Monday, January 14, 2019

                                                             ਵਿਚਲੀ ਗੱਲ
                 ਵਾਹ ਕਿਸਮਤ ਦਾ ਬਲੀਆ, ਪਤਾ ਨਹੀਂ ਖੀਰ ਬਣੂ ਕਿ ਦਲੀਆ..!
                                                            ਚਰਨਜੀਤ ਭੁੱਲਰ
ਬਠਿੰਡਾ :  ਯੋਗ ਗੁਰੂ ਰਾਮਦੇਵ ਫ਼ਰਮਾਉਂਦੇ ਹਨ ਕਿ ‘ਪ੍ਰਧਾਨ ਮੰਤਰੀ ਐਤਕੀਂ ਕੌਣ ਬਣੂ, ਇਹ ਕੋਈ ਪਤਾ ਨਹੀਂ ਪਰ ਖਿਚੜੀ ਬੜੀ ਗੁਣਾਕਾਰੀ ਹੈ, ਨਿਰਾ ਪੌਸ਼ਟਿਕ ਆਹਾਰ।’  ਰਾਮਦੇਵ ਦੇ ਘਰ ਕੋਈ ਤੋੜਾ ਨਹੀਂ, ਜਦੋਂ ਭਾਜਪਾ ਦੀ ਅੱਖ ਟੀਰੀ ਨਹੀਂ ਤਾਂ ਫਿਰ ਕਾਹਦਾ ਘਾਟਾ। ਪਤੰਜਲੀ ਫੂਡ ਪਾਰਕ, ਪਤੰਜਲੀ ਯੂਨੀਵਰਸਿਟੀ, ਹੁਣ ਤਾਂ ਖ਼ੁਸ਼ਬੋ ਬਿਖੇਰਦੇ ਪਤੰਜਲੀ ਕੱਪੜੇ ਵੀ, ਸੁਰੱਖਿਆ ਲਈ ਕੇਂਦਰ ਨੇ ਕਮਾਂਡੋ ਇਕੱਲੇ ਨਹੀਂ ਭੇਜੇ, ਪੰਜਾਹ ਕਰੋੜ ਦੇ ਸਰਕਾਰੀ ਫ਼ੰਡ ਵੀ ਭੇਜੇ ਨੇ, ਜੋ ਜ਼ਮੀਨ ਦੀ ਸੇਵਾ ਨਿਭਾਈ, ਉਹ ਵੱਖਰੀ। ਯੂ.ਪੀ ਵਾਲੇ ਯੋਗੀ ਨੂੰ ਜਦੋਂ ਯੋਗ ਗੁਰੂ ਨੇ ਅੱਖਾਂ ਦਿਖਾਈਆਂ ਤਾਂ ਨੋਇਡਾ ਫੂਡ ਪਾਰਕ ਲਈ ਤਣੀ ਸ਼ਰਤਾਂ ਦੀ ਘੁੰਡੀ ਢਿੱਲੀ ਪੈ ਗਈ। ‘ਚੌਂਕੀਦਾਰ’ ਦਾ ਦਿਲ ਘਟਣ ਲੱਗਾ ਹੈ। ਅਮਿਤ ਸ਼ਾਹ ਨੂੰ ਯੋਗ ਗੁਰੂ ਦੀ ਅੱਖ ’ਚ ਹੁਣ ਕਣ ਦਿੱਖਦੈ। ਰਾਮਦੇਵ ਅਗਲੇ ਚੋਣ ਪ੍ਰਚਾਰ ਤੋਂ ਟੇਢ ਜੋ ਵੱਟਣ ਲੱਗਾ ਹੈ। ਐਵੇ ਕੌਣ ਕਿਸੇ ਦੇ ਚਰਨੀ ਲੱਗਦੈ। ਇੰਜ ਜਾਪਦਾ ਜਿਵੇਂ ਅਮਿੱਤ ਸ਼ਾਹ ਨੇ ਰਾਮਦੇਵ ਦੇ ਕੰਨ ’ਚ ਆਖਿਆ ਹੋਵੇ ‘ ਆਸਣ ਛੱਡੋ, ਅੱਗੇ ਚੋਣਾਂ ਨੇ, ਕਰੋ ਕਿਰਪਾ’। ਸ਼ਾਹ ਸਾਹਿਬ ਨੇ ਚੇਤੇ ਕਰਾਇਆ ਹੋਊ ‘ਨਾਲੇ ਥੋਡੇ ’ਤੇ ਘੱਟ ਕਿਰਪਾ ਕੀਤੀ ਹੈ, ਅੰਬਾਨੀ ਅਡਾਨੀ ਤਾਂ ਐਵੇਂ ਬਦਨਾਮ ਨੇ।’ ਚਲੋ ਆਪਾ ਕੀ ਲੈਣਾ, ਵੱਡੇ ਲੋਕ, ਵੱਡੀਆਂ ਗੱਲਾਂ। ਐਵੇਂ ਆਪਾ ਨੂੰ ਦੱਸਣ ਦੀ ਕੀ ਲੋੜ ਕਿ ਪਤੰਜਲੀ ਦੇ ਨਮੂਨੇ ਵੀ ਫ਼ੇਲ੍ਹ ਹੋਏ ਸੀ, ਨਾਲੇ ਭਾਰਤੀ ਫ਼ੌਜ ਨੇ ਕੰਟੀਨਾਂ ਚੋਂ ਆਂਵਲਾ ਜੂਸ ਦਾ ਇੱਕ ਬੈਚ ਬੇਰੰਗ ਮੋੜਤਾ ਸੀ।
          ਭਾਜਪਾਈ ਕੜਾਹੇ ’ਚ ਇਕੱਠੀ ਪੰਜ ਹਜ਼ਾਰ ਕਿੱਲੋ ਖਿਚੜੀ ਪੱਕੀ, ਰਸਦ ਦਲਿਤ ਘਰਾਂ ਚੋਂ ਲਿਆਂਦੀ। ਰਾਮ ਲੀਲ੍ਹਾ ਮੈਦਾਨ ’ਚ ਸਭ ਨੇ ਛਕੀ ਖਿਚੜੀ, ਹੰਸਾਂ ਦੀ ਜੋੜੀ ਨਹੀਂ ਦਿੱਖੀ। ਵਿਰੋਧੀ ਆਖਦੇ ਨੇ ‘ਅਖੇ ਦਲਿਤਾਂ ਨੂੰ ਰਿਝਾਉਣ ਲਈ ਚੁੱਲ੍ਹਾ ਤਪਾਇਆ।’ ਪਹਿਲਾਂ ਹਰਸਿਮਰਤ ਬਾਦਲ ਨੇ ਵਰਲਡ ਫੂਡ ਪ੍ਰੋਗਰਾਮਾਂ ’ਚ 918 ਕਿੱਲੋ ਖਿਚੜੀ ਬਣਾਈ ਸੀ, ਉਹ ਚੋਣਾਂ ਕਰਕੇ ਨਹੀਂ, ਉਦੋਂ ਵਿਸ਼ਵ ਰਿਕਾਰਡ ਬਣਾਉਣ ਲਈ ਭੱਠੀ ਚੜ੍ਹੀ ਸੀ। ਖਿਚੜੀ ਨੂੰ ‘ਕੌਮੀ ਖ਼ੁਰਾਕ’ ਦਾ ਰੁਤਬਾ ਮਿਲਣਾ ਸੀ, ਰੌਲੇ ਨੇ ਕੰਮ ਖਰਾਬ ਕਰ ਦਿੱਤਾ। ਚੋਣਾਂ ਸਿਰ ’ਤੇ ਹਨ, ਹਾਲੇ ਤਾਂ ਹੋਰ ਬੜੇ ਰੌਲ਼ੇ ਪੈਣੇ ਹਨ। ਰੌਲਾ ਤਾਂ ਉਦੋਂ ਵੀ ਬੜਾ ਪਿਆ ਜਦੋਂ ਬਿਹਾਰ ਦੇ ਛਪਰਾ ’ਚ ਖਿਚੜੀ ਖਾਣ ਨਾਲ 11 ਬੱਚਿਆਂ ਦੀ ਜਾਨ ਚਲੀ ਗਈ ਸੀ। ਲੁਧਿਆਣਾ  ਦਾ ਰੇਹੜੀ ਵਾਲਾ ਅਰੁਣ ਸ਼ਾਹ  ਵੀ ਹੁਣ ਕਿਸ ਅਮਿੱਤ ਸ਼ਾਹ ਦੇ ਗਲ ਲੱਗ ਕੇ ਢਿੱਡ ਹੌਲਾ ਕਰੇ ਜਿਸ ਦੇ ਦੋ ਬੱਚੇ ਖਿਚੜੀ ਖਾ ਕੇ ਫੌਤ ਹੋ ਗਏੇ। ਚੋਣ ਵਰੇ੍ਹ ’ਚ ਤਾਂ ਲੀਡਰਾਂ ਨਾਲ ਵੀ ਖੇਤ ਪਏ ਗਧੇ ਵਾਲੀ ਹੁੰਦੀ ਹੈ। ਕੋਈ ਗੁਆਉਂਦਾ ਹੈ ਤੇ ਕੋਈ ਪਾਉਂਦੈ। ਜਿੱਧਰ ਵੀ ਦੇਖੋ, ਸਿਆਸੀ ਧਿਰਾਂ ਨੇ ਚੁੱਲ੍ਹੇ ਤਪਾ ਲਏ ਨੇ। ਤਪੇ ਹੋਏ ਲੋਕ ਵੀ ਕਚੀਚੀਆਂ ਵੱਟ ਰਹੇ ਨੇ। ਲੱਗਦੈ, ਡਾ. ਮਨਮੋਹਨ ਸਿੰਘ ਵੀ ਚੁੱਪ ਰਹਿਣ ਦੀ ਅੜੀ ਤੋੜਨਗੇ। ਇੱਧਰ ਮੋਦੀ ਨੂੰ ਚੁੱਪ ਰਹਿਣ ਦਾ ਮੰਤਰ ਵੋਟਰ ਸਿਖਾਉਣਗੇ।
           ਰਾਹੁਲ ਗਾਂਧੀ ਵੀ ‘ਲਾਈਨ ਟੱਚ’ ਤੇ ਖੜ੍ਹਾ ਹੈ। ਮੁੱਠੀਆਂ ਵਿਚ ਲੋਕਾਂ ਨੇ ਵੀ ਥੁੱਕ ਲਿਆ ਹੈ। ਜਦੋਂ ਸਿਆਸੀ ਮੈਦਾਨ ਫ਼ਤਿਹ ਕਰਨਾ ਹੋਵੇ ਤਾਂ ਉਦੋਂ ਪੁਰਾਣੇ ਗਿਲੇ ਭੁਲਾ ਕੇ ਘਿਓ ਖਿਚੜੀ ਹੋਣਾ ਪੈਂਦਾ।  ਯੂ.ਪੀ ’ਚ ‘ਭੂਆ-ਭਤੀਜੇ’ ਨੇ ਨਵੇਂ ਸੁਰ ਕੱਢੇ ਹਨ। ਅਖਲੇਸ਼ ਯਾਦਵ ਦੀ ਬੀਵੀ ਡਿੰਪਲ ਯਾਦਵ ਅਤੇ ਮਾਇਆਵਤੀ ਦਾ 15 ਜਨਵਰੀ ਨੂੰ ਜਨਮ ਦਿਨ ਹੈ। ਹੈਪੀ ਬਰਥ ਡੇਅ ਤੋਂ ਪਹਿਲਾਂ ਹੀ ਸੀਟਾਂ ਦਾ ਕਲੇਸ਼ ਮੁਕਾ ਲਿਆ। ਹੁਣ ਨਾਲੇ ਭੂਆ ਖ਼ੁਸ਼ ਤੇ ਨਾਲੇ ਬੀਵੀ। ਉਪੇਂਦਰ ਕੁਸ਼ਵਾਹਾ ਤੇ ਤੇਲਗੂ ਦੇਸਮ ਤੋਂ ਖ਼ੁਸ਼ ਤਾਂ ਹੁਣ ਰਾਹੁਲ ਗਾਂਧੀ ਵੀ ਹੈ ਜੋ ਮਹਾਂਗਠਜੋੜ ਦਾ ਨਕਸ਼ਾ ਚੁੱਕ ਕੇ ਬੂਹੇ ਖੜਕਾਉਂਦਾ ਘੁੰਮ ਰਿਹੈ। ਹਰਿਆਣੇ ’ਚ ਚੌਟਾਲਿਆਂ ਨੇ ਸਿਆਸੀ ਚੁੱਲ੍ਹੇ ਵੰਡ ਲਏ ਨੇ। ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਆਉਣਾ ਹੈ ਪਰ ਆਊ ਕੇਹੜੇ ਮੂੰਹ ਨਾਲ, ਮਾਫ਼ੀ ਵਾਲੀ ਗੱਲ ਪੰਜਾਬੀ ਭੁੱਲ ਹੀ ਨਹੀਂ ਰਹੇ। ‘ਪੰਜਾਬੀ ਏਕਤਾ ਪਾਰਟੀ’ ਬਣਾ ਕੇ ਸੁਖਪਾਲ ਖਹਿਰਾ ਨੇ ਆਪਣਾ ਘੋੜਾ ਸ਼ਿੰਗਾਰ ਲਿਆ ਹੈ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੀ ਬਣ ਕੇ ਤਿਆਰ ਬਰ ਤਿਆਰ ਹੈ। ਫੂਲਕਾ ਸਾਹਿਬ ਵੀ ਨਵੇਂ ਰੂਪ ਨਾਲ ਜਨਤਾ ਦੀ ਕਚਹਿਰੀ ’ਚ ਹਾਜ਼ਰ ਹਨ। ਹੁਣ ਸ਼੍ਰੋਮਣੀ ਕਮੇਟੀ ਦੇ ਮਾਮਲੇ ’ਤੇ ਗਰਮ ਦਿਖ ਰਹੇ ਨੇ। ਗਰਮਦਲੀਏ ਵੀ ਸਿਆਸੀ ਦਾਅ ਲਾਉਣ ਲਈ ਸਾਊ ਬਣੇ ਬੈਠੇ ਹਨ। ਸ਼੍ਰੋਮਣੀ ਅਕਾਲੀ ਦਲ ਵੀ ਪੈਰ ਲਾਉਣ ਅੱਕੀ ਪਲਾਹੀ ਹੱਥ ਮਾਰ ਰਿਹਾ ਹੈ। ਅਮਰਿੰਦਰ ਸਿੰਘ ਸਭ ਕਾਸੇ ਨੂੰ ਕਾਂਗਰਸ ਲਈ ਸ਼ੁੱਭ ਮੰਨੀ ਬੈਠਾ ਹੈ।         
               ਕੌਣ ਕੌਣ ਘਿਓ ਖਿਚੜੀ ਹੋਣਗੇ, ਕੌਣ ਕੌਣ ਖੱਖੜੀਆਂ ਕਰੇਲੇ, ਆਉਂਦੇ ਦਿਨਾਂ ’ਚ ਕੋਈ ਢਕੀ ਨਹੀਂ ਰਹਿਣੀ। ਭਾਜਪਾ ਤੇ ਅਕਾਲੀ ਦਲ ਹੱਡ ਮਾਸ ਵਾਲੇ ਰਿਸ਼ਤੇ ਦਾ ਗਦੋੜਾ ਫੇਰਨਗੇ। ‘ਕਾਂ ਤੇ ਚਿੜ੍ਹੀ’ ਵਾਲੀ ਕਹਾਣੀ ਦਾ ਰੂਪਾਂਤਰਨ ਵੀ ਚੋਣ ਪਿੜ ’ਚ ਦਿਖੇਗਾ। ਮੋਹਨ ਭੰਡਾਰੀ ਦੀ ਕਹਾਣੀ ‘ਖ਼ੁਸ਼ਖ਼ਬਰੀ’ ਦੀ ਆਖ਼ਰੀ ਲਾਈਨ ਪ੍ਰਸੰਗਕ ਜਾਪੀ ‘ਅਜੇ ਆਦਮੀ ਆਪਸ ਵਿਚ ਲੜ ਰਹੇ ਨੇ, ਸਾਨੂੰ ਜਨੌਰਾਂ ਨੂੰ ਕੋਈ ਖ਼ਤਰਾ ਨਹੀਂ’। ਆਉਂਦੇ ਦਿਨਾਂ ’ਚ ਲੋਕਾਂ ਦੀ ਲੜਾਈ ਲੜਨ ਦੇ ਮਖੌਟੇ ਦਿਖਣਗੇ। ਅੰਦਰੋਂ ਲੜਾਈ ਕੁਰਸੀ ਦੀ ਹੀ ਹੋਵੇਗੀ। ਏਨੀ ਸਮਝ ਹੁੰਦੀ ਤਾਂ ਲੇਬਰ ਚੌਂਕ ’ਚ ਕਾਹਤੋਂ ਖੜ੍ਹਦੇ। ਫਿਰ ਵੀ ਮਜ਼ਦੂਰ ਆਗੂ ਸਮਝਾ ਰਿਹਾ ਹੈ ਕਿ ਖਿਚੜੀ ਬਿਮਾਰਾਂ ਲਈ ਬਣਦੀ ਹੈ। ਏਨਾ ਇਸ਼ਾਰਾ ਕਾਫ਼ੀ ਹੈ। ਸਕੂਲਾਂ ’ਚ ਪੁੱਜੇ ਸਰਕਾਰੀ ਸਾਈਕਲ ਵੀ ਚੋਣਾਂ ਦੀ ਘੰਟੀ ਦਾ ਇਸ਼ਾਰਾ ਹਨ।  ਉੱਧਰ ਖੇਤਾਂ ਵਿਚ ਆਵਾਰਾ ਪਸ਼ੂ ਕਿਸਾਨਾਂ ਨੂੰ ਢੁੱਡਾਂ ਮਾਰ ਰਹੇ ਨੇ ’ਤੇ ਸਕੂਲਾਂ ਵਿਚ ਠੰਢ। ਵਰਦੀਆਂ ਹਾਲੇ ਤੱਕ ਮਿਲੀਆਂ ਨਹੀਂ। ਪੌਣੇ ਤਿੰਨ ਵਰ੍ਹਿਆਂ ਤੋਂ ਪੰਜਾਬ ਦੇ 1.41 ਕਰੋੜ ਲੋਕ ਆਟਾ ਦਾਲ ਸਕੀਮ ਵਾਲੀ ਦਾਲ ਉਡੀਕ ਰਹੇ ਨੇ। ਬਿਨਾਂ ਦਾਲ ਤੋਂ ਤਾਂ ਖਿਚੜੀ ਵੀ ਨਹੀਂ ਬਣਦੀ। ਵਕਤ ਬੰਦੇ ਨੂੰ ਮਰੀਜ਼ ਵੀ ਬਣਾਉਂਦਾ ਤੇ ਮੁਥਾਜ ਵੀ। ਲੇਲ੍ਹੜੀਆਂ ਵੀ ਕਢਵਾਉਂਦਾ ਹੈ ਤੇ ਕੌੜਾ ਘੁੱਟ ਭਰਨਾ ਵੀ ਸਿਖਾਉਂਦੇ। ਸੱਚ ਇਹ ਵੀ ਹੈ ਕਿ ਪਾਣੀ ਸਿਰੋਂ ਲੰਘ ਜਾਏ ਤਾਂ ਬੰਦਾ ਗੋਲੀ ਬਣਦਾ ਵੀ ਦੇਰ ਨਹੀਂ ਲਾਉਂਦਾ। ਫਿਰ ਕਿਸੇ ਨੂੰ ਖਿਚੜੀ ਸੁਆਦ ਨਹੀਂ ਲੱਗਣੀ।




No comments:

Post a Comment