Tuesday, May 15, 2012

                               ਰਾਜ ਨਹੀਂ ਸੇਵਾ
     .....ਧੀਆਂ ਕਿਉਂ ਜੰਮੀਆਂ ਨੀ ਮਾਏ !
                              ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਜੇਲ੍ਹ ਵਿੱਚ ਬੰਦ ਹਰ 'ਨੰਨ੍ਹੀ ਛਾਂ' ਦਾ ਕੋਈ ਦੁੱਖ ਸੁਣਨ ਵਾਲਾ ਨਹੀਂ ਹੈ। ਤਰਨ ਤਾਰਨ ਦੇ ਪਿੰਡ ਫੈਲੋਕੇ ਦੀ ਧੀ ਦੀ ਮੰਗਣੀ ਰੁਕ ਗਈ ਹੈ, ਜੋ  ਜਨਾਨਾ ਬੈਰਕ ਵਿੱਚ ਬੰਦ ਹੈ। ਸਰਕਾਰ ਨੇ ਉਸ ਤੋਂ ਰੁਜ਼ਗਾਰ ਖੋਹ ਲਿਆ ਹੈ, ਜਦੋਂ ਕਿ ਜੇਲ੍ਹ ਨੇ ਉਸ ਤੋਂ ਇਕ ਰਿਸ਼ਤਾ। ਚਾਰ ਹੋਰ ਲੜਕੀਆਂ ਦੀ ਮੰਗਣੀ ਟੁੱਟ ਗਈ ਹੈ, ਜਿਨ੍ਹਾਂ ਕੋਲ ਹੁਣ ਕੋਈ ਚਾਰਾ ਨਹੀਂ ਹੈ। ਬਠਿੰਡਾ ਜੇਲ੍ਹ ਵਿੱਚ 86 ਸਪੈਸ਼ਲ ਟਰੇਨਰ ਅਧਿਆਪਕ ਇਕ ਹਫਤੇ ਤੋਂ ਬੰਦ ਹਨ, ਜਿਨ੍ਹਾਂ ਵਿੱਚੋਂ 20 ਮਹਿਲਾ ਅਧਿਆਪਕਾਂ ਨੇ ਮਰਨ ਵਰਤ ਰੱਖਿਆ ਹੋਇਆ ਹੈ। ਜਦੋਂ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਨੂੰ ਸਕੂਲਾਂ ਵਿੱਚੋਂ ਫਾਰਗ ਕਰ ਦਿੱਤਾ ਤਾਂ ਅੰਮ੍ਰਿਤਸਰ ਤੇ ਤਰਨ ਤਾਰਨ ਦੀਆਂ ਚਾਰ ਧੀਆਂ ਦੇ ਰਿਸ਼ਤੇ ਟੁੱਟ ਗਏ। ਹੁਣ ਇਹ ਧੀਆਂ ਬਠਿੰਡਾ ਜੇਲ੍ਹ ਵਿੱਚ ਬੰਦ ਹਨ। ਦੋ ਦਿਨ ਪਹਿਲਾਂ ਇਕ ਹੋਰ ਲੜਕੀ ਨੂੰ ਉਸ ਦਾ ਸਹੁਰਾ ਪਰਿਵਾਰ ਜੇਲ੍ਹ ਵਿੱਚੋਂ ਲੈ ਗਿਆ ਹੈ। ਆਪਣਾ ਘਰ ਬਚਾਉਣ ਖਾਤਰ ਇਹ ਲੜਕੀ ਆਪਣੇ ਸਹੁਰੇ ਨਾਲ ਚਲੀ ਗਈ। ਜੇਲ੍ਹ ਵਿੱਚ ਬੰਦ ਦੋ ਦਰਜਨ ਕੁਆਰੀਆਂ ਲੜਕੀਆਂ ਦਾ ਦਿਨ ਰਾਤ ਦਾ ਚੈਨ ਉਡ ਗਿਆ ਹੈ। ਜੇਲ੍ਹ ਦਾ ਦਾਗ ਉਨ੍ਹਾਂ ਦੇ ਮੱਥੇ 'ਤੇ ਸਦਾ ਲਈ ਲੱਗ ਗਿਆ ਹੈ, ਜੋ ਉਨ੍ਹਾਂ ਦੇ ਭਵਿੱਖ ਵਿੱਚ ਰੋੜਾ ਬਣੇਗਾ।
            ਸਪੈਸ਼ਲ ਟਰੇਨਰ ਅਧਿਆਪਕ ਯੂਨੀਅਨ ਦੀ ਅਗਵਾਈ ਵਿੱਚ ਇਨ੍ਹਾਂ ਮਹਿਲਾ ਅਧਿਆਪਕਾਂ ਨੇ ਐਤਵਾਰ ਵਾਲੇ ਦਿਨ ਸਿੱਖਿਆ ਮੰਤਰੀ ਦੇ ਪਿੰਡ ਮਲੂਕਾ ਵਿੱਚ ਧਰਨਾ ਦਿੱਤਾ ਸੀ। ਸਰਕਾਰ ਨੇ ਪਹਿਲਾਂ ਥਾਣੇ ਅਤੇ ਫਿਰ ਜੇਲ੍ਹ ਭੇਜ ਦਿੱਤਾ। ਹੁਣ ਜੇਲ੍ਹ ਵਿੱਚ ਇਨ੍ਹਾਂ ਅਧਿਆਪਕਾਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਪਿੰਡ ਝਬਾਲ ਦੀ ਲਖਰਾਜ ਕੌਰ ਦੇ ਸਿਰਫ ਇਕ ਕਿਡਨੀ ਹੈ। ਉਹ ਦੋ ਦਿਨਾਂ ਤੋਂ ਮਰਨ ਵਰਤ 'ਤੇ ਬੈਠੀ ਹੈ ਅਤੇ ਉਸ ਦੀ ਸਿਹਤ ਵੀ ਵਿਗੜ ਰਹੀ ਹੈ। ਉਸ ਨੂੰ ਹੁਣ ਰੁਜ਼ਗਾਰ ਤੋਂ ਜ਼ਿੰਦਗੀ ਛੋਟੀ ਲੱਗਦੀ ਹੈ। ਉਸ ਨਾਲ ਇਕ ਅੰਗਹੀਣ ਲੜਕੀ ਵੀ ਮਰਨ ਵਰਤ 'ਤੇ ਬੈਠੀ ਹੈ, ਜਿਸ ਨੂੰ ਸਰਕਾਰੀ ਧੱਕੇ ਨੇ ਕੁਦਰਤੀ ਮਾਰ ਭੁਲਾ ਦਿੱਤੀ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਥੋਬਾ ਦੀ ਲੜਕੀ ਸੁਖਪ੍ਰੀਤ ਕੌਰ ਕੋਲ ਨਾ ਭਰਾ ਹੈ ਅਤੇ ਨਾ ਬਾਬਲ। ਉਹ ਆਪਣੀ ਮਾਂ ਦਾ ਇੱਕੋ ਇਕ ਸਹਾਰਾ ਹੈ। ਮਾਂ ਹੁਣ ਆਪਣੀ ਇਕਲੌਤੀ ਧੀ ਨਾਲ ਜੇਲ੍ਹ ਵਿੱਚ ਮੁਲਾਕਾਤਾਂ ਕਰਨ ਆਉਂਦੀ ਹੈ। ਮੁਲਾਕਾਤ ਕਰਨ ਆਉਂਦੀਆਂ ਮਾਵਾਂ ਜਦੋਂ ਸਲਾਖਾਂ ਪਿੱਛੇ ਆਪਣੀਆਂ ਧੀਆਂ ਨੂੰ ਵੇਖਦੀਆਂ ਹਨ ਤਾਂ ਉਨ੍ਹਾਂ ਦਾ ਗੱਚ ਭਰ ਆਉਂਦਾ ਹੈ। ਇਨ੍ਹਾਂ ਨੰਨ੍ਹੀਆਂ ਛਾਵਾਂ ਕੋਲ ਫਿਰ ਧਰਵਾਸ ਦੇਣ ਤੋਂ ਬਿਨਾਂ ਕੁਝ ਨਹੀਂ ਬਚਦਾ।
            ਬਲਾਕ ਰਾਮਦਾਸ ਦੀ ਲੜਕੀ ਕਿਰਨਪ੍ਰੀਤ ਕੌਰ ਨੂੰ ਜਦੋਂ ਜੇਲ੍ਹ ਭੇਜ ਦਿੱਤਾ ਤਾਂ ਉਸ ਦੀ ਮਾਂ ਨੂੰ ਪਿੱਛੋਂ ਹਸਪਤਾਲ ਭਰਤੀ ਕਰਾਉਣਾ ਪਿਆ। ਜਦੋਂ ਮਾਂ ਨੂੰ ਧੀ ਦੇ ਜੇਲ੍ਹ ਜਾਣ ਦਾ ਪਤਾ ਲੱਗਿਆ ਤਾਂ ਉਹ ਸਦਮੇ ਵਿੱਚ ਬੇਹੋਸ਼ ਹੋ ਗਈ। ਹੁਣ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜੇਲ੍ਹ ਵਿੱਚ ਬੰਦ ਇਕ ਲੜਕੀ ਦੇ ਚਚੇਰੇ ਭਰਾ ਦੀ ਮੌਤ ਹੋ ਗਈ ਹੈ ਪਰ ਉਸ ਦੇ ਜਜ਼ਬਾਤ ਤੋਂ ਵੱਡੀ ਜੇਲ੍ਹ ਦੀ ਕੰਧ ਹੈ। ਉਹ ਆਪਣੀ ਚਚੇਰੇ ਭਰਾ ਦਾ ਆਖਰੀ ਵਾਰ ਮੂੰਹ ਵੀ ਨਹੀਂ ਵੇਖ ਸਕੀ। ਮਰਨ ਵਰਤ 'ਤੇ ਬੈਠਣ ਵਾਲੀ ਜਸਵੀਰ ਕੌਰ ਅਤੇ ਸਵਿਤਾ ਦਾ ਹੁਣ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਦਾ ਕਹਿਣਾ ਸੀ ਕਿ ਉਹ ਹੁਣ ਸਿੱਖਿਆ ਮੰਤਰੀ ਦੇ ਜ਼ਿਲ੍ਹੇ ਵਿੱਚੋਂ ਖਾਲੀ ਹੱਥ ਵਾਪਸ ਨਹੀਂ ਜਾਣਗੀਆਂ।
           ਜਸਵੀਰ ਕੌਰ ਦਾ ਤਿੰਨ ਵਰ੍ਹਿਆਂ ਦਾ ਬੱਚਾ ਆਪਣੀ ਮਾਂ ਨੂੰ ਉਡੀਕ ਰਿਹਾ ਹੈ। ਇਧਰ ਮਾਂ ਸਰਕਾਰ ਦੇ ਰਹਿਮੋ ਕਰਮ 'ਤੇ ਹੈ। ਏਦਾਂ ਹੀ ਗਿੱਦੜਬਾਹਾ ਦੀ ਇਕ ਲੜਕੀ ਨੇ ਮਰਨ ਵਰਤ ਵਿੱਚ ਸ਼ਾਮਲ ਹੋ ਕੇ ਆਪਣਾ ਜਨਮ ਦਿਨ ਮਨਾਇਆ। ਕਰੀਬ ਦੋ ਦਰਜਨ ਲੜਕੀਆਂ ਦਾ ਇਹ ਝੋਰਾ ਹੈ ਕਿ ਇਕ ਤਾਂ ਸਰਕਾਰ ਨੇ ਰੁਜ਼ਗਾਰ ਖੋਹ ਲਿਆ ਅਤੇ ਦੂਜਾ ਜੇਲ੍ਹ ਦਾ ਦਾਗ਼ ਉਨ੍ਹਾਂ ਦਾ ਜ਼ਿੰਦਗੀ ਭਰ ਪਿੱਛਾ ਨਹੀਂ ਛੱਡੇਗਾ। ਇਨ੍ਹਾਂ ਲੜਕੀਆਂ ਦਾ ਕਹਿਣਾ ਹੈ ਕਿ ਇਹੋ ਦਾਗ ਉਨ੍ਹਾਂ ਦੇ ਰਿਸ਼ਤਿਆਂ ਨੂੰ ਤਾਰ ਤਾਰ ਕਰ ਸਕਦਾ ਹੈ। ਅੰਮ੍ਰਿਤਸਰ ਦੀ ਰਜਨੀਤ ਕੌਰ ਨੇ ਆਪਣੇ ਪਿਤਾ ਦਾ ਅਪਰੇਸ਼ਨ ਕਰਾਉਣ ਹਸਪਤਾਲ ਜਾਣਾ ਸੀ ਪਰ ਉਹ ਸੰਘਰਸ਼ ਕਰਦੀ ਹੋਈ ਜੇਲ੍ਹ ਪੁੱਜ ਗਈ। ਉਸ ਨੂੰ ਆਪਣੇ ਪਿਤਾ ਦੇ ਅਪਰੇਸ਼ਨ ਦਾ ਫਿਕਰ ਸਤਾ ਰਿਹਾ ਹੈ। ਇਨ੍ਹਾਂ ਲੜਕੀਆਂ ਦੇ ਮਾਪੇ ਮੁਲਾਕਾਤਾਂ ਕਰਕੇ ਉਨ੍ਹਾਂ ਨੂੰ ਹੌਸਲਾ ਦੇ ਰਹੇ ਹਨ। ਅੰਮ੍ਰਿਤਸਰ ਦੇ ਪਿੰਡ ਮੰਦਰਾਂ ਵਾਲਾ ਦੀ ਜਗਦੀਪ ਕੌਰ ਜੇਲ੍ਹ ਵਿੱਚ ਹੈ ਪਰ ਉਸ ਦੀ ਮਾਂ ਨੂੰ ਇਹ ਗੱਲ ਦੱਸੀ ਨਹੀਂ ਗਈ ਹੈ, ਜਿਸ ਦਾ ਹੁਣ ਅਪਰੇਸ਼ਨ ਹੋਇਆ ਹੈ।
           ਇਵੇਂ ਹੀ ਸਤਿੰਦਰ ਕੌਰ ਦਾ ਬੱਚਾ ਜਦੋਂ ਰੋਂਦਾ ਹੈ ਤਾਂ ਉਸ ਦੇ ਪਰਿਵਾਰ ਵਾਲੇ ਇਹੋ ਆਖਦੇ ਹਨ ਕਿ 'ਮੰਮੀ ਤਾਂ ਜੰਮੂ ਗਈ ਹੈ' ਕਿਉਂਕਿ ਸਤਿੰਦਰ ਕੌਰ ਨੇ ਜੰਮੂ ਤੋਂ ਈ.ਟੀ.ਟੀ. ਕੀਤੀ ਹੋਈ ਹੈ। ਇਸ ਤਰ੍ਹਾਂ ਬਾਕੀ ਮਾਪੇ ਵੀ ਬੱਚਿਆਂ ਤੋਂ ਮਾਂ ਦੇ ਜੇਲ੍ਹ ਜਾਣ ਦਾ ਓਹਲਾ ਰੱਖ ਰਹੇ ਹਨ ਕਿਉਂਕਿ ਬੱਚੇ ਛੋਟੇ ਹਨ ਅਤੇ ਮਾਂ ਬਿਨਾਂ ਮੁਸ਼ਕਲ ਵਿੱਚ ਰਹਿ ਰਹੇ ਹਨ। ਇਨ੍ਹਾਂ ਲੜਕੀਆਂ ਦਾ ਕਹਿਣਾ ਹੈ ਕਿ ਉਹ ਜੇਲ੍ਹ ਦੀ ਜਨਾਨਾ ਬੈਰਕ ਵਿੱਚ ਨਰਕ ਭਰੇ ਹਾਲਾਤ ਵਿੱਚ ਰਹਿ ਰਹੇ ਹਨ ਕਿਉਂਕਿ ਬੈਰਕ ਛੋਟੀ ਹੈ ਅਤੇ ਔਰਤਾਂ ਦੀ ਗਿਣਤੀ ਜ਼ਿਆਦਾ ਹੈ। ਜੋ ਕੈਦੀ ਔਰਤਾਂ ਹਨ, ਉਹ ਵੀ ਮਹਿਲਾ ਅਧਿਆਪਕਾਂ 'ਤੇ ਆਪਣੀ ਧੌਂਸ ਜਮ੍ਹਾ ਰਹੀਆਂ ਹਨ। ਰਾਤ ਨੂੰ ਬੈਰਕ ਵਿੱਚ ਸਿਰਫ ਪੈਣ ਜੋਗੀ ਥਾਂ ਹੀ ਅਧਿਆਪਕਾਂ ਨੂੰ ਨਸੀਬ ਹੁੰਦੀ ਹੈ। ਇਨ੍ਹਾਂ ਲੜਕੀਆਂ ਦਾ ਕਹਿਣਾ ਹੈ ਕਿ ਨੰਨ੍ਹੀ ਛਾਂ ਦੇ ਨਾਅਰੇ ਮਾਰਨ ਵਾਲੇ ਉਨ੍ਹਾਂ ਦਾ ਹਾਲ ਆ ਕੇ ਦੇਖਣ ਅਤੇ ਉਨ੍ਹਾਂ ਦੇ ਘਰਾਂ ਵਿੱਚ ਮਾਪਿਆਂ ਦੀ ਜ਼ਿੰਦਗੀ ਨੂੰ ਵੇਖਣ, ਜਿਨ੍ਹਾਂ ਦੀਆਂ ਧੀਆਂ ਸਹੁਰੇ ਜਾਣ ਤੋਂ ਪਹਿਲਾਂ ਹੀ ਜੇਲ੍ਹਾਂ ਵਿੱਚ ਪੁੱਜ ਗਈਆਂ ਹਨ।

No comments:

Post a Comment