Wednesday, January 2, 2019

                                   ਬੁਲੰਦ ਸੋਚ
                ਬਾਬਾ ! ਸਾਡਾ ਮੱਕਾ ਤਾਂ ਬੀਕਾਨੇਰ
                                  ਚਰਨਜੀਤ ਭੁੱਲਰ
ਬਠਿੰਡਾ : ਜਦੋਂ ਅਪਾਹਜ ਗੁਰਜੰਟ ਸਿੰਘ ਦੀ ਰਿਸ਼ਟ ਪੁਸ਼ਟ ਸੋਚ ਨੇ ਉਡਾਣ ਭਰੀ ਤਾਂ ਬੀਕਾਨੇਰ ਦੇ ਮੀਲ ਪੱਥਰ ਵੀ ਛੋਟੇ ਪੈ ਗਏ। ਗ਼ਰੀਬ ਘਰਾਂ ਦੇ ਮੁੰਡਿਆਂ ਦਾ ਉੱਦਮ ਦੇਖੋ ਜਿਨ੍ਹਾਂ ਅਪਾਹਜ ਗੁਰਜੰਟ ਸਿੰਘ ਦੇ ਬੋਲ ਪੁਗਾ ਦਿੱਤੇ। ਬੀਕਾਨੇਰ ਨੂੰ ਬਠਿੰਡੇ ਤੋਂ ਚੱਲਦੀ ਕੈਂਸਰ ਟਰੇਨ ਨੂੰ ਕੋਈ ਨਹੀਂ ਭੁੱਲਿਆ। ਜੋ ਪਿੰਡ ਕੌਰੇਆਣਾ ਤੋਂ ਟਰੱਕ ਤੇ ਕੈਂਟਰ ਰਾਸ਼ਨ ਲੈ ਕੇ ਚੱਲਦੇ ਹਨ, ਉਨ੍ਹਾਂ ਤੋਂ ਕੋਈ ਜਾਣੂ ਨਹੀਂ। ਤੜਫਦੇ ਮਰੀਜ਼ਾਂ ਦੀ ਚੀਸ ਇਨ੍ਹਾਂ ਮੁੰਡਿਆਂ ਨੂੰ ਹਲੂਣ ਗਈ। ਬੀਕਾਨੇਰ ਦੇ ਕੈਂਸਰ ਹਸਪਤਾਲ ’ਚ ਮਰੀਜ਼ਾਂ ਦੀ ਸੇਵਾ ਨੂੰ ਇਹ ਮੁੰਡੇ ਵੱਡੀ ਦਾਤ ਮੰਨ ਰਹੇ ਹਨ। ਪੰਜਾਬ ਹਰਿਆਣਾ ਸੀਮਾ ’ਤੇ ਪੈਂਦੇ ਇਸ ਪਿੰਡ ਦੇ ਕਰੀਬ 20 ਨੌਜਵਾਨ ਛੋਟੀ ਕਿਸਾਨੀ ਚੋਂ ਹਨ ਜਿਨ੍ਹਾਂ ਦੇ ਜਿਗਰੇ ਵੱਡੇ ਹਨ ਤੇ ਉੱਦਮ ਉਸ ਤੋਂ ਵੀ ਵੱਡਾ। ਪਿੰਡ ਕੌਰੇਆਣਾ ਦੇ ਇਨ੍ਹਾਂ ਮੁੰਡਿਆਂ ਲਈ ਨਵਾਂ ਵਰ੍ਹਾ 2019 ਵੱਡੀ ਤਸੱਲੀ ਵਾਲਾ ਹੈ ਕਿਉਂਜੋ ਹੁਣ ਇਨ੍ਹਾਂ ਦਾ ਬੀਕਾਨੇਰ ਦੇ ਕੈਂਸਰ ਹਸਪਤਾਲ ਦੇ ਮਰੀਜ਼ਾਂ ਲਈ ਚੱਲਦਾ ਲੰਗਰ ਹੁਣ ਕਦੇ ਨਹੀਂ ਰੁਕੇਗਾ। ਇਹ ਮੁੰਡੇ ਇਕੱਲੇ ਲੰਗਰ ਦੀ ਨਹੀਂ, ਬਲੱਡ ਦੀ ਸੇਵਾ ਵੀ ਕਰਦੇ ਹਨ। ਮਾਲਵਾ ਖ਼ਿੱਤੇ ਚੋਂ ਬਹੁਤੇ ਗ਼ਰੀਬ ਮਰੀਜ਼ਾਂ ਦਾ ਆਖ਼ਰੀ ਸਹਾਰਾ ਬੀਕਾਨੇਰ ਦਾ ਕੈਂਸਰ ਹਸਪਤਾਲ ਬਣਦਾ ਹੈ। ਪੰਜ ਵਰੇ੍ਹ ਪਹਿਲਾਂ ਕੌਰੇਆਣਾ ਦਾ ਅਪਾਹਜ ਗੁਰਜੰਟ ਸਿੰਘ ਕਿਸੇ ਮਰੀਜ਼ ਦੇ ਨਾਲ ਬੀਕਾਨੇਰ ਹਸਪਤਾਲ ਗਿਆ। ਜਦੋਂ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਦੀ ਰੋਟੀ ਪਾਣੀ ਲਈ ਭਟਕਣਾ ਦੇਖੀ ਤਾਂ ਉਸ ਨੇ ਮਨ ਵਿਚ ਠਾਣ ਲਈ। ਜਦੋਂ ਉਸ ਨੇ ਪਿੰਡ ਦੇ ਮੁੰਡੇ ਇਕੱਠੇ ਕਰਕੇ ਲਕੀਰ ਖਿੱਚੀ ਤਾਂ ਸਭ ਲਕੀਰ ਤੇ ਕਾਫ਼ਲਾ ਬਣ ਕੇ ਖੜ੍ਹੇ ਹੋ ਗਏ।
           ਫਿਰ ਕਰੀਬ ਵੀਹ ਨੌਜਵਾਨਾਂ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਵੈੱਲਫੇਅਰ ਸੁਸਾਇਟੀ ਬਣਾ ਲਈ ਤੇ ਪਿੰਡ ਦੀ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਅੱਗੇ ਲਾਇਆ। ਪਿੰਡ ਦੇ ਘਰ ਘਰ ਜਾ ਕੇ ਰਾਸ਼ਨ ਮੰਗਣਾ ਸ਼ੁਰੂ ਕਰ ਦਿੱਤਾ। ਦੋ ਟਰੈਕਟਰ ਟਰਾਲੀਆਂ ’ਤੇ ਰਾਸ਼ਨ ਲੱਦ ਕੇ ਪਿੰਡ ਕੌਰੇਆਣਾ ਤੋਂ ਕਰੀਬ 335 ਕਿੱਲੋਮੀਟਰ ਦੂਰ ਪੈਂਦੇ ਬੀਕਾਨੇਰ ਵੱਲ ਚੱਲ ਪਏ। ਕੈਂਸਰ ਹਸਪਤਾਲ ਦੇ ਸਾਹਮਣੇ ਸੜਕ ਤੇ ਚਲਾ ਦਿੱਤਾ ਲੰਗਰ। ਬੀਕਾਨੇਰ ਦੇ ਇੱਕ ਸੇਠ ਨੇ ਇਨ੍ਹਾਂ ਮੁੰਡਿਆਂ ਦੀ ਸੇਵਾ ਦੇਖ ਕੇ ਹਸਪਤਾਲ ਨੇੜਲੀ ਧਰਮਸ਼ਾਲਾ ਖ਼ੋਲ ਦਿੱਤੀ। ਨਾਲੇ ਇਨ੍ਹਾਂ ਨੌਜਵਾਨਾਂ ਦੀ ਪਿੱਠ ਥਾਪੜ ਦਿੱਤੀ ਜਿਸ ਵਜੋਂ ਪਹਿਲੇ ਵਰੇ੍ਹ ਸਾਲ 2014 ਵਿਚ ਇਨ੍ਹਾਂ ਮੁੰਡਿਆਂ ਨੇ ਪੂਰੇ 57 ਦਿਨ ਲੰਗਰ ਚਲਾਇਆ। ਦੂਸਰੇ ਵਰੇ੍ਹ 67 ਦਿਨ, ਤੀਸਰੇ ਵਰੇ੍ਹ 100 ਦਿਨ ਅਤੇ ਸਾਲ 2018 ਵਿਚ 125 ਦਿਨ ਚਲਾਇਆ। ਐਤਕੀਂ ਇਹ ਲੰਗਰ ਰੁਕਿਆ ਨਹੀਂ। ਹੁਣ ਪੂਰਾ ਵਰ੍ਹਾ ਚੱਲਦਾ ਰਹੇਗਾ।  ਬੀਕਾਨੇਰ ਹਸਪਤਾਲ ਦੇ ਡਾਕਟਰ ਇੱਕ ਦਿਨ ਮਨਾਂ ਦੇ ਸੰਸੇ ਦੂਰ ਕਰਨ ਲਈ ਪਿੰਡ ਕੌਰੇਆਣਾ ਪੁੱਜ ਗਏ। ਇਨ੍ਹਾਂ ਮੁੰਡਿਆਂ ਦੀ ਦਾਦ ਸੁਣੀ ਤਾਂ ਉਹ ਹੱਕੇ ਬੱਕੇ ਰਹਿ ਗਏ। ਹਰ ਵਰੇ੍ਹ ਨਵੰਬਰ ਮਹੀਨੇ ਤੋਂ ਲੰਗਰ ਸ਼ੁਰੂ ਹੁੰਦਾ ਹੈ। 1 ਨਵੰਬਰ 2017 ਤੋਂ ਇਨ੍ਹਾਂ ਜਵਾਨਾਂ ਨੇ ਬਲੱਡ ਦੀ ਸੇਵਾ ਵੀ ਨਾਲ ਸ਼ੁਰੂ ਕੀਤੀ ਹੈ।
                    ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ 600 ਯੂਨਿਟ ਖ਼ੂਨਦਾਨ ਕੀਤਾ ਜਾ ਚੁੱਕਾ ਹੈ। ਸੁਸਾਇਟੀ ਨਾਲ ਸਭ ਗ਼ਰੀਬ ਘਰਾਂ ਦੇ ਮੁੰਡੇ ਜੁੜੇ ਹਨ ਅਤੇ ਵੱਡਾ ਸਹਿਯੋਗ ਪੂਰੇ ਪਿੰਡ ਦਾ ਹੈ ਤੇ ਕੋਈ ਘਰ ਪਿੱਛੇ ਨਹੀਂ ਰਿਹਾ। ਕੌਰੇਆਣਾ ਦੇ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨੇ ਜਦੋਂ ਖੁਦ ਇਨ੍ਹਾਂ ਮੁੰਡਿਆਂ ਨਾਲ ਜੁੜ ਕੇ ਘਰੋਂ ਘਰੀਂ ਜਾਣਾ ਸ਼ੁਰੂ ਕੀਤਾ ਤਾਂ ਹੁਣ ਆਸ ਪਾਸ ਦੇ ਕਰੀਬ ਦੋ ਦਰਜਨ ਪਿੰਡ ਇਨ੍ਹਾਂ ਨਾਲ ਜੁੜ ਗਏ। ਪ੍ਰਧਾਨ ਤਾਰਾ ਸਿੰਘ ਨੇ ਦੱਸਿਆ ਕਿ ਬੀਕਾਨੇਰ ਦੇ ਲੋਕਲ ਲੋਕ ਵੀ ਹੁਣ ਲੰਗਰ ਲਈ  ਦੁੱਧ ਅਤੇ ਗੈਸ ਸਿਲੰਡਰ ਦੇਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਗ਼ਰੀਬ ਘਰਾਂ ਚੋਂ ਜ਼ਿਆਦਾ ਰਾਸ਼ਨ ਵਗ਼ੈਰਾ ਦਾ ਦਾਨ ਮਿਲਦਾ ਹੈ। ਇੱਥੋਂ ਤੱਕ ਕਿ ਕਈ ਦਲਿਤ ਪਰਿਵਾਰ ਤਾਂ ਇੱਕ ਇੱਕ ਰੁਪਿਆ ਵੀ ਪੋਟਲੀ ਵਿਚ ਪਾਉਂਦੇ ਹਨ। ਪਿੰਡ ਦੀ ਬਜ਼ੁਰਗ ਸੁਰਜੀਤ ਕੌਰ, ਛੋਟੇ ਕੌਰ ਸਮੇਤ ਅੌਰਤਾਂ ਦਾ ਜਥਾ ਵੀ ਲੰਗਰ ਦੀ ਸੇਵਾ ਵਿਚ ਜਾਂਦਾ ਰਿਹਾ ਹੈ। ਦੋ ਵਰੇ੍ਹ ਪਹਿਲਾਂ ਰੋਟੀਆਂ ਪਕਾਉਣ ਵਾਲੀ ਮਸ਼ੀਨ ਇਨ੍ਹਾਂ ਮੁੰਡਿਆਂ ਨੇ ਲਈ ਹੈ। ਜਦੋਂ ਮਸ਼ੀਨ ਦਾ ਮੁੱਲ 3.50 ਲੱਖ ਹੋਣ ਦਾ ਪਤਾ ਲੱਗਾ ਤਾਂ 15 ਮੁੰਡਿਆਂ ਨੇ ਜ਼ਿੰਮੇਵਾਰੀ ਲੈ ਲਈ ਜਿਨ੍ਹਾਂ ਨੇ 25-25 ਹਜ਼ਾਰ ਦਾ ਕਰਜ਼ਾ ਚੁੱਕ ਕੇ ਮਸ਼ੀਨ ਖ਼ਰੀਦੀ। ਮਗਰੋਂ ਇਹੋ ਪੈਸਾ ਵਿਆਜ ਸਮੇਤ ਮੋੜਿਆ ਗਿਆ।
                   ਸੁਸਾਇਟੀ ਨਾਲ ਜੁੜੇ ਡਾ. ਗੁਰਦਾਸ ਸਿੰਘ ਨੇ ਦੱਸਿਆ ਕਿ ਕੈਂਸਰ ਹਸਪਤਾਲ ਦੇ ਮਰੀਜ਼ਾਂ ਨੂੰ ਟਿਫ਼ਨ ਵਿਚ ਲੰਗਰ ਭੇਜਿਆ ਜਾਂਦਾ ਹੈ। ਡਾਕਟਰਾਂ ਮੁਤਾਬਿਕ ਮਰੀਜ਼ਾਂ ਲਈ ਬਕਾਇਦਾ ਖਿਚੜੀ ਵਗ਼ੈਰਾ ਵੀ ਤਿਆਰ ਕੀਤੀ ਜਾਂਦੀ ਹੈ। ਥਰਮੋਸਾਂ ਵਿਚ ਪਾ ਕੇ ਮਰੀਜ਼ਾਂ ਵਾਸਤੇ ਗਰਮ ਚਾਹ ਭੇਜੀ ਜਾਂਦੀ ਹੈ। ਨੌਜਵਾਨ ਬੂਟਾ ਸਿੰਘ ਅਤੇ ਅਮਰੀਕ ਸਿੰਘ ਨੇ ਦੱਸਿਆ ਕਿ ਦੋ ਟਾਈਮ ਕਰੀਬ 1000 ਵਿਅਕਤੀ ਲੰਗਰ ਛਕਦਾ ਹੈ। ਪਿੰਡ ਦੇ ਨੌਜਵਾਨ ਵਾਰੋ ਵਾਰੀ ਲੰਗਰ ਦੀ ਸੇਵਾ ਨਿਭਾਉਂਦੇ ਹਨ। ਇਨ੍ਹਾਂ ਮੁੰਡਿਆਂ ਨੇ ਦੱਸਿਆ ਕਿ ਉਨ੍ਹਾਂ ਲਈ ਬੀਕਾਨੇਰ ਹੀ ‘ਮੱਕਾ’ ਹੈ ਜਿਸ ਦੀ ਸੇਵਾ ਉਨ੍ਹਾਂ ਦੇ ਹਿੱਸੇ ਆਈ ਹੈ। ਕੌਰੇਆਣਾ ਦੇ ਅਪਾਹਜ ਦੀ ਸੋਚ ਹੁਣ ਕਾਫ਼ਲਾ ਬਣ ਗਈ ਹੈ ਅਤੇ ਪਿੰਡ ਸੀਂਗੋ, ਨੰਗਲਾ, ਨਥੇਹਾ, ਲਹਿਰੀ, ਗੋਲੇਵਾਲਾ, ਫੱਤਾਬਾਲੂ, ਰਾਈਆ, ਕਲਾਲਵਾਲਾ, ਮਿਰੇਜਆਣਾ ਅਤੇ ਭੂੰਦੜ ਆਦਿ ਤੋਂ ਇਲਾਵਾ ਅੰਤਰਰਾਜੀ ਸੀਮਾ ਤੇ ਪੈਂਦੇ ਹਰਿਆਣਾ ਦੇ ਪਿੰਡ ਪੱਕਾ ਸ਼ਹੀਦਾਂ ਅਤੇ ਕਮਾਲ ਆਦਿ ਵੀ ਜੁੜ ਗਏ ਹਨ। ਇਨ੍ਹਾਂ ਮੁੰਡਿਆਂ ਦੀ ਸ਼ਰਧਾ ਅਤੇ ਜਨੂਨ ਨੇ ਇਲਾਕੇ ਦੇ ਨੌਜਵਾਨਾਂ ਨੂੰ ਵੀ ਮੋੜਾ ਦੇ ਦਿੱਤਾ ਹੈ। ਇਹ ਨੌਜਵਾਨ ਆਖਦੇ ਹਨ ਕਿ ਭਾਵੇਂ ਮਰੀਜ਼ਾਂ ਦੀ ਹੋਣੀ ਕੁਦਰਤ ਦੇ ਹੱਥ ਹੈ ਪ੍ਰੰਤੂ ਉਨ੍ਹਾਂ ਵੱਲੋਂ ਵਧਾਇਆ ਹੱਥ ਮਰੀਜ਼ਾਂ ਦੀ ਪੀੜ ਜ਼ਰੂਰ ਘਟਾਉਂਦਾ ਹੈ।
   




2 comments:

  1. ਸਲੂਟ ਇਨਾ ਭਰਾਵਾ ਨੂ. ਪੰਜਾਬ ਤੇ ਸਿਖ ਹਾਲੇ ਜੀਓਦੇ ਹਨ!!!
    There is still HOPE alive. Thank You, Bros.

    ReplyDelete
  2. ਬਹੁਤ ਵਧੀਆ ਚੜਾਵੇ ਨਾਲ਼ੋਂ ਇਹ ਸੇਵਾ ਠੀਕ ਹੈ ਇਹਨਾਂ ਦਾ ਅਕਾਊਟ ਸ਼ੇਅਰ ਕਰਨਾ ਚਾਹੀਦਾ ਹੈ

    ReplyDelete