Tuesday, May 8, 2012

             ਬੇਕਾਰੀ ਦੇ ਸੰਗਲ
    ਅੱਜ ਲੱਖਾਂ ਧੀਆਂ ਰੋਂਦੀਆਂ...
              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਅਧਿਆਪਕਾ ਸੰਦੀਪ ਕੌਰ ਤੇ ਉਸ ਦੀ ਬਜ਼ੁਰਗ ਮਾਂ ਦਰਸ਼ਨ ਕੌਰ ਨੂੰ ਜੇਲ੍ਹ ਵਿਖਾ ਦਿੱਤੀ ਹੈ। ਇਨ੍ਹਾਂ ਮਾਂਵਾਂ ਧੀਆਂ ਦਾ ਏਨਾ ਕਸੂਰ ਹੈ ਕਿ ਉਨ੍ਹਾਂ ਹੱਕ ਮੰਗਣ ਖਾਤਰ ਉੱਚੀ ਆਵਾਜ਼ ਵਿੱਚ ਨਾਅਰੇ ਮਾਰੇ ਹਨ। ਅੱਜ ਜਦੋਂ ਇਨ੍ਹਾਂ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਘਰ ਅੱਗੇ ਪਿੰਡ ਮਲੂਕਾ ਵਿੱਚ ਧਰਨਾ ਦਿੱਤਾ ਤਾਂ ਪੁਲੀਸ ਨੇ ਉਨ੍ਹਾਂ ਨੂੰ ਚੁੱਕ ਕੇ ਥਾਣੇ ਵਿੱਚ ਡੱਕ ਦਿੱਤਾ। ਮਗਰੋਂ ਉਨ੍ਹਾਂ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਭੇਜ ਦਿੱਤਾ। ਅੰਮ੍ਰਿਤਸਰ ਦੀ ਸੰਦੀਪ ਕੌਰ ਨੇ ਅੰਗਰੇਜ਼ੀ, ਪੰਜਾਬੀ ਅਤੇ ਧਰਮ ਵਿਸ਼ੇ ਵਿੱਚ ਐਮ.ਏ. ਤੋਂ ਇਲਾਵਾ ਬੀ.ਐੱਡ ਵੀ ਕੀਤੀ ਹੋਈ ਹੈ। ਉਸ ਦਾ ਕਹਿਣਾ ਸੀ ਕਿ ਉਹ ਤਾਂ ਨੌਕਰੀ ਮੰਗਣ ਗਏ ਸਨ ਪਰ ਸਰਕਾਰ ਨੇ ਜੇਲ੍ਹ ਦੇ ਦਿੱਤੀ ਹੈ। ਉਹ ਆਪਣਾ ਕਸੂਰ ਪੁੱਛ ਰਹੀ ਸੀ। ਬਜ਼ੁਰਗ ਮਾਂ ਦਰਸ਼ਨ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਖ਼ਾਨਦਾਨ ਵਿੱਚ ਕਿਸੇ ਨੇ ਕਦੀ ਥਾਣਾ ਜਾਂ ਜੇਲ੍ਹ ਨਹੀਂ ਵੇਖੀ ਸੀ। ਹੁਣ ਸਰਕਾਰ ਨੇ ਧੀ ਦੇ ਵੱਧ ਪੜ੍ਹੇ ਹੋਣ ਦੀ ਸਜ਼ਾ ਸਾਨੂੰ ਦਿੱਤੀ ਹੈ। ਮਾਂਵਾਂ ਧੀਆਂ ਦਾ ਕਹਿਣਾ ਸੀ ਕਿ ਹੱਕਾਂ ਲਈ ਉਨ੍ਹਾਂ ਨੂੰ ਕਾਲੇ ਪਾਣੀ ਵੀ ਜਾਣਾ ਪਵੇ, ਉਹ ਜਾਣਗੀਆਂ। ਉਨ੍ਹਾਂ ਦਾ ਗਿਲ੍ਹਾ ਸੀ ਕਿ ਸਰਕਾਰ ਫਿਰ ਵਾਅਦੇ ਕਿਉਂ ਕਰਦੀ ਹੈ। ਇਹ ਵੀ ਸੁਆਲ ਕੀਤਾ ਕਿ ਪੰਜਾਬ ਵਿੱਚ ਵੱਧ ਪੜ੍ਹੇ ਲਿਖੇ ਹੋਣਾ ਹੁਣ ਜੁਰਮ ਬਣ ਗਿਆ ਹੈ।
       ਬਠਿੰਡਾ ਪੁਲੀਸ ਨੇ ਅੱਜ ਸਪੈਸ਼ਲ ਟਰੇਨਿੰਗ ਪ੍ਰਾਪਤ ਸੈਂਕੜੇ ਅਧਿਆਪਕਾਂ ਨੂੰ ਬਠਿੰਡਾ ਜੇਲ੍ਹ ਵਿੱਚ ਭੇਜ ਦਿੱਤਾ ਹੈ, ਜਿਨ੍ਹਾਂ ਵਿੱਚ ਵੱਡੀ ਗਿਣਤੀ ਲੜਕੀਆਂ ਦੀ ਹੈ। ਮੋਗਾ ਦੀ ਬਲਦੀਪ ਕੌਰ ਜਦੋਂ ਬਠਿੰਡਾ ਜੇਲ੍ਹ ਵਿੱਚ ਦਾਖਲ ਹੋਣ ਲੱਗੀ ਤਾਂ ਪਿੱਛੋਂ ਉਸ ਦੀ ਪੰਜ ਵਰ੍ਹਿਆਂ ਦੀ ਬੱਚੀ ਹਰਲੀਨ ਕੌਰ ਦਾ ਫੋਨ ਆ ਗਿਆ, 'ਮੰਮਾ ਤੁਸੀਂ ਆ ਜਾਓ, ਮੈਨੂੰ ਨੀਂਦ ਨਹੀਂ ਆਉਂਦੀ।' ਬਲਦੀਪ ਕੌਰ ਨੇ ਬੱਚੀ ਨੂੰ ਹੌਸਲਾ ਦੇ ਕੇ ਫੋਨ ਕੱਟ ਦਿੱਤਾ ਅਤੇ ਜੇਲ੍ਹ ਅੰਦਰ ਚਲੀ ਗਈ। ਲੁਧਿਆਣਾ ਜ਼ਿਲ੍ਹੇ ਦੀ ਲੜਕੀ ਪੂਨਮ ਦੀ ਦੀ ਬੱਚੀ ਹਾਲੇ ਸਿਰਫ ਛੇ ਮਹੀਨੇ ਦੀ ਹੈ, ਜਦੋਂ ਕਿ ਦੂਜੇ ਬੱਚੇ ਦੀ ਉਮਰ ਤਿੰਨ ਵਰ੍ਹਿਆਂ ਦੀ ਹੈ। ਉਸ ਦਾ ਕਹਿਣਾ ਸੀ ਕਿ ਵੱਡੇ ਬੱਚੇ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਬੱਚੀ ਦੀ ਪਰਵਰਿਸ਼ ਦੇ ਸਮੇਂ ਵਿੱਚ ਉਸ ਨੂੰ ਸਰਕਾਰ ਨੇ ਜੇਲ੍ਹ ਭੇਜ ਦਿੱਤਾ ਹੈ। ਉਸ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸਰਕਾਰ ਦੀ ਹਰ ਜੇਲ੍ਹ ਮਨਜ਼ੂਰ ਹੈ ਪਰ ਉਹ ਹੁਣ ਝੁਕਣਗੇ ਨਹੀਂ। ਉਸ ਦਾ ਕਹਿਣਾ ਸੀ ਕਿ ਸਰਕਾਰ ਸਾਨੂੰ ਸਾਡੇ ਛੋਟੇ ਬੱਚਿਆਂ ਦਾ ਕਸੂਰ ਦੱਸ ਦੇਵੇ।
        ਏਦਾਂ ਹੀ ਅੰਮ੍ਰਿਤਸਰ ਦੀ ਕਿਰਨ ਨੇ ਐਮ.ਏ. 70 ਫੀਸਦੀ ਅੰਕਾਂ ਨਾਲ ਅਤੇ ਬੀ.ਐੱਡ 75 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੈ। ਉਸ ਦੇ ਦੋ ਛੋਟੇ ਬੱਚੇ ਹਨ, ਜਿਨ੍ਹਾਂ ਨੂੰ ਮਾਪਿਆਂ ਕੋਲ ਛੱਡ ਕੇ ਉਹ ਸੰਘਰਸ਼ ਵਿੱਚ ਕੁੱਦੀ ਹੈ। ਇਨ੍ਹਾਂ ਲੜਕੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸਰਕਾਰ ਨੇ ਸਾਲ ਮਗਰੋਂ ਸਕੂਲਾਂ ਵਿੱਚੋਂ ਫਾਰਗ ਕਰ ਦਿੱਤਾ ਹੈ।ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਮੰਗ ਮੰਨ ਲਈ ਸੀ ਪਰ ਲਾਗੂ ਨਹੀਂ ਕੀਤੀ। ਗੁਰਦਾਸਪੁਰ ਦੀ ਸੁਖਬੀਰ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਥਾਂ ਮੰਤਰੀਆਂ ਜਾਂ ਅਫਸਰਾਂ ਦੀਆਂ ਆਪਣੀਆਂ ਧੀਆਂ ਹੁੰਦੀਆਂ ਕੀ ਉਹ ਉਨ੍ਹਾਂ ਨੂੰ ਵੀ ਏਦਾਂ ਜੇਲ੍ਹਾਂ ਵਿੱਚ ਡੱਕਦੇ। ਇਨ੍ਹਾਂ ਧੀਆਂ ਦੇ ਹੌਸਲੇ ਵੇਖਣ ਵਾਲੇ ਸਨ ਅਤੇ ਦ੍ਰਿੜ੍ਹਤਾ ਉਨ੍ਹਾਂ ਦਾ ਸਾਥ ਦੇ ਰਹੀ ਸੀ। ਮਨਦੀਪ ਕੌਰ ਦਾ ਕਹਿਣਾ ਸੀ ਕਿ ਥਾਣੇ ਜਾਂ ਜੇਲ੍ਹਾਂ ਉਨ੍ਹਾਂ ਦੇ ਸੰਘਰਸ਼ ਨੂੰ ਰੋਕ ਨਹੀਂ ਸਕਦੀਆਂ। ਉਹ ਉਨਾ ਸਮਾਂ ਡਟਣਗੇ, ਜਿੰਨਾ ਸਮਾਂ ਉਨ੍ਹਾਂ ਨੂੰ ਹੱਕ ਨਹੀਂ ਮਿਲ ਜਾਂਦਾ। ਇਨ੍ਹਾਂ ਲੜਕੀਆਂ ਵੱਲੋਂ ਜੇਲ੍ਹ ਦੇ ਬਾਹਰ ਅਤੇ ਜੇਲ੍ਹ ਦੇ ਅੰਦਰ ਵੀ ਨਾਅਰੇ ਮਾਰੇ ਗਏ। ਸਭ ਦਾ ਇਹੋ ਕਹਿਣਾ ਸੀ ਕਿ ਸਰਕਾਰ ਨੇ ਉਨ੍ਹਾਂ ਨੂੰ ਜੇਲ੍ਹ ਵੀ ਵਿਖਾ ਦਿੱਤੀ ਹੈ। ਹੁਣ ਪਿੱਛੇ ਕੁਝ ਨਹੀਂ ਬਚਿਆ। ਜੇਲ੍ਹ ਦੀਆਂ ਸਲਾਖਾਂ ਉਨ੍ਹਾਂ ਦੇ ਰੋਹ ਨੂੰ ਹੋਰ ਪ੍ਰਚੰਡ ਕਰਨਗੀਆਂ। ਅੱਜ ਇਨ੍ਹਾਂ ਲੜਕੀਆਂ ਦੇ ਮਾਪੇ ਵੀ ਬਠਿੰਡਾ ਜ਼ਿਲ੍ਹੇ ਵਿੱਚ ਪੁੱਜੇ ਹੋਏ ਸਨ। ਕੱਲ੍ਹ ਵੀ ਇਨ੍ਹਾਂ ਲੜਕੀਆਂ ਨੂੰ ਬਠਿੰਡਾ ਪੁਲੀਸ ਨੇ ਵੱਖ ਵੱਖ ਥਾਣਿਆਂ ਵਿੱਚ ਡੱਕ ਦਿੱਤਾ ਸੀ।
                               150 ਅਧਿਆਪਕ ਬਠਿੰਡਾ ਜੇਲ੍ਹ ਵਿੱਚ ਭੇਜੇ
ਬਠਿੰਡਾ ਪੁਲੀਸ ਨੇ 150 ਦੇ ਕਰੀਬ ਸਪੈਸ਼ਲ ਟਰੇਨਿੰਗ ਪ੍ਰਾਪਤ ਅਧਿਆਪਕਾਂ ਵਿਰੁੱਧ ਧਾਰਾ 107,151 ਤਹਿਤ ਕੇਸ ਦਰਜ ਕੀਤਾ ਹੈ ਅਤੇ ਇਨ੍ਹਾਂ ਅਧਿਆਪਕਾਂ ਨੂੰ ਬਠਿੰਡਾ ਜੇਲ੍ਹ ਭੇਜ ਦਿੱਤਾ ਹੈ। ਇਨ੍ਹਾਂ ਅਧਿਆਪਕਾਂ ਵਿੱਚ 85 ਦੇ ਕਰੀਬ ਲੜਕੀਆਂ ਹਨ, ਜਦੋਂ ਕਿ ਬਾਕੀ ਸਾਰੇ ਲੜਕੇ ਹਨ। ਇਨ੍ਹਾਂ ਸਭ ਨੂੰ ਪਹਿਲਾਂ ਨਥਾਣਾ, ਦਿਆਲਪੁਰਾ ਅਤੇ ਬਾਕੀ ਥਾਣਿਆਂ ਵਿੱਚ ਰੱਖਿਆ ਹੋਇਆ ਸੀ। ਪੁਲੀਸ ਨੇ ਇਨ੍ਹਾਂ ਅਧਿਆਪਕਾਂ ਨੂੰ ਕੱਲ੍ਹ ਰਾਤੀਂ 11 ਵਜੇ ਆਪਣੀ ਅਗਵਾਈ ਵਿੱਚ ਥਾਣਾ ਬਠਿੰਡਾ ਦੀ ਹੱਦ ਟਪਾ ਦਿੱਤੀ ਸੀ। ਅਧਿਆਪਕ ਆਗੂ ਦੀਪਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਮੋਗਾ ਵਿੱਚ ਰਾਤ ਇਕ ਗੁਰਦੁਆਰੇ ਵਿੱਚ ਕੱਟੀ। ਉਨ੍ਹਾਂ ਦੀ ਕੋਈ ਮੰਗ ਨਹੀਂ ਮੰਨੀ ਗਈ, ਜਿਸ ਕਰਕੇ ਉਨ੍ਹਾਂ ਮੁੜ ਅੱਜ ਸਿੱਖਿਆ ਮੰਤਰੀ ਦੇ ਪਿੰਡ ਮਲੂਕਾ ਵਿੱਚ ਧਰਨਾ ਦਿੱਤਾ, ਜਿਥੋਂ ਪੁਲੀਸ ਨੇ ਸਵੇਰੇ ਕਰੀਬ 10 ਵਜੇ ਮੁੜ ਉਨ੍ਹਾਂ ਨੂੰ ਚੁੱਕ ਲਿਆ।

No comments:

Post a Comment