Monday, May 14, 2012

                                  ਤਰਾਸਦੀ
               ਮਾਂ! ਮੁੜ ਨਾ ਆਈ ਏਸ ਦੇਸ਼
                              ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਜ਼ਿਲ੍ਹੇ 'ਚ ਮਾਵਾਂ ਤੋਂ ਬਿਨਾਂ ਘਰ ਖਾਲ੍ਹੀ ਹਨ। ਇਨ੍ਹਾਂ ਘਰਾਂ 'ਚ ਹੁਣ ਜ਼ਿੰਦਗੀ ਨਹੀਂ ਧੜਕਦੀ। ਕੈਂਸਰ ਨੇ ਪੁੱਤਾਂ ਕੋਲੋਂ ਮਾਵਾਂ ਖੋਹ ਲਈਆਂ ਹਨ। ਜਦੋਂ ਕਿ ਰੁੱਸ ਗਏ ਖੇਤਾਂ ਨੇ ਮਾਵਾਂ ਕੋਲੋਂ ਪੁੱਤ। ਸੰਤਾਪ ਭੋਗ ਰਹੇ ਇਨ੍ਹਾਂ ਘਰਾਂ 'ਚ ਸੁੰਨ ਪਸਰੀ ਹੋਈ ਹੈ। ਸਿਰਫ ਚੋਣਾਂ ਵੇਲੇ ਇਨ੍ਹਾਂ ਘਰਾਂ ਅੱਗੇ ਹੱਥ ਜੁੜਦੇ ਹਨ। ਮੁੜ ਇਨ੍ਹਾਂ ਘਰਾਂ ਵੱਲ ਕੋਈ ਨਹੀਂ ਝਾਕਦਾ। ਲਖਵਿੰਦਰ ਨੂੰ ਹੁਣ ਘਰ ਖਾਲ੍ਹੀ ਖਾਲ੍ਹੀ ਲੱਗਦਾ ਹੈ। ਸਰਕਾਰੀ ਮਦਦ ਤੋਂ ਪਹਿਲਾਂ ਉਸ ਦੇ ਘਰ ਮੌਤ ਪੁੱਜ ਗਈ। ਹੁਣ ਘਰ ਵਿੱਚ ਮਾਂ ਨਹੀਂ ਹੈ। ਉਸ ਨੂੰ ਕੁਝ ਚੰਗਾ ਨਹੀਂ ਲੱਗਦਾ। ਉਸ ਦੀ ਮਾਂ ਹਰਬੰਸ ਕੌਰ ਨੂੰ ਕੈਂਸਰ ਨੇ ਉਸ ਤੋਂ ਦੂਰ ਕਰ ਦਿੱਤਾ ਹੈ। ਪਿੰਡ ਸੇਖੂ ਦੇ ਨੌਜਵਾਨ ਲਖਵਿੰਦਰ ਸਿੰਘ ਨੂੰ ਮਾਂ ਦਿਵਸ ਚੰਗਾ ਨਹੀਂ ਲੱਗਦਾ। ਇੱਕ ਏਕੜ ਵਾਲੇ ਇਸ ਪਰਿਵਾਰ ਨੇ 80 ਹਜ਼ਾਰ ਰੁਪਏ ਇਲਾਜ 'ਤੇ ਖਰਚ ਦਿੱਤੇ ਪਰ ਫਿਰ ਵੀ ਇਸ ਘਰ ਦੀ ਮਾਂ ਬਚ ਨਹੀਂ ਸਕੀ। ਪਿੰਡ ਜੱਸੀ ਬਾਗ ਦੇ ਰਜਿੰਦਰ ਸਿੰਘ ਦੇ ਮਾਪੇ ਵੀ ਇਹੋ ਦੁੱਖ ਭੋਗ ਰਹੇ ਹਨ। ਮਾਂ-ਬਾਪ ਨੂੰ ਬਚਾਉਣ ਖਾਤਰ ਘਰ ਦੇ ਦੋਵੇਂ ਪੁੱਤਰ ਕੋਈ ਕਸਰ ਨਹੀਂ ਛੱਡ ਰਹੇ। ਇਨ੍ਹਾਂ ਪੁੱਤਾਂ ਨੂੰ ਮਾਪਿਆਂ ਦੇ ਮੰਜੇ 'ਤੇ ਹੋਣ ਕਰਕੇ ਜੱਗ ਚੰਗਾ ਨਹੀਂ ਲੱਗਦਾ।
           ਪਿੰਡ ਸੇਖਪੁਰਾ ਵਾਸੀ ਬੇਅੰਤ ਸਿੰਘ ਆਪਣੀ ਕੈਂਸਰ ਪੀੜਤ ਮਾਂ ਦੀ ਸੁੱਖ ਮੰਗ ਰਿਹਾ ਹੈ। ਉਹ ਮਾਂ ਦੇ ਇਲਾਜ 'ਤੇ ਇੱਕ ਲੱਖ ਰੁਪਏ ਖਰਚ ਚੁੱਕਾ ਹੈ। ਏਦਾ ਦੀ ਕਹਾਣੀ ਤਾਂ ਹੁਣ ਹਰ ਘਰ ਦੀ ਬਣ ਗਈ ਹੈ। ਪਿੰਡ ਮਾੜੀ ਵਾਸੀ ਬਚਨ ਕੌਰ ਦਾ ਜਿਗਰਾ ਵੇਖੋ। ਪੰਜ ਪੁੱਤ ਗੁਆ ਕੇ ਵੀ ਜੀਅ ਰਹੀ ਹੈ। ਖੇਤਾਂ ਨੂੰ ਤੁਰੇ ਪੁੱਤ ਇੱਕ ਇੱਕ ਕਰਕੇ ਖ਼ੁਦਕਸ਼ੀ ਦੇ ਰਾਹ ਪੈ ਗਏ। ਜਦੋਂ ਪਤੀ ਤੁਰ ਗਿਆ ਤਾਂ ਪੁੱਤਾਂ 'ਚੋਂ ਇਸ ਬਿਰਧ ਮਾਂ ਨੇ ਜ਼ਿੰਦਗੀ ਵੇਖੀ। ਖੇਤੀ ਅਰਥਚਾਰੇ ਦੇ ਸੰਕਟ ਨੇ ਇਸ ਬਜ਼ੁਰਗ ਮਾਂ ਤੋਂ ਚਾਰ ਪੁੱਤ ਖੋਹ ਲਏ ਜਦੋਂ ਕਿ ਇੱਕ ਸੜਕ ਹਾਦਸੇ ਦੀ ਭੇਟ ਚੜ੍ਹ ਗਿਆ। ਇਨ੍ਹਾਂ ਘਰਾਂ ਦੇ ਚੁੱਲ੍ਹਿਆਂ 'ਤੇ ਹੁਣ ਘਾਹ ਉਗ ਆਇਆ ਹੈ। ਇਹ ਪਰਿਵਾਰ ਤਾਂ ਮਾਂ ਦਿਵਸ ਤੋਂ ਵੀ ਬੇਖ਼ਬਰ ਹਨ। ਉਹ ਤਾਂ ਏਨਾ ਜਾਣਦੇ ਹਨ ਕਿ ਖੇਤ ਰੁਸ ਜਾਣ ਤਾਂ ਜੱਗ ਵੀ ਬਿਗਾਨਾ ਹੋ ਜਾਂਦਾ ਹੈ। ਇਵੇਂ ਹੀ ਕਰੀਬ 80 ਧੀਆਂ ਨੂੰ ਅੱਜ ਮਾਂ ਦਿਵਸ ਮੌਕੇ ਆਪਣੀ ਮਾਂ ਦੇ ਪੈਰ ਛੂਹਣੇ ਨਸੀਬ ਨਹੀਂ ਹੋਏ। ਮਾਂ ਦਿਵਸ ਮੌਕੇ ਉਨ੍ਹਾਂ ਦੇ ਜਜ਼ਬਾਤ ਡੁੱਲ੍ਹ ਡੁੱਲ੍ਹ ਪੈ ਰਹੇ ਸਨ। ਇਹ ਧੀਆਂ ਬਠਿੰਡਾ ਜੇਲ੍ਹ ਵਿੱਚ ਬੰਦ ਹਨ। ਅੱਜ ਐਤਵਾਰ ਦਾ ਦਿਨ ਹੋਣ ਕਰਕੇ ਜੇਲ੍ਹ ਦੀ ਮੁਲਾਕਾਤ ਵੀ ਬੰਦ ਸੀ। ਮਾਵਾਂ ਆਪਣੀਆਂ ਧੀਆਂ ਦੇ ਸਿਰ 'ਤੇ ਅੱਜ ਮਾਂ ਦਿਵਸ ਮੌਕੇ ਵੀ ਹੱਥ ਨਹੀਂ ਰੱਖ ਸਕੀਆਂ।ਪੰਜਾਬ ਦੇ ਇਨ੍ਹਾਂ ਘਰਾਂ ਨੂੰ ਨਜ਼ਰ ਲੱਗ ਗਈ ਹੈ। ਕੋਈ ਘਰ ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਹੈ ਅਤੇ ਕੋਈ ਗੁਰਬਤ ਦੀ। ਮਾਵਾਂ ਕੋਲੋਂ ਹੁਣ ਪੜ੍ਹੇ ਲਿਖੇ ਪੁੱਤਾਂ ਦਾ ਦੁੱਖ ਜ਼ਰਿਆ ਨਹੀਂ ਜਾ ਰਿਹਾ। ਬਠਿੰਡਾ ਵਾਸੀ ਨਸੀਬ ਕੌਰ ਨੂੰ ਲੱਗਦਾ ਹੈ ਕਿ ਉਸ ਦੇ ਨਸੀਬ ਰੁੱਸ ਗਏ ਹਨ। ਉਸ ਨੇ ਪੁੱਤ ਨੂੰ ਪੜ੍ਹਾਇਆ-ਲਿਖਾਇਆ ਤਾਂ ਜੋ ਰੁਜ਼ਗਾਰ ਪ੍ਰਾਪਤ ਕਰ ਸਕੇ। ਉਸ ਦਾ ਪੁੱਤ ਨੌਕਰੀ 'ਤੇ ਨਹੀਂ ਬਲਕਿ ਹੱਕ ਲੈਣ ਲਈ ਕਦੇ ਥਾਣੇ ਅਤੇ ਕਦੇ ਜੇਲ੍ਹ ਜਾਂਦਾ ਹੈ।
           ਮੁਕਤਸਰ ਜ਼ਿਲ੍ਹੇ ਦੀ ਇੱਕ ਮਾਂ ਉਹ ਵੀ ਹੈ ਜਿਸ ਦਾ ਪੁੱਤ ਜ਼ਿਲ੍ਹਾ ਸਿੰਘ ਰੁਜ਼ਗਾਰ ਖਾਤਰ ਲੜਦਾ ਹੋਇਆ ਜ਼ਿੰਦਗੀ ਤੋਂ ਹੱਥ ਧੋ ਬੈਠਾ। ਜ਼ਿਲ੍ਹਾ ਸਿੰਘ ਰੁਜ਼ਗਾਰ ਖਾਤਰ ਮਰਨ ਵਰਤ 'ਤੇ ਬੈਠਾ। ਸਰਕਾਰ ਬੇਖ਼ਬਰ ਰਹੀ ਅਤੇ ਆਖਰ ਉਸ ਨੂੰ ਹਸਪਤਾਲ ਭਰਤੀ ਕਰਾਉਣਾ ਪਿਆ ਜਿਥੇ ਉਸ ਦੀ ਮੌਤ ਹੋ ਗਈ। ਜਦੋਂ ਜ਼ਿਲ੍ਹਾ ਸਿੰਘ ਚਲਾ ਗਿਆ ਤਾਂ ਉਸ ਦੇ ਭਰਾ ਨੂੰ ਸਰਕਾਰ ਨੇ ਨੌਕਰੀ ਦੇ ਦਿੱਤੀ। ਜ਼ਿਲ੍ਹਾ ਸਿੰਘ ਦੀ ਮਾਂ ਨੂੰ ਹੁਣ ਇਹ ਸਰਕਾਰੀ ਸੌਦਾ ਹਲੂਣ ਰਿਹਾ ਹੈ। ਫਰੀਦਕੋਟ ਦੀ ਕਿਰਨਜੀਤ ਕੌਰ ਨੇ ਰੁਜ਼ਗਾਰ ਖਾਤਰ ਵਿੱਢੇ ਸੰਘਰਸ਼ ਵਿੱਚ ਆਪਣੇ ਆਪ ਨੂੰ ਖਤਮ ਕਰ ਲਿਆ। ਜਦੋਂ ਉਹ ਇਸ ਦੁਨੀਆ 'ਚੋਂ ਚਲੀ ਗਈ ਤਾਂ ਸਰਕਾਰ ਨੇ ਉਸ ਦੇ ਭਰਾ ਨੂੰ ਨੌਕਰੀ ਦੇ ਦਿੱਤੀ। ਇਨ੍ਹਾਂ ਸੰਘਰਸ਼ੀ ਲੋਕਾਂ ਦੀਆਂ ਮਾਵਾਂ ਕੋਲ ਵੀ ਹੁਣ ਕੋਈ ਚਾਰਾ ਨਹੀਂ ਬਚਿਆ ਹੈ। ਤਾਹੀਓਂ ਤਾਂ ਅੰਮ੍ਰਿਤਸਰ ਵਾਸੀ ਬਿਰਧ ਦਰਸ਼ਨ ਕੌਰ ਆਪਣੀ ਧੀ ਸੰਦੀਪ ਕੌਰ ਨਾਲ ਬਠਿੰਡਾ ਜੇਲ੍ਹ ਵਿੱਚ ਬੈਠੀ ਹੈ।ਪਿੰਡ ਰਾਜਗੜ੍ਹ ਦੇ ਦਸਵੀਂ ਕਲਾਸ 'ਚ ਪੜ੍ਹਦੇ ਸੰਦੀਪ ਸਿੰਘ ਕੋਲ ਨਾ ਮਾਂ ਹੈ ਅਤੇ ਨਾ ਘਰ। ਉਹ ਆਪਣੇ ਬਾਪ ਨਾਲ ਪਿੰਡ ਦੀ ਧਰਮਸ਼ਾਲਾ ਵਿੱਚ ਦਿਨ ਕੱਟ ਰਿਹਾ ਹੈ। ਪਿੰਡ ਦੇ ਕਲੱਬ ਵਾਲੇ ਹੀ ਉਸ ਨੂੰ ਪੜ੍ਹਾਈ ਕਰਾ ਰਹੇ ਹਨ। ਦਿਨਾਂ ਦਾ ਗੇੜ ਹੈ ਕਿ ਉਸ ਦਾ ਘਰ ਵੀ ਵਿਕ ਚੁੱਕਾ ਹੈ। ਇਨ੍ਹਾਂ ਘਰਾਂ ਲਈ ਮਾਂ ਦਿਵਸ ਦਾ ਕੋਈ ਮਾਅਨੇ ਨਹੀਂ ਹਨ। ਜ਼ਿੰਦਗੀ ਦੀ ਜੰਗ ਵਿੱਚ ਡਟੇ ਇਹ ਬੱਚੇ ਇਹੋ ਅਰਦਾਸਾਂ ਕਰ ਰਹੇ ਹਨ ਕਿ ਹੇ ਮਾਂ! ਤੂੰ ਮੁੜ ਇੱਥੇ ਨਾ ਆਈ, ਇਥੇ ਤਾਂ ਹੁਣ ਪੀੜਾਂ ਹੀ ਪੀੜਾਂ ਨੇ।

No comments:

Post a Comment