Monday, January 7, 2019

                                                       ‘ਜੀਓ ਪੰਜਾਬੀਓ ਜੀਓ’
                                ਅਰਬਪਤੀ ਅੰਬਾਨੀ ਦੇ ਜਾਲ ਵਿਚ ਫਸੇ ਪੰਜਾਬੀ
                                                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੀ ਜਵਾਨੀ ਨੂੰ ‘ਜੀਓ’ ਦਾ ਏਨਾ ਰੰਗ ਚੜ੍ਹਿਆ ਕਿ ਅਰਬਪਤੀ ਮੁਕੇਸ਼ ਅੰਬਾਨੀ ਨੂੰ ਮਾਲਾ ਮਾਲ ਕਰ ਦਿੱਤਾ ਹੈ। ਮੁਫ਼ਤ ਦਾ ਚੋਗ਼ਾ ਚੁਗਣ ਵਾਲਿਆਂ ਦੇ ਹੁਣ ਖੀਸੇ ਖ਼ਾਲੀ ਹੋਣ ਲੱਗੇ ਹਨ। ਪੰਜਾਬ ਵਿਚ ਡੇਢ ਵਰੇ੍ਹ ਦੌਰਾਨ 4-ਜੀ ਸੇਵਾ ਦੇ ਗ੍ਰਾਹਕਾਂ ਦੀ ਗਿਣਤੀ ਵਿਚ 96.93 ਲੱਖ ਦਾ ਵਾਧਾ ਹੋ ਗਿਆ ਹੈ। ਪੰਜਾਬ ਵਿਚ 4-ਜੀ ਸੇਵਾ ਦੇ ਇਸ ਵੇਲੇ 1.55 ਕਰੋੜ ਗ੍ਰਾਹਕ ਹਨ ਜਿਨ੍ਹਾਂ ਵੱਲੋਂ ਇੱਕ ਅੰਦਾਜ਼ੇ ਅਨੁਸਾਰ ਅੌਸਤਨ ਪ੍ਰਤੀ ਮਹੀਨਾ 200 ਰੁਪਏ (ਪ੍ਰਤੀ ਗ੍ਰਾਹਕ) ਖ਼ਰਚ ਕੀਤੇ ਜਾ ਰਹੇ ਹਨ। ਮੋਟੇ ਅੰਦਾਜ਼ੇ ਅਨੁਸਾਰ ਪੰਜਾਬੀ ਸਲਾਨਾ 3720 ਕਰੋੜ ਰੁਪਏ ਦਾ ਖਰਚਾ ਇਕੱਲੇ 4-ਜੀ ਸੇਵਾ ਲੈਣ ’ਤੇ ਖ਼ਰਚਦੇ ਹਨ। ਮਤਲਬ ਕਿ ਪੰਜਾਬੀ ਰੋਜ਼ਾਨਾ ਅੌਸਤਨ 10.19 ਕਰੋੜ ਰੁਪਏ 4-ਜੀ ਸੇਵਾ ਤੇ ਖ਼ਰਚ ਰਹੇ ਹਨ।  ਕੇਂਦਰੀ ਸੰਚਾਰ ਮੰਤਰਾਲੇ ਦੇ ਵੇਰਵੇ ਹਨ ਕਿ ਪੰਜਾਬ ਵਿਚ 31 ਮਾਰਚ 2017 ਨੂੰ 4-ਜੀ ਸੇਵਾ ਲੈਣ ਵਾਲੇ ਗ੍ਰਾਹਕਾਂ ਦੀ ਗਿਣਤੀ 58.24 ਲੱਖ ਸੀ ਜੋ ਇੱਕ ਵਰੇ੍ਹ ਮਗਰੋਂ ਵਧ ਕੇ 1.21 ਕਰੋੜ ਹੋ ਗਈ। ਇਹੋ ਗ੍ਰਾਹਕਾਂ ਦਾ ਹੁਣ ਅੰਕੜਾ ਡੇਢ ਵਰੇ੍ਹ ਮਗਰੋਂ 1.55 ਕਰੋੜ ਹੈ। ਮਾਹਿਰ ਦੱਸਦੇ ਹਨ ਕਿ 4-ਜੀ ਸੇਵਾ ਵਿਚ 90 ਫ਼ੀਸਦੀ ਹਿੱਸੇਦਾਰੀ ਰਿਲਾਇੰਸ ਜੀਓ ਦੀ ਹੈ ਅਤੇ ਇਸ ਹਿਸਾਬ ਨਾਲ ਰਿਲਾਇੰਸ ਜੀਓ ਹੁਣ ਤੱਕ ਪੰਜਾਬ ਵਿਚ 1.30 ਕਰੋੜ ਕੁਨੈਕਸ਼ਨ ਵੇਚ ਚੁੱਕਾ ਹੈ ਅਤੇ ਸਲਾਨਾ 3120 ਕਰੋੜ ਰੁਪਏ ਦੀ ਕਮਾਈ ਇਕੱਲੇ ਪੰਜਾਬ ਚੋਂ ਕਰ ਰਿਹਾ ਹੈ।
                 ਰਿਲਾਇੰਸ ਜੀਓ ਰੋਜ਼ਾਨਾ ਪੰਜਾਬ ਚੋਂ 8.54 ਕਰੋੜ ਰੁਪਏ ਕਮਾ ਰਿਹਾ ਹੈ। ਇਹ ਅੰਕੜਾ ਪ੍ਰਤੀ ਕੁਨੈਕਸ਼ਨ ਤੇ ਪ੍ਰਤੀ ਮਹੀਨਾ 200 ਰੁਪਏ ਦੇ ਖ਼ਰਚੇ ਦੇ ਹਿਸਾਬ ਨਾਲ ਕੱਢਿਆ ਗਿਆ ਹੈ।  ਪੰਜਾਬ ਵਿਚ ਅੰਦਾਜ਼ਨ 2.99 ਕਰੋੜ ਦੀ ਆਬਾਦੀ ਹੈ ਅਤੇ ਇਸ ਹਿਸਾਬ ਨਾਲ ਪੰਜਾਬ ਦੇ ਹਰ ਦੂਸਰੇ ਵਿਅਕਤੀ ਕੋਲ 4-ਜੀ ਸੁਵਿਧਾ ਵਾਲਾ ਕੁਨੈਕਸ਼ਨ ਹੈ। ਬੀ.ਐੱਸ. ਐਨ. ਐਨ ਤਰਫ਼ੋਂ ਹਾਲੇ ਤੱਕ 4-ਜੀ ਸੇਵਾ ਨਹੀਂ ਦਿੱਤੀ ਜਾ ਰਹੀ ਹੈ ਜਦੋਂ ਕਿ ਪ੍ਰਾਈਵੇਟ ਕੰਪਨੀਆਂ ਇਸ ਤੋਂ ਖੱਟੀ ਖਾ ਰਹੀਆਂ ਹਨ। ਪੰਜਾਬ ਵਿਚ ਚੱਲ ਰਹੇ ਕੁੱਲ ਮੋਬਾਈਲ ਕੁਨੈਕਸ਼ਨਾਂ ’ਤੇ ਨਜ਼ਰ ਮਾਰੀਏ ਇਸ ਵੇਲੇ 3.92 ਮੋਬਾਈਲ ਕੁਨੈਕਸ਼ਨ ਹਨ। ਪੰਜਾਬ ਦੀ ਆਬਾਦੀ ਨਾਲੋਂ ਕਰੀਬ 92 ਲੱਖ ਕੁਨੈਕਸ਼ਨ ਜ਼ਿਆਦਾ ਹਨ। ਭਾਵੇਂ ਪੰਜਾਬ ਸੰਕਟਾਂ ’ਚ ਘਿਰਿਆ ਹੋਇਆ ਹੈ ਪ੍ਰੰਤੂ ਮੋਬਾਈਲ ਕੁਨੈਕਸ਼ਨਾਂ ਲੈਣ ਲਈ ਪੰਜਾਬੀ ਪਿੱਛੇ ਨਹੀਂ ਰਹੇ ਹਨ। ਕਰੀਬ ਢਾਈ ਵਰੇ੍ਹ ਪਹਿਲਾਂ ਪੰਜਾਬੀਆਂ ਕੋਲ 3.17 ਕਰੋੜ ਮੋਬਾਈਲ ਕੁਨੈਕਸ਼ਨ ਸਨ ਜਿਨ੍ਹਾਂ ਵਿਚ ਢਾਈ ਵਰ੍ਹਿਆਂ ਦੌਰਾਨ 75 ਲੱਖ ਕੁਨੈਕਸ਼ਨਾਂ ਦਾ ਵਾਧਾ ਹੋਇਆ ਹੈ।
                 ਪੰਜਾਬ ਵਿਚ ਕਰੀਬ 55 ਲੱਖ ਘਰ ਹਨ ਅਤੇ ਇਸ ਨਾਲ ਪੰਜਾਬ ਦੇ ਹਰ ਘਰ ਵਿਚ ਅੌਸਤਨ 7 ਮੋਬਾਈਲ ਕੁਨੈਕਸ਼ਨ ਹਨ। ਜੀਓ ਕੁਨੈਕਸ਼ਨਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਹਰ ਘਰ ਵਿਚ ਅੌਸਤਨ ਤਿੰਨ ਜੀਓ ਕੁਨੈਕਸ਼ਨ ਬਣਦੇ ਹਨ। ਪੰਜਾਬ ਦੀ ਖ਼ਾਸ ਕਰਕੇ ਜਵਾਨੀ ‘ਜੀਓ’ ਨੇ ਕਮਲੀ ਕਰ ਦਿੱਤੀ ਹੈ। ਸੁਵਿਧਾ ਤਾਂ ਵੱਡੀ ਹੋ ਸਕਦੀ ਹੈ ਪ੍ਰੰਤੂ ਸਕੂਲੀ ਵਿਦਿਆਰਥੀਆਂ ਕੋਲ ਵੀ ਜੀਓ ਕੁਨੈਕਸ਼ਨ ਹਨ। ਸਾਹਿੱਤਕਾਰ ਅਤੇ ਵਿੱਦਿਅਕ ਮਾਹਿਰ ਪ੍ਰਿੰਸੀਪਲ ਡਾ. ਜੇ. ਐੱਸ.ਅਨੰਦ ਆਖਦੇ ਹਨ ਕਿ ਜੀਓ ਕੁਨੈਕਸ਼ਨਾਂ ਮਗਰੋਂ ਵਿੱਦਿਅਕ ਨਤੀਜੇ ਵੀ ਪ੍ਰਭਾਵਿਤ ਹੋਏ ਹਨ। ਸਕੂਲੀ ਨਤੀਜਿਆਂ ’ਤੇ ਪਿਆ ਅਸਰ ਸਾਫ਼ ਦੇਖਿਆ ਜਾ ਸਕਦਾ ਹੈ। ਬਹੁਤੇ ਤਾਂ ਹੁਣ 4-ਜੀ ਸੇਵਾ ਦੇ ਆਦੀ ਹੋ ਗਏ ਹਨ।
       ਪੰਜਾਬ ਦੇ ਸਿਰਫ਼ ਦੋ ਦਰਜਨ ਪਿੰਡ ਹੀ ਅਜਿਹੇ ਬੱਚੇ ਹਨ ਜਿਨ੍ਹਾਂ ਕੋਲ ਮੋਬਾਈਲ ਸੁਵਿਧਾ ਨਹੀਂ ਹੈ। ਪੰਜਾਬ ਭਰ ਵਿਚ ਕਰੀਬ 18,500 ਮੋਬਾਈਲ ਟਾਵਰ ਲੱਗੇ ਹਨ। ਪੂਰੇ ਮੁਲਕ ਵਿਚ ਸਭ ਤੋਂ ਵੱਧ ਮੋਬਾਈਲ ਗ੍ਰਾਹਕ ਏਅਰਟੈੱਲ ਦੇ ਹਨ ਜਿਨ੍ਹਾਂ ਦੇ 341.66 ਮਿਲੀਅਨ ਕੁਨੈਕਸ਼ਨ ਚੱਲ ਰਹੇ ਹਨ। ਦੂਸਰੇ ਨੰਬਰ ’ਤੇ ਰਿਲਾਇੰਸ ਜੀਓ ਹੈ ਜਿਸ ਨੇ ਡੇਢ ਵਰੇ੍ਹ ਵਿਚ ਹੀ ਪੂਰੇ ਦੇਸ਼ ਵਿਚ 262.75 ਮਿਲੀਅਨ ਕੁਨੈਕਸ਼ਨ ਵੇਚ ਦਿੱਤੇ ਹਨ। ਤੀਸਰੇ ਨੰਬਰ ਤੇ ਵੋਡਾਫੋਨ ਅਤੇ ਚੌਥੇ ਨੰਬਰ ’ਤੇ ਆਈਡੀਆ ਕੰਪਨੀ ਹੈ। ਬੀ.ਐੱਸ.ਐਨ.ਐਨ ਮੁਲਕ ਵਿਚ ਇਸ ਪੱਖੋਂ ਪੰਜਵੇਂ ਨੰਬਰ ’ਤੇ ਹੈ। ਸੂਤਰ ਆਖਦੇ ਹਨ ਕਿ ਪੰਜਾਬ ਵਿਚ ਮੋਬਾਈਲ ਕੰਪਨੀਆਂ ਦੇ ਜਾਲ ਵਿਚ ਪੂਰੀ ਤਰ੍ਹਾਂ ਫਸ ਚੁੱਕਾ ਹੈ।





3 comments:

  1. ਪੰਜਾਬ ਦੇ ਕੇਬਲ ਟੀਵੀ ਗ੍ਰਾਹਕਾਂ ਦੀ ਦਸ਼ਾ ਅਤੇ ਕੇਬਲ ਟੀਵੀ ਸਰਵਿਸ ਦੇਣ ਵਾਲੀ ਕੰਪਨੀ ਦੀ ਕਾਰਗੁਜ਼ਾਰੀ ਬਾਰੇ ਵੀ ਜਰੂਰ ਲਿਖੋ

    ReplyDelete
  2. ਕਨੇਡਾ ਵਿੱਚ ਲੱਗਭੱਗ ਲੋਕਾਂ ਕੋਲ ਮੋਬਾਈਲ ਕੁਨੈਕਸ਼ਨ ਹਨ। ਹਰੇਕ ਬੰਦਾ ਔਸਤਨ 50$ ਪ੍ਰਤੀ ਮਹੀਨਾ ਮੁਬਾਈਲ ਕੁਨੈਕਸ਼ਨ ਤੇ ਵਰਤਦਾ ਹੈ। ਲੱਗਭੱਗ 3500-2600 ਪ੍ਰਤੀ ਮਹੀਨਾ।

    ਇੰਟਰਨੈੱਟ ਕਮਿਊਨੀਕੇਸ਼ਨ ਦਾ ਬਹੁਤ ਚੰਗਾ ਸਾਧਨ ਹੈ ਤੇ ਨਾਲ ਹੀ ਇੰਟਰਟੇਨਮੈਂਟ ਦਾ। ਨਾਲ ਹੀ ਇਹਦੇ ਤੋਂ ਸਰਕਾਰ ਨੂੰ ਟੈਕਸ ਵੀ ਜਾ ਰਿਹਾ। why u take it negatively. ਚੰਗੀ ਗੱਲ ਐ ਜੇ ਲੋਕ ਟੈਕਨਾਲੋਜੀ ਨਾਲ ਜੁੜ ਰਹੇ ਹਨ

    ReplyDelete
  3. ਕਨੇਡਾ ਵਿੱਚ ਲੱਗਭੱਗ ਲੋਕਾਂ ਕੋਲ ਮੋਬਾਈਲ ਕੁਨੈਕਸ਼ਨ ਹਨ। ਹਰੇਕ ਬੰਦਾ ਔਸਤਨ 50$ ਪ੍ਰਤੀ ਮਹੀਨਾ ਮੁਬਾਈਲ ਕੁਨੈਕਸ਼ਨ ਤੇ ਵਰਤਦਾ ਹੈ। ਲੱਗਭੱਗ 2500-2600 ਪ੍ਰਤੀ ਮਹੀਨਾ।

    ਇੰਟਰਨੈੱਟ ਕਮਿਊਨੀਕੇਸ਼ਨ ਦਾ ਬਹੁਤ ਚੰਗਾ ਸਾਧਨ ਹੈ ਤੇ ਨਾਲ ਹੀ ਇੰਟਰਟੇਨਮੈਂਟ ਦਾ। ਨਾਲ ਹੀ ਇਹਦੇ ਤੋਂ ਸਰਕਾਰ ਨੂੰ ਟੈਕਸ ਵੀ ਜਾ ਰਿਹਾ। why u take it negatively. ਚੰਗੀ ਗੱਲ ਐ ਜੇ ਲੋਕ ਟੈਕਨਾਲੋਜੀ ਨਾਲ ਜੁੜ ਰਹੇ ਹਨ

    ReplyDelete