Thursday, May 24, 2012

                    ਕਿਆਮਤ ਦੇ ਦਿਨ
            ਕਬਰਾਂ 'ਤੇ ਉਘੇ ਸਕੂਲ
                     ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਹਲਕੇ ਵਿੱਚ ਕਬਰਾਂ 'ਤੇ ਸਕੂਲ ਤੇ ਮਸਜਿਦਾਂ ਵਾਲੀ ਥਾਂ 'ਤੇ ਸਿਹਤ ਕੇਂਦਰ ਚੱਲ ਰਹੇ ਹਨ। ਹੋਰ ਤਾਂ ਹੋਰ ਕਬਰਸਤਾਨਾਂ 'ਤੇ ਆਲੀਸ਼ਾਨ ਖੇਡ ਸਟੇਡੀਅਮ ਬਣਿਆ ਹੋਇਆ ਹੈ। ਮੁਸਲਮਾਨ ਭਾਈਚਾਰਾ ਆਪਣੀ ਜਾਇਦਾਦ ਮੰਗ ਰਿਹਾ ਹੈ ਪਰ ਉਨ੍ਹਾਂ ਦੀ ਗੱਲ ਸੁਣਨ ਨੂੰ ਕੋਈ ਤਿਆਰ ਹੀ ਨਹੀਂ। ਬਹੁਤੇ ਮਾਮਲੇ ਅਦਾਲਤਾਂ ਵਿੱਚ ਪਏ ਹਨ ਪਰ ਫਿਰ ਵੀ ਵਕਫ ਬੋਰਡ ਦੇ ਨਾਂ ਬੋਲਦੀ ਸੰਪਤੀ 'ਤੇ ਸਰਕਾਰੀ ਪੈਸਾ ਖਰਚ ਕੇ ਉਸਾਰੀ ਕੀਤੀ ਜਾ ਰਹੀ ਹੈ।ਖੇਡ ਸਟੇਡੀਅਮ 'ਚ ਤਾਂ ਹੁਣ ਵੀ ਕਬਰਾਂ ਵਾਲੀ ਥਾਂ ਹੇਠਾਂ ਧਸ ਜਾਂਦੀ। ਤਕਰੀਬਨ 50 ਵਰ੍ਹਿਆਂ ਤੋਂ ਵਕਫ ਬੋਰਡ ਦੀ ਜਾਇਦਾਦ 'ਤੇ ਕਬਜ਼ੇ ਚਲੇ ਆ ਰਹੇ ਹਨ। ਸ਼ਹਿਰ ਦੇ ਐਨ ਵਿਚਕਾਰ ਜਿਥੇ ਪੁਰਾਣੇ ਕਬਰਸਤਾਨ ਸਨ, ਉਥੇ ਹੁਣ ਸਰਕਾਰੀ ਅਦਾਰਿਆਂ ਦੀਆਂ ਇਮਾਰਤਾਂ ਹਨ ਤੇ ਸਕੂਲ ਚੱਲ ਰਹੇ ਹਨ। ਬਠਿੰਡਾ ਤੇ ਮਾਨਸਾ ਜ਼ਿਲ੍ਹੇ 'ਚ ਵਕਫ ਬੋਰਡ ਦੀਆਂ 41 ਸੰਪਤੀਆਂ ਹਨ ਜਿਨ੍ਹਾਂ 'ਤੇ ਕਬਜ਼ੇ ਹੋਏ ਹਨ। ਸੰਸਦੀ ਹਲਕਾ ਬਠਿੰਡਾ ਵਿੱਚ ਅੱਠ ਕਬਰਸਤਾਨ ਹਨ ਜਿਨ੍ਹਾਂ 'ਤੇ ਹੁਣ ਸਕੂਲ-ਕਾਲਜ ਚੱਲ ਰਹੇ ਹਨ।
          ਵਕਫ ਬੋਰਡ ਦੀ ਕਬਰਸਤਾਨ ਦੀ 29 ਬਿਘੇ 11 ਬਿਸਵੇ ਜਗ੍ਹਾ ਖਸਰਾ ਨੰਬਰ 2468/2 ਤਹਿਤ ਹੈ ਜਿਸ 'ਤੇ ਹੁਣ ਬਹੁਮੰਤਵੀ ਖੇਡ ਸਟੇਡੀਅਮ ਬਣਿਆ ਹੋਇਆ ਹੈ। ਖੇਡ ਵਿਭਾਗ ਵੱਲੋਂ ਇਨ੍ਹਾਂ ਕਬਰਸਤਾਨਾਂ 'ਤੇ 1957 ਤੋਂ ਕਬਜ਼ਾ ਕੀਤਾ ਹੋਇਆ ਹੈ। ਵਕਫ ਬੋਰਡ ਨੇ 3 ਜਨਵਰੀ, 1998 ਨੂੰ ਪ੍ਰਵਾਨਗੀ ਲੈਣ ਮਗਰੋਂ ਇਸ ਜਗ੍ਹਾ ਦੇ ਕਬਜ਼ੇ ਲਈ ਅਦਾਲਤ ਵਿੱਚ ਪਟੀਸ਼ਨ ਪਾਈ ਸੀ। ਕਬਰਾਂ ਦੇ ਐਨ ਉਪਰ ਹਾਕੀ ਗਰਾਊਡ ਬਣਿਆ ਹੋਇਆ ਸੀ। ਸਟੇਡੀਅਮ ਦੇ ਐਨ ਨਾਲ ਕਬਰਾਂ ਵਾਲੀ 500 ਗਜ ਜਗ੍ਹਾ ਉਪਰ ਹੁਣ ਸਰਕਾਰੀ ਪ੍ਰਾਇਮਰੀ ਸਕੂਲ ਹੈ ਤੇ ਇਸ ਜਗ੍ਹਾ 'ਤੇ ਸਿੱਖਿਆ ਮਹਿਕਮੇ ਦਾ ਸਾਲ 1971 ਤੋਂ ਕਬਜ਼ਾ ਹੈ। ਲੜੀ ਨੰਬਰ 261 ਮਿਤੀ 7 ਅਗਸਤ,1971 ਦੇ ਨੋਟੀਫਿਕੇਸ਼ਨ ਮੁਤਾਬਕ ਇਹ ਜਗ੍ਹਾ ਵਕਫ ਬੋਰਡ ਦੇ ਨਾਂ ਹੈ। ਕਬਰਾਂ ਵਾਲੀ ਜਗ੍ਹਾ 'ਤੇ ਐਮ.ਐਸ.ਡੀ ਸਕੂਲ ਬਣਿਆ ਹੋਇਆ ਹੈ ਤੇ ਇਹ ਜਗ੍ਹਾ 6 ਬਿਘੇ 8 ਬਿਸਵੇ ਹੈ। ਸਾਲ 1962 ਤੋਂ ਇਸ ਅਦਾਰੇ ਦਾ ਵਕਫ ਬੋਰਡ ਦੀ ਜਗ੍ਹਾ 'ਤੇ ਕਬਜ਼ਾ ਹੈ। ਇਸੇ ਤਰ੍ਹਾਂ ਕਬਰਾਂ ਵਾਲੀ 1000 ਗਜ ਜਗ੍ਹਾ 'ਤੇ ਚਾਰ ਕਮਰਿਆਂ ਦਾ ਪਟਵਾਰ ਭਵਨ ਉਸਾਰ ਦਿੱਤਾ ਗਿਆ ਹੈ ਤੇ ਪਟਵਾਰ ਯੂਨੀਅਨ ਇਸ ਜਗ੍ਹਾ 'ਤੇ ਸਾਲ 1988 ਤੋਂ ਕਾਬਜ਼ ਹੈ।
           ਕਬਰਾਂ ਵਾਲੀ 3 ਬਿਘੇ 16 ਬਿਸਵੇ ਜਗ੍ਹਾ 'ਤੇ ਪੰਚਾਇਤ ਭਵਨ ਉਸਰਿਆ ਹੋਇਆ ਹੈ ਤੇ ਪੰਚਾਇਤ ਵਿਭਾਗ ਦਾ ਇਸ ਜਗ੍ਹਾ 'ਤੇ 1962 ਦਾ ਕਬਜ਼ਾ ਹੈ। ਵਕਫ ਬੋਰਡ ਨੇ 3 ਫਰਵਰੀ, 2002 ਨੂੰ ਇਸ ਦਾ ਕਬਜ਼ਾ ਲੈਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਸਨ ਪਰ ਪੰਚਾਇਤ ਵਿਭਾਗ ਨੇ ਇਹ ਜਗ੍ਹਾ ਦੇਣ ਤੋਂ ਨਾਂਹ ਕਰ ਦਿੱਤੀ ਸੀ। ਇਸ ਤੋਂ ਇਲਾਵਾ ਨਗਰ ਨਿਗਮ ਬਠਿੰਡਾ ਨੇ ਵੀ ਕਬਰਾਂ ਵਾਲੀ ਜਗ੍ਹਾ 'ਤੇ ਦੋ ਕਮਰੇ ਪਾ ਕੇ ਟਿਊਬਵੈੱਲ ਲਾ ਲਏ ਹਨ ਤੇ ਇਸੇ ਤਰ੍ਹਾਂ ਕੁਸ਼ਟ ਆਸ਼ਰਮ ਵੀ ਕਬਰਾਂ ਵਾਲੀ ਥਾਂ 'ਤੇ ਹੀ ਬਣਿਆ ਹੋਇਆ ਹੈ। ਪਿੰਡ ਕੋਟਸ਼ਮੀਰ 'ਚ ਕਬਰਾਂ ਵਾਲੀ 1157 ਗਜ ਜਗ੍ਹਾ 'ਤੇ ਹੁਣ ਵੈਟਰਨਰੀ ਹਸਪਤਾਲ ਬਣਿਆ ਹੋਇਆ ਹੈ। ਪਿੰਡ ਰਾਮਾਂ ਵਿੱਚ ਕਬਰਾਂ ਵਾਲੀ 6 ਕਨਾਲ ਜਗ੍ਹਾ 'ਤੇ ਹੁਣ ਸਰਕਾਰੀ ਹਾਈ ਸਕੂਲ ਚੱਲ ਰਿਹਾ ਹੈ। ਬਠਿੰਡਾ ਦਾ ਪੁਰਾਣਾ ਸਰਕਾਰੀ ਰਜਿੰਦਰਾ ਕਾਲਜ ਵੀ ਵਕਫ ਬੋਰਡ ਦੀ ਜਾਇਦਾਦ 'ਤੇ ਬਣਿਆ ਹੋਇਆ ਹੈ। ਇਹ ਜਗ੍ਹਾ 223 ਕਨਾਲਾ 15 ਮਰਲੇ ਬਣਦੀ ਹੈ। ਡੀ.ਏ.ਕਾਲਜ ਵਾਲੀ ਜਗ੍ਹਾ ਵੀ ਵਕਫ ਬੋਰਡ ਦੀ ਹੈ। ਪਸ਼ੂ ਪਾਲਣ ਮਹਿਕਮਾ ਇਸ ਜਗ੍ਹਾ 'ਤੇ ਸਾਲ 1962 ਦਾ ਕਾਬਜ਼ ਹੈ। ਪਿੰਡਾਂ 'ਚ  ਪੁਰਾਣੀਆਂ ਮਸਜਿਦਾਂ 'ਤੇ ਵੀ ਹੁਣ ਸਰਕਾਰੀ ਦਫਤਰ ਬਣ ਗਏ ਹਨ। ਪਿੰਡ ਦਿਆਲਪੁਰਾ ਵਿੱਚ ਮਸਜਿਦ ਵਾਲੀ 2475 ਗਜ ਜਗ੍ਹਾ 'ਤੇ ਹੁਣ ਸਰਕਾਰੀ ਪ੍ਰਾਇਮਰੀ ਸਕੂਲ ਬਣਿਆ ਹੋਇਆ ਹੈ ਤੇ ਸਾਲ 1962 ਤੋਂ ਇੱਥੇ ਸਿੱਖਿਆ ਮਹਿਕਮੇ ਦਾ ਕਬਜ਼ਾ ਹੈ। ਪਿੰਡ ਪੂਹਲਾ ਵਿੱਚ ਮਸਜਿਦ ਵਾਲੀ 1753 ਗਜ ਜਗ੍ਹਾ 'ਤੇ ਪਟਵਾਰ ਖਾਨਾ ਚੱਲ ਰਿਹਾ ਹੈ। ਇਸੇ ਤਰ੍ਹਾਂ ਪਿੰਡ ਨਥਾਣਾ ਵਿੱਚ ਮਸਜਿਦ ਵਾਲੀ 857 ਗਜ ਜਗ੍ਹਾ 'ਤੇ ਪਾਵਰਕੌਮ ਦਾ ਦਫਤਰ ਚੱਲ ਰਿਹਾ ਹੈ। ਪਿੰਡ ਹਾਕਮ ਸਿੰਘ ਵਾਲਾ ਵਿੱਚ 1671 ਗਜ ਜਗ੍ਹਾ ਮਸਜਿਦ ਦੀ ਹੈ ਜਿਸ 'ਤੇ ਹੁਣ ਸਰਕਾਰੀ ਪ੍ਰਾਇਮਰੀ ਸਕੂਲ ਚੱਲ ਰਿਹਾ ਹੈ। ਪਿੰਡ ਕੋਠਾ ਗੁਰੂ ਵਿੱਚ ਵੀ ਮਸਜਿਦ ਵਾਲੀ 1260 ਗਜ ਜਗ੍ਹਾ 'ਤੇ ਸਰਕਾਰੀ ਪ੍ਰਾਇਮਰੀ ਸਕੂਲ ਚੱਲ ਰਿਹਾ ਹੈ। ਇਨ੍ਹਾਂ 'ਚੋਂ ਕੁਝ ਕੇਸਾਂ ਵਿੱਚ ਪਿਛਲੇ ਸਮੇਂ ਦੌਰਾਨ ਫੈਸਲੇ ਵੀ ਹੋਏ ਹਨ ਪਰ ਬਹੁਤੇ ਮਾਮਲਿਆਂ ਵਿੱਚ ਹਾਲੇ ਵੀ ਨਾਜਾਇਜ਼ ਕਬਜ਼ੇ ਹੀ ਚੱਲੇ ਆ ਰਹੇ ਹਨ।
                                                    ਢਿੱਲਾ ਚੱਲ ਰਿਹੈ ਵਕਫ਼ ਬੋਰਡ
ਪੰਜਾਬ ਵਕਫ ਬੋਰਡ ਆਪਣੀ ਸੰਪਤੀ ਦੇ ਮਾਮਲੇ ਵਿੱਚ ਢਿੱਲਾ ਚੱਲ ਰਿਹਾ ਹੈ। ਹਾਲਾਂਕਿ ਸਮੇਂ-ਸਮੇਂ 'ਤੇ ਵਕਫ ਬੋਰਡ ਵੱਲੋਂ ਗ੍ਰਹਿ ਮੰਤਰਾਲੇ ਨੂੰ ਵੀ ਇਨ੍ਹਾਂ ਜਾਇਦਾਦਾਂ ਦੀ ਸੂਚੀ ਭੇਜੀ ਗਈ ਹੈ ਪਰ ਵਕਫ ਬੋਰਡ ਇਸ ਮਾਮਲੇ ਦਾ ਕੋਈ ਹੱਲ ਨਹੀਂ ਕੱਢ ਸਕਿਆ। ਵਕਫ ਬੋਰਡ ਦੀ ਕਾਫੀ ਜਗ੍ਹਾ ਪ੍ਰਾਈਵੇਟ ਵਿਅਕਤੀਆਂ ਦੇ ਕਬਜ਼ੇ ਹੇਠ ਵੀ ਹੈ। ਪੰਜਾਬ ਸਰਕਾਰ ਵੀ ਵਕਫ ਬੋਰਡ ਦੀ ਥਾਂ 'ਤੇ ਬਣੇ ਅਦਾਰਿਆਂ ਦੀ ਪੱਕੀ ਮਾਲਕੀ ਕਰਨ ਵਾਸਤੇ ਕੋਈ ਸਥਾਈ ਹੱਲ ਨਹੀਂ ਕੱਢ ਸਕੀ। ਵਕਫ ਬੋਰਡ ਦੇ ਕਾਰਜਸਾਧਕ ਅਫਸਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ। ਸੂਤਰ ਆਖਦੇ ਹਨ ਕਿ ਸਰਕਾਰ ਤੇ ਵਕਫ ਬੋਰਡ ਮਿਲ ਕੇ ਇਸ ਸੰਪਤੀ ਦੇ ਪੱਕੇ ਹੱਲ ਬਾਰੇ ਸੋਚੇ।

No comments:

Post a Comment