Wednesday, April 18, 2012

                                             ਕਾਣੀ ਵੰਡ
                       ਵੱਡੇ ਘਰਾਂ ਨੂੰ ਦੋ ਦੋ ਕੁਨੈਕਸ਼ਨ
                                        ਚਰਨਜੀਤ ਭੁੱਲਰ
ਬਠਿੰਡਾ : ਵੀ.ਵੀ.ਆਈ.ਪੀਜ਼. ਨੂੰ ਦੋ-ਦੋ ਗੈਸ ਕੁਨੈਕਸ਼ਨਾਂ ਦੀ ਸਹੂਲਤ ਮਿਲੀ ਹੋਈ ਹੈ ਜਦਕਿ ਆਮ ਵਿਅਕਤੀ ਇੱਕ ਗੈਸ ਕੁਨੈਕਸ਼ਨ ਹੀ ਰੱਖ ਸਕਦਾ ਹੈ। ਕਰੀਬ ਇੱਕ ਦਰਜਨ ਵੱਡੇ ਨੇਤਾਵਾਂ ਦੇ ਘਰਾਂ ਵਿੱਚ ਦੋ-ਦੋ ਗੈਸ ਕੁਨੈਕਸ਼ਨ ਚੱਲ ਰਹੇ ਹਨ, ਉਹ ਵੀ ਇੱਕੋ ਜਣੇ ਦੇ ਨਾਮ 'ਤੇ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਹਰਿਆਣਾ ਦੇ ਸੰਸਦ ਮੈਂਬਰ ਅਜੈ ਚੌਟਾਲਾ ਨੂੰ ਦੋ-ਦੋ ਗੈਸ ਕੁਨੈਕਸ਼ਨ ਦਿੱਤੇ ਹੋਏ ਹਨ। ਇਨ੍ਹਾਂ ਆਗੂਆਂ ਦੇ ਰਾਜਧਾਨੀ ਦਿੱਲੀ ਵਿਚਲੇ ਘਰਾਂ ਵਿੱਚ ਇਹ ਕੁਨੈਕਸ਼ਨ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਗੈਸ ਕੁਨੈਕਸ਼ਨ ਕਾਰਡ ਨੰਬਰ 27150 ਅਤੇ 32403 ਹਨ ਅਤੇ ਇਹ ਕੁਨੈਕਸ਼ਨ ਦਿੱਲੀ ਦੀ ਕਿਰਨ ਗੈਸ ਏਜੰਸੀ ਕੋਲ ਦਰਜ ਹਨ। ਪੰਜਾਬ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਕੋਲ ਵੀ ਦੋ ਗੈਸ ਕੁਨੈਕਸ਼ਨ ਹਨ ਹਾਲਾਂਕਿ ਸਾਬਕਾ ਸਿਹਤ ਮੰਤਰੀ ਨਿਯਮਾਂ ਦੇ ਕਾਫੀ ਪੱਕੇ ਮੰਨੇ ਜਾਂਦੇ ਹਨ। ਅੰਮ੍ਰਿਤਸਰ ਵਿੱਚ ਸਾਬਕਾ ਸਿਹਤ ਮੰਤਰੀ ਦਾ ਗੈਸ ਕੁਨੈਕਸ਼ਨ ਕਾਰਡ ਨੰਬਰ 29390 ਅਤੇ 18727 ਹੈ ਅਤੇ ਇਸ ਵੀ.ਆਈ.ਪੀ. ਨੂੰ ਗਰੈਜੂਏਟ ਗੈਸ ਸਰਵਿਸ ਤੋਂ ਸਪਲਾਈ ਮਿਲਦੀ ਹੈ।
            ਗੈਸ ਕੰਪਨੀ ਇੰਡੇਨ ਦੇ ਰਿਕਾਰਡ ਤੋਂ ਇਹ ਤੱਥ ਸਾਹਮਣੇ ਆਏ ਹਨ। ਇਨ੍ਹਾਂ ਤੱਥਾਂ ਅਨੁਸਾਰ ਕੌਮੀ ਰਾਜਧਾਨੀ ਵਿੱਚ ਦੋ ਦੋ ਗੈਸ ਕੁਨੈਕਸ਼ਨ ਰੱਖਣ ਵਾਲਿਆਂ ਵਿੱਚ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ, ਸਾਬਕਾ ਕੇਦਰੀ ਮੰਤਰੀ ਏ. ਰਾਜਾ ਆਦਿ ਦੇ ਨਾਮ ਵੀ ਸ਼ਾਮਲ ਹਨ। ਰਾਜਧਾਨੀ ਦਿੱਲੀ ਵਿੱਚ ਮਾਧਵ ਰਾਓ ਸਿੰਧੀਆ, ਏ.ਰਾਜਾ, ਰਾਮ ਵਿਲਾਸ ਪਾਸਵਾਨ, ਕੈਪਟਨ ਸਤੀਸ਼ ਸ਼ਰਮਾ, ਸੰਸਦ ਮੈਂਬਰ ਰਾਜ ਕੁਮਾਰ ਧੂਤ, ਆਰ. ਵੈਕਟਾਰਤਨਮ, ਕੁਮਾਰੀ ਮਾਇਆਵਤੀ, ਮਨੀ ਕੁਮਾਰ ਸੂਬਾ, ਭਾਈ ਮੋਹਨ ਸਿੰਘ ਆਦਿ ਦੇ ਨਾਮ 'ਤੇ ਦੋ-ਦੋ ਗੈਸ ਕੁਨੈਕਸ਼ਨ ਹਨ। ਰਾਮਪੁਰਾ ਫੂਲ ਦੇ ਆਰ.ਟੀ.ਆਈ ਕਾਰਕੁਨ ਰੰਜੀਵ ਗੋਇਲ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਕਿਸੇ ਵਿਅਕਤੀ ਵੱਲੋਂ ਇੱਕ ਘਰ ਵਿੱਚ ਦੋ ਅਲੱਗ ਅਲੱਗ ਨਾਵਾਂ 'ਤੇ ਗੈਸ ਕੁਨੈਕਸ਼ਨ ਰੱਖਣਾ ਵੀ ਗੈਰਕਾਨੂੰਨੀ ਹੈ ਅਤੇ ਉਸ ਨੂੰ ਇੱਕ ਕੁਨੈਕਸ਼ਨ ਵਾਪਸ ਜਮ੍ਹਾਂ ਕਰਵਾਉਣਾ ਬਣਦਾ ਹੈ ਪਰ ਜਦੋਂ ਮਾਮਲਾ ਵੱਡੇ ਨੇਤਾਵਾਂ ਦਾ ਹੋਵੇ ਤਾਂ ਸਭ ਨਿਯਮ ਚੁੱਪ ਹੋ ਜਾਂਦੇ ਹਨ।
            ਕੇਂਦਰੀ ਪੈਟਰੋਲੀਅਮ ਮੰਤਰਾਲੇ ਵੱਲੋਂ ਜਾਰੀ ਗੈਸ ਕੰਟਰੋਲ ਆਰਡਰ ਅਨੁਸਾਰ ਜਿਹੜੇ ਘਰ ਵਿੱਚ ਪਤੀ ਪਤਨੀ, ਵਿਆਹੁਤਾ ਬੱਚੇ ਅਤੇ ਨਿਰਭਰ ਮਾਪੇ ਰਹਿੰਦੇ ਹਨ ਅਤੇ ਉਸ ਵਿੱਚ ਇੱਕ ਹੀ ਰਸੋਈ ਹੈ, ਨੂੰ ਇੱਕ ਘਰ ਮੰਨਿਆ ਜਾਂਦਾ ਹੈ। ਨਿਯਮਾਂ ਅਨੁਸਾਰ ਇੱਕ ਘਰ ਵਿੱਚ ਸਿਰਫ ਇੱਕ ਹੀ ਗੈਸ ਕੁਨੈਕਸ਼ਨ ਹੋ ਸਕਦਾ ਹੈ। ਪਰਿਵਾਰ ਦੇ ਕਿਸੇ ਹੋਰ ਮੈਂਬਰ ਦੇ ਨਾਮ 'ਤੇ ਦੂਜਾ ਕੁਨੈਕਸ਼ਨ ਹੋਣਾ ਵੀ ਨਿਯਮਾਂ ਦੇ ਉਲਟ ਹੈ। ਇਸ ਸਬੰਧੀ ਮੰਤਰਾਲੇ ਨੇ ਸਾਰੇ ਲੋਕਾਂ ਨੂੰ ਦੂਜਾ ਗੈਸ ਕੁਨੈਕਸ਼ਨ ਜਮਾਂ੍ਹ ਕਰਵਾਉਣ ਦੀ ਹਦਾਇਤ ਵੀ ਕੀਤੀ ਹੋਈ ਹੈ।  ਕੇਵਲ ਗੈਸ ਕੁਨੈਕਸ਼ਨ ਨਹੀਂ ਬਲਕਿ ਵੱਡੇ ਨੇਤਾਵਾਂ ਨੂੰ ਗੈਸ ਸਿਲੰਡਰ ਵੀ ਖੁੱਲ੍ਹੇ ਦਿਲ ਨਾਲ ਦਿੱਤੇ ਜਾਂਦੇ ਹਨ। ਆਮ ਖਪਤਕਾਰ ਨੂੰ ਗੈਸ ਸਿਲੰਡਰ ਦੀ ਸਪਲਾਈ ਸਮੇਂ ਕੰਜੂਸੀ ਵਰਤੀ ਜਾਂਦੀ ਹੈ। ਦੂਜੇ ਪਾਸੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸ੍ਰੀ ਕੇ.ਪੀ.ਐਸ. ਗਿੱਲ ਨੂੰ 1 ਜੂਨ, 2011 ਤੋਂ 29 ਫਰਵਰੀ, 2012 ਦੇ ਨੌਂ ਮਹੀਨੇ ਦੇ ਅਰਸੇ ਦੌਰਾਨ 58 ਗੈਸ ਸਿਲੰਡਰ ਜਾਰੀ ਹੋਏ ਹਨ ਜਦੋਂ ਕਿ ਮੇਨਿਕਾ ਗਾਂਧੀ ਨੂੰ ਇਸ ਸਮੇਂ ਦੌਰਾਨ 47 ਗੈਸ ਸਿਲੰਡਰ ਮਿਲੇ ਹਨ। ਕੇਂਦਰੀ ਮੰਤਰੀ ਪ੍ਰਨੀਤ ਕੌਰ ਨੂੰ 9 ਮਹੀਨਿਆਂ ਵਿੱਚ 53 ਅਤੇ ਸੁਰੇਸ਼ ਕਲਮਾਡੀ ਨੂੰ 48 ਗੈਸ ਸਿਲੰਡਰ ਜਾਰੀ ਹੋਏ ਹਨ।
                                                            ਨਿਯਮ ਕੀ ਆਖਦੇ ਹਨ
ਨਿਯਮਾਂ ਅਨੁਸਾਰ ਗੈਸ ਕੰਪਨੀਆਂ ਗੈਸ ਕੁਨੈਕਸ਼ਨ ਜਾਰੀ ਕਰਨ ਸਮੇਂ ਆਮ ਲੋਕਾਂ ਤੋਂ ਹਲਫੀਆ ਬਿਆਨ ਲੈਂਦੀਆਂ ਹਨ ਕਿ ਉਨ੍ਹਾਂ ਦੇ ਨਾਮ ਜਾਂ ਉਨ੍ਹਾਂ ਦੇ ਘਰ ਵਿੱਚ ਕੋਈ ਹੋਰ ਕੁਨੈਕਸ਼ਨ ਨਹੀਂ ਹੈ ਪਰ ਨੇਤਾਵਾਂ 'ਤੇ ਇਹ ਨਿਯਮ ਲਾਗੂ ਨਹੀਂ ਕੀਤੇ ਜਾਂਦੇ, ਜਿਸ ਦੇ ਨਤੀਜੇ ਵਜੋਂ ਉਹ ਦੋ ਦੋ ਗੈਸ ਕੁਨੈਕਸ਼ਨ ਰੱਖ ਰਹੇ ਹਨ।

No comments:

Post a Comment