Thursday, May 3, 2012

              ਪੈਸਾ ਗਮਾਡਾ ਦਾ 
   ਵਾਹ ਵਾਹ ਸਰਕਾਰ ਦੀ
              ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਸਰਕਾਰ ਵਲੋਂ ਸਰਕਾਰੀ ਸੰਪਤੀ ਦੀ ਕਮਾਈ ਵਾਲੇ ਕਰੋੜਾਂ ਰੁਪਏ ਸਮਾਰਕਾਂ ਦੇ ਸਮਾਰੋਹਾਂ ਲਈ ਵਰਤੇ ਗਏ ਹਨ। ਪੰਜਾਬ ਸਰਕਾਰ ਨੇ ਗਮਾਡਾ ਅਤੇ ਪੂਡਾ ਦੇ ਖਜ਼ਾਨੇ ਚੋਂ ਕਰੀਬ ਸਵਾ ਦੋ ਕਰੋੜ ਰੁਪਏ ਇਨ੍ਹਾਂ ਸਮਾਰੋਹਾਂ 'ਤੇ ਖਰਚ ਲਏ ਹਨ। ਸਰਕਾਰੀ ਖਜ਼ਾਨੇ 'ਚ ਏਨੀ ਪਹੁੰਚ ਨਹੀਂ ਸੀ ਜਿਸ ਕਰਕੇ ਇਨ੍ਹਾਂ ਅਦਾਰਿਆਂ ਦਾ ਖਜ਼ਾਨਾ ਵਰਤਿਆ ਗਿਆ ਹੈ। ਗਰੇਟਰ ਮੋਹਾਲੀ ਏਰੀਆ ਡਿਵੈਲਮੈਂਟ ਅਥਾਰਟੀ (ਗਮਾਡਾ) ਵਲੋਂ ਜੋ ਪੈਸਾ ਪ੍ਰਾਪਰਟੀ ਦੇ ਵੇਚ ਵੱਟਤ ਤੋਂ ਕਮਾਇਆ ਹੋਇਆ ਸੀ, ਉਸ ਚੋਂ ਗਮਾਡਾ ਨੇ ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਸਮਾਰਕ ਦੇ ਸਮਾਰੋਹਾਂ 'ਤੇ 79.63 ਲੱਖ ਰੁਪਏ ਖਰਚ ਦਿੱਤੇ ਹਨ ਜਦੋਂ ਕਿ ਵਿਰਾਸਤਾ ਏ ਖਾਲਸਾ ਦੇ ਸਮਾਰੋਹਾਂ 'ਤੇ 54.21 ਲੱਖ ਰੁਪਏ ਖਰਚੇ ਗਏ ਹਨ। ਪੂਡਾ ਦਫਤਰ ਪਟਿਆਲਾ ਵਲੋਂ ਵੱਡਾ ਘੱਲੂਘਾਰਾ ਯਾਦਗਾਰ ਦੇ ਸਮਾਗਮਾਂ ਲਈ 45 ਲੱਖ ਰੁਪਏ ਦੀ ਰਾਸ਼ੀ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਦਿੱਤੀ ਗਈ ਸੀ। ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਮਿਲੇ ਹਨ,ਉਨ੍ਹਾਂ ਅਨੁਸਾਰ ਗਮਾਡਾ ਵਲੋਂ ਆਨੰਦਪੁਰ ਸਾਹਿਬ ਵਿਖੇ ਵਿਰਾਸਤ ਏ ਖਾਲਸਾ ਦੇ ਸਮਾਗਮਾਂ 'ਤੇ ਪਹੁੰਚ ਵੀ.ਆਈ.ਪੀਜ਼ ਦੀ ਇਕੱਲੀ ਟਰਾਂਸਪੋਰਟ 'ਤੇ ਹੀ 35.11 ਲੱਖ ਰੁਪਏ ਖਰਚੇ ਹਨ। ਗਮਾਡਾ ਨੇ ਇਨ੍ਹਾਂ ਸਮਾਰੋਹਾਂ ਵਿੱਚ ਸ਼ਾਮਲ ਹੋਏ ਸ੍ਰੀ ਰਵੀ ਸ਼ੰਕਰ,ਸ੍ਰੀ ਸ਼ਰਵਨ ਕੁਮਾਰ ਮਿੱਤਲ ਅਤੇ ਸ੍ਰੀ ਵੇਦ ਪ੍ਰਕਾਸ਼ ਗੁਪਤਾ ਦੀ ਏਅਰ ਟਿਕਟ ਦੀ 14,739 ਰੁਪਏ ਦੀ ਅਦਾਇਗੀ ਵੀ ਕੀਤੀ ਹੈ। 
             ਸੂਚਨਾ ਅਨੁਸਾਰ ਆਨੰਦਪੁਰ ਸਾਹਿਬ ਦੇ ਸਮਾਰੋਹਾਂ ਵਿੱਚ ਸ਼ਾਮਲ ਵੀ.ਆਈ.ਪੀਜ਼ ਦੇ ਖਾਣੇ 'ਤੇ 19.09 ਲੱਖ ਰੁਪਏ ਖਰਚ ਆਏ ਹਨ। ਆਨੰਦਪੁਰ ਸਾਹਿਬ ਫਾਊਂਡੇਸ਼ਨ ਵਲੋਂ ਵੀ ਇਨ੍ਹਾਂ ਸਮਾਰੋਹਾਂ 'ਤੇ ਵੱਖਰੇ 5.49 ਲੱਖ ਰੁਪਏ ਖਰਚ ਕੀਤੇ ਗਏ ਹਨ। ਜੋ ਹੋਰਨਾਂ ਵਿਭਾਗਾਂ ਨੇ ਖਰਚ ਕੀਤਾ ਹੈ,ਉਹ ਵੱਖਰਾ ਹੈ। ਆਨੰਦਪੁਰ ਸਾਹਿਬ ਫਾਊਂਡੇਸ਼ਨ ਵਲੋਂ ਦਿੱਤੀ ਵੱਖਰੀ ਸੂਚਨਾ ਅਨੁਸਾਰ 2.67 ਲੱਖ ਰੁਪਏ ਦਾ ਖਰਚ ਇਕੱਲੀਆਂ ਲੋਈਆਂ ਅਤੇ ਮੈਮੈਟੋਂਜ਼ 'ਤੇ ਕੀਤਾ ਗਿਆ ਹੈ। ਫਾਊਂਡੇਸ਼ਨ ਨੂੰ ਜਸਪਿੰਦਰ ਨਰੂਲਾ ਅਤੇ ਆਸ਼ਾ ਭੌਸਲੇ ਨੂੰ ਕੀਤੀ ਅਦਾਇਗੀ ਦਾ ਕੋਈ ਇਲਮ ਨਹੀਂ ਹੈ। ਰਾਜ ਸਰਕਾਰ ਵਲੋਂ ਚੱਪੜਚਿੜੀ ਵਿਖੇ ਸਮਾਰਕ ਦੇ ਸਮਾਰੋਹ 30 ਨਵੰਬਰ 2011 ਨੂੰ ਕੀਤੇ ਗਏ ਸਨ ਜਿਨ੍ਹਾਂ 'ਤੇ ਸਾਰਾ ਖਰਚਾ ਗਮਾਡਾ ਨੇ ਕੀਤਾ ਹੈ। ਚੱਪੜਚਿੜੀ ਸਮਾਰੋਹਾਂ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪੁੱਜੀ ਸਾਬਕਾ ਸੰਸਦ ਮੈਂਬਰ ਕੈਨੇਡਾ ਰੂਬੀ ਡੱਲਾ ਦੀ ਟਿਕਟ ਦਾ 9384 ਰੁਪਏ ਦਾ ਖਰਚਾ ਵੀ ਗਮਾਡਾ ਨੇ ਕੀਤਾ ਹੈ। ਮੁੱਖ ਮੰਤਰੀ ਨੇ ਇਨ੍ਹਾਂ ਸਮਾਰੋਹਾਂ ਵਿੱਚ ਢਾਡੀ ਸਿੰਘਾਂ ਦੀਆਂ ਵਾਰਾਂ ਤੋਂ ਖੁਸ਼ ਹੋ ਕੇ 11 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ, ਉਸ ਦੀ ਅਦਾਇਗੀ ਵੀ ਗਮਾਡਾ ਦੇ ਖਜ਼ਾਨੇ ਚੋਂ ਹੋਈ ਹੈ। 
             ਇੱਥੋਂ ਤੱਕ ਕਿ ਮੋਹਾਲੀ ਦੇ ਐਸ.ਐਸ.ਪੀ ਨੇ ਇਨ੍ਹਾਂ ਸਮਾਰੋਹਾਂ ਲਈ ਸੁਰੱਖਿਆ ਇੰਤਜਾਮ ਕੀਤੇ ਜਾਣ ਦੇ ਬਦਲੇ ਵਿੱਚ 7 ਲੱਖ ਰੁਪਏ ਲੈ ਲਏ ਹਨ ਜਦੋਂ ਕਿ ਸੁਰੱਖਿਆ ਦੀ ਜਿਮੇਵਾਰੀ ਪੰਜਾਬ ਸਰਕਾਰ ਦੀ ਹੁੰਦੀ ਹੈ। ਪੈਸਾ ਸਰਕਾਰੀ ਸੰਪਤੀਆਂ ਦੀ ਕਮਾਈ ਦਾ ਸੀ ਜਿਸ ਕਰਕੇ ਪਸ਼ੂ ਪਾਲਣ ਮਹਿਕਮੇ ਨੇ ਘੋੜਿਆਂ ਦੀ ਖੁਰਾਕ ਦੀ ਵੀ 3.41 ਲੱਖ ਰੁਪਏ ਦੀ ਰਾਸ਼ੀ ਲੈ ਲਈ ਹੈ। ਸੈਨਿਕ ਭਲਾਈ ਮਹਿਕਮੇ ਨੇ ਚੱਪੜਚਿੜੀ ਸਮਾਰੋਹਾਂ ਲਈ ਸਾਬਕਾ ਸੈਨਿਕਾਂ ਦਾ ਇਕੱਠ ਕੀਤਾ ਸੀ। ਗਮਾਡਾ ਨੇ ਸਾਬਕਾ ਸੈਨਿਕਾਂ  ਦਾ ਇਕੱਠ ਕਰਨ ਅਤੇ ਉਨ੍ਹਾਂ ਦੇ ਚਾਹ ਨਾਸਤੇ ਦੀ 5.36 ਲੱਖ ਰੁਪਏ ਦੀ ਰਾਸ਼ੀ ਲੈ ਲਈ ਹੈ। ਗਮਾਡਾ ਨੇ ਪੁਲੀਸ ਅਕੈਡਮੀ ਫਿਲੋਰ ਨੂੰ ਵੀ ਟਰਾਂਸਪੋਰਟ ਅਤੇ ਘੋੜਿਆਂ ਦੇ ਰਾਸ਼ਨ ਦੀ 1.16 ਲੱਖ ਰੁਪਏ ਦੀ ਅਦਾਇਗੀ ਕੀਤੀ ਹੈ। ਇਨ੍ਹਾਂ ਸਮਾਰੋਹਾਂ 'ਤੇ ਵੀ.ਆਈ.ਪੀਜ਼ ਅਤੇ ਸੰਗਤਾਂ ਨੂੰ ਪਿਲਾਏ ਪਾਣੀ ਦਾ ਖਰਚਾ ਵੀ 4.32 ਲੱਖ ਰੁਪਏ ਦਿਖਾ ਦਿੱਤਾ ਗਿਆ ਹੈ ਜਦੋਂ ਕਿ ਵੀ.ਆਈ.ਪੀਜ ਦੇ ਦੁਪਾਹਿਰ ਦੇ ਖਾਣੇ 5.82 ਲੱਖ ਰੁਪਏ ਖਰਚੇ ਗਏ ਹਨ। ਸਭ ਤੋਂ ਵੱਡਾ ਖਰਚਾ 25.76 ਲੱਖ ਰੁਪਏ ਵੀ.ਵੀ.ਆਈ.ਪੀਜ ਸਟੇਜ ਅਤੇ ਪੰਡਾਲ ਆਦਿ ਦੇ ਪ੍ਰਬੰਧਾਂ ਦਾ ਆਇਆ ਹੈ। ਗਮਾਡਾ ਨੇ ਨਾਰਥ ਜੋਨ ਕਲਚਰਲ ਸੈਂਟਰ ਚੰਡੀਗੜ੍ਹ ਨੂੰ ਵੀ 13.51 ਲੱਖ ਰਬਪਏ ਦੀ ਅਦਾਇਗੀ ਕੀਤੀ ਹੈ। ਚੱਪੜਚਿੜੀ ਵਿੱਚ ਫਤਹਿ ਬੁਰਜ ਦੀ ਸਜਾਵਟ ਅਤੇ ਚਾਰ ਚੁਫੇਰੇ ਦੀ ਸਫਾਈ ਆਦਿ 'ਤੇ ਤਾਂ 1.86 ਲੱਖ ਰੁਪਏ ਹੀ ਖਰਚ ਆਏ ਹਨ ਜਦੋਂ ਕਿ ਵੀ.ਆਈ.ਪੀਜ ਦੇ ਖਾਣਿਆ 'ਤੇ ਕਿਤੇ ਜਿਆਦਾ ਖਰਚ ਹੋਇਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਛੋਟੇ ਘੱਲੂਘਾਰੇ ਦੀ ਯਾਦ ਵਿੱਚ ਬਣਾਈ ਯਾਦਗਾਰ ਦੇ ਸਮਾਰੋਹ 28 ਨਵੰਬਰ 2011 ਨੂੰ ਹੋਏ ਸਨ। ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਨ੍ਹਾਂ ਸਮਾਰੋਹਾਂ 'ਤੇ 56.38 ਲੱਖ ਰੁਪਏ ਖਰਚੇ ਗਏ ਹਨ ਜਿਨ੍ਹਾਂ ਚੋਂ 28 ਲੱਖ ਰੁਪਏ ਤਾਂ ਟੈਂਟ,ਪੰਡਾਲ,ਸਾਊਂਡ ਅਤੇ ਲਾਈਟ ਸਿਸਟਮ 'ਤੇ ਖਰਚ ਆਏ ਹਨ। ਪੰਡਾਲ ਲਈ ਜ਼ਮੀਨ ਲੈਣ ਵਾਸਤੇ ਕਿਸਾਨਾਂ ਨੂੰ 3.51 ਲੱਖ ਰੁਪਏ ਮੁਆਵਜਾ ਦਿੱਤਾ ਗਿਆ ਅਤੇ ਦੋ ਲੱਖ ਰੁਪਏ ਇਕੱਲੇ ਖਾਣੇ 'ਤੇ ਖਰਚ ਕੀਤੇ ਗਏ।                  
                              ਵੱਡਾ ਘੱਲੂਘਾਰਾ ਸਮਾਰੋਹਾਂ 'ਤੇ 34 ਲੱਖ ਦਾ ਖਰਚਾ
             ਵੱਡਾ ਘੱਲੂਘਾਰਾ ਦੀ ਯਾਦਗਾਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਕੁੱਪ ਰੁਹੀੜਾ ਵਿੱਚ ਬਣਾਈ ਗਈ ਹੈ ਅਤੇ ਇਸ ਯਾਦਗਾਰ ਦੇ ਉਦਘਾਟਨ ਮੌਕੇ ਸਮਾਰੋਹ 29 ਨਵੰਬਰ 2011 ਨੂੰ ਕਰਾਏ ਗਏ। ਪੂਡਾ ਦਫਤਰ ਪਟਿਆਲਾ ਨੇ 45 ਲੱਖ ਰੁਪਏ ਸਮਾਰੋਹਾਂ ਲਈ ਦਿੱਤੇ ਗਏ ਜਿਨ੍ਹਾਂ ਚੋਂ 34.07 ਲੱਖ ਰੁਪਏ ਖਰਚੇ ਗਏ ਹਨ। ਇਨ੍ਹਾਂ ਸਮਾਰੋਹਾਂ 'ਤੇ ਵੱਡਾ ਖਰਚਾ ਪੰਡਾਲ, ਸਟੇਜ ਆਦਿ 'ਤੇ 29.29 ਲੱਖ ਰੁਪਏ ਦਾ ਖਰਚ ਆਇਆ ਹੈ। ਡਿਪਟੀ ਕਮਿਸ਼ਨਰ ਸੰਗਰੂਰ ਨੇ ਦੱਸਿਆ ਹੈ ਕਿ ਪੂਡਾ ਤੋਂ ਮਿਲੀ ਰਾਸ਼ੀ ਚੋਂ ਐਸ.ਡੀ.ਐਮ ਧੂਰੀ ਨੂੰ 1.57 ਲੱਖ ਰੁਪਏ ਅਤੇ 2.90 ਲੱਖ ਰੁਪਏ ਪਾਵਰਕੌਮ ਨੂੰ ਜਾਰੀ ਕੀਤੇ ਗਏ ਸਨ।

No comments:

Post a Comment