Friday, May 25, 2012

                                    ਲੋਕਾਂ ਨੂੰ 'ਤੋਹਫਾ'
     ਪੁਲੀਸ ਦੇ  'ਮਾਡਰਨ ਇੰਟੈਰੋਗੇਸ਼ਨ ਸੈਂਟਰ'
                                   ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਨੇ ਹੁਣ ਦੋ ਨਵੇਂ 'ਆਧੁਨਿਕ ਇੰਟੈਰੋਗੇਸ਼ਨ ਸੈਂਟਰ' ਬਣਾਏ ਹਨ, ਜਿਨ੍ਹਾਂ ਦੀ ਉਸਾਰੀ ਦੀ ਭਾਫ਼ ਨਹੀਂ ਨਿਕਲਣ ਦਿੱਤੀ ਗਈ। ਮਾਲਵਾ ਖਿੱਤੇ ਵਿੱਚ ਇਹ ਨਵੇਂ 'ਇੰਟੈਰੋਗੇਸ਼ਨ ਸੈਂਟਰ' ਬਠਿੰਡਾ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਬਣਾਏ ਗਏ ਹਨ। ਬੇਸ਼ੱਕ ਅਦਾਲਤਾਂ ਵੱਲੋਂ ਤਸੀਹੇ ਦੇਣ 'ਤੇ ਪੂਰੀ ਤਰ੍ਹਾਂ ਰੋਕ ਲਾਈ ਗਈ ਹੈ ਪਰ ਇਨ੍ਹਾਂ ਦੀ ਥਾਂ ਹੁਣ ਪੰਜਾਬ ਪੁਲੀਸ ਨੇ 'ਆਧੁਨਿਕ ਇੰਟੈਰੋਗੇਸ਼ਨ ਸੈਂਟਰ' ਬਣਾਏ ਹਨ। ਬਠਿੰਡਾ ਦੀ ਪੁਲੀਸ ਲਾਈਨ ਵਿੱਚ ਬੈਰਕਾਂ ਦੇ ਪਿੱਛੇ ਲੁਕਵੀਂ ਜਗ੍ਹਾ 'ਤੇ ਇਹ ਇੰਟੈਰੋਗੇਸ਼ਨ ਸੈਂਟਰ ਬਣਾਇਆ ਗਿਆ ਹੈ।ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਵੱਲੋਂ ਇਨ੍ਹਾਂ ਨਵੇਂ ਇੰਟੈਰੋਗੇਸ਼ਨ ਸੈਂਟਰਾਂ ਦੀ ਉਸਾਰੀ ਕਰਾਈ ਗਈ ਹੈ ਅਤੇ ਇਨ੍ਹਾਂ ਦੀ ਉਸਾਰੀ ਦੋ ਠੇਕੇਦਾਰਾਂ ਵੱਲੋਂ ਕੀਤੀ ਗਈ ਹੈ। ਮੈਸਰਜ਼ ਏ.ਬੀ ਕੰਸਟਰਕਸ਼ਨ ਕੰਪਨੀ ਵੱਲੋਂ ਬਠਿੰਡਾ ਦੀ ਪੁਲੀਸ ਲਾਈਨ ਵਿੱਚ ਇੰਟੈਰੋਗੇਸ਼ਨ ਸੈਂਟਰ ਦੀ ਉਸਾਰੀ ਕੀਤੀ ਗਈ ਹੈ।
         ਪਤਾ ਲੱਗਿਆ ਹੈ ਕਿ ਇਸ ਸੈਂਟਰ ਵਿੱਚ ਆਧੁਨਿਕ ਸਾਜ਼ੋ-ਸਾਮਾਨ ਰੱਖਿਆ ਗਿਆ ਹੈ। ਇੱਥੋਂ ਤੱਕ ਕਿ ਇਸ ਇੰਟੈਰੋਗੇਸ਼ਨ ਸੈਂਟਰ ਵਿੱਚ ਨਵੇਂ ਏ.ਸੀ. ਵੀ ਲਾਏ ਗਏ ਹਨ। ਇਸ ਸੈਂਟਰ ਦੀ ਉਸਾਰੀ ਕਰਨ ਵਾਲੀ ਕੰਪਨੀ ਦੇ ਬਕਾਏ ਵੀ ਹਾਲੇ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਤਾਰੇ ਨਹੀਂ ਗਏ। ਇਸ ਕੰਪਨੀ ਦਾ 39270 ਰੁਪਏ ਦਾ ਬਿੱਲ ਹਾਲੇ ਵੀ ਇੰਜਨੀਅਰਿੰਗ ਵਿੰਗ ਕੋਲ ਬਕਾਇਆ ਹੈ। ਸੂਤਰ ਦੱਸਦੇ ਹਨ ਕਿ ਇਨ੍ਹਾਂ ਸੈਂਟਰਾਂ ਲਈ ਹਾਲੇ ਕੁਝ ਸਾਜ਼ੋ ਸਾਮਾਨ ਖਰੀਦਿਆ ਜਾਣਾ ਹੈ। ਇਸ ਆਧੁਨਿਕ ਇੰਟੈਰੋਗੇਸ਼ਨ ਸੈਂਟਰ ਦੇ ਬਾਹਰ ਸਿਰਫ ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਉਸਾਰੀ ਕੀਤੇ ਜਾਣ ਦਾ ਵੇਰਵਾ ਦਿੱਤਾ ਹੈ ਅਤੇ ਕਿਧਰੇ ਵੀ ਇੰਟੈਰੋਗੇਸ਼ਨ ਸੈਂਟਰ ਦਾ ਬੋਰਡ ਨਹੀਂ ਲਾਇਆ ਹੋਇਆ ਹੈ।
            ਬਠਿੰਡਾ ਜ਼ਿਲ੍ਹੇ ਵਿੱਚ ਕਿਸਾਨ ਅਤੇ ਮਜ਼ਦੂਰ ਲਹਿਰਾਂ ਦਾ ਕਾਫੀ ਜ਼ੋਰ ਹੈ, ਜੋ ਸਰਕਾਰ ਨੂੰ ਸਮੇਂ ਸਮੇਂ 'ਤੇ ਰੜਕਦਾ ਵੀ ਰਹਿੰਦਾ ਹੈ। ਗੋਬਿੰਦਪੁਰਾ ਜ਼ਮੀਨ ਐਕੁਆਇਰ ਦੇ ਮਾਮਲੇ 'ਤੇ ਤਿੱਖਾ ਸੰਘਰਸ਼ ਵੀ ਚੱਲ ਚੁੱਕਾ ਹੈ। ਪੰਜਾਬ ਪੁਲੀਸ ਇਸ ਖਿੱਤੇ ਵਿੱਚੋਂ ਮਾਓਵਾਦ ਦੇ ਨਾਂ ਹੇਠ ਕਈ ਆਗੂਆਂ 'ਤੇ ਕੇਸ ਵੀ ਦਰਜ ਕਰ ਚੁੱਕੀ ਹੈ। ਪਤਾ ਲੱਗਿਆ ਹੈ  ਕਿ ਇਸ ਨਜ਼ਰ ਤੋਂ ਨਵੇਂ ਇੰਟੈਰੋਗੇਸ਼ਨ ਸੈਂਟਰ ਬਣਾਏ ਜਾ ਰਹੇ ਹਨ। ਫ਼ਿਰੋਜ਼ਪੁਰ ਵਿੱਚ ਵੀ ਇਕ ਸਹਿਕਾਰੀ ਸੁਸਾਇਟੀ ਵੱਲੋਂ ਇੰਟੈਰੋਗੇਸ਼ਨ ਸੈਂਟਰ ਬਣਾਇਆ ਗਿਆ ਹੈ, ਜੋ ਸਰਹੱਦੀ ਜ਼ਿਲ੍ਹਿਆਂ ਲਈ ਬਣਾਇਆ ਗਿਆ ਹੈ। ਪਤਾ ਲੱਗਿਆ ਹੈ ਕਿ ਹੋਰ ਥਾਵਾਂ 'ਤੇ ਵੀ ਇਸ ਤਰ੍ਹਾਂ ਦੇ ਇੰਟੈਰੋਗੇਸ਼ਨ ਸੈਂਟਰ ਬਣਾਉਣ ਦੀ ਵਿਉਂਤ ਹੈ। ਕੇਂਦਰ ਸਰਕਾਰ ਵੱਲੋਂ ਪਿਛਲੇ ਕਈ ਵਰ੍ਹਿਆਂ ਤੋਂ ਪੰਜਾਬ ਪੁਲੀਸ ਨੂੰ ਆਧੁਨਿਕੀਕਰਨ ਵਾਸਤੇ ਕਰੋੜਾਂ ਰੁਪਏ ਦਿੱਤੇ ਗਏ ਹਨ। ਇਨ੍ਹਾਂ ਫੰਡਾਂ ਨਾਲ ਜਿਥੇ ਨਵੇਂ ਥਾਣੇ ਅਤੇ ਨਵੀਆਂ ਗੱਡੀਆਂ ਦੀ ਖਰੀਦ ਕੀਤੀ ਜਾ ਰਹੀ ਹੈ, ਉਥੇ ਏਦਾਂ ਦੇ ਇੰਟੈਰੋਗੇਸ਼ਨ ਸੈਂਟਰ ਵੀ ਬਣਾਏ ਜਾ ਰਹੇ ਹਨ। ਐਸ.ਐਸ.ਪੀ. ਡਾ. ਸੁਖਚੈਨ ਸਿੰਘ ਗਿੱਲ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
                                          ਥਾਣਿਆਂ ਵਿੱਚ 'ਘੋਟਾ' ਤੇ 'ਪਟਾ' ਹਾਲੇ ਵੀ ਮੌਜੂਦ
ਕੁਝ ਸਮਾਂ ਪਹਿਲਾਂ ਅਦਾਲਤਾਂ ਦੇ ਹੁਕਮਾਂ ਮਗਰੋਂ ਪੰਜਾਬ ਸਰਕਾਰ ਨੇ ਪੰਜਾਬ ਪੁਲੀਸ ਨੂੰ ਹੁਕਮ ਕੀਤੇ ਸਨ ਕਿ ਕਿਸੇ ਵੀ ਥਾਣੇ ਵਿੱਚ ਤਸੀਹਾ ਦੇਣ ਵਾਲਾ ਸਾਜ਼ੋ ਸਾਮਾਨ ਨਹੀਂ ਹੋਣਾ ਚਾਹੀਦਾ ਹੈ। ਉਦੋਂ ਹਰ ਥਾਣੇ ਵੱਲੋਂ ਇਸ ਬਾਰੇ ਸਰਟੀਫਿਕੇਟ ਵੀ ਦਿੱਤੇ ਗਏ ਸਨ ਪਰ ਅੱਜ ਵੀ ਤਕਰੀਬਨ ਹਰ ਥਾਣੇ ਵਿੱਚ 'ਘੋਟਾ' ਅਤੇ 'ਪਟਾ' ਮੌਜੂਦ ਹਨ। ਏਨਾ ਕੁ ਫਰਕ ਜ਼ਰੂਰ ਪਿਆ ਹੈ ਕਿ ਪਹਿਲਾਂ 'ਘੋਟੇ' ਅਤੇ 'ਪਟੇ' ਨੂੰ ਥਾਣੇ ਵਿੱਚ ਸ਼ਰ੍ਹੇਆਮ ਰੱਖਿਆ ਹੁੰਦਾ ਸੀ ਪਰ ਹੁਣ ਪੁਲੀਸ ਵੱਲੋਂ ਇਨ੍ਹਾਂ ਨੂੰ ਲੁਕਵੀਂ ਥਾਂ 'ਤੇ ਰੱਖਿਆ ਹੁੰਦਾ ਹੈ।

No comments:

Post a Comment