Wednesday, May 23, 2012

                         ਵੀ.ਆਈ.ਪੀ ਬਰਿੱਜ
     ਬਾਦਲਾਂ ਦੇ ਪੁਲ 'ਚ ਕੇਂਦਰੀ ਅੜਿੱਕਾ
                             ਚਰਨਜੀਤ ਭੁੱਲਰ
ਬਠਿੰਡਾ : ਕੇਂਦਰੀ ਰੇਲ ਮੰਤਰਾਲਾ ਪਿੰਡ ਬਾਦਲ ਲਈ ਬਣ ਰਹੇ ਓਵਰਬਰਿੱਜ ਦੀ ਉਸਾਰੀ ਵਿੱਚ ਅੜਿੱਕਾ ਡਾਹ ਰਿਹਾ ਹੈ। ਰੇਲਵੇ ਦੀ ਇਸ ਪਹੁੰਚ ਕਰਕੇ ਵੀ.ਆਈ.ਪੀ. ਓਵਰਬਰਿੱਜ ਦੀ ਉਸਾਰੀ ਕੀੜੀ ਦੀ ਚਾਲ ਚੱਲ ਰਹੀ ਹੈ। ਬਠਿੰਡਾ-ਬਾਦਲ ਮੁੱਖ ਸੜਕ 'ਤੇ ਇਹ ਰੇਲਵੇ ਓਵਰਬਰਿੱਜ ਬਠਿੰਡਾ-ਬੀਕਾਨੇਰ ਰੇਲ ਮਾਰਗ 'ਤੇ ਬਣ ਰਿਹਾ ਹੈ।ਕੇਂਦਰੀ ਰੇਲ ਮੰਤਰਾਲਾ ਇਸ ਓਵਰਬਰਿੱਜ ਦੀ ਉਸਾਰੀ 'ਤੇ ਖੁਸ਼ ਨਹੀਂ ਕਿਉਂਕਿ ਪੰਜਾਬ ਸਰਕਾਰ ਬਿਨ੍ਹਾਂ ਟਰੈਫਿਕ ਤੋਂ ਹੀ ਇਹ ਪੁਲ ਬਣਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਸ ਓਵਰਬਰਿੱਜ 'ਤੇ 23 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਬਠਿੰਡਾ ਸ਼ਹਿਰ ਵਿੱਚ ਦੋ ਹੋਰ ਓਵਰਬਰਿੱਜ ਸਮੇਂ ਸਿਰ ਚਾਲੂ ਹੋ ਚੁੱਕੇ ਹਨ ਪਰ ਇਸ ਵੀ.ਆਈ.ਪੀ. ਪੁਲ ਦੀ ਉਸਾਰੀ ਕਿਸੇ ਤਣ ਪੱਤਣ ਨਹੀਂ ਲੱਗ ਰਹੀ। ਕੇਂਦਰੀ ਰੇਲ ਮੰਤਰਾਲਾ ਮੁੱਢਲੇ ਪੜਾਅ 'ਤੇ ਇਸ ਓਵਰਬਰਿੱਜ ਲਈ ਆਪਣੇ ਹਿੱਸੇ ਦੀ ਰਾਸ਼ੀ ਪਾਉਣ ਤੋਂ ਭੱਜ ਗਿਆ ਸੀ। ਰੇਲਵੇ ਵਿਭਾਗ ਵੱਲੋਂ ਇਸ ਪੁਲ ਦੀ ਉਸਾਰੀ ਤੋਂ ਪਹਿਲਾਂ ਕਰਵਾਏ ਸਰਵੇ ਮੁਤਾਬਕ ਇਸ ਰੇਲ ਮਾਰਗ 'ਤੇ ਓਵਰਬਰਿੱਜ ਉਸਾਰਨਾ ਜਾਇਜ਼ ਨਹੀਂ ਸੀ। ਜਦੋਂ ਰੇਲਵੇ ਨੇ ਆਪਣਾ ਮਾਲੀ ਹਿੱਸਾ ਪਾਉਣ ਤੋਂ ਨਾਂਹ ਕਰ ਦਿੱਤੀ ਤਾਂ ਪੰਜਾਬ ਸਰਕਾਰ ਨੇ ਇਹ ਹਿੱਸਾ ਵੀ ਖ਼ੁਦ ਪਾਉਣ ਦਾ ਫ਼ੈਸਲਾ ਕਰ ਲਿਆ। ਪੰਜਾਬ ਸਰਕਾਰ ਨੇ ਰੇਲਵੇ ਵਾਲੇ ਤਿੰਨ ਕਰੋੜ ਰੁਪਏ ਵੀ ਰਾਜ ਸਰਕਾਰ ਦੇ ਖਜ਼ਾਨੇ ਵਿੱਚੋਂ ਪਾ ਦਿੱਤੇ।
          ਦੂਸਰੇ ਪਾਸੇ ਬਠਿੰਡਾ-ਮਾਨਸਾ ਸੜਕ ਤੇ ਬਠਿੰਡਾ-ਡਬਵਾਲੀ ਸੜਕ 'ਤੇ ਬਣੇ ਦੋ ਪੁਲਾਂ 'ਤੇ ਰੇਲਵੇ ਵਿਭਾਗ ਵੱਲੋਂ ਖੁਦ ਖਰਚਾ ਕੀਤਾ ਗਿਆ ਸੀ ਪਰ ਇਸ ਪੁਲ 'ਤੇ ਖਰਚਾ ਕਰਨ ਤੋਂ ਹੱਥ ਪਿਛਾਂਹ ਖਿੱਚ ਲਿਆ ਸੀ। ਪੰਜਾਬ ਸਰਕਾਰ ਵੱਲੋਂ ਇਸ ਵੀ.ਆਈ.ਪੀ. ਓਵਰਬਰਿੱਜ ਦੀ ਆਪਣੀ ਹਿੱਸੇ ਵਾਲੀ ਉਸਾਰੀ ਤਾਂ ਕਾਫੀ ਦੇਰ ਪਹਿਲਾਂ ਮੁਕੰਮਲ ਕਰ ਲਈ ਸੀ ਪਰ ਰੇਲਵੇ ਵਾਲੇ ਹਿੱਸੇ 'ਤੇ ਹਾਲੇ ਪੁਲ ਦੀ ਉਸਾਰੀ ਦਾ ਕੰਮ ਲਟਕਿਆ ਹੋਇਆ ਹੈ। ਲੋਕ ਨਿਰਮਾਣ ਮਹਿਕਮੇ ਵੱਲੋਂ ਰੇਲਵੇ ਵਿਭਾਗ ਨੂੰ ਕਾਫੀ ਦਫਾ ਲਿਖਿਆ ਵੀ ਗਿਆ ਸੀ ਕਿ ਬਠਿੰਡਾ-ਬੀਕਾਨੇਰ ਰੇਲ ਮਾਰਗ 'ਤੇ ਕੁਝ ਸਮੇਂ ਲਈ ਗੱਡੀਆਂ ਰੋਕ ਦਿੱਤੀਆਂ ਜਾਣ ਜਿਸ ਨੂੰ ਰੇਲ ਬਲਾਕਜ ਆਖਿਆ ਜਾਂਦਾ ਹੈ। ਪਹਿਲਾਂ ਤਾਂ ਰੇਲ ਮਹਿਕਮੇ ਨੇ ਬਲਾਕਜ ਹੀ ਨਹੀਂ ਦਿੱਤਾ। ਤਕਰੀਬਨ ਚਾਰ ਦਿਨ ਪਹਿਲਾਂ ਜਦੋਂ ਰੇਲਵੇ ਨੇ ਬਲਾਕਜ ਲਈ ਹਰੀ ਝੰਡੀ ਦੇ ਦਿੱਤੀ ਤਾਂ ਲੋਕ ਨਿਰਮਾਣ ਮਹਿਕਮੇ ਨੇ ਰੇਲ ਮਾਰਗ ਦੇ ਉਪਰਲੇ ਹਿੱਸੇ 'ਤੇ ਕੰਮ ਸ਼ੁਰੂ ਕਰ ਦਿੱਤਾ। ਰੇਲਵੇ ਵੱਲੋਂ ਰੋਜ਼ਾਨਾ ਦਿੱਤਾ ਜਾਣ ਵਾਲਾ ਬਲਾਕਜ ਦਿੱਤੇ ਸਮੇਂ ਤੋਂ ਪਹਿਲਾਂ ਰੱਦ ਕਰ ਦਿੱਤਾ ਜਾਂਦਾ ਹੈ ਜਿਸ ਕਰਕੇ ਉਸਾਰੀ ਦਾ ਕੰਮ ਬਿਲਕੁੱਲ ਮੱਠਾ ਚੱਲ ਰਿਹਾ ਹੈ।  ਲੋਕ ਨਿਰਮਾਣ ਮਹਿਕਮੇ ਬੜੀ ਕਸੂਤੀ ਹਾਲਤ ਵਿੱਚ ਫਸਿਆ ਹੋਇਆ ਹੈ। ਮੁੱਖ ਮੰਤਰੀ ਪੰਜਾਬ ਵੀ ਇਹ ਮਾਮਲਾ ਰੇਲ ਮੰਤਰਾਲੇ ਕੋਲ ਉਠਾ ਚੁੱਕੇ ਹਨ। ਇਕੱਲੇ ਇਸੇ ਪੁਲ ਦਾ ਕੰਮ ਲਟਕਿਆ ਹੈ। ਪੁਲ ਦੀ ਉਸਾਰੀ ਵਿੱਚ ਲੱਗੀ ਪ੍ਰਾਈਵੇਟ ਕੰਪਨੀ ਵੀ ਫਸੀ ਹੋਈ ਹੈ।ਪੰਜਾਬ ਸਰਕਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੁਲ ਮੁਕੰਮਲ ਕਰਨਾ ਚਾਹੁੰਦੀ ਸੀ।                                                                                                                              
              ਪੰਜਾਬ ਸਰਕਾਰ ਹੁਣ ਇਸ ਪੁਲ ਨੂੰ ਇਸੇ ਸਾਲ ਚਾਲੂ ਕਰਨ ਦੇ ਰੌਂਅ ਵਿੱਚ ਹੈ। ਰਾਜ ਸਰਕਾਰ ਨੇ ਜਦੋਂ ਸਾਲ 2009 ਵਿੱਚ ਇਸ ਵੀ.ਆਈ.ਪੀ. ਓਵਰਬਰਿੱਜ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਤਾਂ ਉਦੋਂ ਅਲੋਚਨਾ ਵੀ ਹੋਈ ਸੀ ਕਿਉਂਕਿ ਸਰਕਾਰ ਨੇ ਮੁੱਖ ਸੜਕਾਂ 'ਤੇ ਭੀੜ-ਭੜੱਕੇ ਵਾਲੇ ਫਾਟਕਾਂ 'ਤੇ ਓਵਰਬਰਿੱਜ ਬਣਾਉਣ ਦੀ ਥਾਂ ਮੁੱਖ ਮੰਤਰੀ ਦੇ ਪਿੰਡ ਵਾਲੀ ਸੜਕ 'ਤੇ ਪੁਲ ਉਸਾਰਨਾ ਸ਼ੁਰੂ ਕਰ ਦਿੱਤਾ ਸੀ।  ਪੰਜਾਬ ਸਰਕਾਰ ਵੱਲੋਂ ਇਸ ਵੀ.ਆਈ.ਪੀ ਓਵਰਬਰਿੱਜ ਨੂੰ 31 ਦਸੰਬਰ, 2010 ਤੱਕ ਮੁਕੰਮਲ ਕਰਨਾ ਟੀਚਾ ਰੱਖਿਆ ਗਿਆ ਸੀ ਪਰ ਮਿਥੇ ਟੀਚੇ ਤੋਂ ਇਹ ਪ੍ਰਾਜੈਕਟ ਡੇਢ ਸਾਲ ਪਛੜ ਗਿਆ ਹੈ। ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਵੱਲੋਂ ਬਠਿੰਡਾ ਬੀਕਾਨੇਰ ਰੇਲਵੇ ਕਰਾਸਿੰਗ 2 ਸੀ/2 ਪੀ 'ਤੇ ਬਣ ਰਹੇ ਓਵਰਬਰਿੱਜ 'ਤੇ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਰੇਲ ਵਿਭਾਗ ਨੇ ਵੀ.ਆਈ.ਪੀ ਓਵਰਬਰਿੱਜ ਲਈ 'ਕੋਈ ਇਤਰਾਜ ਨਹੀਂ' ਸਰਟੀਫਿਕੇਟ ਤਾਂ ਦੇ ਦਿੱਤਾ ਸੀ ਪਰ ਹੁਣ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਦੱਸਣਯੋਗ ਹੈ ਕਿ ਇਸ ਪੁਲ ਦੇ ਬਣਨ ਨਾਲ ਸਿਰਫ ਬਠਿੰਡਾ ਤੋਂ ਬਾਦਲ ਪਿੰਡ ਜਾਣ ਵਾਲੇ ਲੋਕਾਂ ਨੂੰ ਫਾਇਦਾ ਮਿਲੇਗਾ। ਪੰਜਾਬ ਸਰਕਾਰ ਦਾ ਤਰਕ ਹੈ ਕਿ ਬਠਿੰਡਾ ਬਾਦਲ ਰੋਡ 'ਤੇ ਪਿੰਡ ਘੁੱਦਾ 'ਚ ਕੇਂਦਰੀ ਯੂਨੀਵਰਸਿਟੀ ਤੇ ਹੋਰ ਵਿੱਦਿਅਕ ਅਦਾਰੇ ਬਣ ਗਏ ਹਨ ਜਿਸ ਕਰਕੇ ਇਸ ਪੁਲ ਦੀ ਉਸਾਰੀ ਜ਼ਰੂਰੀ ਹੈ।
                                               ਦੋ ਮਹੀਨੇ 'ਚ ਪੁਲ ਚਾਲੂ ਹੋਵੇਗਾ: ਐਕਸੀਅਨ
ਲੋਕ ਨਿਰਮਾਣ ਮਹਿਕਮੇ ਦੇ ਐਕਸੀਅਨ ਆਦੇਸ਼ ਗੁਪਤਾ ਦਾ ਕਹਿਣਾ ਸੀ ਕਿ ਰੇਲ ਵਿਭਾਗ ਵਲੋਂ ਪੂਰਾ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਹੈ ਜਿਸ ਕਰਕੇ ਰੇਲ ਮਾਰਗ ਵਾਲੇ ਹਿੱਸੇ 'ਤੇ ਉਸਾਰੀ ਕਰਨੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਰੇਲ ਵਿਭਾਗ ਉਸਾਰੀ ਵਿੱਚ ਸਹਿਯੋਗ ਕਰਦਾ ਹੈ ਤਾਂ ਇਸ ਓਵਰਬਰਿੱਜ ਨੂੰ 15 ਜੁਲਾਈ, 2012 ਤੱਕ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੇਲ ਵਿਭਾਗ ਵੱਲੋਂ ਹੁਣ ਗੱਡੀਆਂ ਦੇ ਬਲਾਕਜ ਦੇਣੇ ਤਾਂ ਸ਼ੁਰੂ ਕਰ ਦਿੱਤੇ ਹਨ ਪਰ ਫਿਰ ਵੀ ਬਲਾਕਜ ਮੌਕੇ 'ਤੇ ਰੱਦ ਕਰ ਦਿੱਤੇ ਜਾਂਦੇ ਹਨ ਜਿਸ ਕਰਕੇ ਉਸਾਰੀ ਦਾ ਕੰਮ ਰੁਕ ਜਾਂਦਾ ਹੈ।

No comments:

Post a Comment