Wednesday, January 16, 2019

                            ਬੈਂਡਾਂ ਦੀ ਮੰਡੀ 
 ਆਈਲੈੱਟਸ ਨੇ ਵਜਾਇਆ ਪੰਜਾਬ ਦਾ ਬੈਂਡ !
                           ਚਰਨਜੀਤ ਭੁੱਲਰ
ਬਠਿੰਡਾ : ਏਦਾ ਜਾਪਦਾ ਹੈ ਜਿਵੇਂ ਪੰਜਾਬ ਹੁਣ ਬੈਂਡਾਂ ਦੀ ਮੰਡੀ ਬਣ ਗਿਆ ਹੋਵੇ। ਵੱਡੇ ਛੋਟੇ ਸ਼ਹਿਰਾਂ ਵਿਚ ਆਈਲੈੱਟਸ (ਆਈਲੈੱਸ) ਕੋਚਿੰਗ ਸੈਂਟਰਾਂ ਨੂੰ ਸਾਹ ਨਹੀਂ ਆ ਰਿਹਾ। ਪੇਂਡੂ ਮਿੰਨੀ ਬੱਸਾਂ ਵਿਚ ਵੱਡੀ ਭੀੜ ਹੁਣ ਇਨ੍ਹਾਂ ਪਾੜ੍ਹਿਆਂ ਦੀ ਹੁੰਦੀ ਹੈ ਜਿਨ੍ਹਾਂ ਨਵੀਂ ਉਡਾਣ ਦੇ ਮੁਸਾਫਿਰ ਬਣਨਾ ਹੈ। ਪੰਜਾਬ ਦੀ ਹਰ ਜਰਨੈਲੀ ਸੜਕ ’ਤੇ ਕੋਚਿੰਗ ਸੈਂਟਰ ਦੇ ਵੱਡੇ ਵੱਡੇ ਫਲੈਕਸ ਹੁਣ ਦੂਰੋਂ ਨਜ਼ਰ ਪੈਂਦੇ ਹਨ। ਮਾਲਵਾ ਵੀ ਹੁਣ ਦੁਆਬੇ ਨਾਲ ਜਾ ਰਲਿਆ ਹੈ। ਸਟੱਡੀ ਵੀਜ਼ਾ ’ਤੇ ਵਿਦੇਸ਼ ਜਾਣ ਲਈ ਆਈਲੈੱਟਸ ਦੇ ਬੈਂਡ ਲਾਜ਼ਮੀ ਹਨ। ਜਦੋਂ ਪੰਜਾਬ ਨੇ ਅੱਡੀਆਂ ਚੁੱਕ ਲਈਆਂ ਤਾਂ ਆਈਲੈੱਟਸ ਪ੍ਰੀਖਿਆ ਪ੍ਰਬੰਧਕਾਂ (ਬ੍ਰਿਟਿਸ਼ ਕੌਂਸਲ ਤੇ ਆਈ.ਡੀ.ਪੀ) ਨੇ ਹਰ ਸ਼ਹਿਰ ਗਲੀਚੇ ਵਿਛਾ ਦਿੱਤੇ ਜੋ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਕਾਫੀ ਮਹਿੰਗੇ ਪੈ ਰਹੇ ਹਨ। ਪੰਜਾਬੀ ਟ੍ਰਿਬਿਊਨ ਤਰਫੋਂ ਇਕੱਲੀ ਆਈਲੈੱਟਸ ਪ੍ਰੀਖਿਆ ਤੇ ਕੋਚਿੰਗ ਸੈਂਟਰਾਂ ਦੇ ਜੋ ਕਾਰੋਬਾਰ ਦਾ ਖਾਕਾ ਵਾਹਿਆ ਗਿਆ ਹੈ, ਉਸ ਅਨੁਸਾਰ ਪੰਜਾਬ ਵਿਚ ਹੁਣ ਸਲਾਨਾ ਕਰੀਬ  1100 ਕਰੋੜ ਦਾ ਕਾਰੋਬਾਰ ਹੋਣ ਲੱਗਾ ਹੈ। ਪੰਜਾਬ ਭਰ ਚੋਂ ਹਰ ਵਰੇ੍ਹ ਕਰੀਬ 3.36 ਲੱਖ ਨੌਜਵਾਨ ਆਈਲੈੱਟਸ ਪ੍ਰੀਖਿਆ ਵਿਚ ਬੈਠਦੇ ਹਨ ਜੋ ਇਕੱਲੀ ਆਈਲੈੱਟਸ ਦੀ ਪ੍ਰੀਖਿਆ ਫੀਸ ਦੇ ਰੂਪ ਵਿਚ ਸਲਾਨਾ 425 ਕਰੋੜ ਰੁਪਏ ਤਾਰਦੇ ਹਨ। ਬ੍ਰਿਟਿਸ ਕੌਂਸਲ ਤੇ ਆਈ.ਡੀ.ਪੀ (ਪ੍ਰੀਖਿਆ ਪ੍ਰਬੰਧਕ) ਦੇ ਪੰਜਾਬ-ਚੰਡੀਗੜ੍ਹ ਵਿਚ ਸੱਤ-ਸੱਤ ਪ੍ਰੀਖਿਆ ਕੇਂਦਰ ਹਨ ਜਿਨ੍ਹਾਂ ਵਿਚ ਬਠਿੰਡਾ, ਮੋਗਾ, ਲੁਧਿਆਣਾ, ਪਟਿਆਲਾ,ਅੰਮ੍ਰਿਤਸਰ,ਜਲੰਧਰ ਤੇ ਚੰਡੀਗੜ੍ਹ ਸ਼ਾਮਿਲ ਹਨ। ਆਈ.ਡੀ.ਪੀ ਦੇ ਦੇਸ਼ ਭਰ ਵਿਚ ਕੁੱਲ 40 ਪ੍ਰੀਖਿਆ ਕੇਂਦਰ ਹਨ।
            ਹਰ ਪ੍ਰੀਖਿਆ ਕੇਂਦਰ ਦੀ ਸਮਰੱਥਾ 300 ਤੋਂ 700 ਸੀਟਾਂ ਦੀ ਹੈ ਅਤੇ ਹਰ ਮਹੀਨੇ ਚਾਰ ਦਫਾ ਪ੍ਰੀਖਿਆ ਹੁੰਦੀ ਹੈ। ਅੌਸਤਨ ਪੰਜ ਸੌ ਸੀਟਾਂ ਮੰਨ ਲਈਏ ਤਾਂ ਹਰ ਮਹੀਨੇ ਪੰਜਾਬ ’ਚ 28 ਹਜ਼ਾਰ ਨੌਜਵਾਨ ਆਈਲੈੱਟਸ ਪ੍ਰੀਖਿਆ ਦਿੰਦੇ ਹਨ। ਆਈਲੈੱਟਸ ਦੀ ਪ੍ਰੀਖਿਆ ਫੀਸ 12,650 ਰੁਪਏ ਹੈ ਜੋ ਕਿ ਦਸ ਵਰੇ੍ਹ ਪਹਿਲਾਂ 7200 ਰੁਪਏ ਹੁੰਦੀ ਸੀ। ਆਈ.ਡੀ.ਪੀ ਨੇ ਕਾਰੋਬਾਰ ਨੂੰ ਦੇਖਦੇ ਹੋਏ ਅਗਸਤ 2012 ਵਿਚ ਬਠਿੰਡਾ ਵਿਚ ਵੀ ਪ੍ਰੀਖਿਆ ਕੇਂਦਰ ਸ਼ੁਰੂ ਕਰ ਦਿੱਤਾ ਸੀ। ਨੌਜਵਾਨ ਹਰ ਮਹੀਨੇ 35.42 ਕਰੋੜ ਰੁਪਏ ਇਕੱਲੀ ਪ੍ਰੀਖਿਆ ਫੀਸ ਦੇ ਰੂਪ ਵਿਚ ਤਾਰਦੇ ਹਨ। ਕੋਚਿੰਗ ਸੈਂਟਰ ਪ੍ਰਬੰਧਕਾਂ ਅਨੁਸਾਰ ਪੰਜਾਬ ਦੇ ਕਰੀਬ 30 ਤੋਂ 35 ਫੀਸਦੀ ਨੌਜਵਾਨ ਹੀ ਆਈਲੈੱਟਸ ਪ੍ਰੀਖਿਆ ਪਾਸ ਕਰਨ ਵਿਚ ਸਫਲ ਹੁੰਦੇ ਹਨ। ਪੇਂਡੂ ਨੌਜਵਾਨਾਂ ਦੇ ਬੈਂਡਾਂ ਦੇ ਭੂਤ ਨੇ ਦਿਮਾਗ ਹਿਲਾ ਰੱਖੇ ਹਨ। ਬਹੁਤੇ ਪੇਂਡੂ ਨੌਜਵਾਨ ਤਿੰਨ ਤਿੰਨ ਵਾਰ ਪ੍ਰੀਖਿਆ ਦੇਣ ਦੇ ਬਾਵਜੂਦ ਲੋੜੀਦੇ ਬੈਂਡ ਲੈਣ ਵਿਚ ਸਫਲ ਨਹੀਂ ਹੁੰਦੇ ਜੋ ਕਈ ਵਾਰ ਮਾਫੀਏ ਦੇ ਪੰਜੇ ਵਿਚ ਵੀ ਜਾ ਫਸਦੇ ਹਨ। ਕਦੇ ਖੰਨਾ ਬੈਂਡਾਂ ਦਾ ਵੱਡਾ ਕੇਂਦਰ ਸੀ। ਹੁਣ ਬਠਿੰਡਾ ਆਈਲੈੱਟਸ ਕੋਚਿੰਗ ਵਿਚ ਤੇਜ਼ੀ ਨਾਲ ਉਭਰਿਆ ਹੈ। ਬਠਿੰਡਾ ਦੀ ਅਜੀਤ ਰੋਡ ਤਾਂ ਸਟੱਡੀ ਵੀਜ਼ੇ ਦੀ ਤਿਆਰੀ ਵਿਚ ਜੁਟੇ ਨੌਜਵਾਨਾਂ ਲਈ ਬੈਂਡਾਂ ਦੀ ਰਾਜਧਾਨੀ ਦਾ ਭੁਲੇਖਾ ਪਾਉਂਦੀ ਹੈ। ਇੱਥੋਂ ਤੱਕ ਕਿ ਹੁਣ ਤਾਂ ਛੋਟੇ ਸ਼ਹਿਰਾਂ ਵਿਚ ਵੀ ਕੋਚਿੰਗ ਸੈਂਟਰ ਖੁੱਲ੍ਹ ਗਏ ਹਨ। ਆਈਲੈੱਟਸ ਦੀ ਕੋਚਿੰਗ ਫੀਸ 5000 ਤੋਂ ਸ਼ੁਰੂ ਹੋ ਕੇ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੱਕ ਦੀ ਹੈ। ਵੱਡਾ ਸ਼ਹਿਰ, ਵੱਡੀ ਫੀਸ। ਲੁਧਿਆਣਾ ਤੇ ਜਲੰਧਰ ’ਚ ਕੋਚਿੰਗ ਫੀਸ 15 ਤੋਂ 20 ਹਜ਼ਾਰ ਤੱਕ ਹੈ।
         ਬਠਿੰਡਾ ਤੇ ਪਟਿਆਲਾ ’ਚ ਇਹੋ ਫੀਸ 10 ਤੋਂ 13 ਹਜ਼ਾਰ ਰੁਪਏ ਹੈ। ਪੰਜਾਬੀ ਮੀਡੀਅਮ ਸਕੂਲਾਂ ਦੇ ਨੌਜਵਾਨਾਂ ਨੂੰ ਤਿੰਨ ਤੋਂ ਚਾਰ ਮਹੀਨੇ ਕੋਚਿੰਗ ਲੈਣੀ ਪੈਂਦੀ ਹੈ। ਉਨ੍ਹਾਂ ਨੂੰ ਕੋਚਿੰਗ ਤੇ ਪ੍ਰੀਖਿਆ ਫੀਸ ਦਾ ਖਰਚਾ ਹੀ ਕਰੀਬ 50 ਹਜ਼ਾਰ ਰੁਪਏ ਵਿਚ ਪੈਂਦਾ ਹੈ। ਇਕੱਲਾ ਅੌਸਤਨ ਕੋਚਿੰਗ ਖਰਚਾ ਪ੍ਰਤੀ ਵਿਦਿਆਰਥੀ ਅੰਦਾਜ਼ਨ 20 ਹਜ਼ਾਰ ਰੁਪਏ ਮੰਨੀਏ ਤਾਂ ਹਰ ਵਰ੍ਹੇ ਪ੍ਰੀਖਿਆ ਦੇਣ ਵਾਲੇ 3.36 ਲੱਖ ਨੌਜਵਾਨ ਸਲਾਨਾ 672 ਕਰੋੜ ਰੁਪਏ ਕੋਚਿੰਗ ਸੈਂਟਰਾਂ ਦੀ ਫੀਸ ਦਾ ਤਾਰ ਦਿੰਦੇ ਹਨ। ਨੌਜਵਾਨ ਬਲਪ੍ਰੀਤ ਸਿੰਘ ਗੋਨਿਆਣਾ ਨੂੰ ਜਦੋਂ ਪੁੱਛਿਆ ਕਿ ‘ਵਿਦੇਸ਼ ਕੀ ਪਿਆ, ਕਾਹਤੋਂ ਚੱਲੇ ਹੋ’। ਅੱਗਿਓ ਜੁਆਬ ਮਿਲਿਆ ‘ ਫਿਰ ਇੱਥੇ ਵੀ ਕੀ ਪਿਆ’। ਹਰ ਨੌਜਵਾਨ ਦੀ ਇਹੋ ਕਹਾਣੀ ਹੈ। ਪੰਜਾਬ ਵਿਚ ਕਰੀਬ ਰਜਿਸਟਿਡ ਆਈਲੈੱਟਸ ਕੋਚਿੰਗ ਸੈਂਟਰਾਂ ਦੀ ਗਿਣਤੀ 1200 ਦੇ ਕਰੀਬ ਬਣਦੀ ਹੈ। ਆਈ.ਡੀ.ਪੀ ਨਾਲ ਇਕੱਲੇ ਉਤਰੀ ਭਾਰਤ ਦੇ ਕਰੀਬ 910 ਕੋਚਿੰਗ ਸੈਂਟਰ ਰਜਿਸਟਿਡ ਹਨ ਜਦੋਂ ਕਿ ਬਾਕੀ ਸਾਰੇ ਦੇਸ਼ ਦੇ 282 ਸੈਂਟਰ ਬਣਦੇ ਹਨ। ਜੋ ਆਪ ਮੁਹਾਰੇ ਸੈਂਟਰ ਚੱਲ ਰਹੇ ਹਨ, ਉਨ੍ਹਾਂ ਦੀ ਗਿਣਤੀ ਹੋਰ ਵੀ ਵੱਡੀ ਹੈ। ਪੰਜਾਬ ਅਣਏਡਿਡ ਡਿਗਰੀ ਕਾਲਜਜ਼ ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਗੁਰਮੀਤ ਸਿੰਘ ਧਾਲੀਵਾਲ ਅਤੇ ਪ੍ਰਧਾਨ ਸੁਖਮੰਦਰ ਸਿੰਘ ਚੱਠਾ ਦਾ ਪ੍ਰਤੀਕਰਮ ਸੀ ਕਿ ਆਈਲੈੱਟਸ ਦੇ ਰੁਝਾਨ ਨੇ ਵੱਡੀ ਸੱਟ ਡਿਗਰੀ ਕਾਲਜਾਂ ਨੂੰ ਮਾਰੀ ਹੈ ਅਤੇ ਕਾਲਜ ਖਾਲੀ ਹੋਣ ਲੱਗੇ ਹਨ। ਉਨ੍ਹਾਂ ਆਖਿਆ ਕਿ ਅਸਲ ਵਿਚ ਪੰਜਾਬ ਵਿਚ ਉੱਚੇਰੀ ਸਿੱਖਿਆ ਹੁਣ ਦਾਅ ’ਤੇ ਲੱਗ ਗਈ ਹੈ। ਇੱਥੋਂ ਤੱਕ ਬਾਰਵੀਂ ਤੋਂ ਮਗਰੋਂ ਹੁਣ ਬੱਚੇ ਇੱਥੇ ਪੜ੍ਹਨ ਨੂੰ ਤਿਆਰ ਹੀ ਨਹੀਂ ਹਨ।
                  ਦੱਸਣਯੋਗ ਹੈ ਕਿ ਮਾਲਵਾ ਵਿਚ ਅੱਧੀ ਦਰਜਨ ਡਿਗਰੀ ਕਾਲਜਾਂ ਨੇ ਆਪੋ ਆਪਣੇ ਕੈਂਪਸਾਂ ਵਿਚ ਆਈਲੈੱਟਸ ਕੋਚਿੰਗ ਵੀ ਸ਼ੁਰੂ ਕੀਤੀ ਪਰ ਉਨ੍ਹਾਂ ਦੀ ਦਾਲ ਗਲ ਨਾ ਸਕੀ। ਨਿਹੱਥੇ ਹੋਏ ਨੌਜਵਾਨ ਮਾਨਸਿਕ ਤਣਾਓ ਦਾ ਸ਼ਿਕਾਰ ਹੋ ਰਹੇ ਹਨ। ਮੋਗਾ ਜ਼ਿਲ੍ਹੇ ਵਿਚ ਇੱਕ ਵਿਦਿਆਰਥੀ ਨੇ ਬੈਂਡ ਨਾ ਆਉਣ ਮਗਰੋਂ ਖੁਦਕੁਸ਼ੀ ਕਰ ਲਈ ਸੀ। ਮਾਨਸਿਕ ਰੋਗਾਂ ਦੀ ਮਾਹਿਰ ਡਾ.ਨਿਧੀ ਗੁਪਤਾ ਨੇ ਦੱਸਿਆ ਕਿ ਹਰ ਮਹੀਨੇ ਉਨ੍ਹਾਂ ਕੋਲ ਅਜਿਹੇ ਵਿਦਿਆਰਥੀ ਆ ਰਹੇ ਹਨ ਜਿਨ੍ਹਾਂ ਦਾ ਬੈਂਡਾਂ ਨੇ ਮਾਨਸਿਕ ਤਵਾਜਨ ਹਿਲਾ ਰੱਖਿਆ ਹੈ। ਮਾਪਿਆਂ ਦਾ ਦਬਾਓ ਤੇ ਉਪਰੋਂ ਬੈਂਡ ਪ੍ਰੀਖਿਆ ਚੋਂ ਅਸਫਲਤਾ ਕਰਕੇ ਵੱਡੀ ਗਿਣਤੀ ਵਿਚ ਵਿਦਿਆਰਥੀ ਮਾਨਸਿਕ ਤਣਾਓ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਦੀ ਕਿਸਾਨੀ ਭਾਵੇਂ ਬੈਂਡਾਂ ਨੇ ਹਿਲਾ ਦਿੱਤੀ ਹੈ ਪ੍ਰੰਤੂ ਆਈਲੈੱਟਸ ਨੇ ਕਈ ਸਹਾਇਕ ਧੰਦੇ ਜਰੂਰ ਪੈਰਾਂ ਸਿਰ ਕਰ ਦਿੱਤੇ ਹਨ। ਪੰਜਾਬ ਦੇ ਹਰ ਮਹਾਂਨਗਰ ਵਿਚ ਦੋ ਦੋ ਤਿੰਨ ਤਿੰਨ ਹੋਟਲ ਪੂਰੇ ਪੂਰੇ ਸਾਲ ਲਈ ਬੁੱਕ ਹਨ ਜਿਥੇ ਵਿਦਿਆਰਥੀ ਪ੍ਰੀਖਿਆ ਦਿੰਦੇ ਹਨ। ਬਠਿੰਡਾ ਦੇ ਦੋ ਤਿੰਨ ਮੈਰਿਜ ਪੈਲੇਸ ਵੀ ਪ੍ਰੀਖਿਆ ਕੇਂਦਰਾਂ ਵਿਚ ਤਬਦੀਲ ਹੋ ਗਏ ਹਨ। ਪੇਂਡੂ ਵਿਦਿਆਰਥੀ ਸ਼ਹਿਰਾਂ ਵਿਚ ਪੇਇੰਗ ਗੈਸਟ ਬਣ ਕੇ ਠਹਿਰਣ ਲੱਗੇ ਹਨ। ਬੱਸਾਂ ਦੀ ਬੁਕਿੰਗ ਵਿਚ ਵਾਧਾ ਹੋਇਆ ਹੈ।
                          ‘ਆਲ੍ਹਣਾ’ ਛੱਡਣ ਲਈ ਮਜਬੂਰ ਕੀਤੇ : ਡਾ. ਭੀਮਇੰਦਰ ਸਿੰਘ
ਪੰਜਾਬੀ ਵਰਸਿਟੀ ’ਚ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਦੇ ਕੋਆਰਡੀਨੇਟਰ ਡਾ. ਭੀਮਇੰਦਰ ਸਿੰਘ ਨੇ ਆਖਿਆ ਕਿ ਸਰਕਾਰਾਂ ਵੱਲੋਂ ਸਿੱਖਿਆ ਤੇ ਸਮਾਜਿਕ ਢਾਂਚੇ ਨੂੰ ਲਾਵਾਰਸ ਕੀਤੇ ਜਾਣ ਦਾ ਨਤੀਜਾ ਹੈ ਕਿ ਜਵਾਨੀ ਹੁਣ ਵਿਦੇਸ਼ਾਂ ਚੋਂ ਸੁਪਨੇ ਤਲਾਸ਼ਣ ਲੱਗੀ ਹੈ। ਕਿਸ ਦਾ ਦਿੱਲ ਕਰਦਾ ਹੈ ਆਲ੍ਹਣਾ ਛੱਡਣ ਨੂੰ। ਸਰਕਾਰਾਂ ਨੇ ਪੰਜਾਬ ਨੂੰ ਸਲੱਮ ਬਣਾ ਦਿੱਤਾ ਹੈ ਜਿਥੋਂ ਹੁਣ ਨੌਜਵਾਨ ਪਲਾਇਨ ਕਰਨ ਲਈ ਮਜਬੂਰ ਹਨ। ਤਾਹੀਂ ਬੈਂਡਾਂ ਦੀ ਮੰਡੀ ਦੇ ਠੇਕੇਦਾਰ ਤੇ ਕਰਿੰਦੇ ਹੱਥ ਰੰਗ ਰਹੇ ਹਨ।

       
   

2 comments:

  1. ਬਾਈ ਲਹਿਰੇ ਬੇਗੇ ਵਾਲੀ ਖਬਰ ਵੀ ਦਸੋ ਖੋਲ ਕੇ - 3 ਕਰੋੜ ਕੋਣ ਛਕ ਗਿਆ ਗਰੀਬ ਬੋਲੇ ਬੰਦੇ ਦਾ - ਤੇ ਕੁੜੀ ਨੂ ਕਿਸ ਨੇ ਫਸਾਇਆ!!! ਐਨੇ ਦਿਨ ਗਵਾਚੇ ਦੀ ਕਿਸੇ ਨੇ ਪੜਤਾਲ ਹੀ ਨਹੀ ਕੀਤੀ? ਤੇ ਪਿੰਡ ਵਾਸੀਆ ਦਾ ਬਹੁਤ ਧਨਵਾਦ

    ReplyDelete
  2. ਵੀਰ ਜੀ ਜਾਣਕਾਰੀ ਵਿਚ ਵਾਧਾ ਕਰਨ ਲਈ ਧੰਨਵਾਦ ਜੀ। ਇਹ ਰੇਤ ਦੀ ਬੋਰੀ ਨੂੰ ਖੁਨਗੀ ਲੱਗਣ ਵਾਂਗ ਪੰਜਾਬ ਦੀ ਜਵਾਨੀ ਕਿਰਦੀ ਜਾ ਰਹੀ ਹੈ। ਇਹ ਦਿਸ਼ਾ ਹੀਣ ਹੋਈ ਹੈ।

    ReplyDelete