ਕੌਣ ਬੋਹੜ ਨੂੰ ਆਖੇ..!
ਚਰਨਜੀਤ ਭੁੱਲਰ
ਚੰਡੀਗੜ੍ਹ : ਨੇਤਾ ਜਨਾਂ ਦੀ ਕਾਟੋ ਅੱਜ ਕੱਲ੍ਹ ਫੁੱਲਾਂ ’ਤੇ ਨਹੀਂ, ਬੋਹੜ ’ਤੇ ਖੇਡਦੀ ਹੈ। ਇਹ ਓਹ ਬੋਹੜ ਨਹੀਂ, ਜਿਹਨੂੰ ਸਿਕੰਦਰ ਦੀ ਫ਼ੌਜ ਦੇਖ ਦੰਗ ਰਹਿ ਗਈ ਸੀ। ਨਾ ਹੀ ਓਹ ਦੁਲਾਰੇ ਨੇਤਾ ਨੇ, ਜਿਨ੍ਹਾਂ ਪੱਲੇ ‘ਮੈ ਮਰਾਂ ਪੰਥ ਜੀਵੇ’ ਵਰਗਾ ਈਮਾਨ ਸੀ। ਮਾਈ-ਭਾਈ! ਤੁਸਾਂ ਤਾਂ ਜਾਣੀ-ਜਾਨ ਹੋ। ਅਸਾਂ ਤਾਂ ਪਿਆਰੇ ਏਐਸਆਈ ਬੋਹੜ ਸਿੰਘ ਨੂੰ ਸਿੱਜਦਾ ਪਏ ਕਰਦੇ ਹਾਂ ਜਿਸ ਦੀ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ’ਚ ਧੰਨ ਧੰਨ ਹੋਈ ਹੈ। ਹਿੰਦੂ ਮਤ ’ਚ ਬੋਹੜ ਮੁਕੱਦਸ ਦਰਖ਼ਤ ਹੈ। ਸ਼ਿਵ ਬਟਾਲਵੀ ਸੱਚ ਫ਼ਰਮਾ ਰਿਹੈ, ‘ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁੱਝ ਰੁੱਖ ਲੱਗਦੇ ਮਾਵਾਂ।’
ਸ਼ਰਧਾ ਮੁਖੀ ਲੋਕ ਬੋਹੜ ਦੀਆਂ ਜੜ੍ਹਾਂ ’ਚ ਪਾਣੀ ਦਿੰਦੇ ਨੇ। ਫੇਰ ਸਿਆਸਤ ਕਿਉਂ ਬੋਹੜ ਦੀਆਂ ਜੜ੍ਹਾਂ ’ਚ ਤੇਲ ਦੇਣ ਲੱਗੀ ਹੈ। ਸਿਆਸੀ ਹਮਾਮ ’ਚ ਸਭ ਨੰਗ ਧੜੰਗੇ ਨੇ, ਨਾਲੇ ਰਹਿੰਦੇ ਵੀ ਸ਼ੀਸ਼ੇ ਦੇ ਘਰਾਂ ਵਿੱਚ ਨੇ। ‘ਕੀ ਖੱਟ ਲਿਆ ਗੱਲ੍ਹਾਂ ਨੂੰ ਹੱਥ ਲਾ ਕੇ, ਲਾਲਾ-ਲਾਲਾ ਹੋਗੀ ਮਿੱਤਰਾ’, ਹੋਇਆ ਇੰਜ ਕਿ ਮੌਨਸੂਨ ਸੈਸ਼ਨ ’ਚ ਕੋਟਕਪੂਰਾ ਵਾਲੇ ਏਐਸਆਈ ਬੋਹੜ ਸਿੰਘ ਦੀ ਗੱਲ ਛਿੜ ਪਈ ਕਿ ਉਸ ਭਲੇ ਨੇ ਗੈਂਗਸਟਰਾਂ ਤੋਂ ਪੈਸੇ ਲਏ, ਉਹ ਵੀ ਬੈਂਕ ਜ਼ਰੀਏ। ਆਖਣ ਲੱਗੇ ਕਿ ਆਓ! ਬੋਹੜ ਸਿੰਘ ਵਰਗੀਆਂ ‘ਕਾਲੀਆਂ ਭੇਡਾਂ’ ਦੀ ਪਛਾਣ ਕਰੀਏ। ਗੱਲ ਸੁਣ ਇੰਜ ਜਾਪਿਆ ਜਿਵੇਂ ਪੰਜਾਬ ਭੇਡਾਂ ਦਾ ਵਾੜਾ ਹੋਵੇ।
ਭੇਡ ਤਾਂ ਵਿਚਾਰੀ ਐਵੇਂ ਬਦਨਾਮ ਹੈ। ਇੱਕ ਵਰ੍ਹੇ ’ਚ ਤਿੰਨ ਵਾਰ ਉੱਨ ਦਿੰਦੀ ਹੈ। ਉਸੇ ਉੱਨ ਦੇ ਗਲੀਚੇ ਸਿਆਸਤਦਾਨਾਂ ਦੇ ਘਰਾਂ ਦਾ ਸ਼ਿੰਗਾਰ ਬਣਦੇ ਨੇ। ਉੱਨ ਦਾ ਗਰਮ ਲਿਬਾਸ ਪਹਿਨ ‘ਦੇਸ਼ ਕਾ ਨੇਤਾ’ ਵਡਭਾਗੀ ਸਮਝਦੈ। ਭੇਡਾਂ ਨੂੰ ਚਾਰਨ ਵਾਲੇ ਨੂੰ ਚਰਵਾਹਾ, ਦੇਸ਼ ਨੂੰ ਚਾਰਨ ਵਾਲੇ ਨੂੰ ‘ਵਿਸ਼ਵ ਚਰਵਾਹਾ’ ਕਹਿਣ ਨੂੰ ਦਿਲ ਕਰਦੈ। ਗੱਲ ਹੋਰ ਪਾਸੇ ਹੀ ਤਿਲਕ ਗਈ। ਏਐਸਆਈ ਬੋਹੜ ਸਿੰਘ ਦੇ ਕਿਉਂ ਨਾ ਵਾਰੇ-ਵਾਰੇ ਜਾਵਾਂ। ਚਰਵਾਹੇ ਜਨੋ! ਤੁਸਾਂ ਦੀ ਥਾਂ ਅਸਾਂ ਕੋਲ ਗੱਦੀ ਹੁੰਦੀ। ਪਹਿਲੋਂ ਬੋਹੜ ਸਿੰਘ ਦੇ ਈਮਾਨ ਦੇ ਬਲਿਹਾਰੇ ਜਾਂਦੇ, ਫੇਰ ਸੱਤ ਤੋਪਾਂ ਦੀ ਸਲਾਮੀ ਵੱਖਰੀ ਦਿੰਦੇ।
ਅੱਜ ਦੇ ਜ਼ਮਾਨੇ ’ਚ ਕੋਈ ਬੈਂਕ ਜ਼ਰੀਏ ਰਿਸ਼ਵਤ ਲੈਂਦੈ। ਏਨੀ ਪਾਰਦਰਸ਼ਤਾ ਦੇਖ ਨਾਅਰਾ ਮਾਰਨ ਨੂੰ ਦਿਲ ਕਰਦੈ, ਬੋਹੜ ਤੇਰੀ ਸੋਚ ’ਤੇ…। ‘ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ..’, ਬੋਹੜ ਸਿੰਘ ਤਾਂ ਅਰਜਨ ਵੈਲੀ ਤੋਂ ਵੱਡਾ ਬਹਾਦਰ ਨਿਕਲਿਐ। ਐਨ ਪੈਰ ਜੋੜ ਕੇ ਨਿਸ਼ਾਨਾ ਲਾਇਆ, ਕੋਈ ਐਰਾ ਗੈਰਾ ਗੈਂਗਸਟਰਾਂ ਤੋਂ ਮਾਇਆ ਦਾਨ ਲੈ ਕੇ ਦਿਖਾਵੇ। ਦਲਜੀਤ ਦੁਸਾਂਝ ਨੇ ਤਾਹੀਂ ਸਿਫ਼ਤ ਕੀਤੀ ਐ, ‘ਜੋ ਧੱਕੇ ਚੜ੍ਹ ਗਿਆ ਯਾਰਾਂ ਦੇ, ਪੰਜਾਬ ਪੁਲੀਸ ਸਰਦਾਰਾਂ ਦੇ।’ ਲੱਛਮੀ ਦੇਵੀ ਦੇ ਇਸ ਮਹਾਂ ਭਗਤ ਨੂੰ ਕਿਹੜਾ ਐਵਾਰਡ ਦੇਈਏ, ਬਹਾਦਰੀ ਪੁਰਸਕਾਰ ਜਾਂ ਫਿਰ ‘ਮੈਨ ਆਫ਼ ਦਿ ਈਅਰ’।
ਬੋਹੜ ਸਿੰਘ ਵੀ ਆਪਣੇ ਮਨ ਕੀ ਬਾਤ ਸੁਣਾ ਰਿਹੈ, ‘ਮੇਰੇ ਲਹਿਜੇ ਮੇਂ ਜੀ ਹਜ਼ੂਰ ਨਾ ਥਾ, ਔਰ ਮੇਰਾ ਕੋਈ ਕਸੂਰ ਨਾ ਥਾ।’ ਸਦਨ ’ਚ ਬੌਂ ਬੌਂ ਕਾਹਦੀ ਹੋਈ, ਇਹ ਰੱਬ ਦਾ ਬੰਦਾ, ਗਾਵੇਂ ਨਾ ਤਾਂ ਹੋਰ ਕੀ ਕਰੇ, ‘ਯੇ ਦੁਨੀਆ ਯੇ ਮਹਿਫ਼ਲ ਮੇਰੇ ਕਾਮ ਕੀ ਨਹੀਂ..’। ਪੰਜਾਬ ਪੁਲੀਸ ਵਾਲਿਆਂ ਨੂੰ ਲੋਕ ‘ਮਾਮੇ’ ਆਖਦੇ ਨੇ। ਸੋ ਭਾਈ ਇਹ ਮਾਮਾ ਰਾਹ ਭੁੱਲ ਗਿਆ ਲੱਗਦਾ ਹੈ। ਜਦੋਂ ਜ਼ਮੀਰਾਂ ਨੂੰ ਪਾਵਰਕੱਟ ਲੱਗਦੈ, ਗੁਲਾਬੀ ਸੁੰਡੀ ਸੋਚਾਂ ਨੂੰ ਪੈਂਦੀ ਐ ਤਾਂ ਫਿਰ ਸਿਆਣਪ ਦਾਸ ਵਰਗੇ ਵੀ ਕੱਚੇ ਲਹਿ ਜਾਂਦੇ ਨੇ। ਬੋਹੜ ਸਿੰਘ ਤਾਂ ਐਵੇਂ ਬਦਨਾਮ ਕਰ ਛੱਡਿਐ। ਕੌਣ ਘੱਟ ਹੈ, ਨਾ ਨੇਤਾ ਨਾ ਅਫ਼ਸਰ। ਇੰਜ ਲੱਗਦੈ ਜਿਵੇਂ ਪੰਜਾਬ ਦੀ ਰਾਖੀ ’ਤੇ ਬਿੱਲੇ ਬਿਠਾਏ ਹੋਣ। ‘ਠਾਕੁਰ ਜਿੰਨਾ ਦੇ ਲੋਭੀ, ਉਜੜੇ ਤਿੰਨ੍ਹਾਂ ਦਾ ਗਰਾਂ।’
ਗਰਾਂ ਤੋਂ ਨੇਤਾ ਸਮੁੰਦਰ ਦਾਸ ਚੇਤੇ ਆਇਐ। ਜਿਵੇਂ ਛੋਟੇ ਬੱਚਿਆਂ ਨੂੰ ਗੂਠਾ ਚੁੰਘਣ ਦੀ ਆਦਤ ਹੁੰਦੀ ਹੈ, ਉਵੇਂ ਸਮੁੰਦਰ ਦਾਸ ਵੀ ਚੌਵੀ ਘੰਟੇ ਮਾਇਆ ਦੀ ਚੁੰਘਣੀ ਮੂੰਹ ’ਚ ਪਾਈ ਰੱਖਦਾ ਸੀ। ਜੋ ਉਸ ਦੇ ਪਿੰਡ ਜਾਂਦਾ, ਖ਼ਾਲੀ ਜੇਬ ਲੈ ਕੇ ਮੁੜਦਾ। ਸਮੁੰਦਰ ਦਾਸ ਦੇ ਪਿੰਡ ਦੀ ਲਿੰਕ ਸੜਕ ’ਤੇ ਜਿੰਨੇ ਵੀ ਮੀਲ ਪੱਥਰ ਸਨ, ਅੱਕੇ ਹੋਏ ਲੋਕਾਂ ਨੇ ਇੱਕ ਦਿਨ ’ਕੱਲੇ-’ਕੱਲੇ ਮੀਲ ਪੱਥਰ ’ਤੇ ਲਿਖ ਦਿੱਤਾ, ‘ਲੁਟੇਰਗੜ੍ਹ।’ ਡੱਡਾਂ ਕਿਹੜੇ ਵੇਲੇ ਪਾਣੀ ਪੀਂਦੀਆਂ ਨੇ, ਇਹ ਤਾਂ ਸਭ ਪਤੈ। ਬੱਸ ਏਨਾ ਲੱਖਣ ਨਹੀਂ ਕਿ ਪੰਜਾਬ ’ਚ ਕਿੰਨੀਆਂ ਭੇਡਾਂ ਚਿੱਟੀਆਂ ਨੇ, ਕਿੰਨੀਆਂ ਕਾਲੀਆਂ। ਕਈ ਵਾਰੀ ਪੰਜਾਬ ਚੋਂ ‘ਵੈਲੀਫੋਰਨੀਆ’ ਦਾ ਝਓਲਾ ਪੈਂਦੈ।
‘ਕਾਲੀਆਂ ਭੇਡਾਂ’ ਦੀ ਨਹੀਂ, ਹੁਣ ਸੂਚੀ ਚਿੱਟੀਆਂ ਭੇਡਾਂ ਦੀ ਬਣਾਉਣੀ ਪਊ। ਚੀਨ ਨੇ 1965 ’ਚ ਨਵਾਂ ਇਲਜ਼ਾਮ ਘੜਿਆ ਕਿ 800 ਚੀਨੀ ਭੇਡਾਂ ਭੁਲੇਖੇ ਨਾਲ ਨੇਫਾ ਖੇਤਰ ’ਚ ਆ ਵੜੀਆਂ ਤੇ ਉੱਥੋਂ ਭਾਰਤੀ ਸੈਨਿਕਾਂ ਨੇ ਚੋਰੀ ਕਰ ਲਈਆਂ। ਅਟਲ ਬਿਹਾਰੀ ਵਾਜਪਾਈ ਨੇ ਉਦੋਂ ਅੱਠ ਸੌ ਭੇਡਾਂ ਲੈ ਕੇ ਚੀਨੀ ਦੂਤਾਵਾਸ ਅੱਗੇ ਮੁਜ਼ਾਹਰਾ ਕੀਤਾ ਸੀ। ਭੇਡਾਂ ਦੇ ਗਲਾਂ ’ਚ ਤਖ਼ਤੀ ਲਟਕਾਈ ਹੋਈ ਸੀ, ‘ਸਾਨੂੰ ਖਾਓ, ਦੁਨੀਆ ਬਚਾਓ।’ ਦੇਖੋ ਇਹ ਨਾਅਰਾ ਪੰਜਾਬ ਦੇ ਮੌਸਮ ਦੇ ਕਿੰਨਾ ਅਨੁਕੂਲ ਹੈ।
ਪੰਜਾਬ ’ਚ ਜਿੰਨੇ ਵੀ ਲੁਟੇਰਗੜ੍ਹੀਏ ਹਨ; ਕੀ ਨੇਤਾ ਕੀ ਅਫ਼ਸਰ, ਸਭ ਨੂੰ ਮਟਕਾ ਚੌਕ ’ਚ ਖੜ੍ਹਾ ਕੇ ਤਖ਼ਤੀ ਪਾਉਣੀ ਬਣਦੀ ਹੈ, ‘ਸਾਨੂੰ ਖਾਓ, ਪੰਜਾਬ ਬਚਾਓ।’ ਦੁਨੀਆ ’ਚ ਡੌਲੀ ਨਾਮ ਦੀ ਭੇਡ ਦਾ ਪਹਿਲਾ ਕਾਲੋਨ ਤਿਆਰ ਹੋਇਆ ਸੀ। ਕਾਸ਼! ਨੇਤਾਵਾਂ ਦੇ ਕਾਲੋਨ ਤਿਆਰ ਹੁੰਦੇ ਤਾਂ ਦਿਆਨਤਦਾਰੀ ਵਾਲੇ ਜੀਨਜ਼ ਉਨ੍ਹਾਂ ’ਚ ਜ਼ਰੂਰ ਬੁੱਕ ਭਰ ਭਰ ਪਵਾਉਂਦੇ। ਪਟਿਆਲਾ ’ਚ ਪਿੰਡ ‘ਭੇਡਪੁਰਾ’ ਕਾਫ਼ੀ ਮਸ਼ਹੂਰ ਹੈ। ਦੱਸਦੇ ਹਨ ਕਿ ਇੱਕ ਸ਼ੇਰ ਨੇ ਭੇਡ ’ਤੇ ਹੱਲਾ ਬੋਲ’ਤਾ ਸੀ। ਭੇਡ ਤਕੜੀ ਸੀ, ਸ਼ੇਰ ਨੂੰ ਪੈ ਨਿਕਲੀ, ਪਿੰਡ ਦਾ ਨਾਮ ਭੇਡਪੁਰਾ ਪੈ ਗਿਆ। ਇਵੇਂ ਹੁਣ ਸ਼ੇਰਾਂ ਵਰਗਾ ਪੰਜਾਬ ‘ਕਾਲੀਆਂ ਭੇਡਾਂ’ ਅੱਗੇ ਸਿਰ ਸੁੱਟੀ ਖੜ੍ਹਾ ਹੈ। ਸਤਿੰਦਰ ਸਰਤਾਜ ਸ਼ਾਇਦ ਤਾਹੀਓਂ ਆਖ ਰਿਹਾ ਹੈ, ‘ਨਾ ਗੱਲ ਮੇਰੇ ਵੱਸ ਦੀ ਰਹੀ…।’
ਪੰਜਾਬ ਨੂੰ ਜਿਨ੍ਹਾਂ ਨੇ ਲੁੱਟਿਆ, ਪੰਜਾਬੀਆਂ ਨੇ ਉਨ੍ਹਾਂ ਨੂੰ ਐਨ ਖਤਾਨਾਂ ’ਚ ਜਾ ਸੁੱਟਿਆ। ਰਾਜ ਕੁਮਾਰ ਦਾ ਮਸ਼ਹੂਰ ਡਾਇਲਾਗ ਹੈ, ‘ਲੋਹੇ ਕੀ ਜ਼ੰਜੀਰ ਸ਼ੇਰੋਂ ਕੇ ਲੀਏ ਹੋਤੀ ਹੈ, ਇਨ ਨਮਕ ਹਰਾਮ ਗ਼ੱਦਾਰੋ ਕੇ ਲੀਏ ਨਹੀਂ।’ ਅਪਰਾਧ ਜਗਤ ਵਰਗੀ ਮੌਜ ਅੱਜ ਕੱਲ੍ਹ ਸਿਆਸਤ ’ਚ ਹੈ। ਜ਼ਿਆਦਾ ਟਿਕਟਾਂ ਹੁਣ ਹਾਜੀ ਮਸਤਾਨ ਲੈ ਜਾਂਦੇ ਨੇ। ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਖੇੜਿਆਂ ਦੇ ਹੱਕ ਵਿਚ ਡਟਣ ਵਾਲਿਆਂ ਨੂੰ ਇੱਕ ਦਿਨ ਧੌਣ ਝੁਕਾਉਣੀ ਪੈਂਦੀ ਹੈ।
‘ਬਦਲਾਅ’ ਆਲਾ ਤਾਂਗਾ ਜਦੋਂ ਪੰਜਾਬ ਦੀ ਜੂਹ ’ਚ ਪੁੱਜਿਆ ਸੀ ਤਾਂ ਮੋਗੈਂਬੋ ਵੀ ਬਾਗੋ-ਬਾਗ਼ ਹੋਇਆ ਸੀ। ਹੁਣ ਮੋਗੈਂਬੋ ਨਾਖੁਸ਼ ਹੈ, ਬੋਹੜ ਦੀ ਛਾਂ ਹੇਠ ਪਿਆ ਹੈ, ਕੋਲ ਰੇਡੀਓ ’ਤੇ ਮੱਠੀ ਮੱਠੀ ਆਹ ਰਬਾਬ ਵੱਜ ਰਹੀ ਸੀ। ਭਮੱਕੜ ਦਾਸ ਧਰਵਾਸਾ ਦੇ ਰਹੇ ਨੇ, ਤਾਇਆ! ਦਿਲ ਹੌਲਾ ਨਾ ਕਰ, ਭਲੇ ਦਿਨ ਆਵਣਗੇ। ਸੁਰਜੀਤ ਪਾਤਰ ਦੇ ਬੋਲ ਨੇ, ‘ਏਸ ਅਦਾਲਤ ’ਚ ਬੰਦੇ ਬਿਰਖ ਹੋ ਗਏ…।’ ਬਿਰਖ ਤੋਂ ਫਿਰ ਬੋਹੜ ਸਿੰਘ ਚੇਤਿਆਂ ’ਚ ਆ ਵੱਜਿਐ। ਅੱਲ੍ਹਾ ਦਿਆ ਬੰਦਿਆਂ! ਕਿਤੇ ਗ਼ੁੱਸਾ ਨਾ ਕਰ ਜਾਈਂ। ‘ਨਾ ਮੇਰੀ ਡੱਡ, ਕਿਤੇ ਨਾਲ ਕਿਤੇ ਅੱਡ’, ਬੋਹੜ ਸਿੰਘਾਂ, ਵੰਡ ਕੇ ਛਕਣ ਵਾਲੇ ਸਿਧਾਂਤ ’ਤੇ ਪਹਿਰਾ ਦੇ। ਰੰਗ ਏਨਾ ਚੋਖਾ ਆਊ, ਫੇਰ ਚਾਹੇ ਪੰਜਾਬ ਨੂੰ ਰੰਗਲਾ ਬਣਾ ਲਈਂ।
ਆਖ਼ਰ ’ਚ ਨਿੱਕੇ ਹੁੰਦਿਆਂ ਪੜ੍ਹੀ ਕਹਾਣੀ ‘ਏਕੇ ’ਚ ਬਰਕਤ’ ਦਾ ਪਾਠ ਕਰਦੇ ਹਾਂ। ਸ਼ਿਕਾਰੀ ਦੇ ਜਾਲ ’ਚ ਫਸੀਆਂ ਚਿੜੀਆਂ ਨੇ ਜਦ ’ਕੱਠੇ ਹੋ ਹੰਭਲਾ ਮਾਰਿਆ, ਸ਼ਿਕਾਰੀ ਦਾ ਜਾਲ ਲੈ ਆਸਮਾਨੀਂ ਉੱਡ ਗਈਆਂ। ਹੁਣ ਜ਼ਮਾਨੇ ਬਦਲੇ ਨੇ, ਅੱਜ ਬੇਈਮਾਨ ਚਿੜਿਆਂ ਦਾ ਝੁੰਡ ਵੱਡਾ ਹੈ, ਜਿਹੜੇ ਈਮਾਨਦਾਰੀ ਦਾ ਜਾਲ ਅੱਖ ਦੇ ਫੋਰੇ ਉਡਾ ਔਹ ਜਾਂਦੇ ਨੇ। ਬੱਚਿਓਂ ! ਕਹਾਣੀ ਤੋਂ ਇਹੋ ਸਿੱਖਿਆ ਮਿਲਦੀ ਹੈ ਕਿ ਜੇ ‘ਕਾਲੀਆਂ ਭੇਡਾਂ’ ਏਕਾ ਕਰ ਲੈਣ ਤਾਂ ਫੇਰ ਪੰਜਾਬ ਦੀ ਖ਼ੈਰ ਨਹੀਂ।
(19 ਸਤੰਬਰ 2024)
No comments:
Post a Comment