Saturday, May 19, 2012

                             ਮਜ਼ਬੂਰੀ
       ਜਨਾਬ ਦਾ 'ਲੰਚ' ਇੱਕ ਰੁਪਏ 'ਚ !
                         ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਸਿਰਫ ਇੱਕ ਰੁਪਏ 'ਚ 'ਲੰਚ' ਕਰਦੀ ਹੈ। ਪੁਲੀਸ ਮੁਲਾਜ਼ਮਾਂ ਦੀ ਇਹ ਮਜਬੂਰੀ ਹੈ। ਇਕੱਲਾ ਦੁਪਹਿਰ ਦੀ ਖਾਣਾ ਹੀ ਨਹੀਂ ਨਾਸ਼ਤਾ ਅਤੇ ਡਿਨਰ ਵੀ ਪੁਲੀਸ ਇੱਕ ਇੱਕ ਰੁਪਏ 'ਚ ਹੀ ਕਰਦੀ ਹੈ। ਪੁਲੀਸ ਮੁਲਾਜ਼ਮ ਕੋਈ ਅੱਜ ਤੋਂ ਨਹੀਂ ਬਲਕਿ ਦੋ ਦਹਾਕੇ ਤੋਂ ਏਨੀ ਰਾਸ਼ੀ ਨਾਲ ਲੰਚ ਤੇ ਡਿਨਰ ਕਰ ਰਹੇ ਹਨ। ਭਾਵੇਂ ਮਹਿੰਗਾਈ ਛੜੱਪੇ ਮਾਰ ਕੇ ਵੱਧ ਰਹੀ ਹੈ ਪਰ ਪੰਜਾਬ ਪੁਲੀਸ ਨੂੰ ਮਿਲਦੀ ਰਾਸ਼ਨ ਮਨੀ 'ਚ ਕੋਈ ਵਾਧਾ ਨਹੀਂ ਹੋਇਆ। ਪੰਜਾਬ ਸਰਕਾਰ ਵੱਲੋਂ ਹਰੇਕ ਪੁਲੀਸ ਮੁਲਾਜ਼ਮ ਨੂੰ ਪ੍ਰਤੀ ਦਿਨ 3.33 ਰੁਪਏ ਰਾਸ਼ਨ ਮਨੀ ਵਜੋਂ ਦਿੱਤੇ ਜਾਂਦੇ ਹਨ ਤਾਂ ਜੋ ਹਰ ਮੁਲਾਜ਼ਮ ਬਰੇਕਫਾਸਟ,ਲੰਚ ਅਤੇ ਡਿਨਰ ਕਰ ਸਕੇ। ਸਰਕਾਰ ਵੱਲੋਂ ਹਰ ਮੁਲਾਜ਼ਮ ਨੂੰ ਰਾਸ਼ਨ ਮਨੀ ਵਜੋਂ 100 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ। ਮਹਿੰਗਾਈ ਦੇ ਇਸ ਜ਼ਮਾਨੇ ਵਿੱਚ ਇਹ ਰਾਸ਼ਨ ਮਨੀ ਮੁਲਾਜ਼ਮਾਂ ਨਾਲ ਮਜ਼ਾਕ ਤੋਂ ਵੱਧ ਕੁਝ ਨਹੀਂ ਹੈ। ਪੰਜਾਬ ਸਰਕਾਰ ਨੇ ਪੁਲੀਸ ਮੁਲਾਜ਼ਮਾਂ ਨੂੰ ਨਾ ਤਾਂ ਹਫ਼ਤੇ ਵਿੱਚ ਇੱਕ ਛੁੱਟੀ ਦੇਣ ਦਾ ਵਾਅਦਾ ਪੂਰਾ ਕੀਤਾ ਹੈ ਅਤੇ ਨਾ ਹੀ ਰਾਸ਼ਨ ਮਨੀ ਵਿੱਚ ਕੋਈ ਵਾਧਾ ਕੀਤਾ ਹੈ।
           ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਪੁਲੀਸ ਮੁਲਾਜ਼ਮਾਂ ਨੂੰ ਸਾਲ 1991-92 ਤੋਂ ਰਾਸ਼ਨ ਮਨੀ ਵਜੋਂ 100 ਰੁਪਏ ਪ੍ਰਤੀ ਮਹੀਨਾ ਦੇਣਾ ਸ਼ੁਰੂ ਕੀਤਾ ਗਿਆ ਸੀ। ਉਸ ਮਗਰੋਂ ਜਦੋਂ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਮਾਰਚ 1996 ਵਿੱਚ ਪੁਲੀਸ ਮੁਲਾਜ਼ਮਾਂ ਦੇ ਰਾਸ਼ਨ ਮਨੀ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਸੀ। ਤਤਕਾਲੀ ਮੁੱਖ ਮੰਤਰੀ ਨੇ ਇਹ ਰਾਸ਼ਨੀ ਮਨੀ ਦੁੱਗਣੀ ਭਾਵ 200 ਰੁਪਏ ਕਰਨ ਦਾ ਐਲਾਨ ਕੀਤਾ ਸੀ। ਅੱਜ ਤੱਕ ਇਹ ਐਲਾਨ ਅਮਲੀ ਰੂਪ ਨਹੀਂ ਲੈ ਸਕਿਆ ਹੈ। ਪੰਜਾਬ ਸਰਕਾਰ ਵੱਲੋਂ ਸਿਪਾਹੀ ਤੋਂ ਲੈ ਕੇ ਇੰਸਪੈਕਟਰ ਰੈਂਕ ਤੱਕ ਪ੍ਰਤੀ ਮਹੀਨਾ 100 ਰੁਪਏ ਰਾਸ਼ਨ ਰਾਸ਼ੀ ਦਿੱਤੀ ਜਾਂਦੀ ਹੈ। ਪੁਲੀਸ ਮੁਲਾਜ਼ਮਾਂ ਨੂੰ ਸਾਲ 1996 ਅਤੇ 2006 ਵਿੱਚ ਦੋ ਪੇ-ਸਕੇਲ ਵੀ ਮਿਲ ਗਏ ਹਨ ਪਰ ਰਾਸ਼ਨ ਮਨੀ ਵਿੱਚ ਵਾਧਾ ਨਹੀਂ ਹੋਇਆ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਘੱਟੋਂ ਘੱਟ ਪੇ-ਸਕੇਲਾਂ ਦੇ ਹਿਸਾਬ ਨਾਲ ਰਾਸ਼ਨ ਮਨੀ ਵਿੱਚ ਵਾਧਾ ਕੀਤਾ ਜਾਵੇ।ਮੁਲਾਜ਼ਮਾਂ ਮੁਤਾਬਕ ਚੰਗੀ ਟੌਫੀ ਵੀ ਇੱਕ ਰੁਪਏ ਦੀ ਆਉਂਦੀ ਹੈ ਅਤੇ ਉਨ੍ਹਾਂ ਨੂੰ ਲੰਚ ਲਈ ਏਨੀ ਰਾਸ਼ੀ ਦਿੱਤੀ ਜਾਂਦੀ ਹੈ। ਪੰਜਾਬ ਪੁਲੀਸ ਦੇ ਉਚ ਅਧਿਕਾਰੀਆਂ ਕੋਲ ਸਮੇਂ ਸਮੇਂ 'ਤੇ ਮੁਲਾਜ਼ਮਾਂ ਵੱਲੋਂ ਰਾਸ਼ਨ ਮਨੀ ਵਿੱਚ ਵਾਧੇ ਦੀ ਮੰਗ ਉਠਾਈ ਜਾਂਦੀ ਹੈ ਪਰ ਇਸ 'ਤੇ ਕਦੇ ਵੀ ਕੋਈ ਗੌਰ ਨਹੀਂ ਹੋਈ।
           ਦਿਲਚਸਪ ਗੱਲ ਹੈ ਕਿ ਖਾਸ ਮੌਕਿਆਂ 'ਤੇ ਪੰਜਾਬ ਪੁਲੀਸ ਵੱਲੋਂ ਲੰਗਰ ਗੁਰੂ ਘਰਾਂ 'ਚੋਂ ਲਿਆਂਦਾ ਜਾਂਦਾ ਹੈ। ਖਾਸ ਕਰਕੇ ਜਦੋਂ ਕੋਈ ਲੋਕ ਸੰਘਰਸ਼ ਮੌਕੇ ਤਾਇਨਾਤੀ ਹੋਵੇ ਤਾਂ ਨੇੜਲੇ ਗੁਰੂ ਘਰ ਹੀ ਪੁਲੀਸ ਦਾ ਸਹਾਰਾ ਬਣਦੇ ਹਨ। ਜਦੋਂ ਬਠਿੰਡਾ ਵਿੱਚ ਭਰਤੀ ਚੱਲ ਰਹੀ ਸੀ ਤਾਂ ਉਦੋਂ ਡੇਰਾ ਰੂਮੀ ਵਾਲਾ ਤੋਂ ਲੰਗਰ ਆਉਂਦਾ ਸੀ। ਪੁਲੀਸ ਥਾਣਿਆਂ ਕੋਲ ਜੋ ਗੁਰੂ ਘਰ ਹਨ, ਉਥੋਂ ਵੀ ਪੁਲੀਸ ਵਾਲੇ ਕਦੇ ਕਦਾਈ ਲੰਗਰ ਛੱਕ ਲੈਂਦੇ ਹਨ। ਜਦੋਂ ਜ਼ਿਲ੍ਹਾ ਮਾਨਸਾ ਵਿੱਚ ਗੋਬਿੰਦਪੁਰਾ ਦੀ ਜ਼ਮੀਨ ਐਕੁਆਇਰ ਕਰਨ ਖ਼ਿਲਾਫ਼ ਸੰਘਰਸ਼ ਚੱਲ ਰਿਹਾ ਸੀ ਤਾਂ ਉਦੋਂ ਪਿਉਨਾ ਕੰਪਨੀ ਨੇ ਪੰਜਾਬ ਪੁਲੀਸ ਦੀ ਰੋਟੀ ਪਾਣੀ ਨਾਲ ਸੇਵਾ ਕੀਤੀ ਸੀ। ਸੂਤਰਾਂ ਮੁਤਾਬਕ ਜੋ ਵੱਡੇ ਰੈਂਕ ਵਾਲੇ ਅਧਿਕਾਰੀ ਹਨ ਉਨ੍ਹਾਂ ਨੂੰ ਤਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ ਪਰ ਸਿਪਾਹੀਆਂ ਦਾ ਏਨੀ ਕੁ ਰਾਸ਼ਨ ਮਨੀ ਨਾਲ ਕੰਮ ਚਲਾਉਣਾ ਮੁਸ਼ਕਿਲ ਹੋ ਜਾਂਦਾ ਹੈ। ਇੱਕ ਮੁਲਾਜ਼ਮ ਨੇ ਦੱਸਿਆ ਕਿ ਅੱਜ  75 ਰੁਪਏ ਕਿਲੋ ਤਾਂ ਦਾਲ ਦਾ ਹੀ ਭਾਅ ਹੈ। ਇਕੱਲਾ ਇਹੋ ਨਹੀਂ, ਪੁਲੀਸ ਵੱਲੋਂ ਜਿਨ੍ਹਾਂ ਨੂੰ ਹਵਾਲਾਤ ਵਿੱਚ ਬੰਦ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਵੀ ਪੱਲਿਓਂ ਹੀ ਰੋਟੀ ਪਾਣੀ ਛਕਾਉਣਾ ਪੈਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਹੁਤੇ ਥਾਣਿਆਂ ਵਿੱਚ ਤਾਂ ਮੁਲਾਜ਼ਮਾਂ ਨੇ ਖ਼ੁਦ ਹੀ ਮੈਸ ਚਲਾਈ ਹੋਈ ਹੈ ਅਤੇ ਸਰਕਾਰੀ ਤੌਰ 'ਤੇ ਕੋਈ ਪੈਸਾ ਨਹੀਂ ਮਿਲਦਾ। ਮੁਲਾਜ਼ਮਾਂ ਦੀ ਮੰਗ ਹੈ ਕਿ ਉਨ੍ਹਾਂ ਦੀ ਰਾਸ਼ਨ ਮਨੀ 1000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ।
                                            ਹਾਲੇ ਤੱਕ ਲਿਖਤੀ ਮੰਗ ਨਹੀਂ ਕੀਤੀ: ਐਸ.ਐਸ.ਪੀ.
ਜ਼ਿਲ੍ਹਾ ਪੁਲੀਸ ਕਪਤਾਨ ਡਾ.ਸੁਖਚੈਨ ਸਿੰਘ ਗਿੱਲ ਦਾ ਕਹਿਣਾ ਹੈ ਕਿ ਸਿਪਾਹੀ ਤੋਂ ਇੰਸਪੈਕਟਰ ਰੈਂਕ ਤੱਕ ਰਾਸ਼ਨ ਲਈ 100 ਰੁਪਏ ਪ੍ਰਤੀ ਮਹੀਨਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਵੱਲੋਂ ਰਾਸ਼ਨ ਮਨੀ ਵਿੱਚ ਵਾਧੇ ਸਬੰਧੀ ਕਦੇ ਕੋਈ ਲਿਖਤੀ ਰੂਪ ਵਿੱਚ ਮੰਗ ਨਹੀਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰੀ ਥਾਣਿਆਂ 'ਚ ਹੁਣ ਮੈੱਸਾਂ ਨਹੀਂ ਚੱਲਦੀਆਂ ਹਨ ਜਦੋਂ ਕਿ ਪੇਂਡੂ ਥਾਣਿਆਂ ਵਿੱਚ ਮੈੱਸਾਂ ਚੱਲ ਰਹੀਆਂ ਹਨ ਜੋ ਕਿ ਮੁਲਾਜ਼ਮਾਂ ਵੱਲੋਂ ਹੀ ਚਲਾਈਆਂ ਜਾ ਰਹੀਆਂ ਹਨ।

No comments:

Post a Comment