Sunday, January 6, 2019

                                                          ਵਿਚਲੀ ਗੱਲ 
                            ਧੰਨੋ ਨੂੰ ਰੋਕ ਬਸੰਤੀ ਏਹ ਸੜਕ ਕਿਤੇ ਨਹੀਂ ਜਾਂਦੀ..!
                                                          ਚਰਨਜੀਤ ਭੁੱਲਰ
ਬਠਿੰਡਾ :  ਕਿਥੇ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਤੇ ਕਿਥੇ ਓਮ ਪੁਰੀ ਦੀਆਂ ਗੱਲ੍ਹਾਂ। ਏਡਾ ਫਰਕ ਹੈ ,ਜਮਹੂਰੀ ਦਰਬਾਰ ਦੇ ‘ਰਾਜਾ ਭੋਜ’ ਦੀ ਤੇ ‘ਗੰਗੂ ਤੇਲੀ’ ਦੀ ਸੜਕ ’ਚ। ਕਾਮਰੇਡ ਆਖਦੇ ਹਨ ਕਿ ਲੋਕਾਂ ਦੇ ਖਾਨੇ ਫਿਰ ਵੀ ਕਿਉਂ ਨਹੀਂ ਪੈਂਦੀ। ਲੋਕ ਰਾਜ ਦਾ ‘ਭੋਜ’ ਬੋਲਾ ਹੋ ਜਾਏ ਤਾਂ ‘ਗੰਗੂ ਤੇਲੀ’ ਨੂੰ ਇਨ੍ਹਾਂ ਸੜਕਾਂ ’ਤੇ ਹੀ ਕੂਕਣਾ ਪੈਂਦਾ। ਕਦੇ ਗੰਨੇ ਦੇ ਭਾਅ ਲਈ, ਕਦੇੇ ਸਿਰ ਦੀ ਛੱਤ ਲਈ, ਰੁਜ਼ਗਾਰ ਲਈ ਵੀ। ਵਿਹੜੇ ਪੰਜਾਬ ਦੇ ਸੁੱਖ ਹੁੰਦੀ ਤਾਂ ਇਨ੍ਹਾਂ ਸੜਕਾਂ ’ਤੇ ਆਲੂ ਨਾ  ਰੁਲਦੇ। ਖੈਰ, ਰੁਲ ਤਾਂ ‘ਗੰਗੂ ਤੇਲੀ’ ਵੀ ਰਹੇ ਹਨ। ਜਦੋਂ ਦਿੱਲੀ ਦੀ ਗੱਦੀ ਥਾਪੜਾ ਹੋਵੇ ਤਾਂ ਕਿਸੇ ਪਹਿਲੂ ਖਾਨ ਨੂੰ ਕੌਣ ਬਚਾ ਸਕਦਾ ਹੈ। ਕੌਮੀ ਸੜਕ ’ਤੇ ਤੜਫ ਤੜਫ ਕੇ ਮਰਿਆ। ਵਾਰਸ ਕਿਸ ਤੋਂ ਨਿਆਂ ਮੰਗਣ ?  ਏਦਾ ਜਾਪਦਾ ਹੈ ਕਿ ਜਿਵੇਂ ਸੜਕਾਂ ’ਤੇ ‘ਹਿੰਸਕ ਭੀੜ’ ਦਾ ਰਾਜ ਹੋਵੇ। ਅਲਵਰ ਜ਼ਿਲ੍ਹੇ ’ਚ ਰਕਬਰ ਨੂੰ ਸੜਕ ’ਤੇ ਕੁੱਟ ਕੁੱਟ ਕੇ ਮਾਰ ਦਿੱਤਾ। ਕੇਹਾ ਇਨਸਾਫ ਜੋ ਸੜਕਾਂ ’ਤੇ ਮਿਲਦਾ ਹੈ। ‘ਮੌਬ ਲਿਚਿੰਗ’ ’ਚ 80 ਜਾਨਾਂ ਗਈਆਂ ਹਨ, ਬਹੁਤਿਆਂ ਦੀ ਜਾਨ ਸੜਕਾਂ ’ਤੇ ਲਈ ਗਈ। ਤੀਹ ਮਾਮਲਿਆਂ ’ਚ ਗਊ ਰੱਖਿਅਕਾਂ ’ਤੇ ਉਂਗਲ ਉੱਠੀ ਹੈ। ਸੁਰਿੰਦਰ ਕੌਰ ਸ਼ਾਇਦ ਅੱਜ ਇਹ ਨਾ ਗਾਉਂਦੀ ‘ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ’ । ਹੁਣ ਤਾਂ ਸੜਕਾਂ ’ਤੇ ‘ਕੰਡੇ’ ਚੁੱਭਦੇ ਨਹੀਂ, ਜਾਨ ਕੱਢਦੇ ਹਨ। ਲੋਕ ਰਾਜ ਦੇ ਤੇਲੀ ਨੂੰ ਨਿਤਾਣਾ ਕਹੋ ਤੇ ਚਾਹੇ ਸਿਆਣਾ। ਐਸਾ ਜੜ੍ਹੀ ਤੇਲ ਦਿੱਤਾ ਕਿ ਤਿੰਨ ਰਾਜਾਂ ਦੇ ਭੋਜ ਸਿਰ ਪਰਨੇ ਜਾ ਡਿੱਗੇ।
                   ਸੜਕਾਂ ਕਿਥੋਂ ਤੇ ਕਿਥੇ ਜਾਂਦੀਆਂ ਹਨ। ਬਲਦੇਵ ਸਿੰਘ ਸੜਕਨਾਮਾ ਤੋਂ ਵੱਧ ਕੌਣ ਜਾਣ ਸਕਦਾ ਹੈ ਜਿਨ੍ਹਾਂ ਦਿੱਲੀ ਦੱਖਣ ਗਾਹਿਆ। ਸੜਕਾਂ ਵਾਂਗੂ ਗੱਲ ਵੀ ਕਿਧਰੋਂ ਕਿਧਰ ਹੀ ਚਲੀ ਗਈ। ਹੇਮਾ ਮਾਲਿਨੀ ਦੀਆਂ ਦਰਸ਼ਨੀ ਗੱਲ੍ਹਾਂ ਵਿਚੇ ਭੁੱਲ ਗਏ। ਨੇਤਾਵਾਂ ਨੂੰ ਚੋਣਾਂ ਵੇਲੇ ਫਿਲਮੀ ਬੀਬੀਆਂ ਦਾ ਬੜਾ ਹੇਜ ਆਉਂਦਾ। ਗੱਲ ਥੋੜੀ ਪੁਰਾਣੀ ਹੈ। ਲਾਲੂ ਪ੍ਰਸ਼ਾਦ ਯਾਦਵ ਨੇ ਇੱਕ ਵਾਰੀ ਚੋਣਾਂ ’ਚ ਐਲਾਨਿਆ ਕਿ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਬਣਾਵਾਂਗੇ ਬਿਹਾਰ ਦੀਆਂ ਸੜਕਾਂ। ਹੋਣਾ ਕੀ ਸੀ, ਰਾਤ ਗਈ, ਬਾਤ ਗਈ। ਬਿਹਾਰੀ ਲੋਕਾਂ ਨੇ ਉਲਾਂਭਾ ਦਿੱਤਾ, ‘ਸੜਕਾਂ ’ਤੇ ਤਾਂ ਟੋਏ ਨੇ’। ਲਾਲੂ ਅੱਗਿਓ ਕਹਿੰਦਾ ‘ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਿਚ ਵੀ ਤਾਂ ਟੋਏ ਨੇ’। ‘ਮਹਾਰਾਜਾ’ ਸੁਖਬੀਰ ਬਾਦਲ ਨੇ ਪੰਜਾਬ ’ਚ ਕਿਤੇ ਚਹੁੰ ਮਾਰਗੀ ਤੇ ਛੇ ਮਾਰਗੀ ਸੜਕਾਂ ਦਾ ਜਾਲ ਵਿਛਾਇਆ। ਨਾਲ ਗਰੰਟੀ ਵੀ ਦਿੱਤੀ, ਸੜਕਾਂ ਬੰਬਾਂ ਨਾਲ ਵੀ ਨਹੀਂ ਟੁੱਟਣਗੀਆਂ। ਮੀਂਹ ਦੀ ਪਹਿਲੀ ਝੜੀ ਨੇ ਮੋਘਰੇ ਕੱਢ ਦਿੱਤੇ। ਕਿਸੇ ਮਜਾਹੀਏ ਨੇ ਪੱਖ ਰੱਖਿਆ ‘ਗਰੰਟੀ ਬੰਬਾਂ ਦੀ ਸੀ, ਨਾ ਕਿ ਮੀਂਹ ਦੀ ’। ਖੈਰ, ਪੰਜਾਬ ਮਲਾਈਦਾਰ ਸੜਕਾਂ ਦਾ ਲੁਤਫ ਲੈਂਦਾ ਜੇ ਕਿਤੇ ਟੌਲ ਨਾ ਹੁੰਦਾ। ਵੱਡੇ ਬਾਦਲ ਨੇ ਕੇਰਾਂ ਸਟੇਜ ਤੋਂ ਆਖਿਆ ‘ ਏਦਾਂ ਦੀਆਂ ਮਖਮਲੀ ਸੜਕਾਂ ਬਣਾਵਾਂਗੇ, ਚਾਹੇ ਸਾਡੇ ਪਿੰਡ ਵਾਲਾ ਮਰਾਸੀ ਭੰਗੜੇ ਪਾਉਂਦਾ ਫਿਰੇ।
                 ਸੱਚਮੁੱਚ ਸੜਕਾਂ ਪੱਧਰ ਹੋਣ ਤਾਂ ਸਾਹਿਤ ਦੇ ਵਿਹੜੇ ’ਚ ਵੀ ਲੁੱਡੀ ਪਾਉਂਦੀਆਂ ਨੇ। ਸੰਤੋਖ ਸਿੰਘ ਧੀਰ ਵੀ ‘ਨਿੱਕੀ ਸਲੇਟੀ ਸੜਕ ਦਾ ਟੋਟਾ’ ਲਿਖ ਕੇ ਗੇੜਾ ਲਾ ਗਿਆ ਲੱਗਦੈ। ਪੁਰਾਣੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਫਰਮਾਉਂਦੇ ਨੇ ‘ ਅਮਰੀਕਾ ਦੀਆਂ ਸੜਕਾਂ ਤੋਂ ਕਿਤੇ ਵਧੀਆ ਨੇ ਮੱਧ ਪ੍ਰਦੇਸ਼ ਦੀਆਂ ਸੜਕਾਂ’। ਕਾਂਗਰਸੀ ਰੌਲਾ ਪਾਉਂਦੇ ਰਹੇ ਤੇ ਨਾਲੇ ਸੜਕਾਂ ਦੇ ਟੋਏ ਵਿਖਾਉਂਦੇ ਰਹੇ। ਗੁਰਸ਼ਰਨ ਭਾਅ ਜੀ ਨੇ ਪਿੰਡ ਪਿੰਡ ਨਾਟਕ ‘ਟੋਆ’ ਵਿਖਾਇਆ ਜੋ ਲੋਕ ਵਿੱਥਿਆ ਦਾ ਪ੍ਰਤੱਖ ਬਣਿਆ। ਦੇਸ਼ ਵਿਚ ਸੜਕੀ ਖੱਡਿਆਂ ਕਾਰਨ ਰੋਜ਼ਾਨਾ ਅੌਸਤਨ 9 ਜ਼ਿੰਦਗੀਆਂ ਵਿਦਾ ਹੁੰਦੀਆਂ ਹਨ। ਸੜਕ ਹਾਦਸੇ ਪੰਜਾਬ ’ਚ ਰੋਜ਼ਾਨਾ ਅੌਸਤਨ 13 ਜਾਨਾਂ ਲੈਂਦੇ ਹਨ। ਸੜਕਾਂ ’ਤੇ ਯਮਦੂਤ ਹਰਲ ਹਰਲ ਕਰਦਾ ਫਿਰਦੈ। ਪੰਜਾਬ ’ਚ 60 ਹਜ਼ਾਰ ਕਿਲੋਮੀਟਰ ਸੰਪਰਕ ਸੜਕਾਂ ਨੂੰ ਟਾਕੀਆਂ ਲਾਉਣ ਲਈ ਵੀ ਮੰਡੀ ਬੋਰਡ ਨੂੰ ਕਰਜ਼ਾ ਚੁੱਕਣਾ ਪੈਂਦੇ। ਇਨ੍ਹਾਂ ’ਤੇ ਖੱਡੇ ਹੀ ਖੱਡੇ ਹਨ, ਲੋਕਾਂ ਦੀਆਂ ਸੜਕਾਂ ਜੋ ਹੋਈਆਂ। ਸਮਰਾਲਾ-ਝਾੜ ਸੜਕ ਲਈ ਤਿੰਨ ਪਿੰਡਾਂ ਦੇ ਲੋਕਾਂ ਨੂੰ ਕੁੱਦਣਾ ਪਿਆ। ਕੇਰਾਂ ਭਗਵੰਤ ਮਾਨ ਨੇ ਡੀਸੀ ਨੂੰ ਫੋਨ ਕਰਕੇ ਪੁੱਛਿਆ ਕਿ ਸਾਹਮਣੇ ਬੋਰਡ ਤਾਂ ਲੱਗਿਆ ਕਿ ‘ਸੜਕ ਸੰਗਤੀਵਾਲ ਨੂੰ ਜਾਂਦੀ ਹੈ’ ਪਰ ਸੜਕ ਹੈਨੀ। ਵਾਈਰਲ ਵੀਡੀਓ ਦਾ ਕਾਫੀ ਰੌਲਾ ਪਿਆ।                                                                                                           ਸੜਕ ਦਾ ਮੁੱਲ ਤਾਂ ਕੋਈ ਆਨੰਦਪੁਰ ਸਾਹਿਬ ਦੇ ਪਿੰਡ ਕੱਲਰ ਦੇ ਲੋਕਾਂ ਤੋਂ ਪੁੱਛੋ ਜਿਨ੍ਹਾਂ ਨੂੰ ਦੋ ਕਿਲੋਮੀਟਰ ਸੜਕ ਦਾ ਟੋਟਾ ਨਾ ਹੋਣ ਕਰਕੇ ਪਹਾੜਪੁਰ ਡਿਪੂ ਤੋਂ ਰਾਸ਼ਨ ਲੈਣ ਲਈ 40 ਕਿਲੋਮੀਟਰ ਵਲ ਕੇ ਆਉਣਾ ਪੈਂਦਾ। ਚਾਹੁੰਦਾ ਤਾਂ ਪੰਜਾਬ ਦਾ ਹਰ ਪਿੰਡ ਹੈ ਕਿ ਉਸ ਦੇ ਭਾਗ ਪਿੰਡ ਬਾਦਲ ਵਰਗੇ ਹੋਣ। 30 ਕਰੋੜ ਦੇ ਕੇਂਦਰੀ ਫੰਡਾਂ ਨਾਲ ਬਾਦਲਾਂ ਨੇ ਬਠਿੰਡਾ-ਬਾਦਲ ਸੜਕ ਬਣਾਈ ਸੀ ਜਦੋਂ ਕਿ ਇਹ ਫੰਡ ਤਖਤ ਦਮਦਮਾ ਦੀ ਸੜਕ ਲਈ ਆਏ ਸਨ। ਕੇਂਦਰੀ ਫੰਡਾਂ ਦਾ ਵੱਡਾ ਗੱਫਾ ਹੁਣ ਮੰਤਰੀ ਵਿਜੇ ਸਿੰਗਲਾ ਆਪਣੇ ਸੰਗਰੂਰ ’ਚ ਵਰਤ ਰਹੇ ਹਨ। ਵੱਡੇ ਬਾਦਲ ਆਖਦੇ ਹਨ ਕਿ ਉਨ੍ਹਾਂ ਬਤੌਰ ਸਰਪੰਚ ਸਭ ਤੋਂ ਪਹਿਲੀ ਸੜਕ ਖਿਉਵਾਲੀ-ਬਾਦਲ ਬਣਾਈ ਸੀ। ਦੱਸ ਦੇਈਏ ਕਿ ਬਾਦਲਾਂ ਨੇ ਸਰਕਾਰੀ ਖਜ਼ਾਨੇ ਨਾਲ ਆਖਰੀ ਸੜਕ ਆਪਣੇ ਸੱਤ ਤਾਰਾ ਹੋਟਲ (ਪੱਲਣਪੁਰ) ਲਈ ਬਣਾਈ ਹੈ। ਮਹੇਸ਼ਪੁਰ (ਖਮਾਣੋ) ਦੀ ਮਜ਼ਦੂਰ ਅੌਰਤ ਪੂਨਮ ਨੂੰ ਇਸ ਦਾ ਕੀ ਭਾ, ਸੜਕੀ ਖੱਡਿਆਂ ਕਰਕੇ ਜਿਸ ਦਾ ਬੱਚਾ ਸੜਕ ’ਤੇ ਜਨਮਿਆ ਜੋ ਬਚ ਨਾ ਸਕਿਆ। ਸਮਾਂ ਮਿਲੇ ਤਾਂ ਅਮਰਿੰਦਰ ਪੇਂਡੂ ਸੜਕਾਂ ’ਤੇ ਗੇੜਾ ਜਰੂਰ ਮਾਰਨ।
        ਕੋਈ ਦਿਨ ਸੁੱਕਾ ਨਹੀਂ ਲੰਘਦਾ ਜਦੋਂ ਸੜਕਾਂ ’ਤੇ ਸੰਘਰਸ਼ੀ ਲੋਕ ਨਿਕਲੇ ਨਾ ਹੋਣ। ਅਨਿਆਂ ਖਿਲਾਫ ਅੌਰਤਾਂ ਦੀ ਮਨੁੱਖੀ ਕੜੀ ਬਣਦੀ ਹੈ ਤਾਂ ਕੇਰਲਾ ਦੀਆਂ ਸੜਕਾਂ ਵੀ ਛੋਟੀਆਂ ਪੈ ਜਾਂਦੀਆਂ ਹਨ। ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਵੀ ਠੰਢ ’ਚ ਸੜਕਾਂ ’ਤੇ ਬੈਠਣ ਦਾ ਕੋਈ ਚਾਅ ਨਹੀਂ। ਰੋਹ ਜਾਗਦਾ ਹੈ ਤਾਂ ਬਰਗਾੜੀ ਦੀਆਂ ਸੜਕਾਂ ’ਤੇ ਤਿੱਲ ਸੁੱਟਣ ਜੋਗੀ ਥਾਂ ਨਹੀਂ ਬਚਦੀ। ਪੰਜਾਬ ਦੇ ਤੇਲੀ ਉਦਾਸ ਜਰੂਰ ਹਨ ਪਰ ਉਨ੍ਹਾਂ ਦੇ ਅੰਦਰ ਤਾੜਾ ਲਾਉਣ ਦੀ ਹਿੰਮਤ ਹਾਲੇ ਘਟੀ ਨਹੀਂ। ਸੋ ਜਰਾ ਬਚ ਕੇ।

2 comments:

  1. ਸੜਕਾਂ ਨੂੰ ਬਿਆਨ ਕਰਦਿਆਂ ਬਾਦਲ ਬਠਿੰਡਾ ਰੋਡ ਦਾ ਜ਼ਿਕਰ ਹਾਂ ਪੱਖੀ ਪਹਿਲੂ ਲੱਗਿਆ। ਕਿਸੇ ਨੇ ਆਪਣੇ ਰਾਜ ਭਾਗ ਸਮੇ ਆਪਣੀ ਸੜਕ ਤਾਂ ਬਣਾਈ। ਬਹੁਤੇ ਰਾਜੇ ਆਪਣਾ ਘਰ ਵੀ ਨਹੀਂ ਸੁਧਾਰਦੇ। ਸਰਕਾਰਾਂ ਵਿਕਾਸ ਨੂੰ ਲੋਕਾਂ ਦੀ ਸਾਹੁਲੀਅਤ ਲਈ ਨਹੀਂ ਆਪਣੇ ਵੋਟ ਬੈੰਕ ਯ ਲੁੱਟ ਲਈ ਕਰਦੇ ਹਨ। ਭੁੱਲਰ ਨੇ ਬਹੁਤ ਵਧੀਆ ਢੰਗ ਨਾਲ ਇੱਕ ਸਾਰਥਿਕ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਪਰ ਜਾ ਜੂੰ ਨੂੰ ਰੇਨਗਣਾ ਨਹੀਂ ਆਉਂਦਾ ਯ ਹਾਕਮਾਂ ਦੇ ਕੰਨ ਹੀ ਨਹੀਂ ਹੁੰਦੇ। ਜੋ ਸੜਕਾਂ ਦਾ ਜਾਲ ਬੀਤੇ ਸਾਲਾਂ ਵਿਚ ਵਿਛਾਇਆ ਹੈ ਉਸ ਤਾਜ ਤੇ ਟੋਲ ਟੈਕਸ ਦਾ ਧੱਬਾ ਵਧੇਰੇ ਚਮਕਦਾ ਹੈ।

    ReplyDelete
  2. Everything is different from others. You did good job. Thanks for such information. Are you looking for online Punjabi dictionary then you can get Online Dictionary here.

    ReplyDelete