ਢੇਰ ਹੋਇਆ
ਕਪਾਹ ਪੱਟੀ ਦਾ ਸਿਕੰਦਰ ਚਰਨਜੀਤ ਭੁੱਲਰ
ਬਠਿੰਡਾ : ਹੁਣ ਉਹ
ਵੇਲਾ ਨਹੀਂ ਰਿਹਾ ਜਦੋਂ ਪੈਲੀ ਵਿੱਚ ਖੜ੍ਹਾ ਕਿਸਾਨ ਹੱਸਦਾ ਸੀ ਤਾਂ ਨਰਮੇ/ਕਪਾਹ ਦੇ ਫੁੱਲ
ਆਪ ਮੁਹਾਰੇ ਖਿੜ ਜਾਂਦੇ ਸਨ। ਖੇਤਾਂ ਵਿੱਚ ਏਨੀ ਬਰਕਤ ਸੀ ਤੇ ਕਿਸਾਨਾਂ ਵਿੱਚ ਸਿਰੜ।
ਅਮਰੀਕੀ ਨਰਮੇ ਤੇ ਦੇਸੀ ਕਪਾਹ ਨਾਲ ਲੱਦੇ ਖੇਤ, ਖੇਤਾਂ ਵਿੱਚ ਕਪਾਹ ਚੁਗਦੀਆਂ ਔਰਤਾਂ ਦਾ
ਹਾਸਾ ਠੱਠਾ, ਮੰਡੀਆਂ ਵਿੱਚ ਦੂਰੋਂ ਦਿਖਦੇ ਕਪਾਹਾਂ ਦੇ ਢੇਰ, ਪਿੰਡਾਂ ਵਿੱਚ ਪੇਂਜਿਆਂ ਦਾ
ਰੌਲਾ, ਐਨਕਾਂ ਉਪਰੋਂ ਦੀ ਲਲਚਾਈਆਂ ਨਜ਼ਰਾਂ ਨਾਲ ਕਿਸਾਨਾਂ ਨੂੰ ਤੱਕਦੇ ਸ਼ਾਹੂਕਾਰ,
ਖ਼ੁਸ਼ੀਆਂ ਦੇ ਰੰਗ ਵਿੱਚ ਰੰਗੀ ਦੀਵਾਲ਼ੀ। ਇਹ ਪੰਜਾਬ ਦੀ ਕਪਾਹ ਪੱਟੀ ਦੇ ਉਨ੍ਹਾਂ ਦਿਨਾਂ ਦੀ
ਤਸਵੀਰ ਹੈ ਜਦੋਂ ਕਪਾਹ ਦੇ ਫੁੱਟਾਂ ਨੇ ਇਸ ਧਰਤੀ ਨੂੰ 'ਚਿੱਟੇ ਸੋਨੇ ਦੀ ਧਰਤੀ' ਹੋਣ ਦਾ
ਮਾਣ ਬਖ਼ਸ਼ਿਆ ਸੀ। ਨਰਮੇ/ਕਪਾਹ ਦੀਆਂ ਪੰਡਾਂ ਜਦੋਂ ਸਬ੍ਹਾਤਾਂ ਦਾ ਸਾਹ ਬੰਦ ਕਰ
ਦਿੰਦੀਆਂ ਤਾਂ ਕਿਸਾਨਾਂ ਦੇ ਨਿਆਣੇ ਸਿਆਣੇ ਵੀ ਗਦ-ਗਦ ਹੋ ਉੱਠਦੇ। ਸੱਚਮੁੱਚ ਕਿਸਾਨਾਂ ਲਈ
ਨਰਮਾ/ਕਪਾਹ ਚਿੱਟਾ ਸੋਨਾ ਸੀ ਜਿਸ ਦੀ ਰਹਿਮਤ ਨੇ ਸਮੁੱਚੇ ਅਰਥਚਾਰੇ ਨੂੰ ਇੱਕ ਤਾਲ ਵਿੱਚ
ਬੰਨ੍ਹਿਆ ਹੋਇਆ ਸੀ। ਉਦੋਂ ਨਾ ਪਦਾਰਥਵਾਦ ਭਾਰੂ ਸੀ ਤੇ ਨਾ ਹੀ ਸ਼ਾਹੂਕਾਰਾਂ ਨੂੰ ਕਦੇ
ਕਿਸਾਨ ਬਿਗਾਨਾ ਲੱਗਿਆ ਸੀ। ਬੈਂਕਾਂ ਦੇ ਮੂੰਹ ਵੇਖਣ ਦੀ ਬਹੁਤੀ ਲੋੜ ਹੀ ਨਹੀਂ ਸੀ।
ਚਿੱਟੇ ਸੋਨੇ ਨਾਲ ਲੱਦੇ ਖੇਤਾਂ 'ਚੋਂ ਵਗਦੀ ਹਵਾ ਪਿੰਡ ਦੀ ਆਬੋ ਹਵਾ ਨੂੰ ਵੀ ਖ਼ਾਲਸ ਕਰ
ਦਿੰਦੀ ਸੀ। ਭਾਅ ਥੋੜ੍ਹੇ ਸਨ, ਫਿਰ ਵੀ ਕਿਸਾਨਾਂ ਦਾ ਜਿਗਰਾ ਵੱਡਾ ਸੀ। ਕਿਸਾਨਾਂ ਨੂੰ
ਚਾਰ ਛਿੱਲੜ ਚਿੱਟੇ ਸੋਨੇ 'ਚੋਂ ਹੀ ਬਚਦੇ ਸਨ। ਲੱਦੇ ਹੋਏ ਖੇਤ ਭਾਈਚਾਰੇ ਦੀ ਜੜ੍ਹ ਨੂੰ
ਵੀ ਮਿੱਟੀ ਲਾਉਂਦੇ ਸਨ ਤੇ ਹਕੂਮਤਾਂ ਵਾਲੇ ਉਦੋਂ ਜੜ੍ਹਾਂ ਨੂੰ ਤੇਲ ਨਹੀਂ,
ਥੋੜ੍ਹਾ-ਬਹੁਤਾ ਪਾਣੀ ਵੀ ਦਿੰਦੇ ਸਨ। ਹਰੀ ਕ੍ਰਾਂਤੀ ਨੇ ਵੀ ਉਦੋਂ ਖੇਤੀ ਅਰਥਚਾਰੇ ਨੂੰ
ਹਲੂਣਾ ਦਿੱਤਾ।
ਆਓ, ਕਪਾਹ ਪੱਟੀ ਦੇ ਸੁਨਹਿਰੀ ਯੁੱਗ ਤੋਂ ਅਗਾਂਹ ਲੰਘ ਕੇ ਆਧੁਨਿਕ
ਰੁੱਤ ਦੇ ਵਲ-ਵਲੇਵੇਂ ਦੇਖੀਏ। ਇਨ੍ਹਾਂ ਵਲ਼ੇਵਿਆਂ ਦਾ ਪ੍ਰਤਾਪ ਹੈ ਕਿ ਦੇਸੀ ਕਪਾਹ ਦੀ ਥਾਂ
ਪਹਿਲਾਂ ਅਮਰੀਕੀ ਨਰਮਾ ਤੇ ਹੁਣ ਬੀ.ਟੀ ਨਰਮਾ ਹੈ, ਜ਼ਹਿਰਾਂ ਨੇ ਇਕੱਲੀ ਪੈਲੀ ਦੀ ਜਾਨ ਹੀ
ਨਹੀਂ ਲਈ, ਖੇਤਾਂ ਦੇ ਰਾਖਿਆਂ ਦੀ ਜਾਨ ਵੀ ਕੱਢੀ ਹੈ। ਲੇਲ੍ਹੜੀਆਂ ਕੱਢਦੇ ਕਿਸਾਨ ਹੁਣ
ਸ਼ਾਹੂਕਾਰਾਂ ਤੋਂ ਜ਼ਿੰਦਗੀ ਮੰਗਦੇ ਹਨ। ਕਿਸਾਨ ਘਰਾਂ ਵਿੱਚ ਹੁਣ ਡਾਕੀਆ ਨਹੀਂ, ਬੈਂਕਾਂ ਦੇ
ਨੋਟਿਸ ਆਉਂਦੇ ਹਨ। ਜਿਨ੍ਹਾਂ ਖੇਤਾਂ ਨੇ ਵਿਹੜਿਆਂ ਵਿੱਚ ਟਰੈਕਟਰ ਖੜ੍ਹੇ ਕੀਤੇ ਸਨ,
ਉਨ੍ਹਾਂ ਖੇਤਾਂ ਨੇ ਹੀ ਵਿਹੜੇ ਖਾਲੀ ਕਰ ਦਿੱਤੇ ਹਨ। ਚਿੱਟੀਆਂ ਕਪਾਹ ਦੀਆਂ ਫੁੱਟੀਆਂ
ਚੁਗਣ ਵਾਲੀ ਹੁਣ ਸੁਆਣੀ ਨਹੀਂ ਰਹੀ, ਉਹ ਤਾਂ ਵਿਧਵਾ ਬਣ ਗਈ ਹੈ। 'ਜੈ ਜਵਾਨ ਜੈ ਕਿਸਾਨ'
ਦਾ ਨਾਅਰਾ ਦੇਣ ਵਾਲਾ ਵੀ ਤੁਰ ਗਿਆ ਹੈ, ਇਹ ਵਿਧਵਾ ਹੁਣ ਉਲਾਂਭਾ ਵੀ ਕਿਸ ਨੂੰ ਦੇਵੇ? ਸਮੇਂ
ਦੇ ਹਾਕਮ ਹੁਣ ਕਪਾਹ ਪੱਟੀ ਵਿੱਚ ਵਿਛੇ ਸੱਥਰਾਂ 'ਚੋਂ ਵੋਟਾਂ ਤਲਾਸ਼ਦੇ ਹਨ। ਕੋਈ ਕਿਸਾਨ
ਖ਼ੁਦਕਸ਼ੀ ਦੇ ਰਾਹ ਹੀ ਕਿਉਂ ਪਵੇ, ਏਦਾਂ ਦੀ ਸਰਕਾਰੀ ਨੀਤੀ ਅਤੇ ਨੀਅਤ ਨਹੀਂ ਬਣ ਰਹੀ।
ਤੁਸੀਂ ਖ਼ੁਦਕਸ਼ੀ ਕਰੋ, ਅਸੀਂ ਮੁਆਵਜ਼ਾ ਦਿਆਂਗੇ, ਇਹ ਗੁਪਤ ਨਾਅਰਾ ਲਾਉਂਦੇ ਜਾਪਦੇ ਨੇ ਵਕਤ
ਦੇ ਨੇਤਾ। ਵਿਧਵਾਵਾਂ ਦੇ ਜ਼ਖ਼ਮ ਭਰਨ ਵਾਸਤੇ ਇਹ ਮੁਆਵਜ਼ਾ ਕਿਹੜਾ ਸੌਖਾ ਮਿਲਦਾ ਹੈ? ਕਿਸਾਨ
ਧਿਰਾਂ ਨੂੰ ਇਨ੍ਹਾਂ ਵਿਧਵਾਵਾਂ ਦੇ ਇਕੱਠ ਕਰਨੇ ਪੈਂਦੇ ਹਨ ਤਾਂ ਜੋ ਸਰਕਾਰ ਦੀ ਗੁਆਚੀ
ਯਾਦ ਮੁੜ ਵਾਪਸ ਆ ਜਾਏ। ਰਹਿੰਦੀ ਕਸਰ ਕਪਾਹ ਪੱਟੀ ਵਿੱਚ ਕੈਂਸਰ ਨੇ ਕੱਢ ਦਿੱਤੀ ਹੈ। ਜੋ
ਖੇਤਾਂ ਤੋਂ ਸੰਭਲੇ, ਉਹ ਕੈਂਸਰ ਨੇ ਦਬੋਚ ਲਏ। ਸਰਕਾਰ ਨੇ ਕੈਂਸਰ ਦੀ ਬੀਮਾਰੀ ਦੇ ਲੱਛਣ
ਨਹੀਂ ਲੱਭੇ, ਹੱਲ ਨਹੀਂ ਤਲਾਸ਼ੇ, ਕੈਂਸਰ ਰਾਹਤ ਫੰਡ ਕਾਇਮ ਕਰ ਦਿੱਤਾ, ਜੋ ਉਦੋਂ ਮਿਲਦਾ
ਹੈ ਜਦੋਂ ਆਦਮੀ ਚਲਾ ਜਾਂਦਾ ਹੈ।
ਪੰਜਾਬ ਦੀ ਕਪਾਹ ਪੱਟੀ ਦੇ ਤੱਥਾਂ 'ਤੇ ਇੱਕ ਨਜ਼ਰ
ਮਾਰੀਏ ਤਾਂ ਪੰਜਾਬ ਦੀ ਰੇਤਲੀ ਧਰਤੀ 'ਤੇ ਬੰਗਾਲ ਦੇਸੀ ਕਪਾਹ ਦੀ ਹੀ ਸਰਦਾਰੀ ਹੁੰਦੀ ਸੀ।
ਸਾਲ 1905 ਵਿੱਚ ਅਮਰੀਕੀ ਕਾਟਨ ਆਈ ਪਰ ਕਿਸਾਨਾਂ ਦਾ ਰੁਖ਼ ਬੰਗਾਲ ਦੇਸੀ ਵੱਲ ਹੀ ਰਿਹਾ।
ਜਦੋਂ ਨਰਮੇ ਨੇ ਦੇਸੀ ਕਪਾਹ ਨੂੰ ਪਿਛਾਂਹ ਛੱਡ ਦਿੱਤਾ ਤਾਂ ਪੰਜਾਬ ਵਿੱਚ ਉਦੋਂ ਸੰਨ
1972-73 'ਚ ਚਿੱਟੇ ਸੋਨੇ ਦੇ ਸੁਨਹਿਰੀ ਯੁੱਗ ਦਾ ਮੁੱਢ ਬੱਝਿਆ ਅਤੇ ਸਾਲ 1992-93 ਤਕ
ਇਨ੍ਹਾਂ ਸੁਨਹਿਰੀ ਦਿਨਾਂ ਨੇ ਕਿਸਾਨਾਂ ਦੇ ਘਰਾਂ ਤੇ ਖੇਤਾਂ ਨੂੰ ਭਾਗ ਲਾਈ ਰੱਖੇ। ਸੰਨ
1972 ਵਿੱਚ ਦੇਸੀ ਕਪਾਹ ਹੇਠ 2.71 ਲੱਖ ਹੈਕਟੇਅਰ ਰਕਬਾ ਸੀ ਜਦੋਂਕਿ ਨਰਮੇ ਹੇਠ ਰਕਬਾ
2.35 ਲੱਖ ਹੈਕਟੇਅਰ ਸੀ। ਉਸ ਮਗਰੋਂ ਬੰਗਾਲ ਦੇਸੀ ਦੇ ਮਾੜੇ ਦਿਨਾਂ ਦੀ ਸ਼ੁਰੂਆਤ ਹੋ ਗਈ।
ਸੰਨ 1984-85 ਵਿੱਚ ਨਰਮੇ ਹੇਠ ਰਕਬਾ ਪੰਜਾਬ ਵਿੱਚ 4.09 ਲੱਖ ਹੈਕਟੇਅਰ ਹੋ ਗਿਆ ਜਦੋਂਕਿ
ਦੇਸੀ ਕਪਾਹ ਹੇਠ ਰਕਬਾ ਸਿਰਫ਼ 63 ਹਜ਼ਾਰ ਹੈਕਟੇਅਰ ਹੀ ਰਹਿ ਗਿਆ। ਸਾਲ 1988-89 ਵਿੱਚ
ਦੇਸੀ ਕਪਾਹ ਦਾ ਰਕਬਾ ਹੋਰ ਘਟ ਕੇ 57 ਹਜ਼ਾਰ ਹੈਕਟੇਅਰ ਰਹਿ ਗਿਆ ਜਦੋਂਕਿ ਨਰਮੇ ਹੇਠ ਰਕਬਾ
7 ਲੱਖ ਹੈਕਟੇਅਰ ਹੋ ਗਿਆ ਸੀ। ਸੁਨਹਿਰੀ ਯੁੱਗ ਦੇ ਦੋ ਦਹਾਕਿਆਂ ਦੌਰਾਨ ਕਿਸਾਨਾਂ ਦੇ
ਜੀਵਨ ਪੱਧਰ ਵਿੱਚ ਸੁਧਾਰ ਹੋਇਆ। ਜਦੋਂ ਅਮਰੀਕੀ ਨਰਮੇ ਪਿੱਛੇ ਅਮਰੀਕਨ ਸੁੰਡੀ ਪੈ ਗਈ
ਤਾਂ ਉਦੋਂ ਹੀ ਕਪਾਹ ਪੱਟੀ ਦੇ ਚੰਗੇ ਦਿਨ ਪੁੱਗਣ ਲੱਗ ਪਏ। ਸਾਲ 1992-93 ਵਿੱਚ ਆਈ ਇਸ
ਸੁੰਡੀ ਨੇ ਕਿਸਾਨਾਂ ਨੂੰ ਕਰਜ਼ਾਈ ਕਰ ਦਿੱਤਾ, ਕਰਜ਼ੇ ਨੇ ਕਿਸਾਨਾਂ ਨੂੰ ਖ਼ੁਦਕਸ਼ੀ ਦੇ ਰਾਹ
ਤੋਰ ਦਿੱਤਾ ਅਤੇ ਇਸੇ ਨੇ ਸ਼ਾਹੂਕਾਰਾਂ ਦੇ ਮੁਨਾਫ਼ੇ ਦਾ ਰਾਹ ਖੋਲ੍ਹ ਦਿੱਤਾ। ਸਾਲ 1996-97
ਦੌਰਾਨ ਹੁਣ ਤਕ ਸਭ ਤੋਂ ਵੱਧ ਰਕਬਾ ਨਰਮੇ/ਕਪਾਹ ਹੇਠ 7.42 ਲੱਖ ਹੈਕਟੇਅਰ ਸੀ। ਕਿਸਾਨ
ਪੂਰਾ ਇੱਕ ਦਹਾਕਾ ਅਮਰੀਕਨ ਸੁੰਡੀ ਨੂੰ ਮਾਰਦਾ-ਮਾਰਦਾ ਖ਼ੁਦ ਮਰ ਗਿਆ। ਸਰੀਰਕ ਤੌਰ 'ਤੇ ਵੀ
ਅਤੇ ਸਮਾਜਿਕ ਤੌਰ 'ਤੇ ਵੀ। ਪੰਜਾਬ ਦਾ ਕਿਸਾਨ ਸ਼ਾਹੂਕਾਰਾਂ ਕੋਲ ਜਾ ਕੇ ਨੱਕ ਰਗੜਨ
ਲੱਗਿਆ। ਉਪਰੋਂ ਸਰਕਾਰਾਂ, ਕਿਸਾਨਾਂ ਤੇ ਸੁੰਡੀ ਦੇ ਆਪਸੀ ਘੋਲ ਨੂੰ ਚੁੱਪ-ਚਾਪ ਦੇਖਦੀਆਂ
ਰਹੀਆਂ।
ਕਪਾਹ ਪੱਟੀ ਦੇ ਕਿਸਾਨਾਂ ਲਈ ਸਾਲ 1997 ਤੋਂ 2002 ਤਕ ਦਾ ਸਮਾਂ ਸਭ ਤੋਂ
ਮਾੜਾ ਰਿਹਾ। ਇਸ ਸਮੇਂ ਵਿੱਚ ਹੀ ਕਿਸਾਨ ਘਰਾਂ ਦੇ ਕਮਾਊ ਜੀਆਂ ਦੇ ਸਿਵੇ ਬਲਣ ਲੱਗੇ। ਇੱਕ
ਪਿੰਡੋਂ ਖ਼ਬਰ ਆਉਂਦੀ, ਪਿਆਰਾ ਸਿਓਂ ਦੀ ਲਾਸ਼ ਨੂੰ ਖੇਤਾਂ ਵਿੱਚ ਹੀ ਕੁੱਤਿਆਂ ਨੇ ਨੋਚ
ਲਿਆ, ਦੂਜੇ ਪਿੰਡੋਂ ਖ਼ਬਰ ਆਉਂਦੀ, ਰਾਤ ਵਾਲੀ ਗੱਡੀ ਅੱਗੇ ਕੁੱਦ ਕੇ ਦਿਆਲ ਸਿਓਂ ਨੇ ਜਾਨ
ਦੇ ਦਿੱਤੀ, ਤੀਜੇ ਪਿੰਡ ਗੁਰੂ ਘਰ 'ਚੋਂ ਹੋਕਾ ਸੁਣਦਾ: ਭਾਈ, ਪਾਲਾ ਸਿਓਂ ਦੇ ਜਵਾਨ
ਮੁੰਡੇ ਦੇ ਸਸਕਾਰ ਦੀ ਤਿਆਰੀ ਹੈ। ਸੱਥਰਾਂ ਵਿੱਚ ਕਿਤੇ ਸ਼ਾਹੂਕਾਰਾਂ ਦੇ ਦਬਕੇ ਤੇ ਕਿਤੇ
ਬੈਂਕ ਅਫ਼ਸਰਾਂ ਵੱਲੋਂ ਜੇਲ੍ਹ ਭਿਜਵਾਉਣ ਦੀ ਧਮਕੀ ਦੀ ਗੱਲ ਹੁੰਦੀ ਸੀ। ਸਾਲ 2000-2001
ਵਿੱਚ ਤਾਂ ਨਰਮੇ/ਕਪਾਹ ਹੇਠਲਾ ਰਕਬਾ ਘਟ ਕੇ ਸਿਰਫ਼ 3.58 ਲੱਖ ਹੈਕਟੇਅਰ ਹੀ ਰਹਿ ਗਿਆ ਸੀ।
ਕਿਸਾਨਾਂ ਨੇ ਖੇਤਾਂ ਦੇ ਸੋਨੇ ਨੂੰ ਬਚਾਉਣ ਲਈ ਲੋੜੋਂ ਵੱਧ ਸਪਰੇਆਂ ਵੀ ਕੀਤੀਆਂ। ਖ਼ਰਚੇ
ਵੱਧਦੇ ਗਏ ਪਰ ਫ਼ਸਲਾਂ ਵਿੱਚ ਖ਼ਰਚੇ ਕੱਢਣ ਦੀ ਤਾਕਤ ਨਾ ਰਹੀ। ਹਰ ਵਰ੍ਹੇ ਇੱਕ ਨਵੀਂ ਉਮੀਦ
ਨਾਲ ਕਿਸਾਨਾਂ ਨੇ ਕਰਜ਼ੇ ਚੁੱਕ ਕੇ ਫ਼ਸਲਾਂ ਬਚਾਉਣ ਦਾ ਹੀਲਾ ਕਰਨਾ ਸ਼ੁਰੂ ਕੀਤਾ। ਬਹੁਕੌਮੀ
ਕੰਪਨੀਆਂ ਨੇ ਮੌਕੇ ਦਾ ਲਾਹਾ ਲੈ ਕੇ ਪੰਜਾਬ ਵਿੱਚ ਕਰੋੜਾਂ ਰੁਪਏ ਦੀ ਕੀਟਨਾਸ਼ਕ ਖਪਾ
ਦਿੱਤੀ। ਇੱਥੋਂ ਤਕ ਕਿ ਕੀਟਨਾਸ਼ਕਾਂ ਦੇ ਗੋਦਾਮ ਹੀ ਕੰਪਨੀਆਂ ਨੇ ਬਠਿੰਡੇ ਵਿੱਚ ਖੋਲ੍ਹ
ਲਏ। ਸ਼ਾਹੂਕਾਰਾਂ ਦੀ ਵਿਆਜ ਦਰ ਵੀ ਅਮਰਵੇਲ ਵਾਂਗ ਵਧ ਗਈ। ਇਹ ਉਹੋ ਸਮਾਂ ਸੀ ਜਦੋਂ ਕਪਾਹ
ਪੱਟੀ ਦੇ ਕਿਸਾਨਾਂ ਨੇ ਕਿਧਰੋਂ ਕਰਜ਼ਾ ਨਾ ਮਿਲਦਾ ਦੇਖ ਕੇ ਨਵੇਂ ਟਰੈਕਟਰ ਏਜੰਸੀਆਂ 'ਚੋਂ
ਕਢਵਾਉਣੇ ਸ਼ੁਰੂ ਕੀਤੇ। ਏਜੰਸੀ 'ਚੋਂ ਨਿਕਲਦੇ ਹੀ ਘਾਟੇ ਪਾ ਕੇ ਵੇਚ ਦਿੱਤੇ ਤਾਂ ਜੋ ਬੂਹੇ
ਬੈਠੀ ਧੀ ਦੇ ਹੱਥ ਪੀਲੇ ਕੀਤੇ ਜਾ ਸਕਣ। ਇਨ੍ਹਾਂ ਦਿਨਾਂ ਵਿੱਚ ਹੀ ਮਾਲਵਾ ਖ਼ਿੱਤੇ ਵਿੱਚ
ਟਰੈਕਟਰ ਮੰਡੀਆਂ ਦਾ ਜਨਮ ਹੋਇਆ।
ਹੁਣ ਕਿਸਾਨ ਪਰਿਵਾਰਾਂ ਦੇ ਜੀਅ ਵੀ ਸ਼ਹਿਰਾਂ ਦੇ ਲੇਬਰ
ਚੌਕਾਂ ਵਿੱਚ ਖੜ੍ਹਨ ਲਈ ਮਜਬੂਰ ਹਨ। ਸਰਕਾਰ ਦੇ ਨੇੜਲਿਆਂ ਨੇ ਵੀ ਘਟੀਆਂ ਕੀਟਨਾਸ਼ਕ
ਬਾਜ਼ਾਰਾਂ ਵਿੱਚ ਸੁੱਟ ਦਿੱਤੇ। ਸਭਨਾਂ ਨੇ ਇਸ ਵਹਿੰਦੀ ਗੰਗਾ ਵਿੱਚ ਖੁੱਲ੍ਹ ਕੇ ਹੱਥ ਧੋਤੇ
ਪਰ ਕਪਾਹ ਪੱਟੀ ਦਾ ਸਿਕੰਦਰ ਤੜਫ਼ਦਾ ਰਿਹਾ। ਸਰਦੇ-ਪੁੱਜਦੇ ਕਿਸਾਨਾਂ ਨੇ ਤਾਂ ਝੋਨੇ ਦੀ
ਬਿਜਾਈ ਵੱਲ ਮੂੰਹ ਕਰ ਲਏ ਪਰ ਛੋਟੀ ਤੇ ਦਰਮਿਆਨੀ ਕਿਸਾਨੀ ਨਰਮੇ/ਕਪਾਹ ਨਾਲ ਹੀ ਦੋ ਚਾਰ
ਹੁੰਦੀ ਰਹੀ। ਕਪਾਹ ਪੱਟੀ ਵਿੱਚ ਇਸ ਵੇਲੇ ਢਾਈ ਸੌ ਦੇ ਕਰੀਬ ਕਪਾਹ ਮਿੱਲਾਂ ਅਤੇ ਤਕਰੀਬਨ
ਦੋ ਦਰਜਨ ਕਪਾਹ ਮੰਡੀਆਂ ਹਨ। ਸੁਨਹਿਰੀ ਦਿਨਾਂ ਵਿੱਚ ਸਹਿਕਾਰੀ ਖੇਤਰ 'ਚ ਕਈ ਧਾਗਾ
ਮਿੱਲਾਂ ਵੀ ਸਨ ਜੋ ਹੁਣ ਬੰਦ ਹੋ ਗਈਆਂ ਹਨ। ਮਾੜੇ ਦਿਨਾਂ ਵਿੱਚ ਤਾਂ ਬਹੁਤੀਆਂ ਕਪਾਹ
ਮਿੱਲਾਂ ਵੀ ਰਾਈਸ ਸ਼ੈੱਲਰਾਂ ਵਿੱਚ ਤਬਦੀਲ ਹੋ ਗਈਆਂ ਸਨ। ਬੀ ਟੀ ਨਰਮੇ ਮਗਰੋਂ ਮੁੜ
ਨਰਮਾ/ਕਪਾਹ ਆਧਾਰਿਤ ਸਨਅਤ ਕਾਫ਼ੀ ਹੁਲਾਰੇ ਵਿੱਚ ਹੈ। ਨਰਮੇ/ਕਪਾਹ ਦੇ ਵਪਾਰ ਨਾਲ ਦਹਾਕਿਆਂ
ਤੋਂ ਜੁੜੇ ਅਸ਼ੋਕ ਕਪੂਰ ਦਾ ਕਹਿਣਾ ਸੀ ਕਿ ਇਸ ਵੇਲੇ ਸਥਾਨਕ ਸਨਅਤਾਂ ਵਿੱਚ 50 ਲੱਖ
ਗੱਠਾਂ ਦੀ ਖਪਤ ਹੈ ਜਦੋਂਕਿ ਪੈਦਾਵਾਰ 20 ਲੱਖ ਗੱਠਾਂ ਤੋਂ ਥੱਲੇ ਹੈ ਜਿਸ ਕਰਕੇ ਇਸ ਸਨਅਤ
ਨੂੰ ਬਾਹਰੋਂ ਕੱਚਾ ਮਾਲ ਮੰਗਵਾਉਣਾ ਪੈਂਦਾ ਹੈ।
ਬੀ ਟੀ ਨਰਮੇ ਨੇ ਢਾਰਸ ਦਿੱਤਾ
ਪੰਜਾਬ ਸਰਕਾਰ ਨੇ ਬੀ ਟੀ ਨਰਮੇ ਨੂੰ ਸਾਲ 2005 ਵਿੱਚ ਪ੍ਰਵਾਨਗੀ ਦੇ ਦਿੱਤੀ ਸੀ ਪਰ
ਕਿਸਾਨ ਉਸ ਤੋਂ ਪਹਿਲਾਂ ਹੀ ਗੁਜਰਾਤ ਤੋਂ ਸਾਲ 2001 ਵਿੱਚ ਬੀ ਟੀ ਕਾਟਨ ਲਿਆਉਣ ਲੱਗ ਪਏ
ਸਨ। ਬੀ ਟੀ ਕਾਟਨ ਕਿੰਨਾਂ ਸਮਾਂ ਕਿਸਾਨਾਂ ਦੀ ਬਾਂਹ ਫੜੇਗੀ, ਇਹ ਵੱਖਰਾ ਮੁੱਦਾ ਹੈ ਪਰ
ਇਸ ਵੇਲੇ ਇਸ ਨੇ ਕਿਸਾਨਾਂ ਨੂੰ ਚਾਰ ਬੰਦਿਆਂ ਵਿੱਚ ਖੜ੍ਹਨ ਜੋਗਾ ਕਰ ਦਿੱਤਾ ਹੈ। ਮਾਲੀ
ਹਾਲਤ ਵਿੱਚ ਬਹੁਤਾ ਸੁਧਾਰ ਨਹੀਂ ਹੋਇਆ। ਜਿਣਸਾਂ ਦੇ ਭਾਅ ਅੱਜ ਵੀ ਕਿਸਾਨਾਂ ਦੇ ਮੁੜ੍ਹਕੇ
ਦੇ ਹਾਣ ਦੇ ਨਹੀਂ ਹਨ। ਉਪਰੋਂ ਕੁਦਰਤ ਦੀ ਮਾਰ ਵੀ ਕਿਸਾਨਾਂ ਨੂੰ ਪੁਰਾਣੇ ਦਿਨਾਂ ਦਾ
ਚੇਤਾ ਕਰਾ ਦਿੰਦੀ ਹੈ। ਕਾਟਨ ਸਲਾਹਕਾਰ ਬੋਰਡ ਦੇ ਅੰਕੜੇ ਹਨ ਕਿ ਸਾਲ 2000-2001 ਵਿੱਚ
ਪੰਜਾਬ 'ਚ ਨਰਮੇ/ਕਪਾਹ ਹੇਠ ਰਕਬਾ 4.74 ਲੱਖ ਹੈਕਟੇਅਰ ਸੀ ਅਤੇ ਪੈਦਾਵਾਰ 9.50 ਲੱਖ
ਗੱਠਾਂ ਦੀ ਸੀ।
ਚਾਲੂ ਸੀਜ਼ਨ ਦੌਰਾਨ ਪੰਜਾਬ ਵਿੱਚ ਨਰਮੇ/ਕਪਾਹ ਰਕਬਾ 5.05 ਲੱਖ
ਹੈਕਟੇਅਰ ਹੈ ਅਤੇ 20 ਲੱਖ ਗੱਠਾਂ ਦੀ ਪੈਦਾਵਾਰ ਦਾ ਅੰਦਾਜ਼ਾ ਹੈ। ਪਿਛਲੇ ਸਾਲ ਇਹ ਰਕਬਾ
5.16 ਲੱਖ ਹੈਕਟੇਅਰ ਸੀ ਅਤੇ ਪੈਦਾਵਾਰ 18 ਲੱਖ ਗੱਠਾਂ ਦੀ ਸੀ। ਸਾਲ 2009-10 ਵਿੱਚ
ਰਕਬਾ 5.11 ਲੱਖ ਹੈਕਟੇਅਰ ਸੀ ਅਤੇ ਪੈਦਾਵਾਰ 13 ਲੱਖ ਗੱਠਾਂ ਦੀ ਸੀ। ਐਤਕੀਂ ਸਰਕਾਰੀ
ਭਾਅ 4675 ਰੁਪਏ ਮਿੱਥਿਆ ਗਿਆ ਹੈ ਅਤੇ ਮੰਡੀਆਂ ਵਿੱਚ ਫ਼ਸਲ 5000 ਰੁਪਏ ਪ੍ਰਤੀ ਕੁਇੰਟਲ
ਤਕ ਵਿਕ ਰਹੀ ਹੈ। ਪਿਛਲੇ ਵਰ੍ਹੇ ਭਾਅ ਦੇ ਮਾਮਲੇ 'ਤੇ ਕਿਸਾਨਾਂ ਨੂੰ ਠਿੱਬੀ ਲਾ ਦਿੱਤੀ
ਅਤੇ ਦੋ ਵਰ੍ਹੇ ਪਹਿਲਾਂ ਭਾਅ ਸੱਤ ਹਜ਼ਾਰ ਰੁਪਏ ਤਕ ਚਲਾ ਗਿਆ ਸੀ। ਕਿਸਾਨ ਧਿਰਾਂ ਵੀ
ਜਿਣਸਾਂ ਦੇ ਭਾਅ ਦੇ ਮੁੱਦੇ 'ਤੇ ਸੰਘਰਸ਼ ਕਰ ਰਹੀਆਂ ਹਨ। ਪੁਰਾਣੇ ਕਰਜ਼ਿਆਂ ਨੇ ਬਹੁਤੇ
ਕਿਸਾਨਾਂ ਨੂੰ ਤਾਂ ਖੇਤਾਂ 'ਚੋਂ ਵੀ ਬਾਹਰ ਕਰ ਦਿੱਤਾ ਹੈ।
ਕੋਈ ਸਮਾਂ ਸੀ ਜਦੋਂ
ਆੜ੍ਹਤੀਏ ਆਪਣਾ ਪੈਸਾ ਜ਼ਮੀਨਾਂ ਵਿੱਚ ਨਹੀਂ ਲਾਉਂਦੇ ਸਨ। ਹੁਣ ਤਾਂ ਪਿੰਡ-ਪਿੰਡ
ਸ਼ਾਹੂਕਾਰਾਂ ਦੇ ਨਾਮ 'ਤੇ ਖੇਤ ਬੋਲਦੇ ਹਨ। ਜਦੋਂ ਤੋਂ ਪੰਜਾਬ ਵਿੱਚ ਜ਼ਮੀਨਾਂ ਦੇ ਭਾਅ
ਚੜ੍ਹੇ ਹਨ, ਬਹੁਤੇ ਕਿਸਾਨਾਂ ਨੇ ਜ਼ਮੀਨਾਂ ਵੇਚ ਕੇ ਕਰਜ਼ੇ ਤੋਂ ਮੁਕਤੀ ਵੀ ਲਈ ਹੈ। ਛੋਟੀ
ਕਿਸਾਨੀ ਦੇ ਦੁੱਖ ਫਿਰ ਵੀ ਘਟੇ ਨਹੀਂ। ਟੁੱਟੇ ਹੋਏ ਸਿਕੰਦਰਾਂ ਦੇ ਪਰਿਵਾਰ ਹੁਣ ਰੁਲ ਰਹੇ
ਹਨ। ਖ਼ਾਸ ਕਰਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ
ਕਰਜ਼ੇ ਤੇ ਖ਼ੁਦਕਸ਼ੀ ਦੇ ਮਾਮਲੇ 'ਤੇ ਦਬਾਓ ਬਣਾਇਆ ਹੋਇਆ ਹੈ। ਦੂਜੇ ਪਾਸੇ ਬੀ ਟੀ ਨਰਮੇ ਦੇ
ਜ਼ਮਾਨੇ ਵਿੱਚ ਹੁਣ ਵੀ ਬਹੁਕੌਮੀ ਕੰਪਨੀਆਂ ਦੇ ਖ਼ਜ਼ਾਨੇ ਭਰਪੂਰ ਹਨ। ਕੀਟਨਾਸ਼ਕ ਵੇਚਣ ਵਾਲੀਆਂ
ਕੰਪਨੀਆਂ ਹੀ ਹੁਣ ਬੀ ਟੀ ਬੀਜ ਦਾ ਕਾਰੋਬਾਰ ਕਰਨ ਲੱਗੀਆਂ ਹਨ। ਕੁਝ ਧਿਰਾਂ ਵੱਲੋਂ
ਕਿਸਾਨਾਂ ਨੂੰ ਚੇਤੰਨ ਵੀ ਕੀਤਾ ਜਾ ਰਿਹਾ ਹੈ ਕਿ ਬੀ ਟੀ ਬਹੁਤੀ ਦੇਰ ਦਾ ਪ੍ਰਾਹੁਣਾ ਨਹੀਂ
ਹੈ। ਦੇਰ ਸਵੇਰ ਰੰਗ ਦਿਖਾਏਗਾ ਹੀ।
ਅਵੇਸਲੀ ਰਹੀ ਸਰਕਾਰ
ਕੇਂਦਰ ਸਰਕਾਰ ਦੀ
ਮਹਿੰਗਾਈ ਨੇ ਕਿਸਾਨ ਮਾਰ ਦਿੱਤਾ ਹੈ ਤੇ ਉਪਰੋਂ ਜਿਣਸਾਂ ਦੇ ਬਣਦੇ ਭਾਅ ਨਾ ਦੇਣ ਕਰਕੇ
ਕਿਸਾਨਾਂ ਦੀ ਅੱਖ ਵਿੱਚ ਦਿੱਲੀ ਹਮੇਸ਼ਾਂ ਰੜਕਦੀ ਰਹਿੰਦੀ ਹੈ। ਜਦੋਂ ਕਪਾਹ ਪੱਟੀ ਦੇ ਮਾੜੇ
ਦਿਨ ਸਨ ਤਾਂ ਉਦੋਂ ਸਰਕਾਰ ਨੇ ਖੇਤੀ ਨੂੰ ਠੁੰਮ੍ਹਣਾ ਦੇਣ ਲਈ ਕੀ ਉਪਰਾਲਾ ਕੀਤਾ? ਘਟੀਆਂ
ਕੀੜੇਮਾਰ ਦਵਾਈਆਂ ਨੇ ਕਿਸਾਨਾਂ ਦੇ ਖੀਸੇ ਖਾਲੀ ਕਰ ਦਿੱਤੇ, ਕਿਸੇ ਵੀ ਡੀਲਰ ਨੂੰ ਸਜ਼ਾ
ਕਿਉਂ ਨਹੀਂ ਹੋਈ? ਕਪਾਹ ਉਤਪਾਦਕਾਂ ਲਈ ਬਦਲਵੇਂ ਰਾਹ ਸਰਕਾਰਾਂ ਨੇ ਵੇਲੇ ਤੋਂ ਪਹਿਲਾਂ
ਕਿਉਂ ਤਿਆਰ ਨਾ ਕੀਤੇ? ਖੇਤੀ ਵਿਭਿੰਨਤਾ ਲਈ ਹੁਣ ਜਾਗ ਕਿਉਂ ਖੁੱਲ੍ਹੀ ਹੈ? ਹੁਣ ਕਰਜ਼ਿਆਂ
ਦੇ ਝੰਬੇ ਕਿਸਾਨ ਫੁੱਲਾਂ ਦੀ ਖੇਤੀ ਕਰਨ ਦੇ ਸਮਰੱਥ ਨਹੀਂ। ਸਰਕਾਰੀ ਠੁੰਮ੍ਹਣਾ ਕਿਸਾਨ
ਨੂੰ ਮਿਲਦਾ ਰਹਿੰਦਾ ਤਾਂ ਉਹ ਖੇਤੀ ਵਿਭਿੰਨਤਾ ਬਾਰੇ ਸੋਚ ਸਕਦੇ ਸਨ।ਕਪਾਹ ਪੱਟੀ ਦਾ ਇਹ ਸੰਤਾਪ ਮਜ਼ਦੂਰਾਂ ਨੇ ਵੀ ਕਿਸਾਨਾਂ ਵਾਂਗ ਹੀ ਭੋਗਿਆ। ਹਜ਼ਾਰਾਂ ਮਜ਼ਦੂਰ ਖ਼ੁਦਕੁਸ਼ੀਆਂ ਕਰ ਗਏ ਹਨ।
ਕਪਾਹ
ਪੱਟੀ ਦੇ ਖੇਤੀ ਸ਼ਹੀਦ
ਪੰਜਾਬ ਸਰਕਾਰ ਵੱਲੋਂ ਕਰਵਾਏ ਸਾਲ 2000 ਤੋਂ 2011 ਤਕ ਦੇ
ਸਰਵੇਖਣ ਮੁਤਾਬਕ ਪੰਜਾਬ ਵਿੱਚ ਇਸ ਸਮੇਂ ਦੌਰਾਨ ਤਕਰੀਬਨ 6900 ਕਿਸਾਨਾਂ ਤੇ ਮਜ਼ਦੂਰਾਂ ਨੇ
ਖ਼ੁਦਕੁਸ਼ੀਆਂ ਕੀਤੀਆਂ ਜਿਸ 'ਚੋਂ 6128 ਕਿਸਾਨ ਮਜ਼ਦੂਰ ਇਕੱਲੇ ਮਾਲਵਾ ਖ਼ਿੱਤੇ ਦੇ ਹਨ।
ਖ਼ੁਦਕੁਸ਼ੀ ਕਰਨ ਵਾਲੇ 80 ਫ਼ੀਸਦੀ ਵਿਅਕਤੀ ਛੋਟੇ ਕਿਸਾਨ ਸਨ। ਮਾਲਵੇ ਦੇ 57 ਫ਼ੀਸਦੀ
ਕਿਸਾਨਾਂ ਅਤੇ 43 ਫ਼ੀਸਦੀ ਮਜ਼ਦੂਰਾਂ ਨੇ ਖ਼ੁਦਕੁਸ਼ੀਆਂ ਕੀਤੀਆਂ। ਇਹ ਸਰਵੇਖਣ ਬੀ ਟੀ ਨਰਮੇ
ਦੀ ਆਮਦ ਸਮੇਂ ਦਾ ਹੈ। ਕਪਾਹ ਪੱਟੀ ਦਾ ਅਸਲੀ ਸੰਕਟ ਸਾਲ 1997 ਤੋਂ 2002 ਵਿੱਚ ਸੀ ਜਦੋਂ
ਸਭ ਤੋਂ ਵੱਧ ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ। ਉਂਜ ਕਿਸਾਨ ਸਾਲ 1993 ਤੋਂ ਹੀ
ਖ਼ੁਦਕੁਸ਼ੀ ਦੇ ਰਾਹ ਤੁਰ ਪਏ ਸਨ। ਇਨ੍ਹਾਂ ਤੁਰ ਗਏ ਕਿਸਾਨਾਂ ਨੇ ਖੇਤੀ ਅਲਾਮਤਾਂ ਨਾਲ ਜੰਗ
ਲੜੀ ਹੈ। ਇਹ ਵੀ ਖੇਤਾਂ ਦੇ ਸ਼ਹੀਦ ਹਨ ਪਰ ਕਿਸੇ ਸਰਕਾਰ ਨੇ ਉਨ੍ਹਾਂ ਦੀ ਕੁਰਬਾਨੀ ਦਾ
ਮੁੱਲ ਨਹੀਂ ਪਾਇਆ।