Monday, April 9, 2012

                          ਜੇਬ ਤੇ ਡਾਕਾ
   ਪੀ.ਟੀ.ਏ ਫੰਡ ਬਣੇ ਕਾਰੂ ਦਾ ਖਜ਼ਾਨਾ !                                       ਚਰਨਜੀਤ ਭੁੱਲਰ
ਬਠਿੰਡਾ :ਪੰਜਾਬ ਦੇ ਸਰਕਾਰੀ ਕਾਲਜਾਂ ਲਈ ਪੀ.ਟੀ.ਏ. ਫੰਡ 'ਕਾਰੂ ਦਾ ਖਜ਼ਾਨਾ' ਬਣ ਗਏ ਹਨ। ਗਰੀਬ ਵਿਦਿਆਰਥੀਆਂ ਵਲੋਂ ਦਿੱਤੇ ਇਨ੍ਹਾਂ ਫੰਡਾਂ ਦੀ ਸਰਕਾਰੀ ਕਾਲਜ ਖੁੱਲ੍ਹ ਕੇ ਦੁਰਵਰਤੋਂ ਕਰ ਰਹੇ ਹਨ। ਵਿਦਿਆਰਥੀਆਂ ਦੀ ਭਲਾਈ ਲਈ ਵਰਤੇ ਜਾਣ ਵਾਲੇ ਇਹ ਪੀ.ਟੀ.ਏ. (ਮਾਪੇ ਅਧਿਆਪਕ ਸੰਸਥਾ) ਫੰਡ ਹੁਣ ਕਾਲਜ ਦੀਆਂ ਲੋੜਾਂ ਤੇ ਸਹੂਲਤਾਂ ਲਈ ਵਰਤੇ ਜਾ ਰਹੇ ਹਨ। ਸੂਚਨਾ ਦੇ ਅਧਿਕਾਰ ਤਹਿਤ, ਜੋ ਸੂਚਨਾ ਪੰਜਾਬ ਦੇ 14 ਸਰਕਾਰੀ ਕਾਲਜਾਂ ਵਲੋਂ ਭੇਜੀ ਗਈ ਹੈ, ਉਸ ਵਿੱਚ ਲੰਘੇ ਸੱਤ ਵਰ੍ਹਿਆਂ ਵਿੱਚ ਇਨ੍ਹਾਂ ਫੰਡਾਂ ਦੀ ਹੋਈ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ ਵੱਲੋਂ ਕਰੀਬ 25 ਤੋਂ 28 ਲੱਖ ਰੁਪਏ ਹਰ ਵਰ੍ਹੇ ਪੀ.ਟੀ.ਏ. ਫੰਡ ਵਿਦਿਆਰਥੀਆਂ ਤੋਂ ਇਕੱਠਾ ਕੀਤਾ ਜਾਂਦਾ ਹੈ। ਸੱਤ ਵਰ੍ਹਿਆਂ 'ਚ ਇਸ ਕਾਲਜ ਤਰਫੋਂ ਇਸ ਫੰਡ 'ਚੋਂ 5.21 ਲੱਖ ਰੁਪਏ ਤਾਂ ਮਨੋਰੰਜਨ, ਮੇਲਿਆਂ ਅਤੇ ਕਲਚਰਲ ਪ੍ਰੋਗਰਾਮਾਂ 'ਤੇ ਖਰਚ ਦਿੱਤੇ ਗਏ ਹਨ ਜਦੋਂ ਕਿ 59.43 ਲੱਖ ਰੁਪਏ ਬਿਲਡਿੰਗ ਉਸਾਰੀ ਅਤੇ ਮੁਰੰਮਤ 'ਤੇ ਖਰਚੇ ਗਏ ਹਨ। ਸਾਲ 2008-09 ਵਿੱਚ ਕਾਲਜ ਕੈਂਪਸ ਵਿੱਚ ਹੋਈ ਸੀ.ਏ. ਦੀ ਪ੍ਰੀਖਿਆ ਦਾ ਖਰਚਾ 62532 ਰੁਪਏ ਵੀ ਪੀ.ਟੀ.ਏ. ਫੰਡਾਂ 'ਚੋਂ ਪਾਇਆ ਗਿਆ ਹੈ। ਕਾਲਜ ਦੀ ਸੁਰੱਖਿਆ ਦਾ ਖਰਚਾ 1.51 ਲੱਖ ਰੁਪਏ ਵੀ ਇਨ੍ਹਾਂ ਫੰਡਾਂ 'ਚੋਂ ਕੀਤਾ ਗਿਆ ਹੈ। ਪੀ.ਟੀ.ਏ. ਫੰਡਾਂ 'ਚੋਂ ਹੀ 14500 ਰੁਪਏ ਦੇ ਫਰਿੱਜ ਦੀ ਖਰੀਦ ਕੀਤੀ ਗਈ ਹੈ। ਰਜਿੰਦਰਾ ਕਾਲਜ ਦੇ ਪ੍ਰਬੰਧਕਾਂ ਵੱਲੋਂ ਅਦਾਲਤੀ ਕੰਮਾਂ 'ਤੇ ਵੀ ਇੱਕ ਲੱਖ ਦਾ ਖਰਚਾ ਇਨ੍ਹਾਂ ਫੰਡਾਂ 'ਚੋਂ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ 7.66 ਲੱਖ ਦੇ ਫੁਟਕਲ ਖਰਚੇ ਕੀਤੇ ਗਏ ਹਨ। ਟੈਲੀਫੋਨ ਬਿੱਲਾਂ 'ਤੇ 47758 ਰੁਪਏ ਅਤੇ ਟੂਰ ਦਾ 40086 ਰੁਪਏ ਦਾ ਖਰਚਾ ਵੀ ਇਨ੍ਹਾਂ ਫੰਡਾਂ 'ਚੋਂ ਹੋਇਆ ਹੈ। 
       ਨਿਯਮਾਂ ਅਨੁਸਾਰ ਪੀ.ਟੀ.ਏ. ਫੰਡ ਸਿਰਫ ਵਿਦਿਆਰਥੀ ਭਲਾਈ ਲਈ ਵਰਤੇ ਜਾ ਸਕਦੇ ਹਨ ਅਤੇ ਇੱਥੋਂ ਤੱਕ ਇਨ੍ਹਾਂ ਫੰਡਾਂ 'ਚੋਂ ਕਿਸੇ ਨੂੰ ਤਨਖਾਹ ਵੀ ਨਹੀਂ ਦਿੱਤੀ ਜਾ ਸਕਦੀ। ਕਾਲਜ ਵਿੱਚ ਪੀ.ਟੀ.ਏ. ਫੰਡਾਂ 'ਚੋਂ ਗੈਸਟ ਫੈਕਲਟੀ ਲੈਕਚਰਾਰਾਂ ਨੂੰ 28.95 ਲੱਖ ਰੁਪਏ ਤਨਖਾਹ ਦਿੱਤੀ ਗਈ ਹੈ। ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿੱਚ ਤਾਂ ਪੀ.ਟੀ.ਏ. ਫੰਡਾਂ 'ਚੋਂ ਸਾਲ 2007-08 ਵਿੱਚ ਏ.ਸੀ. ਖਰੀਦੇ ਗਏ ਹਨ। ਫੰਡਾਂ 'ਚੋਂ ਬਾਗ 'ਤੇ 17352 ਰੁਪਏ ਅਤੇ 74 ਹਜ਼ਾਰ ਰੁਪਏ ਜਨਰੇਟਰ ਦਾ ਕਿਰਾਇਆ ਵੀ ਦਿੱਤਾ ਗਿਆ ਹੈ। ਪੰਜ ਵਰ੍ਹਿਆਂ ਵਿੱਚ ਜਨਰੇਟਰ ਦਾ ਡੀਜ਼ਲ ਖਰਚ 1.22 ਲੱਖ ਰੁਪਏ ਵੀ ਇਨ੍ਹਾਂ ਫੰਡਾਂ 'ਚੋਂ ਕੀਤਾ ਗਿਆ। ਰਿਫਰੈਸ਼ਮੈਂਟ ਅਤੇ ਟੀ.ਏ./ਡੀ.ਏ. 'ਤੇ 60364 ਰੁਪਏ ਅਤੇ 17352 ਰੁਪਏ ਦਾ ਅਦਾਲਤੀ ਖਰਚਾ ਵੀ ਵਿਦਿਆਰਥੀਆਂ ਦੇ ਫੰਡ 'ਚੋਂ ਵਰਤਿਆ ਗਿਆ ਹੈ। ਫੰਡਾਂ 'ਚੋਂ ਹੀ 41.22 ਲੱਖ ਰੁਪਏ ਤਨਖਾਹਾਂ ਅਤੇ 5.77 ਲੱਖ ਰੁਪਏ ਇਮਾਰਤ ਉਸਾਰੀ ਉਤੇ ਖਰਚ ਕੀਤੇ ਗਏ ਹਨ। ਇਸ ਕਾਲਜ ਵਿੱਚ ਹਰ ਵਰ੍ਹੇ ਕਰੀਬ 20 ਲੱਖ ਰੁਪਏ ਪੀ.ਟੀ.ਏ. ਫੰਡ ਇਕੱਠਾ ਹੁੰਦਾ ਹੈ। ਇਸ ਕਾਲਜ ਵੱਲੋਂ ਤਾਂ ਮਜ਼ਦੂਰਾਂ ਤੋਂ ਇਲਾਵਾ ਤਬਲਾ ਵਾਦਕ ਨੂੰ ਵੀ ਤਨਖਾਹ ਪੀ.ਟੀ.ਏ. ਫੰਡਾਂ 'ਚੋਂ ਅਦਾ ਕੀਤੀ ਗਈ ਹੈ। ਸ਼ਹੀਦ ਭਗਤ ਸਿੰਘ ਕਾਲਜ ਕੋਟਕਪੂਰਾ ਵਿੱਚ ਇਨ੍ਹਾਂ ਫੰਡਾਂ 'ਚੋਂ 2.18 ਲੱਖ ਰੁਪਏ ਸਮਾਗਮਾਂ, 20885 ਰੁਪਏ ਅਦਾਲਤੀ ਕੰਮਾਂ 'ਤੇ,1.78 ਲੱਖ ਰੁਪਏ ਟੀ.ਏ./ਡੀ.ਏ. ਅਤੇ 44533 ਰੁਪਏ ਲੰਘੇ ਸੱਤ ਵਰ੍ਹਿਆਂ ਵਿੱਚ ਖਰਚੇ ਗਏ ਹਨ।  ਪਟਿਆਲਾ ਦੇ ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ ਵਿੱਚ ਪੀ.ਟੀ.ਏ. ਫੰਡਾਂ 'ਚੋਂ 26250 ਰੁਪਏ ਦਾ ਏ.ਸੀ., 2.24 ਲੱਖ ਰੁਪਏ ਦਾ ਜਨਰੇਟਰ,14318 ਰੁਪਏ ਦੀ ਫੈਕਸ ਮਸ਼ੀਨ ਖਰੀਦ ਕੀਤੀ ਗਈ ਹੈ। ਬਿਜਲੀ ਦੀ ਮੁਰੰਮਤ ਅਤੇ ਇਲੈਕਟ੍ਰਿਕ ਖਰੀਦ 'ਤੇ 5.77 ਲੱਖ ਰੁਪਏ ਤੋਂ ਇਲਾਵਾ ਕਾਲਜ ਇਮਾਰਤ ਦੀ ਸਫੈਦੀ 'ਤੇ 2.09 ਲੱਖ ਰੁਪਏ ਖਰਚੇ ਗਏ ਹਨ। ਇਸ ਕਾਲਜ ਵਲੋਂ ਇਨ੍ਹਾਂ ਫੰਡਾਂ 'ਚੋਂ 20800 ਰੁਪਏ ਦੀ ਘਾਹ ਕੱਟਣ ਵਾਲੀ ਮਸ਼ੀਨ ਖਰੀਦ ਕੀਤੀ ਗਈ ਹੈ। ਏਦਾਂ ਹੀ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿੱਚ ਪੀ.ਟੀ.ਏ. ਫੰਡਾਂ 'ਚੋਂ 4.23 ਲੱਖ ਰੁਪਏ ਬਿਜਲੀ ਬਿੱਲਾਂ,77303 ਰੁਪਏ ਟੈਲੀਫੋਨ ਬਿੱਲਾਂ ਅਤੇ 9.35 ਲੱਖ ਰੁਪਏ ਫੁਟਕਲ ਕੰਮਾਂ 'ਤੇ ਖਰਚ ਕੀਤੇ ਗਏ ਹਨ। ਇਸ ਕਾਲਜ ਵਿੱਚ ਔਸਤਨ ਹਰ ਵਰ੍ਹੇ 10 ਲੱਖ ਪੀ.ਟੀ.ਏ. ਫੰਡ ਇਕੱਠਾ ਹੁੰਦਾ ਹੈ।
        ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਲੋਂ ਤਾਂ ਸਾਲ 2009-10 ਵਿੱਚ ਪੀ.ਟੀ.ਏ. ਫੰਡਾਂ 'ਚੋਂ ਇੱਕ ਲੱਖ ਰੁਪਏ ਦਾ ਜਨਰੇਟਰ ਖਰੀਦਿਆ ਗਿਆ। ਪੌਦਿਆਂ ਅਤੇ ਗਮਲਿਆਂ ਦੇ 6963 ਰੁਪਏ ਵੀ ਪੀ.ਟੀ.ਏ. ਫੰਡਾਂ 'ਚੋਂ ਖਰਚੇ ਗਏ ਹਨ। ਕਾਲਜ ਵਿੱਚ ਆਈ ਨੈਕ ਟੀਮ 'ਤੇ ਵੀ 64082 ਰੁਪਏ ਦਾ ਖਰਚ ਵਿਦਿਆਰਥੀ ਫੰਡਾਂ 'ਚੋਂ ਕੀਤਾ ਗਿਆ ਹੈ। ਇਸੇ ਤਰ੍ਹਾਂ 85 ਹਜ਼ਾਰ ਰੁਪਏ ਦੇ ਕੰਪਿਊਟਰ ਅਤੇ 12934 ਰੁਪਏ ਅਲਮਾਰੀਆਂ 'ਤੇ ਵੀ ਇਨ੍ਹਾਂ ਫੰਡਾਂ 'ਚੋਂ ਖਰਚ ਕੀਤੇ ਗਏ ਹਨ। ਪਟਿਆਲਾ ਦੇ ਸਰਕਾਰੀ ਬਿਕਰਮ ਕਾਲਜ ਆਫ ਕਾਮਰਸ ਵੱਲੋਂ ਤਾਂ ਨੈਕ ਟੀਮ 'ਤੇ 33013 ਰੁਪਏ ਦਾ ਖਰਚ ਇਨ੍ਹਾਂ ਫੰਡਾਂ 'ਚੋਂ ਕੀਤਾ ਗਿਆ ਅਤੇ 2.56 ਲੱਖ ਰੁਪਏ ਸਮਾਗਮਾਂ 'ਤੇ ਇਨ੍ਹਾਂ ਫੰਡਾਂ 'ਚੋਂ ਖਰਚੇ ਹਨ। ਸਰਕਾਰੀ ਕਾਲਜ ਹੁਸ਼ਿਆਰਪੁਰ ਵੱਲੋਂ ਤਾਂ ਵਿਦਿਆਰਥੀ ਫੰਡਾਂ 'ਚੋਂ 45.30 ਲੱਖ ਰੁਪਏ ਕਾਲਜ ਦੇ ਇਮਾਰਤ ਉਸਾਰੀ ਅਤੇ ਮੁਰੰਮਤ 'ਤੇ ਖਰਚ ਕਰ ਦਿੱਤੇ ਗਏ। ਇਸ ਕਾਲਜ ਵਿੱਚ 18 ਲੱਖ ਰੁਪਏ ਸਾਲਾਨਾ ਵਿਦਿਆਰਥੀਆਂ ਦੀਆਂ ਜੇਬਾਂ 'ਚੋਂ ਇਕੱਠਾ ਹੁੰਦਾ ਹੈ। ਸਰਕਾਰੀ  ਕਾਲਜ ਭੁਲੱਥ ਵਲੋਂ ਪੀ.ਟੀ.ਏ. ਫੰਡਾਂ 'ਚੋਂ 21378 ਰੁਪਏ ਪ੍ਰਾਹੁਣਚਾਰੀ ਅਤੇ 46007 ਰੁਪਏ ਟੀ.ਏ./ਡੀ.ਏ. 'ਤੇ ਖਰਚਣ ਤੋਂ ਇਲਾਵਾ 67214 ਰੁਪਏ ਸਮਾਗਮਾਂ 'ਤੇ ਖਰਚੇ ਗਏ ਹਨ। ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵੱਲੋਂ 1.44 ਲੱਖ ਰੁਪਏ ਸਮਾਗਮਾਂ, 89314 ਰੁਪਏ ਟੀ.ਏ./ਡੀ.ਏ. ਅਤੇ 37665 ਰੁਪਏ ਰਿਫਰੈਸ਼ਮੈਂਟ 'ਤੇ ਖਰਚੇ ਗਏ ਹਨ। ਇਹੀ ਹਾਲ ਬਾਕੀ ਕਾਲਜਾਂ ਵਿੱਚ ਹੈ। ਸਰਕਾਰੀ ਕਾਲਜ ਇੱਕ ਤਰ੍ਹਾਂ ਨਾਲ ਪੀ.ਟੀ.ਏ. ਫੰਡਾਂ ਸਹਾਰੇ ਹੀ ਚਲ ਰਹੇ ਹਨ। ਕਾਲਜ ਪ੍ਰਬੰਧਕ ਇਸ ਨੂੰ ਆਪਣੀ ਮਜਬੂਰੀ ਦੱਸ ਰਹੇ ਹਨ ਕਿ ਸਰਕਾਰ ਵਲੋਂ ਤਾਂ ਹੁਣ ਕਾਲਜਾਂ ਨੂੰ ਢੁਕਵਾਂ ਬਜਟ ਭੇਜਿਆ ਨਹੀਂ ਜਾਂਦਾ, ਜਿਸ ਕਰਕੇ ਉਹ ਪੀ.ਟੀ.ਏ. ਫੰਡ ਵਰਤਦੇ ਹਨ ਜਿਨ੍ਹਾਂ ਨੂੰ ਵਿਦਿਆਰਥੀ ਭਲਾਈ 'ਤੇ ਹੀ ਖਰਚ ਕੀਤਾ ਜਾਂਦਾ ਹੈ।
                                           ਅਧਿਆਪਕ ਨਹੀਂ ਕਰਦੇ ਜੇਬ ਢਿੱਲੀ
ਪੀ.ਟੀ.ਏ. ਫੰਡ ਦੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਬਰਾਬਰ ਦੀ ਹਿੱਸੇਦਾਰੀ ਹੁੰਦੀ ਹੈ, ਪ੍ਰੰਤੂ ਅਧਿਆਪਕ ਆਪਣਾ ਹਿੱਸਾ ਪਾਉਂਦੇ ਹੀ ਨਹੀਂ।  ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਵੱਲੋਂ ਹਰ ਵਰ੍ਹੇ ਔਸਤਨ 6 ਲੱਖ ਰੁਪਏ ਪੀ.ਟੀ.ਏ. ਫੰਡ ਵਿਦਿਆਰਥੀਆਂ ਤੋਂ ਵਸੂਲ ਕੀਤਾ ਜਾਂਦਾ ਹੈ, ਜਦੋਂਕਿ ਅਧਿਆਪਕਾਂ ਵਲੋਂ ਸਾਲਾਨਾ ਸਿਰਫ 7000 ਰੁਪਏ ਦਾ ਹੀ ਯੋਗਦਾਨ ਪਾਇਆ ਜਾਂਦਾ ਹੈ।  ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵੱਲੋਂ ਹਰ ਵਰ੍ਹੇ ਵਿਦਿਆਰਥੀਆਂ ਤੋਂ ਔਸਤਨ 10 ਲੱਖ ਰੁਪਏ ਪੀ.ਟੀ.ਏ. ਵਜੋਂ ਇਕੱਠਾ ਕਰ ਲਿਆ ਜਾਂਦਾ ਹੈ, ਪ੍ਰੰਤੂ ਕਾਲਜ ਦੇ ਅਧਿਆਪਕਾਂ ਵੱਲੋਂ ਕਦੇ ਪੀ.ਟੀ.ਏ. ਫੰਡ ਵਿੱਚ ਕੋਈ ਯੋਗਦਾਨ ਨਹੀਂ ਪਾਇਆ ਗਿਆ ਹੈ। ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੇ ਅਧਿਆਪਕਾਂ ਨੇ ਸਾਲ 2009-10 ਅਤੇ ਸਾਲ 2010-11 ਦੌਰਾਨ ਪੀ.ਟੀ.ਏ. ਫੰਡਾਂ ਵਿੱਚ ਬਣਦਾ ਹਿੱਸਾ ਨਹੀਂ ਪਾਇਆ ਹੈ। ਸਰਕਾਰੀ ਕਾਲਜ ਮੂਨਕ ਦੇ ਕਿਸੇ ਵੀ ਅਧਿਆਪਕ ਵਲੋਂ ਪੀ.ਟੀ.ਏ. ਫੰਡ ਵਿੱਚ ਕੋਈ ਯੋਗਦਾਨ ਨਹੀਂ ਪਾਇਆ ਗਿਆ ਹੈ। ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਲੋਂ ਹਰ ਸਾਲ ਕਰੀਬ 7 ਲੱਖ ਰੁਪਏ ਵਿਦਿਆਰਥੀਆਂ ਤੋਂ ਪੀ.ਟੀ.ਏ. ਫੰਡਾਂ ਵਜੋਂ ਵਸੂਲ ਲਏ ਜਾਂਦੇ ਹਨ, ਪਰ ਅਧਿਆਪਕਾਂ ਵਲੋਂ ਤਿੰਨ ਵਰ੍ਹਿਆਂ ਤੋਂ ਪੀ.ਟੀ.ਏ. ਫੰਡ ਵਿੱਚ ਕੋਈ ਹਿੱਸੇਦਾਰੀ ਨਹੀਂ ਪਾਈ ਗਈ ਹੈ। ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਅਧਿਆਪਕਾਂ ਨੇ ਲੰਘੇ ਸੱਤ ਵਰ੍ਹਿਆਂ ਤੋਂ ਸਿਰਫ ਇੱਕ ਸਾਲ ਦੌਰਾਨ ਹੀ ਆਪਣਾ ਬਣਦਾ ਯੋਗਦਾਨ ਪਾਇਆ ਹੈ। ਸਰਕਾਰੀ ਗੁਰੂ ਨਾਨਕ ਕਾਲਜ ਕਾਲਾ ਅਫ਼ਗਾਨਾ (ਗੁਰਦਾਸਪੁਰ) ਦੇ ਅਧਿਆਪਕਾਂ ਵੱਲੋਂ ਸਾਲ 2006 ਤੋਂ ਮਗਰੋਂ ਕੋਈ ਪੀ.ਟੀ.ਏ. ਫੰਡ ਵਿੱਚ ਹਿੱਸਾ ਨਹੀਂ ਪਾਇਆ ਗਿਆ ਹੈ। ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਅਧਿਆਪਕਾਂ ਵਲੋਂ ਪ੍ਰਤੀ ਅਧਿਆਪਕ 100 ਰੁਪਏ ਪੀ.ਟੀ.ਏ. ਫੰਡ ਵਿੱਚ ਯੋਗਦਾਨ ਦਿੱਤਾ ਜਾਂਦਾ ਹੈ, ਜਦੋਂਕਿ ਵਿਦਿਆਰਥੀ ਔਸਤਨ ਸਾਲਾਨਾ 20 ਲੱਖ ਰੁਪਏ ਦੇ ਪੀ.ਟੀ.ਏ. ਫੰਡ ਦਿੰਦੇ ਹਨ।

No comments:

Post a Comment