Sunday, January 20, 2019

                                                              ਵਿਚਲੀ ਗੱਲ
                        ਇੱਕ ਬੰਗਲਾ ਬਣੇ ਨਿਆਰਾ, ਢਾਹ ਕੇ ਛੱਜੂ ਦਾ ਚੁਬਾਰਾ..!
                                                            ਚਰਨਜੀਤ ਭੁੱਲਰ
ਬਠਿੰਡਾ : ਸਿਆਸੀ ਜ਼ੈਲਦਾਰਾਂ ਦੇ ਨੱਕ ਹੇਠ ਤਾਂ ਹੁਣ ਹਵੇਲੀ ਵੀ ਨਹੀਂ ਆਉਂਦੀ। ਚੁਬਾਰਾ ਤਾਂ ਦੂਰ ਦੀ ਗੱਲ। ਸਿਆਸਤੀ ਜ਼ੈਲਦਾਰ ਜੰਮੇ ਨਹੀਂ, ਬਣੇ ਹਨ, ਉਹ ਵੀ ਰਾਤੋਂ ਰਾਤ। ਜਿਵੇਂ ਉਨ੍ਹਾਂ ਦੇ ਬੰਗਲੇ ਬਣੇ ਨੇ, ਠੀਕ ਉਵੇਂ ਹੀ। ‘ ਬੰਦੇ ਨੂੰ ਕਿੰਨੀ ਜ਼ਮੀਨ ਦੀ ਲੋੜ ?’ ਘੱਟੋ ਘੱਟ ਲੀਓ ਤਾਲਸਤਾਏ ਦੀ ਇਸ ਕਹਾਣੀ ’ਤੇ ਨਜ਼ਰ ਮਾਰ ਲੈਂਦੇ ਤਾਂ  ‘ਸਾਢੇ ਤਿੰਨ ਹੱਥ ਧਰਤੀ’ ਦਾ ਚੇਤਾ ਨਾ ਭੁੱਲਦੇ। ਲੋਕਾਂ ਦੇ ਖੰਭਾਂ ਨਾਲ ਏਨਾ ਉੱਡੇ ਕਿ ਅੌਕਾਤ ਹੀ ਭੁੱਲ ਬੈਠੇ। ‘ਭੈਣੋ ਅੌਰ ਭਾਈਓ’, ਜੋ ‘ਜ਼ੈਲਦਾਰ’ ਤੁਸੀਂ ਚੁਣੇ ਨੇ, ਲੱਗਦਾ ਹੈ ਕਿ ਉਨ੍ਹਾਂ ਪਹਿਲਾਂ ‘ਦੀਵਾਰ’ ਫ਼ਿਲਮ ਦੇਖੀ ਹੋਊ ‘ਮੇਰੇ ਪਾਸ ਬੰਗਲਾ ਹੈ, ਗਾਡੀ ਹੈ, ਤੇਰੇ ਪਾਸ ਕਿਆ ਹੈ’। ਫਿਰ ਦੀਵਾਰ ਖੜ੍ਹੀ ਕਰ ਦਿੱਤੀ, ਚੀਨ ਵਾਲੀ ਤੋਂ ਵੱਡੀ। ਡਿਜੀਟਲ ਇੰਡੀਆ ਦੇ ਕੰਧਾੜੇ ਚੜ੍ਹ ਕੇ ਦੇਖੋ ਤਾਂ ਸਹੀ, ਦੂਰੋਂ ਨਜ਼ਰ ਪਏਗਾ ਕਿ ਚੁਬਾਰੇ ਵਾਲਾ ਛੱਜੂ ਠੁਰ ਠੁਰ ਕਰ ਰਿਹੈ ਤੇ ਬੰਗਲੇ ਵਾਲੇ ਜ਼ੈਲਦਾਰਾਂ ਦੀ ਚੱਤੋ ਪਹਿਰ ਬਸੰਤ ਹੈ। ਕੋਈ ਚੌਕੀਦਾਰ ਬਣਿਆ ਫਿਰਦੈ ਤੇ ਕੋਈ ਸੇਵਾਦਾਰ। ਹਮਾਂਤੜਾਂ ਦੀ ਵੋਟ ਫਿਰ ਲੁੱਟੀ ਜਾਂਦੀ ਹੈ, ‘ਮਜ਼ਬੂਤ ਤੇ ਮਜਬੂਰ’ ਦਾ ਨਕਸ਼ਾ ਦਿਖਾ ਕੇ। ਦੀਵਾਰ ਕੋਈ ਰਾਤੋ ਰਾਤ ਨਹੀਂ ਉੱਸਰੀ, ਸਿਆਸੀ ਜ਼ੈਲਦਾਰਾਂ ਨੇ ਬੜਾ ਪਸੀਨਾ ਵਹਾਇਆ। ਲੋਕ ਰਾਜ ਦੇ ਚੌਕੀਦਾਰ ਕਿਥੋਂ ਕਿਥੇ ਪੁੱਜ ਗਏ। ਚੁਬਾਰੇ ਵਾਲਾ ਛੱਜੂ ਪੰਜ ਪੰਜ ਮਰਲੇ ਦੇ ਪਲਾਂਟਾਂ ਦੇ ਗੇੜ ’ਚ ਫਸਿਆ ਹੋਇਆ ਹੈ। ਕੋਈ ਸਿਰ ਫੜ੍ਹੀ ਬੈਠਾ ਹੈ, ਕਰਜ਼ੇ ਦਾ ਨਾਗਵਲ ਨਹੀਂ ਖੁੱਲ੍ਹਦਾ।
                 ਉੱਧਰ, ਚੋਣਾਂ ਮੌਕੇ ‘ਸਿਆਸੀ ਜ਼ੈਲਦਾਰ’ ਚੋਣ ਕਮਿਸ਼ਨ ਨੂੰ ਆਪਣੇ ਵਹੀ ਖਾਤੇ ਦਿਖਾਉਣਗੇ, ਕਿੰਨੇ ਬੰਗਲੇ ਨੇ ਤੇ ਕਿੰਨੇ ਪਲਾਟ। ਇੱਧਰ, ਲੋਕ ਰਾਜ ਦੀ ਮਾਂ ਦਾ ਮੂੰਹ ਕੋਠੀ ’ਚ ਐ, ਦਿਖਾਉਣ ਨੂੰ ਕੁੱਝ ਵੀ ਨਹੀਂ। ਚਲੋ, ਸਿਆਸੀ ਜ਼ੈਲਦਾਰਾਂ ਦੇ ਬੰਗਲੇ ਦੇਖਦੇ ਹਾਂ। ਮਾਣਯੋਗ ਅਰੁਣ ਜੇਤਲੀ ਦਾ ਖ਼ਜ਼ਾਨਾ ਭਰਪੂਰ ਜਾਪਦੇ, ਪੰਜ ਘਰ ਹਨ, ਦੋ ਦਿੱਲੀ ’ਚ, ਇੱਕ ਹਰਿਆਣੇ ਤੇ ਇੱਕ ਪੰਜਾਬ ’ਚ, ਇੱਕ ਗੁਜਰਾਤ ’ਚ ਵੀ। ਆਪਣੇ ਮੂੰਹੋਂ ਉਹ ਇਨ੍ਹਾਂ ਘਰਾਂ ਦੀ ਕੀਮਤ 28.70 ਕਰੋੜ ਦੱਸਦੇ  ਹਨ। ਨਿਤਿਨ ਗਡਕਰੀ ਕੋਲ ਕਿਹੜਾ ਘੱਟੇ ਨੇ, ਦੋ ‘ਗਰੀਬਖਾਨੇ’ ਹਨ, ਨਾਗਪੁਰ ਤੇ ਮੁੰਬਈ ’ਚ। ਬੈਂਕ ਖਾਤੇ  ਪੂਰੇ 21 ਹਨ। ਬਾਦਲ ਪਰਿਵਾਰ ਕੋਲ ਚੰਡੀਗੜ੍ਹ, ਪਿੰਡ ਬਾਦਲ ਤੇ ਬਾਲਾਸਰ ਵਿਖੇ ਅਤੇ ਚੌਥਾ ਘਰ ਦਿੱਲੀ ਵਿਚ ਹੋਣ ਦੀ ਦੱਸ ਪਈ ਹੈ। ਬਾਜ਼ਾਰੂ ਕੀਮਤ 34.96 ਕਰੋੜ ਹੈ। ਮਹਾਰਾਜਾ ਅਮਰਿੰਦਰ ਕੋਲ ਦੁਬਈ, ਹਿਮਾਚਲ ਤੇ ਪਟਿਆਲਾ ’ਚ ਤਿੰਨ ‘ਰੈਣ ਬਸੇਰੇ’ ਹਨ ਜਿਨ੍ਹਾਂ ਦਾ ਮੁੱਲ ਉਹ ਕਰੀਬ 35 ਕਰੋੜ ਦੱਸਦੇ ਹਨ। ਸੋਨੀਆ ਗਾਂਧੀ ਦੀ ਧੀ ਪ੍ਰਿਅੰਕਾ ਦਾ ਸ਼ਿਮਲੇ ’ਚ ਨਵਾਂ ਘਰ ਬਣਿਆ। ਰਾਹੁਲ ਨੂੰ ਤਾਂ ਬਹੁਤ ਸੋਹਣਾ ਲੱਗਿਐ। ਘਰ ਤਾਂ ਨਵਜੋਤ ਸਿੱਧੂ ਦਾ ਵੀ ਦਰਸ਼ਨੀ ਹੈ। ਭੈਣ ਮਾਇਆਵਤੀ ਕੋਲ ਦਿੱਲੀ ਵਿਚ 62 ਕਰੋੜ ਦਾ ਬੰਗਲਾ ਹੈ ਤੇ ਲਖਨਊ ’ਚ 15 ਕਰੋੜ ਦਾ। ਕੁਰਸੀ ਨੂੰ ਹੱਥ ਪਵੇ ਸਹੀ, ਚੁਬਾਰੇ ਕਦੋਂ ਬੰਗਲੇ ਬਣਦੇ ਨੇ, ਪਤਾ ਹੀ ਨਹੀਂ ਲੱਗਦਾ। ਸਭਨਾਂ ਦੀ ਜਗੀਰ ਦੇਖ ਕੇ ਲੱਗਦਾ ਕਿ ਸੱਚਮੁੱਚ ‘ਚੋਰ, ਚੋਰ ਮਸੇਰੇ ਭਰਾ’ ਨੇ।
                  ਜਸਕਰਨ ਲੰਡੇ ਦੀ ਕਹਾਣੀ ‘ਨੀਤ’ ਦਾ ਆਖ਼ਰੀ ਫ਼ਿਕਰਾ ‘ਨੀਤ ਦੀ ਗ਼ਰੀਬੀ ਕਦੇ ਨਹੀਂ ਨਿਕਲਦੀ’, ਉਹ ਨੇਤਾ ਜ਼ਰੂਰ ਪੜ੍ਹਨ ਜਿਨ੍ਹਾਂ ਕੋਲ ਖੁਦ ਦੇ ਬੰਗਲੇ ਨੇ, ਅੱਖ ਫਿਰ ਵੀ ਸਰਕਾਰੀ ਬੰਗਲੇ ਤੋਂ ਨਹੀਂ ਹਟਦੀ। ਮੁੱਖ ਮੰਤਰੀ ਨਿਤੀਸ਼ ਕੁਮਾਰ ਕੋਲ ਦੋ ਸਰਕਾਰੀ ਬੰਗਲੇ ਬਿਹਾਰ ’ਚ ਹਨ ਤੇ ਤੀਜਾ ਦਿੱਲੀ ’ਚ। ਸਾਬਕਾ ਮੁੱਖ ਮੰਤਰੀ ਤਾਉਮਰ ਸਰਕਾਰੀ ਘਰ ਰੱਖਣਗੇ, ਨਿਯਮ ਬਣਾ ਦਿੱਤਾ। ਨਿਤੀਸ਼ ਕੁਮਾਰ ਦਾ ਤਰਕ ਚੁਟਕਲੇ ਵਰਗਾ ਹੈ ਕਿ ਉਹ ਇੱਕ ਘਰ ’ਚ ਬਤੌਰ ਮੁੱਖ ਮੰਤਰੀ ਰਹਿੰਦਾ ਹੈ ਤੇ ਦੂਜੇ ਘਰ ਵਿਚ ਬਤੌਰ ਸਾਬਕਾ ਮੁੱਖ ਮੰਤਰੀ। ਨਿਬੇੜਾ ਹੁਣ ਅਦਾਲਤ ਨੇ ਕਰਨਾ ਹੈ। ਯੂ.ਪੀ ਦੇ ਛੇ ਸਾਬਕਾ ਮੁੱਖ ਮੰਤਰੀ ਸਰਕਾਰੀ ਬੰਗਲੇ ਮੱਲ੍ਹੀ ਬੈਠੇ ਸਨ,ਅਦਾਲਤ ਨੇ ਖ਼ਾਲੀ ਕਰਾਏ। ਮੱਧ ਪ੍ਰਦੇਸ਼ ਵਿਚ ਲਾਅ ਸਟੂਡੈਂਟ ਰੌਣਕ ਯਾਦਵ ਨੇ ਵੀ ਸਾਬਕਾ ਮੁੱਖ ਮੰਤਰੀ ਅਦਾਲਤ ’ਚ ਖਿੱਚੇ ਹਨ ਜੋ ਬੰਗਲੇ ਨਹੀਂ ਛੱਡ ਰਹੇ। ਸ਼ਿਵਰਾਜ ਚੌਹਾਨ ਨੇ ਤਾਂ ਦੋ ਬੰਗਲੇ ਰੱਖੇ ਹੋਏ ਨੇ। ਵਸੂੰਧਰੇ ਰਾਜੇ ਨੂੰ ਇਹੋ ਚਾਲ ਰਾਸ ਨਾ ਆਈ। ਅਦਾਲਤ ਦੀ ਬਦੌਲਤ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਇਕੱਲੀ ਸਰਕਾਰੀ ਨਹੀਂ, ਕਿਰਾਏ ਵਾਲੀ ਕੋਠੀ ਵੀ ਛੱਡਣੀ ਪਈ। ਬੀਬਾ ਭੱਠਲ ਦੀ ਕੋਠੀ ਵਾਲਾ ਮਾਮਲਾ ਕਿਸ ਤੋਂ ਭੁਲਿਐ। ਕੀ ਕੀ ਪਾਪੜ ਨਹੀਂ ਵੇਲਣੇ ਪਏ। ਸਾਹ ’ਚ ਸਾਹ ਆਇਆ ਜਦੋਂ 84 ਲੱਖ ਦਾ ਕਿਰਾਏ ’ਤੇ ਲੀਕ ਫਿਰੀ।
                 ਦੇਸ ਧਰੋਹ ਦਾ ਡਰ ਨਾ ਹੁੰਦਾ ਤਾਂ ਇਮਰਾਨ ਖ਼ਾਨ ਦੀ ਗੱਲ ਵੀ ਕਰਦੇ ਕਿ ਕਿਵੇਂ ਉਸ ਨੂੰ ਪ੍ਰਧਾਨ ਮੰਤਰੀ ਨਿਵਾਸ ਨਾਲੋਂ ਤਿੰਨ ਕਮਰੇ ਦਾ ਘਰ ਚੰਗਾ ਲੱਗਿਆ। ਛੱਡੋ, ਡਿਪਟੀ ਕਮਿਸ਼ਨਰਾਂ ਦੇ ਸਰਕਾਰੀ ਬੰਗਲੇ ਦੇਖਦੇ ਹਾਂ। ਉਹ ਕਿਸੇ ਦੀ ਨੂੰਹ ਧੀ ਨਾਲੋਂ ਘੱਟ ਨੇ। 15 ਡਿਪਟੀ ਕਮਿਸ਼ਨਰਾਂ ਦੇ ਸਰਕਾਰੀ ਘਰ ਪੌਣੇ ਦੋ ਲੱਖ ਵਰਗ ਗਜ਼ ਰਕਬੇ ਵਿਚ ਹਨ। ਰਕਬੇ ਦੀ ਬਾਜ਼ਾਰੂ ਕੀਮਤ ਕਰੀਬ 1000 ਕਰੋੜ ਬਣਦੀ ਹੈ। ਸੰਗਰੂਰ ਦੇ ਡੀਸੀ ਦੇ ਘਰ ਦਾ ਰਕਬਾ 27,628 ਤੇ ਹੁਸ਼ਿਆਰਪੁਰ ਦੇ ਡੀਸੀ ਦੇ ਘਰ ਦਾ ਰਕਬਾ 24,380 ਵਰਗ ਗਜ ਹੈ। ਰੋਪੜ ਦੇ ਡੀਸੀ ਹਾਊਸ ਦੀ ਬਾਜ਼ਾਰੂ ਕੀਮਤ ਕਰੀਬ 50 ਕਰੋੜ ਹੈ। ਜਿਹੜਾ ਘਰ ਨਹੀਂ ਦੇਖਿਆ, ਉਹੀ ਭਲਾ। ਗੁਰਦੁਆਰਾ ਬੰਗਲਾ ਸਾਹਿਬ ਤੋਂ ਸੇਧ ਲਈ ਹੁੰਦੀ ਤਾਂ ਧਰਵਾਸ ਚੁਬਾਰੇ ਨੇ ਹੀ ਦੇ ਦੇਣਾ ਸੀ। ਤਾਹੀਂ ਤਾਂ ਗੁਰਦਾਸ ਮਾਨ ਗਾਉਂਦਾ ਫਿਰਦੈ ‘ ਮੇਲਾ ਚਾਰ ਦਿਨਾਂ ਦਾ’। ਬੰਦਾ ਜੇ ਬੰਦੇ ਦੀ ਦਾਰੂ ਹੁੰਦਾ ਤਾਂ ਚਮਕਦੇ ਭਾਰਤ ’ਚ ਦੀਵਾਰ ਨਹੀਂ ਖੜ੍ਹੀ ਹੋਣੀ ਸੀ। ਟਰੰਪ ਵੀ ਸ਼ਾਇਦ ਹੁਣ ਇਸੇ ਕੰਧ ਦਾ ਨਕਸ਼ਾ ਲੈ ਕੇ ਜਾਵੇ। ਇੱਧਰ, ਛੱਜੂ ਛੱਤ ਨੂੰ ਤਰਸੇ ਪਏ ਨੇ। ਕੇਂਦਰ ਨੇ ਦੱਸਿਆ ਕਿ ਪੇਂਡੂ ਭਾਰਤ ਦੇ  4.72 ਛੱਜੂਆਂ ਕੋਲ ਨਾ ਘਰ, ਨਾ ਜ਼ਮੀਨ ਹੈ। ਬੰਨਾਂਵਾਲੀ (ਫਾਜ਼ਿਲਕਾ) ਦੇ ਤਿੰਨੋਂ ਭਰਾ ਅੰਨ੍ਹੇ ਨੇ, ਸਿਰਫ ਛੱਤ ਮੰਗਦੇ ਨੇ। ਏਦਾਂ ਦੇ ਛੱਜੂ ਹਰ ਪਿੰਡ/ਸ਼ਹਿਰ ਨੇ। ਰੈਲੀਆਂ ਦੇ ਗੇੜ ’ਚ ਫਸਿਆ ਨੂੰ ਸੱਤ ਬਚਨ ਕਹਿਣਾ ਪੈਂਦਾ ਹੈ। ਛੱਜੂਆਂ ਦਾ ਖੂਨ ਖੌਲਿਆ ਤਾਂ ਬੋਲਤੀ ਬੰਦ ਹੁੰਦੇ ਦੇਰ ਨਹੀਂ ਲੱਗਣੀ।




1 comment:

  1. 2014 elections ਤੋ ਬਾਦ ਖਬਰ ਛਪੀ ਸੀ ਕਿ ਅਰੁਣ ਜੇਤਲੀ ਸਾਰੇ ਮਿਨਿਸਟਰਾ ਤੋ ਅਮੀਰ ਹੈ(turns out to be the richest with assets totaling Rs 72.10 cr) ਤੇ ਮੋਦੀ ਕੋਲ ਵੀ 1.26 ਕਰੋੜ ਹਨ. ਹੁਣ ਤਾ ਹੋਰ ਵੀ ਹੋਣਗੇ- ਸਾਰਾ ਕੁਝ free ਮਿਲਦਾ ਹੈ ਤੇ ਤਨਖਾਹ ਤਾ ਜੋੜੀ ਜਾਂਦੇ ਹੋਨੇ

    Arun Jaitley is richest minister; PM Narendra Modi has asset ..

    Read more at:
    http://timesofindia.indiatimes.com/articleshow/44543615.cms?utm_source=contentofinterest&utm_medium=text&utm_campaign=cppst

    ReplyDelete