Thursday, May 17, 2012

                              ਬੇਰੁੱਤਾ ਸੋਕਾ
                 ਮੁਰਝਾ ਗਈ 'ਨੰਨ੍ਹੀ ਛਾਂ'
                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿੱਚ 'ਨੰਨ੍ਹੀ ਛਾਂ' ਪ੍ਰਾਜੈਕਟ ਹੁਣ ਫੰਡਾਂ ਬਿਨਾਂ ਮੁਰਝਾ ਗਿਆ ਹੈ। ਕਰੀਬ ਇੱਕ ਵਰ੍ਹੇ ਤੋਂ ਇਹ ਪ੍ਰਾਜੈਕਟ ਬੰਦ ਪਿਆ ਹੈ। ਦਮਦਮਾ ਸਾਹਿਬ ਦੀ ਨਰਸਰੀ ਬੰਦ ਹੋ ਗਈ ਹੈ ਅਤੇ ਬਾਕੀ ਨਰਸਰੀਆਂ ਵੀ ਫੰਡਾਂ ਦੀ ਤੋਟ ਝੱਲ ਰਹੀਆਂ ਹਨ। ਜੰਗਲਾਤ ਮਹਿਕਮੇ ਕੋਲ ਪੌਦਿਆਂ ਦੀ ਮੰਗ ਨਹੀਂ ਆ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਗਲਾਤ ਵਿਭਾਗ ਨੂੰ ਫੰਡ ਨਹੀਂ ਦਿੱਤੇ ਜਾ ਰਹੇ ਹਨ। ਐਤਕੀਂ ਵਿਸਾਖੀ ਮੌਕੇ ਤਾਂ ਦਮਦਮਾ ਸਾਹਿਬ ਵਿਖੇ ਪੌਦਿਆਂ ਦਾ ਪ੍ਰਸ਼ਾਦ ਵੀ ਨਹੀਂ ਵੰਡਿਆ ਗਿਆ। 'ਨੰਨ੍ਹੀ ਛਾਂ' ਪ੍ਰੋਗਰਾਮ ਵਿੱਚ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਵੀ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਹੈ।
         ਪ੍ਰਾਪਤ ਜਾਣਕਾਰੀ ਅਨੁਸਾਰ 'ਨੰਨ੍ਹੀ ਛਾਂ' ਪ੍ਰਾਜੈਕਟ ਲਈ ਸ਼੍ਰੋਮਣੀ ਕਮੇਟੀ ਅਤੇ ਜੰਗਲਾਤ ਵਿਭਾਗ ਪੰਜਾਬ ਵਿਚਾਲੇ 14 ਸਤੰਬਰ, 2009 ਨੂੰ ਸਮਝੌਤਾ ਹੋਇਆ ਸੀ, ਜਿਸ ਦਾ ਮਕਸਦ ਨੰਨ੍ਹੇ ਬੂਟਿਆਂ ਦੀ ਰੱਖਿਆ ਕਰਨਾ ਅਤੇ ਉਨ੍ਹਾਂ ਨੂੰ ਪਾਲ ਪੋਸ ਕੇ ਵੱਡਾ ਕਰਨਾ ਸੀ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ 'ਨੰਨ੍ਹੀ ਛਾਂ' ਮੁਹਿੰਮ ਪ੍ਰਚਾਰੀ ਜਾ ਰਹੀ ਹੈ। ਸਮਝੌਤੇ ਤਹਿਤ 'ਨੰਨ੍ਹੀ ਛਾਂ' ਪ੍ਰੋਗਰਾਮ ਤਹਿਤ ਤਲਵੰਡੀ ਸਾਬੋ, ਅੰਮ੍ਰਿਤਸਰ,ਫਤਿਹਗੜ੍ਹ ਸਾਹਿਬ ਅਤੇ ਆਨੰਦਪੁਰ ਸਾਹਿਬ ਵਿਖੇ ਨਰਸਰੀਆਂ ਸਥਾਪਤ ਕੀਤੀਆਂ ਗਈਆਂ ਸਨ। ਨਰਸਰੀਆਂ ਲਈ ਜਗ੍ਹਾ ਸ਼੍ਰੋਮਣੀ ਕਮੇਟੀ ਵੱਲੋਂ   ਦਿੱਤੀ ਗਈ ਸੀ। ਜੰਗਲਾਤ ਮਹਿਕਮੇ ਵੱਲੋਂ ਪੰਜ ਰੁਪਏ ਪ੍ਰਤੀ ਪੌਦਾ ਦਿੱਤਾ ਜਾ ਰਿਹਾ ਸੀ। ਜੰਗਲਾਤ ਵਿਭਾਗ ਤੋਂ ਸੂਚਨਾ ਅਧਿਕਾਰ ਤਹਿਤ ਮਿਲੇ ਵੇਰਵਿਆਂ ਅਨੁਸਾਰ ਦਮਦਮਾ ਸਾਹਿਬ ਵਿਖੇ 'ਨੰਨ੍ਹੀ ਛਾਂ' ਪ੍ਰਾਜੈਕਟ ਤਹਿਤ ਸਥਾਪਤ ਕੀਤੀ ਨਰਸਰੀ ਬੰਦ ਹੋ ਗਈ ਹੈ। ਇਹ ਨਰਸਰੀ 2009 ਵਿੱਚ ਚਾਲੂ ਕੀਤੀ ਗਈ ਸੀ ਅਤੇ ਸ਼੍ਰੋਮਣੀ ਕਮੇਟੀ ਨੇ ਮੁੱਢਲੇ ਪੜਾਅ ਵਿੱਚ ਨਰਸਰੀ ਵਾਸਤੇ ਇੱਕ ਲੱਖ ਰੁਪਏ ਦਿੱਤੇ ਸਨ। ਉਸ ਮਗਰੋਂ ਕੋਈ ਫੰਡ ਨਹੀਂ ਮਿਲਿਆ ਹੈ, ਜਿਸ ਕਰਕੇ ਨਰਸਰੀ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਦਿਹਾੜੀ ਵੀ ਨਹੀਂ ਦਿੱਤੀ ਜਾ ਰਹੀ ਹੈ। ਇਨ੍ਹਾਂ ਮਜ਼ਦੂਰਾਂ ਦੇ 72,887 ਰੁਪਏ ਜੰਗਲਾਤ ਮਹਿਕਮੇ ਵੱਲ ਬਕਾਇਆ ਖੜ੍ਹੇ ਹਨ। ਸ਼੍ਰੋਮਣੀ ਕਮੇਟੀ ਨੇ ਇਹ ਰਾਸ਼ੀ ਨਹੀਂ ਤਾਰੀ ਹੈ। ਦਮਦਮਾ ਸਾਹਿਬ ਵਿਖੇ ਪੌਦੇ ਵੰਡਣ ਲਈ ਜੋ ਕੈਬਿਨ ਸਥਾਪਤ ਕੀਤਾ ਗਿਆ ਸੀ, ਉਹ ਬੰਦ ਹੋ ਗਿਆ ਹੈ।  ਜੰਗਲਾਤ ਮਹਿਕਮੇ ਨੇ ਪੌਦੇ ਵੰਡਣ ਵਾਸਤੇ ਤਾਇਨਾਤ ਕੀਤੇ ਮੁਲਾਜ਼ਮ ਵਾਪਸ ਬੁਲਾ ਲਏ ਹਨ।
          ਵਣ ਵਿਭਾਗ ਅੰਮ੍ਰਿਤਸਰ ਵੱਲੋਂ ਫਤਾਹਪੁਰ ਵਿੱਚ ਇਸ ਪ੍ਰਾਜੈਕਟ ਤਹਿਤ ਨਰਸਰੀ ਤਿਆਰ ਕੀਤੀ ਗਈ ਅਤੇ ਉਸ ਵਿੱਚ ਛੇ ਮਜ਼ਦੂਰ ਅਤੇ ਤਿੰਨ ਮੁਲਾਜ਼ਮ ਤਾਇਨਾਤ ਹਨ। ਨਰਸਰੀ 'ਤੇ 6.96 ਲੱਖ ਰੁਪਏ ਖਰਚ ਆਏ। ਨਵੰਬਰ 2011 ਤੱਕ ਇਸ ਨਰਸਰੀ ਦੇ ਮਜ਼ਦੂਰਾਂ ਦੀ 36,592 ਰੁਪਏ ਬਕਾਇਆ ਰਕਮ ਖੜ੍ਹੀ ਸੀ।'ਨੰਨ੍ਹੀ ਛਾਂ' ਪ੍ਰਾਜੈਕਟ ਦੀ 14 ਅਕਤੂਬਰ 2011 ਨੂੰ ਉਚ ਪੱਧਰੀ ਮੀਟਿੰਗ ਵੀ ਹੋਈ ਸੀ, ਜਿਸ ਦੀ ਕਾਰਵਾਈ ਦੀ ਪ੍ਰਾਪਤ ਕਾਪੀ ਅਨੁਸਾਰ ਵਣ ਮੰਡਲ ਅੰਮ੍ਰਿਤਸਰ ਦੀ 1.57 ਲੱਖ ਰੁਪਏ ਦੀ ਰਾਸ਼ੀ ਸ੍ਰੋਮਣੀ ਕਮੇਟੀ ਵੱਲ ਬਕਾਇਆ ਖੜ੍ਹੀ ਹੈ। ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਦਾ ਕਹਿਣਾ ਸੀ ਕਿ ਜੰਗਲਾਤ ਮਹਿਕਮੇ ਵੱਲੋਂ ਉਚਿਤ ਫਾਰਮ ਵਿੱਚ ਬਿੱਲ ਨਹੀਂ ਭੇਜੇ ਜਾਂਦੇ ਹਨ। ਵੱਖਰੇ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਨੰਦਪੁਰ ਸਾਹਿਬ ਵਿਖੇ ਸਥਾਪਤ ਕੀਤੀ ਨਰਸਰੀ ਲਈ ਫੰਡ ਨਹੀਂ ਮਿਲ ਰਹੇ ਹਨ, ਜਿਸ ਕਰਕੇ ਨਰਸਰੀ ਨੂੰ ਚੱਲਦਾ ਰੱਖਣਾ ਔਖਾ ਹੋ ਗਿਆ ਹੈ। ਅਦਾਇਗੀ ਰੁਕੀ ਪਈ ਹੈ ਅਤੇ ਕਰੀਬ ਇੱਕ ਵਰ੍ਹੇ ਤੋਂ ਪੌਦਿਆਂ ਦੀ ਮੰਗ ਵੀ ਨਹੀਂ ਹੋ ਰਹੀ ਹੈ। ਫਤਹਿਗੜ੍ਹ ਸਾਹਿਬ ਵਿਖੇ ਸਥਾਪਤ ਨਰਸਰੀ ਦੇ ਪੁਰਾਣੇ ਬਕਾਏ ਰੁਕੇ ਹੋਣ ਦੀ ਗੱਲ ਕਹੀ ਜਾ ਰਹੀ ਹੈ ਜਦਕਿ ਮੌਜੂਦਾ ਅਦਾਇਗੀ ਹੋ ਗਈ ਹੈ।
          ਸ੍ਰੋਮਣੀ ਕਮੇਟੀ ਨੇ ਤਾਂ ਜੰਗਲਾਤ ਮਹਿਕਮੇ ਕੋਲ ਇਹ ਵੀ ਇੱਛਾ ਜ਼ਾਹਰ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਆਪਣੀ ਕਰੀਬ 4500 ਏਕੜ ਜ਼ਮੀਨ ਵਿੱਚ ਵੀ ਪੌਦੇ ਲਾਉਣਾ ਚਾਹੁੰਦੀ ਹੈ। ਜੰਗਲਾਤ ਮਹਿਕਮੇ ਨੇ ਇਸ ਵਾਸਤੇ ਪੌਦੇ ਮਾਰਚ 2013 ਮਗਰੋਂ ਸਪਲਾਈ ਕਰਨ ਦੀ ਹਾਮੀ ਭਰੀ ਹੈ। ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਕੈਂਪਸ ਵਿੱਚ ਕਰੀਬ ਇੱਕ ਲੱਖ ਪੌਦਾ ਲਾਏ ਜਾਣ ਦੀ ਤਜਵੀਜ਼ ਦਾ ਖੁਲਾਸਾ ਕੀਤਾ ਹੈ। ਸ਼੍ਰੋਮਣੀ ਕਮੇਟੀ ਹੁਣ ਨਵੇਂ ਸਿਰਿਓਂ ਇਸ ਮੁਹਿੰਮ ਨੂੰ ਸ਼ੁਰੂ ਕਰਨਾ ਚਾਹੁੰਦੀ ਹੈ ਪਰ ਦੂਜੇ ਪਾਸੇ ਜੰਗਲਾਤ ਮਹਿਕਮਾ ਫੰਡਾਂ ਦੀ ਮੰਗ ਕਰ ਰਿਹਾ ਹੈ ਤਾਂ ਜੋ ਨਰਸਰੀਆਂ ਨੂੰ ਚਾਲੂ ਰੱਖਿਆ ਜਾ ਸਕੇ।

No comments:

Post a Comment