Tuesday, April 17, 2012

                               ਖ਼ਜ਼ਾਨੇ ਹੋਏ ਖਾਲ੍ਹੀ
 ਸਰਕਾਰੀ ਜਾਇਦਾਦ ਵੇਚਣ ਦੀ ਤਿਆਰੀ?
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵੱਲੋਂ ਬਠਿੰਡਾ ਸ਼ਹਿਰ ਦੀ ਕਰੀਬ ਪੰਜ ਸੌ ਕਰੋੜ ਰੁਪਏ ਦੀ ਸਰਕਾਰੀ ਜਾਇਦਾਦ ਵੇਚਣ ਦੀ ਯੋਜਨਾ ਬਣਾਈ ਜਾ ਰਹੀ ਹੈ। ਬਠਿੰਡਾ ਵਿਕਾਸ ਅਥਾਰਟੀ ਕੋਲ ਇਸ ਵੇਲੇ ਫੰਡਾਂ ਦੀ ਘਾਟ ਹੈ। ਇਸ ਕਰਕੇ ਪੰਜਾਬ ਸਰਕਾਰ ਨੇ ਬਠਿੰਡਾ ਵਿਕਾਸ ਅਥਾਰਟੀ ਨੂੰ ਸਰਕਾਰੀ ਸੰਪਤੀਆਂ ਵੇਚਣ ਦੀ ਤਜਵੀਜ਼ ਤਿਆਰ ਕਰਨ ਲਈ ਆਖਿਆ ਹੈ। ਅਥਾਰਟੀ ਨੇ ਅਜਿਹੀਆਂ ਅੱਧੀ ਦਰਜਨ ਸੰਪਤੀਆਂ ਦੀ ਸ਼ਨਾਖਤ ਕੀਤੀ ਹੈ। ਹਾਲਾਂਕਿ ਇਹ ਯੋਜਨਾ ਮੁੱਢਲੇ ਪੜਾਅ 'ਤੇ ਹੈ ਪਰ ਇਹ ਸਰਕਾਰੀ ਸੰਪਤੀਆਂ ਸ਼ਹਿਰ ਦੀਆਂ ਅਹਿਮ ਥਾਵਾਂ 'ਤੇ ਹਨ ਅਤੇ ਬਹੁਮੁੱਲੀਆਂ ਹਨ। ਦੱਸਣਯੋਗ ਹੈ ਕਿ ਬਠਿੰਡਾ ਵਿਕਾਸ ਅਥਾਰਟੀ ਦੇ ਅਧਿਕਾਰ ਖੇਤਰ ਵਿੱਚ ਕਾਫੀ ਮੰਡੀਆਂ ਆ ਗਈਆਂ ਹਨ, ਜਿਨ੍ਹਾਂ ਦੇ ਵਿਕਾਸ ਦੇ ਕੰਮ ਅਥਾਰਟੀ ਹੀ ਕਰਾ ਰਹੀ ਹੈ। ਅਥਾਰਟੀ ਕੋਲ ਹੁਣ ਫੰਡ ਖ਼ਤਮ ਹੋ ਗਏ ਹਨ। ਨਵੇਂ ਵਿਕਾਸ ਕੰਮਾਂ ਲਈ ਫੰਡਾਂ ਦੀ ਲੋੜ ਹੈ।ਅਥਾਰਟੀ ਵੱਲੋਂ ਸ਼ਹਿਰ ਦੇ ਅਰਬਨ ਅਸਟੇਟ ਫੇਜ਼ ਤਿੰਨ ਦੇ ਪਹਿਲੇ ਭਾਗ ਵਿੱਚ ਲੰਮੇ ਅਰਸੇ ਤੋਂ ਨਾਜਾਇਜ਼ ਕਬਜ਼ਾ ਕਰੀ ਬੈਠੇ ਝੁੱਗੀਆਂ ਵਾਲਿਆਂ ਨੂੰ ਉਠਾਉਣ ਦੀ ਯੋਜਨਾ ਹੈ। ਇਨ੍ਹਾਂ ਲੋਕਾਂ ਨੇ ਨਾਜਾਇਜ਼ ਕਬਜ਼ਾ ਕਰਕੇ ਧੋਬੀਆਣਾ ਬਸਤੀ ਵਸਾ ਲਈ ਹੈ। ਇਹ ਅਰਬਨ ਅਸਟੇਟ ਦੀ ਕੀਮਤੀ ਜਗ੍ਹਾ ਹੈ। ਇਹ ਨਾਜਾਇਜ਼ ਬਸਤੀ ਕਰੀਬ 25 ਏਕੜ ਵਿੱਚ ਹੈ। ਬਠਿੰਡਾ ਵਿਕਾਸ ਅਥਾਰਟੀ ਨੇ ਇਸ ਬਸਤੀ ਵਾਲੀ ਜਗ੍ਹਾ ਦੀ ਬਾਜ਼ਾਰੀ ਕੀਮਤ 30 ਹਜ਼ਾਰ ਰੁਪਏ ਪ੍ਰਤੀ ਵਰਗ ਗਜ਼ ਦਾ ਅਨੁਮਾਨ ਲਾਇਆ ਗਿਆ ਹੈ। ਅਥਾਰਟੀ ਨੂੰ ਇਸ ਜਗ੍ਹਾ ਨੂੰ ਨਿਲਾਮ ਕਰਕੇ 363 ਕਰੋੜ ਰੁਪਏ ਦੀ ਕਮਾਈ ਦੀ ਆਸ ਹੈ। ਅਥਾਰਟੀ ਦੀ ਯੋਜਨਾ ਹੈ ਕਿ ਜੋ ਜਗ੍ਹਾ ਵੇਚ ਕੇ ਆਮਦਨ ਹੋਵੇਗੀ, ਉਸ ਵਿੱਚ ਤਿੰਨ ਕਰੋੜ ਰੁਪਏ ਧੋਬੀਆਣਾ ਬਸਤੀ ਵਿੱਚੋਂ ਉਠਾਏ ਜਾਣ ਵਾਲੇ ਲੋਕਾਂ ਨੂੰ ਮਕਾਨ ਬਣਾ ਕੇ ਦੇਣ ਲਈ ਰਾਖਵੇਂ ਰੱਖੇ ਜਾਣਗੇ। ਲੰਮੇ ਅਰਸੇ ਤੋਂ ਸਰਕਾਰ ਇਸ ਬਸਤੀ ਦੇ ਲੋਕਾਂ ਨੂੰ ਉਠਾ ਨਹੀਂ ਸਕੀ ਕਿਉਂਕਿ ਇਨ੍ਹਾਂ ਲੋਕਾਂ ਦਾ ਚੰਗਾ ਵੋਟ ਬੈਂਕ ਵੀ ਹੈ। ਜਦੋਂ ਵੀ ਪੁੱਡਾ ਨੇ ਇਨ੍ਹਾਂ ਨੂੰ ਉਠਾਉਣ ਦਾ ਯਤਨ ਕੀਤਾ ਹੈ, ਉਦੋਂ ਹੀ ਰੱਫੜ ਖੜ੍ਹਾ ਹੋਇਆ ਹੈ। ਪੰਜਾਬ ਸਰਕਾਰ ਇਸ ਬਸਤੀ ਦੇ ਲੋਕਾਂ ਨੂੰ ਮਕਾਨ ਬਣਾ ਕੇ ਦੇਣਾ ਚਾਹੁੰਦੀ ਹੈ ਤਾਂ ਜੋ ਨਾਜਾਇਜ਼ ਕਬਜ਼ੇ ਹਟਾ ਕੇ ਇਸ ਕੀਮਤੀ ਜਗ੍ਹਾ ਨੂੰ ਵੇਚਿਆ ਜਾ ਸਕੇ।
          ਸੂਤਰਾਂ ਅਨੁਸਾਰ ਬਠਿੰਡਾ ਵਿਕਾਸ ਅਥਾਰਟੀ ਵੱਲੋਂ ਪੰਜ ਸਰਕਾਰੀ ਦਫਤਰਾਂ ਵਾਲੀ ਜਗ੍ਹਾ ਦੀ ਵੀ ਨਿਲਾਮੀ ਵਾਸਤੇ ਸ਼ਨਾਖਤ ਕੀਤੀ ਗਈ ਹੈ, ਜਿਨ੍ਹਾਂ ਤੋਂ ਸਰਕਾਰ ਨੂੰ 103 ਕਰੋੜ ਰੁਪਏ ਦੀ ਕਮਾਈ ਹੋਣ ਦਾ ਅਨੁਮਾਨ ਹੈ। ਇਨ੍ਹਾਂ ਦਫਤਰਾਂ ਦੀ ਜਗ੍ਹਾ ਦਾ ਬਾਜ਼ਾਰੀ ਮੁੱਲ 25 ਤੋਂ 30 ਹਜ਼ਾਰ ਰੁਪਏ ਵਰਗ ਗਜ਼ ਦਾ ਅਨੁਮਾਨ ਲਾਇਆ ਗਿਆ ਹੈ। ਇਨ੍ਹਾਂ ਪੰਜ ਦਫਤਰਾਂ ਦੀ ਵੇਚਣਯੋਗ 34073 ਵਰਗ ਗਜ਼ ਥਾਂ ਸ਼ਨਾਖਤ ਕੀਤੀ ਗਈ ਹੈ। ਇਨ੍ਹਾਂ ਵਿੱਚ ਜਨ ਸਿਹਤ ਵਿਭਾਗ ਦੇ ਦਫਤਰ ਦੀ ਤਿੰਨ ਏਕੜ ਜਗ੍ਹਾ ਵੀ ਹੈ, ਜਿਸ ਵਿੱਚੋਂ 14520 ਵਰਗ ਫੁੱਟ ਜਗ੍ਹਾ ਵੇਚਣਯੋਗ ਸ਼ਨਾਖਤ ਕੀਤੀ ਗਈ ਹੈ। ਇਸ ਦਾ ਮਾਰਕੀਟ ਭਾਅ 30 ਹਜ਼ਾਰ ਰੁਪਏ ਵਰਗ ਗਜ਼ ਹੋਣ ਦਾ ਅਨੁਮਾਨ ਹੈ। ਪਸ਼ੂ ਪਾਲਣ ਮਹਿਕਮੇ ਦੇ ਦਫਤਰ ਦੀ ਵੀ ਸ਼ਨਾਖਤ ਕੀਤੀ ਗਈ ਹੈ, ਜੋ ਕਰੀਬ ਡੇਢ ਏਕੜ ਰਕਬੇ ਵਿੱਚ ਹੈ। ਇਸ ਦੀ 7260 ਵਰਗ ਫੁੱਟ ਜਗ੍ਹਾ ਵੇਚਣਯੋਗ ਹੈ। ਇਸ ਦਾ ਰੇਟ ਵੀ 25 ਹਜ਼ਾਰ ਰੁਪਏ ਪ੍ਰਤੀ ਵਰਗ ਗਜ਼ ਅਨੁਮਾਨਿਆ ਗਿਆ ਹੈ। ਖੇਤੀਬਾੜੀ ਮਹਿਕਮੇ ਦੀ ਲੈਬ ਨੂੰ ਵੀ ਨਿਸ਼ਾਨੇ 'ਤੇ ਰੱਖਿਆ ਗਿਆ ਹੈ। ਇਸ ਸਰਕਾਰੀ ਲੈਬ ਦੀ ਜਗ੍ਹਾ ਕਰੀਬ ਇਕ ਏਕੜ ਹੈ, ਜਿਸ ਦੀ ਕੀਮਤ ਪ੍ਰਤੀ ਵਰਗ ਗਜ਼ 40 ਹਜ਼ਾਰ ਰੁਪਏ ਦਾ ਅਨੁਮਾਨ ਲਾਇਆ ਗਿਆ ਹੈ। ਸਕੂਲ ਸਿੱਖਿਆ ਬੋਰਡ ਦੀ 1.17 ਏਕੜ ਜਗ੍ਹਾ ਦੀ ਵੀ ਸ਼ਨਾਖਤ ਕੀਤੀ ਗਈ ਹੈ, ਜਿਸ ਦਾ ਬਾਜ਼ਾਰੀ ਭਾਅ ਪ੍ਰਤੀ ਵਰਗ ਗਜ਼ 30 ਹਜ਼ਾਰ ਰੁਪਏ ਹੋਣ ਦਾ ਅਨੁਮਾਨ ਲਾਇਆ ਗਿਆ ਹੈ, ਜਦੋਂ ਕਿ ਸੀਵਰੇਜ ਬੋਰਡ ਦੀ 1791 ਵਰਗ ਗਜ਼ ਜਗ੍ਹਾ ਦੀ ਸ਼ਨਾਖਤ ਕੀਤੀ ਗਈ ਹੈ। ਇਸ ਦਾ ਮਾਰਕੀਟ ਭਾਅ 30 ਹਜ਼ਾਰ ਰੁਪਏ ਗਜ਼ ਹੋਣ ਦਾ ਅਨੁਮਾਨ ਲਾਇਆ ਗਿਆ ਹੈ।ਡਿਪਟੀ ਕਮਿਸ਼ਨਰ ਕੇ.ਕੇ. ਯਾਦਵ ਦਾ ਕਹਿਣਾ ਸੀ ਕਿ ਪੁਰਾਣੀ ਤਹਿਸੀਲ ਵਾਲੀ ਜਗ੍ਹਾ 'ਤੇ ਨਵਾਂ ਬਲਾਕ ਬਣਾਉਣ ਦੀ ਯੋਜਨਾ ਹੈ ਤਾਂ ਜੋ ਬਾਹਰ ਰਹਿ ਗਏ ਦਫਤਰਾਂ ਨੂੰ ਜਗ੍ਹਾ ਦਿੱਤੀ ਜਾ ਸਕੇ। ਉਨ੍ਹਾਂ ਆਖਿਆ ਕਿ ਬਠਿੰਡਾ ਵਿਕਾਸ ਅਥਾਰਟੀ ਦੀ ਬਾਕੀ ਯੋਜਨਾਬੰਦੀ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
                                                 ਨਵਾਂ ਪ੍ਰਬੰਧਕੀ ਬਲਾਕ ਬਣਾਉਣ ਦੀ ਯੋਜਨਾ
ਬਠਿੰਡਾ ਦੀ ਪੁਰਾਣੀ ਤਹਿਸੀਲ ਵਾਲੀ ਜਗ੍ਹਾ ਵਿੱਚ ਨਵਾਂ ਪ੍ਰਬੰਧਕੀ ਬਲਾਕ ਬਣਾਉਣ ਦੀ ਯੋਜਨਾ ਹੈ, ਜਿਸ ਦੀ ਉਸਾਰੀ 'ਤੇ 15 ਤੋਂ 18 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਜਿਨ੍ਹਾਂ ਦਫਤਰਾਂ ਦੀ ਜਗ੍ਹਾ ਵੇਚਣ ਦੀ ਯੋਜਨਾ ਹੈ, ਉਨ੍ਹਾਂ ਨੂੰ ਇਸ ਨਵੇਂ ਬਲਾਕ ਵਿੱਚ ਦਫਤਰ ਦੇਣ ਦੀ ਵਿਉਂਤ ਹੈ। ਇਸ ਬਲਾਕ ਵਿੱਚ ਹੀ ਵਸੀਕਾ ਨਵੀਸਾ ਨੂੰ ਜਗ੍ਹਾ ਦੇਣ ਦੀ ਯੋਜਨਾ ਹੈ। ਮੌਜੂਦਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨੇੜਲੀ ਇਸ ਜਗ੍ਹਾ ਨੂੰ ਪਹਿਲਾਂ ਵੇਚਣ ਦੀ ਯੋਜਨਾ ਸੀ ਪਰ ਹੁਣ ਇਸ ਜਗ੍ਹਾ 'ਤੇ ਨਵਾਂ ਪ੍ਰਬੰਧਕੀ ਬਲਾਕ ਬਣਾਉਣ ਦੀ ਤਜਵੀਜ਼ ਬਣਾਈ ਜਾ ਰਹੀ ਹੈ।

No comments:

Post a Comment