Friday, May 18, 2012

                               ਨਵਾਂ ਰਿਕਾਰਡ
                  ਨੀਂਹ ਪੱਥਰਾਂ ਦਾ ਘਪਲਾ !
                              ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੱਟੀ ਵਿੱਚ ਵੀ.ਆਈ.ਪੀ ਲੋਕਾਂ ਵੱਲੋਂ ਰੱਖੇ ਨੀਂਹ ਪੱਥਰਾਂ ਵਿੱਚ ਵੱਡਾ ਘਪਲਾ ਹੋਣ ਦਾ ਸ਼ੱਕ ਹੈ। ਹੈਰਾਨੀ ਦੀ ਗੱਲ ਹੈ ਕਿ ਬਠਿੰਡਾ ਵਿਕਾਸ ਅਥਾਰਟੀ ਵੱਲੋਂ ਇੱਕ-ਇੱਕ ਨੀਂਹ ਪੱਥਰ 'ਤੇ ਏਨਾ ਖਰਚਾ ਕੀਤਾ ਗਿਆ ਹੈ ਜਿਸ ਨਾਲ ਨਵਾਂ ਕਮਰਾ ਉਸਰ ਸਕਦਾ ਸੀ।  ਲੰਘੇ ਪੰਜ ਵਰ੍ਹਿਆਂ ਵਿੱਚ ਨੀਂਹ ਪੱਥਰ 'ਤੇ ਖਰਚ ਕਰਨ ਵਿੱਚ ਬਠਿੰਡਾ ਵਿਕਾਸ ਅਥਾਰਟੀ ਮੋਹਰੀ ਹੈ ਜਦੋਂਕਿ ਹੋਰ ਕਿਸੇ ਵੀ ਵਿਭਾਗ ਵੱਲੋਂ ਪ੍ਰਤੀ ਪੱਥਰ ਏਨਾ ਮੋਟਾ ਖਰਚ ਨਹੀਂ ਕੀਤਾ ਗਿਆ। ਬਠਿੰਡਾ ਵਿਕਾਸ ਅਥਾਰਟੀ ਵੱਲੋਂ ਸੂਚਨਾ ਅਧਿਕਾਰ ਤਹਿਤ ਦਿੱਤੇ ਵੇਰਵਿਆਂ ਅਨੁਸਾਰ ਨੀਂਹ ਪੱਥਰਾਂ ਤੇ ਉਦਘਾਟਨੀ ਪੱਥਰ ਬਣਾਉਣ 'ਤੇ ਹੋਏ ਖਰਚੇ ਤੋਂ ਸ਼ੰਕੇ ਖੜ੍ਹੇ ਹੋਣੇ ਸੁਭਾਵਿਕ  ਹਨ। ਅਥਾਰਟੀ ਨੇ ਪੱਤਰ ਨੰਬਰ 677 ਮਿਤੀ 2 ਮਈ, 2012 ਨੂੰ ਦਿੱਤੀ ਸੂਚਨਾ ਅਨੁਸਾਰ ਬਠਿੰਡਾ ਵਿਕਾਸ ਅਥਾਰਟੀ ਵੱਲੋਂ ਲੰਘੇ ਪੰਜ ਵਰ੍ਹਿਆਂ ਵਿੱਚ ਤਕਰੀਬਨ ਦੋ ਦਰਜਨ ਨੀਂਹ ਪੱਥਰ ਤੇ ਉਦਘਾਟਨੀ ਪੱਥਰ ਬਣਵਾਏ ਗਏ ਜਿਨ੍ਹਾਂ 'ਤੇ ਕੁੱਲ ਖਰਚਾ 2,64,338 ਰੁਪਏ ਕੀਤਾ ਗਿਆ ਤੇ ਸਮਾਗਮਾਂ 'ਤੇ ਹੋਇਆ ਖਰਚਾ ਵੱਖਰਾ ਹੈ।
            ਬਠਿੰਡਾ ਵਿਕਾਸ ਅਥਾਰਟੀ (ਬੀ.ਡੀ.ਏ) ਨੇ ਸਭ ਤੋਂ ਵੱਧ ਖਰਚਾ  ਆਪਣੀ ਇਮਾਰਤ ਦੇ ਉਦਘਾਟਨੀ ਪੱਥਰ 'ਤੇ ਕੀਤਾ ਹੈ ਜੋ ਆਪਣੇ ਆਪ ਵਿੱਚ ਰਿਕਾਰਡ ਹੈ। ਬਠਿੰਡਾ ਵਿਕਾਸ ਅਥਾਰਟੀ ਦੀ ਨਵੀਂ ਇਮਾਰਤ ਬਣੀ ਹੈ ਜਿਸ ਦੇ ਇਕੱਲੇ ਉਦਘਾਟਨੀ ਪੱਥਰ ਦਾ ਖਰਚਾ 68,838 ਰੁਪਏ ਪਾਇਆ ਗਿਆ ਹੈ ਜਦੋਂਕਿ ਅੱਜ ਤੱਕ ਮਹਿੰਗੇ ਤੋਂ ਮਹਿੰਗੇ ਪੱਥਰ ਦਾ ਖਰਚਾ ਵੀ 20 ਹਜ਼ਾਰ ਤੋਂ ਨਹੀਂ ਵਧਿਆ। ਮਾਰਬਲ ਦੇ ਕਾਰੋਬਾਰੀ ਲੋਕਾਂ ਦਾ ਕਹਿਣਾ ਹੈ ਕਿ ਮਾਰਕੀਟ ਵਿੱਚ ਉਦਘਾਟਨੀ ਪੱਥਰ ਬਣਾਏ ਜਾਣ ਦਾ ਖਰਚ 1100 ਰੁਪਏ ਵਰਗ ਫੁੱਟ ਹੈ। ਹਾਲਾਂਕਿ ਇਹ ਪੱਥਰ ਵੀ ਸਧਾਰਨ ਕਿਸਮ ਦੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 8 ਦਸੰਬਰ, 2007 ਨੂੰ ਕੌਮਾਂਤਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਸੀ। ਬੀ.ਡੀ.ਏ. ਨੇ ਇਹ ਇਕੱਲਾ ਨੀਂਹ ਪੱਥਰ ਬਣਵਾਉਣ 'ਤੇ 60 ਹਜ਼ਾਰ ਰੁਪਏ ਖਰਚ ਦਿੱਤੇ ਜਦੋਂਕਿ ਨੀਂਹ ਪੱਥਰ ਵਾਲੀ ਜਗ੍ਹਾ 'ਤੇ ਹੋਏ ਸਮਾਗਮਾਂ 'ਤੇ ਕੁੱਲ ਖਰਚਾ 1,34,700 ਰੁਪਏ ਆਇਆ। ਹਾਲਾਂਕਿ ਇਹ ਕੌਮਾਂਤਰੀ ਕ੍ਰਿਕਟ ਸਟੇਡੀਅਮ ਅੱਜ ਤੱਕ ਬਣ ਨਹੀਂ ਸਕਿਆ ਤੇ ਉਲਟਾ ਸਟੇਡੀਅਮ ਵਾਲੀ ਜਗ੍ਹਾ ਚਾਰਗਾਹ ਵਿੱਚ ਤਬਦੀਲ ਹੋ ਗਈ ਹੈ। ਸ਼ਹਿਰ ਦੇ ਫੇਜ਼ ਚਾਰ ਤੇ ਪੰਜ ਲਈ ਜੋ ਅਪਰੋਚ ਰੋਡ ਦਾ ਨੀਂਹ  ਪੱਥਰ ਰੱਖਿਆ ਗਿਆ, ਉਸ ਦਾ ਖਰਚਾ 25 ਹਜ਼ਾਰ ਰੁਪਏ ਕੀਤਾ ਗਿਆ।
            ਬੀ.ਡੀ.ਏ. ਵੱਲੋਂ ਨਹਿਰੀ ਕਲੋਨੀ ਵਿੱਚ ਮਾਡਲ ਸਕੂਲ ਤੇ ਪੁਲੀਸ ਸਟੇਸ਼ਨ ਲਈ ਦੋ ਉਦਘਾਟਨੀ ਪੱਥਰ 40 ਹਜ਼ਾਰ ਰੁਪਏ ਵਿੱਚ ਬਣਵਾਏ ਗਏ। ਬਠਿੰਡਾ ਦੀ ਝੀਲ ਨੰਬਰ ਤਿੰਨ 'ਤੇ ਵਿਕਾਸ ਕੰਮਾਂ ਦੇ ਰੱਖੇ ਗਏ ਉਦਘਾਟਨੀ ਪੱਥਰ ਦਾ ਖਰਚਾ 10 ਹਜ਼ਾਰ ਰੁਪਏ ਪਾਇਆ ਗਿਆ। ਬਠਿੰਡਾ ਦੇ ਮਹਿਲਾ ਥਾਣਾ ਤੇ ਰਾਮਾ ਮੰਡੀ ਦੇ ਬੱਸ ਸਟੈਂਡ ਦੇ ਉਦਘਾਟਨੀ ਪੱਥਰਾਂ 'ਤੇ ਸਿਰਫ਼ ਚਾਰ-ਚਾਰ ਰੁਪਏ ਖਰਚ ਆਏ। ਮਲਟੀਪਰਪਜ਼ ਸਟੇਡੀਅਮ ਬਠਿੰਡਾ ਦੇ ਨੀਂਹ ਪੱਥਰ ਤੇ ਉਦਘਾਟਨੀ ਪੱਥਰ ਦਾ ਖਰਚਾ ਸਿਰਫ਼ ਚਾਰ ਹਜ਼ਾਰ ਰੁਪਏ ਪਾਇਆ ਗਿਆ। ਸੂਤਰਾਂ ਅਨੁਸਾਰ ਬੀ.ਡੀ.ਏ. ਵਿੱਚ ਤਾਇਨਾਤ ਰਹੇ ਇੱਕ ਅਧਿਕਾਰੀ ਨੇ ਪੱਥਰਾਂ 'ਤੇ ਲੋੜੋਂ ਵੱਧ ਖਰਚਾ ਕੀਤਾ ਹੈ। ਉਸ ਅਫਸਰ ਦੇ ਦੋਸਤ ਦੇ ਰਿਸ਼ਤੇਦਾਰ ਕੋਲੋਂ ਇਹ ਪੱਥਰ ਬਣਵਾਏ ਜਾਂਦੇ ਰਹੇ। ਦੂਜੇ ਪਾਸੇ ਲੋਕ ਨਿਰਮਾਣ ਮਹਿਕਮੇ ਵੱਲੋਂ ਉਪ ਮੁੱਖ ਮੰਤਰੀ ਤੋਂ 10 ਨੀਂਹ ਪੱਥਰ ਰਖਵਾਏ ਗਏ ਸਨ ਤੇ ਇਸ ਮਹਿਕਮੇ ਨੇ 10 ਨੀਂਹ ਪੱਥਰਾਂ 'ਤੇ ਕੁੱਲ 68 ਹਜ਼ਾਰ ਰੁਪਏ ਰਾਸ਼ੀ ਖਰਚ ਕੀਤੀ ਸੀ ਜਦੋਂਕਿ ਬੀ.ਡੀ.ਏ ਨੇ ਇੱਕ ਨੀਂਹ ਪੱਥਰ 'ਤੇ ਹੀ ਏਨੀ ਰਾਸ਼ੀ ਖਰਚ ਕਰ ਦਿੱਤੀ। ਸਾਲ 2007 ਤੋਂ 2009 ਤੱਕ ਬਠਿੰਡਾ ਸ਼ਹਿਰ ਵਿੱਚ ਦੋ ਵਰ੍ਹਿਆਂ ਵਿੱਚ 125 ਨੀਂਹ ਪੱਥਰ ਤੇ ਉਦਘਾਟਨੀ ਪੱਥਰ ਰੱਖੇ ਸਨ। ਟਿਊਬਵੈੱਲ ਕਾਰਪੋਰੇਸ਼ਨ ਨੇ ਇਹੋ ਜਿਹੇ ਹੀ ਨੀਂਹ ਪੱਥਰ ਪ੍ਰਤੀ ਪੱਥਰ 3800 ਰੁਪਏ ਵਿੱਚ ਬਣਵਾਏ ਹਨ ਜਦੋਂਕਿ ਲੋਕ ਨਿਰਮਾਣ ਮਹਿਕਮੇ ਨੇ 10 ਤੋਂ 12 ਹਜ਼ਾਰ ਰੁਪਏ ਵਿੱਚ ਤਿਆਰ ਕਰਵਾਏ ਹਨ। ਪਿੰਡਾਂ ਵਿੱਚ ਆਰ.ਓ. ਪਲਾਂਟਾਂ ਦੇ ਰੱਖੇ ਗਏ ਉਦਘਾਟਨੀ ਪੱਥਰਾਂ 'ਤੇ ਪ੍ਰਤੀ ਪੱਥਰ 9500 ਰੁਪਏ ਖਰਚ ਆਏ ਹਨ। ਕੁੱਲ ਮਿਲਾ ਕੇ ਕਿਤੇ ਵੀ ਪੱਥਰ ਦੀ ਕੀਮਤ 20 ਹਜ਼ਾਰ ਤੋਂ ਨਹੀਂ ਵਧੀ। ਬਠਿੰਡਾ ਵਿਕਾਸ ਅਥਾਰਟੀ ਦੇ ਪ੍ਰਸ਼ਾਸਕ ਉਮਾ ਸ਼ੰਕਰ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਫੋਨ ਚੁੱਕਿਆ ਨਹੀਂ।
                                                        ਉੱਚ ਪੱਧਰੀ ਪੜਤਾਲ ਹੋਵੇ
 ਨਾਗਰਿਕ ਚੇਤਨਾ ਮੰਚ ਦੇ ਜਗਮੋਹਨ ਕੌਸਲ ਤੇ ਬੱਗਾ ਸਿੰਘ ਦਾ ਕਹਿਣਾ ਸੀ ਕਿ ਪੱਥਰਾਂ 'ਤੇ ਕੀਤੇ ਅੰਨ੍ਹੇ ਖਰਚ ਦੀ ਉੱਚ ਪੱਧਰੀ ਪੜਤਾਲ ਕਰਵਾਈ ਜਾਣੀ ਚਾਹੀਦੀ ਹੈ ਕਿਉਂਕਿ ਇਹ ਲੋਕਾਂ ਦੇ ਟੈਕਸਾਂ ਦੀ ਪੈਸੇ ਦੀ ਦੁਰਵਰਤੋਂ ਹੋਈ ਹੈ। ਉਨ੍ਹਾਂ ਆਖਿਆ ਕਿ ਜਾਪਦਾ ਹੈ ਕਿ ਅਥਾਰਟੀ ਵੱਲੋਂ ਬਿਨਾਂ ਕੁਟੇਸ਼ਨਾਂ ਤੋਂ ਹੀ ਲਿਹਾਜ਼ਦਾਰੀ ਪੂਰਨ ਵਾਸਤੇ ਪੱਥਰ ਆਪਣਿਆਂ ਤੋਂ ਹੀ ਤਿਆਰ ਕਰਵਾਏ ਗਏ ਹਨ।

No comments:

Post a Comment