਹਨ ਕਿ ਥੋਡਾ ਕੰਮ ਪਟਵਾਰੀ ਤੋਂ ਕਰਾ ਦਿੰਦੇ ਹਾਂ ਅਤੇ ਵੱਧ ਪੈਸੇ ਮੁੜਵਾ ਦਿੰਦੇ ਹਾਂ। ਉਨ੍ਹਾਂ ਆਖਿਆ ਕਿ ਉਹ ਵਿਜੀਲੈਂਸ ਅਫਸਰਾਂ ਦੀ ਸ਼ਿਕਾਇਤ ਪੰਜਾਬ ਦੇ ਰਾਜਪਾਲ ਨੂੰ ਕਰਨਗੇ ਕਿ ਉਹ ਵੱਢੀਖੋਰਾਂ ਦਾ ਪੱਖ ਪੂਰ ਰਹੇ ਹਨ। ਅੱਜ ਵੀ ਵਿਜੀਲੈਂਸ ਅਫਸਰ ਕਿਸਾਨ ਆਗੂਆਂ ਨਾਲ ਗੱਲਬਾਤ ਕਰਦੇ ਰਹੇ।ਇਸ ਬਾਰੇ ਪਿੰਡ ਬਾਲਿਆਂਵਾਲੀ ਦੇ ਪਟਵਾਰੀ ਗੁਰਜੀਤ ਸਿੰਘ ਦਾ ਕਹਿਣਾ ਸੀ ਕਿ ਅਸਲ ਵਿੱਚ ਕਿਸਾਨ ਆਗੂਆਂ ਨੂੰ ਇਕ ਜ਼ਮੀਨ ਕੁਰਕੀ ਦੇ ਮਾਮਲੇ ਵਿੱਚ ਉਸ ਨਾਲ ਰੰਜ਼ਿਸ਼ ਹੈ, ਜਿਸ ਕਰਕੇ ਉਹ ਮਾਮਲਾ ਉਛਾਲ ਰਹੇ ਹਨ। ਉਨ੍ਹਾਂ ਆਖਿਆ ਕਿ ਕਿਸਾਨ ਕੁਲਦੀਪ ਸਿੰਘ ਨਾਲ ਉਸ ਦਾ ਕੋਈ ਰੌਲਾ ਨਹੀਂ ਹੈ ਅਤੇ ਨਾ ਹੀ ਉਸ ਨੇ ਇਸ ਕਿਸਾਨ ਤੋਂ ਪੈਸੇ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਉਸ ਨੇ ਤਾਂ ਵਿਰਾਸਤ ਦਾ ਇੰਤਕਾਲ ਵੀ 27 ਫਰਵਰੀ ਨੂੰ ਕਰ ਦਿੱਤਾ ਸੀ ਅਤੇ ਪਹਿਲਾਂ ਕਿਸਾਨ ਵੱਲੋਂ ਲੋੜੀਂਦੇ ਦਸਤਾਵੇਜ਼ ਪੂਰੇ ਨਹੀਂ ਦਿੱਤੇ ਗਏ ਸਨ। ਉਸ ਦਾ ਕਹਿਣਾ ਸੀ ਕਿ ਉਸ 'ਤੇ ਰਿਸ਼ਵਤ ਦੇ ਝੂਠੇ ਦੋਸ਼ ਲਾਏ ਜਾ ਰਹੇ ਹਨ।ਵਿਜੀਲੈਂਸ ਦੇ ਡੀ.ਐਸ.ਪੀ. ਬਲਜੀਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਉਹ ਪਟਵਾਰੀ ਨੂੰ ਫੜਨ ਤੋਂ ਪਹਿਲਾਂ ਨਿਯਮਾਂ ਅਨੁਸਾਰ ਅਗਾਊਂ ਪੜਤਾਲ ਕਰ ਰਹੇ ਸਨ ਅਤੇ ਕਿਸਾਨ ਆਗੂਆਂ ਵੱਲੋਂ ਕਾਹਲ ਦਿਖਾਈ ਜਾ ਰਹੀ ਸੀ।
                                       ਬਿਨਾਂ ਪੜਤਾਲ ਤੋਂ ਕੇਸ ਦਰਜ ਨਹੀਂ ਹੋ ਸਕਦਾ: ਐਸ.ਐਸ.ਪੀ
ਵਿਜੀਲੈਂਸ ਰੇਂਜ ਬਠਿੰਡਾ ਦੇ ਐਸ.ਐਸ.ਪੀ. ਖੁਸ਼ੀ ਮੁਹੰਮਦ ਦਾ ਕਹਿਣਾ ਸੀ ਕਿ ਕੋਈ ਵੀ ਐਫ.ਆਈ.ਆਰ. ਦਰਜ ਕਰਨ ਤੋਂ ਪਹਿਲਾਂ ਮਾਮਲੇ ਨੂੰ ਪੜਤਾਲਣਾ ਜ਼ਰੂਰੀ ਹੁੰਦਾ ਹੈ ਅਤੇ ਉਹ ਪੜਤਾਲ ਕਰ ਰਹੇ ਸਨ। ਉਨ੍ਹਾਂ ਆਖਿਆ ਕਿ ਉੱਚ ਅਫਸਰਾਂ ਤੋਂ ਵੀ ਪਹਿਲਾਂ ਅਗਾਊਂ ਪ੍ਰਵਾਨਗੀ ਲੈਣੀ ਪੈਂਦੀ ਹੈ। ਉਨ੍ਹਾਂ ਮੁੱਦਈ ਤੋਂ ਰੰਗ ਲਾਉਣ ਵਾਸਤੇ ਪੈਸੇ ਲਏ ਸਨ। ਉਨ੍ਹਾਂ ਆਖਿਆ ਕਿ ਉਨ੍ਹਾਂ ਕਦੇ ਵੀ ਪਟਵਾਰੀ ਨੂੰ ਨਹੀਂ ਬੁਲਾਇਆ ਅਤੇ ਨਾ ਹੀ ਮੁੱਦਈ ਦਾ ਪਟਵਾਰੀ ਨਾਲ ਸਮਝੌਤਾ ਕਰਾਉਣ ਦੀ ਕੋਈ ਗੱਲ ਆਖੀ ਹੈ। ਉਨ੍ਹਾਂ ਆਖਿਆ ਕਿ ਉਹ ਕਾਨੂੰਨ ਤੋਂ ਬਾਹਰ ਜਾ ਕੇ ਬਿਨਾਂ ਪੜਤਾਲ ਤੋਂ ਕੋਈ ਕੇਸ ਦਰਜ ਨਹੀਂ ਕਰ ਸਕਦੇ ਹਨ।

No comments:

Post a Comment