Monday, September 23, 2024

                                                          ਪਾਵਰਫੁੱਲ
                                        ਡਿਫਾਲਟਰਾਂ ਨੂੰ ਹੱਥ ਕੌਣ ਪਾਊ..!
                                                       ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ’ਚ ਸਿਆਸੀ ਪਹੁੰਚ ਰੱਖਣ ਵਾਲੇ ਹਜ਼ਾਰਾਂ ਲੋਕਾਂ ਨੇ ਬਿਜਲੀ ਦਾ ਬਿੱਲ ਨਹੀਂ ਤਾਰਿਆ ਜਿਨ੍ਹਾਂ ਵੱਲ ਵੱਡੀ ਰਕਮ ਫਸੀ ਹੋਈ ਹੈ। ਇਵੇਂ ਹੀ ਥੋੜ੍ਹੀ ਰਕਮ ਵਾਲੇ ਲੱਖਾਂ ਖਪਤਕਾਰਾਂ ਕੋਲ ਉਂਜ ਹੀ ਬਿੱਲ ਤਾਰਨ ਦੀ ਵਿੱਤੀ ਪਹੁੰਚ ਨਹੀਂ ਹੈ। ਸੂਬੇ ਵਿਚ ਅਜਿਹੇ 25.09 ਲੱਖ ਖਪਤਕਾਰ ਹਨ ਜਿਨ੍ਹਾਂ ਨੇ ਹਾਲੇ ਤੱਕ 5975.23 ਕਰੋੜ ਦੇ ਬਿਜਲੀ ਬਿੱਲ ਨਹੀਂ ਤਾਰੇ। ਵੇਰਵਿਆਂ ਅਨੁਸਾਰ ਪਾਵਰਕੌਮ ਦੇ ਪੰਜਾਬ ’ਚ ਇਸ ਸਮੇਂ ਹਰ ਕੈਟਾਗਰੀ ਦੇ ਕੁੱਲ 1.07 ਕਰੋੜ ਖਪਤਕਾਰ ਹਨ ਪਾਵਰਕੌਮ ਦੇ 25.09 ਲੱਖ ਖਪਤਕਾਰ ਡਿਫਾਲਟਰ ਹਨ, ਜੋ ਕੁੱਲ ਖਪਤਕਾਰਾਂ ਦਾ 23.44 ਫ਼ੀਸਦ ਹਨ। ਘਰੇਲੂ ਬਿਜਲੀ ਦੇ ਕੁੱਲ 19.92 ਲੱਖ ਡਿਫਾਲਟਰਾਂ ਵੱਲ 1306.27 ਕਰੋੜ ਰੁਪਏ ਬਕਾਇਆ ਹਨ। ਘਰੇਲੂ ਬਿਜਲੀ ਦੇ ਕੁੱਲ 79.28 ਲੱਖ ਖਪਤਕਾਰਾਂ ਵਿੱਚੋਂ ਡਿਫਾਲਟਰਾਂ ਦੀ ਦਰ 25.12 ਫ਼ੀਸਦ ਹੈ। ਪੰਜਾਬ ਦੇ ਕੁੱਲ 1.57 ਲੱਖ ਸਨਅਤੀ ਕੁਨੈਕਸ਼ਨਾਂ ਵਿੱਚੋਂ 59,738 ਡਿਫਾਲਟਰ ਹਨ। ਇਨ੍ਹਾਂ ਵੱਲ ਪਾਵਰਕੌਮ ਦੇ 3647.50 ਕਰੋੋੜ ਰੁਪਏ ਫਸੇ ਹੋਏ ਹਨ।

         ਇਸੇ ਤਰ੍ਹਾਂ 4.43 ਲੱਖ ਵਪਾਰਕ ਡਿਫਾਲਟਰਾਂ ਵੱਲ 804.25 ਕਰੋੜ ਦੇ ਬਕਾਏ ਖੜ੍ਹੇ ਹਨ। ਬਿਜਲੀ ਅਧਿਕਾਰੀਆਂ ਲਈ ਇਹ ਵਸੂਲੀ ਕਰਨੀ ਵੱਡੀ ਚੁਣੌਤੀ ਹੈ। ਪਾਵਰਕੌਮ ਵੱਲੋਂ ਕੀਤੀ ਛਾਣ-ਬੀਣ ਮੁਤਾਬਕ 24.62 ਲੱਖ ਪਖਤਕਾਰਾਂ ਤੋਂ 1872 ਕਰੋੜ ਦੀ ਰਕਮ ਵਸੂਲੀਯੋਗ ਹੈ। ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਬਹੁਤੇ ਖਪਤਕਾਰਾਂ ਦੀ ਸਰਕਾਰੇ-ਦਰਬਾਰੇ ਪਹੁੰਚ ਹੋਣ ਕਾਰਨ ਜਾਣ-ਬੁੱਝ ਕੇ ਬਕਾਏ ਨਹੀਂ ਭਰਦੇ। ਵੱਡਾ ਅੰਕੜਾ ਸਰਕਾਰੀ ਕੁਨੈਕਸ਼ਨਾਂ ਦਾ 37,660 ਹੈ ਜਿਨ੍ਹਾਂ ਨੇ 3559 ਕਰੋੜ ਦੀ ਬਕਾਇਆ ਰਾਸ਼ੀ ਹਾਲੇ ਤੱਕ ਨਹੀਂ ਭਰੀ। ਕੁੱਲ ’ਚੋਂ 60 ਫ਼ੀਸਦੀ ਬਕਾਇਆ ਰਾਸ਼ੀ ਤਾਂ ਇਕੱਲੇ ਸਰਕਾਰੀ ਕੁਨੈਕਸ਼ਨਾਂ ਦੀ ਹੀ ਬਣਦੀ ਹੈ। ਅਧਿਕਾਰੀ ਆਖਦੇ ਹਨ ਕਿ ਪਾਵਰਕੌਮ ਦੀ ਮੌਜੂਦਾ ਵਿੱਤੀ ਹਾਲਾਤ ਬਹੁਤੀ ਚੰਗੀ ਨਹੀਂ ਹੈ। ਸਰਕਾਰੀ ਕੁਨੈਕਸ਼ਨਾਂ ਵੱਲ ਪ੍ਰਤੀ ਕੁਨੈਕਸ਼ਨ ਔਸਤਨ 9.46 ਲੱਖ ਰੁਪਏ ਦਾ ਬਕਾਇਆ ਖੜ੍ਹਾ ਹੈ।

         ਹੁਣ ਤਾਂ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਵੀ ਤਾੜਨਾ ਕਰ ਦਿੱਤੀ ਹੈ ਕਿ ਸਰਕਾਰੀ ਡਿਫਾਲਟਰਾਂ ਨੂੰ ਕੋਈ ਰਿਆਇਤ ਨਹੀਂ ਦਿੱਤੀ ਜਾ ਸਕਦੀ ਹੈ। ਕਾਫੀ ਗਿਣਤੀ ਵਿਚ ਡਿਫਾਲਟਰਾਂ ਨੇ ਅਦਾਲਤਾਂ ਦਾ ਸਹਾਰਾ ਵੀ ਲਿਆ ਹੈ। ਪੁਰਾਣੇ ਬਕਾਇਆਂ ਨੂੰ ਲੈ ਕੇ 7456 ਖਪਤਕਾਰ ਤਾਂ ਅਦਾਲਤਾਂ ਵਿਚ ਕੇਸ ਝਗੜ ਰਹੇ ਹਨ ਜਦੋਂਕਿ 1862 ਖਪਤਕਾਰਾਂ ਨੇ ਝਗੜਾ ਨਿਪਟਾਊ ਕਮੇਟੀਆਂ ਵਿਚ ਕੇਸ ਲਾਏ ਹੋਏ ਹਨ। ਪੰਜਾਬ ਸਰਕਾਰ ਵੱਲੋਂ 31 ਦਸੰਬਰ 2021 ਤੱਕ ਪੁਰਾਣੇ ਬਕਾਏ ਮੁਆਫ਼ ਕੀਤੇ ਜਾਣ ਦੇ ਬਾਵਜੂਦ ਖਪਤਕਾਰਾਂ ਵੱਲ ਵੱਡੀ ਰਕਮ ਖੜ੍ਹੀ ਹੈ। ਬਹੁਤੇ ਖਪਤਕਾਰਾਂ ਨੂੰ ਝਾਕ ਰਹਿੰਦੀ ਹੈ ਕਿ ਉਨ੍ਹਾਂ ਦੇ ਬਕਾਏ ਚੋਣਾਂ ਮੌਕੇ ਮੁਆਫ਼ ਹੋ ਜਾਣਗੇ।

                       ਵਿੱਤੀ ਵਸੀਲੇ ਨਾ ਹੋਣ ਕਾਰਨ ਅਜਿਹੀ ਨੌਬਤ ਆਈ: ਸੇਵੇਵਾਲਾ

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਗ਼ਰੀਬ ਤਬਕੇ ’ਚੋਂ ਬਹੁਤੇ ਲੋਕਾਂ ਦੇ ਗ਼ਲਤ ਬਿੱਲ ਭੇਜੇ ਜਾਣ ਕਰਕੇ ਅਤੇ ਬਹੁਤਿਆਂ ਕੋਲ ਵਸੀਲੇ ਨਾ ਹੋਣ ਕਰਕੇ ਅਜਿਹੀ ਨੌਬਤ ਆਈ ਹੈ। ਉਨ੍ਹਾਂ ਕਿਹਾ ਕਿ ਜੋ ਬਕਾਏ ਮੁਆਫ਼ ਕੀਤੇ ਗਏ ਸਨ, ਉਹ ਅਧਿਕਾਰੀਆਂ ਦੀ ਅਣਗਹਿਲੀ ਕਰਕੇ ਮੁਆਫ਼ ਨਹੀਂ ਹੋ ਸਕੇ। ਉਨ੍ਹਾਂ ਮੰਗ ਕੀਤੀ ਕਿ ਖੇਤੀ ਮੋਟਰਾਂ ਦੀ ਤਰ੍ਹਾਂ ਆਰਥਿਕ ਤੌਰ ’ਤੇ ਕਮਜ਼ੋਰ ਮਜ਼ਦੂਰਾਂ ਤੇ ਕਿਸਾਨਾਂ ਸਮੇਤ ਹੋਰਨਾਂ ਵਰਗਾਂ ਦੇ ਬਿੱਲ ਪੂਰੀ ਤਰ੍ਹਾਂ ਮੁਆਫ਼ ਕੀਤੇ ਜਾਣ।

                                    ਪਾਵਰਕੌਮ ਨੇ ਕੱਟੇ ਸਾਢੇ ਤਿੰਨ ਲੱਖ ਕੁਨੈਕਸ਼ਨ

ਪਾਵਰਕੌਮ ਨੇ ਪਿਛਲੇ ਸਮੇਂ ਦੌਰਾਨ ਬਕਾਏ ਨਾ ਦੇਣ ਵਾਲੇ 3.50 ਲੱਖ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਦਿੱਤੇ ਹਨ ਜਿਨ੍ਹਾਂ ਵੱਲ ਦੇਣਦਾਰੀ 493.35 ਕਰੋੜ ਬਣਦੀ ਹੈ। ਇਸੇ ਤਰ੍ਹਾਂ 175 ਕਰੋੜ ਦੀ ਵਸੂਲੀ ਨਾ ਹੋਣ ਕਾਰਨ ਘਰੇਲੂ ਬਿਜਲੀ ਦੇ 2.32 ਲੱਖ ਕੁਨੈਕਸ਼ਨ, 223 ਕਰੋੜ ਦੇ ਬਕਾਏ ਕਾਰਨ 1.02 ਲੱਖ ਵਪਾਰਕ ਕੁਨੈਕਸ਼ਨ ਕੱਟੇ ਗਏ। ਸਨਅਤੀ ਡਿਫਾਲਟਰਾਂ ਦੇ 12,242 ਕੁਨੈਕਸ਼ਨ ਕੱਟੇ ਗਏ ਹਨ ਜਿਨ੍ਹਾਂ ਤੋਂ 82 ਕਰੋੜ ਵਸੂਲ ਕੀਤੇ ਜਾਣੇ ਹਨ। ਪਤਾ ਲੱਗਾ ਹੈ ਕਿ ਜਿਨ੍ਹਾਂ ਦੇਣਦਾਰਾਂ ਵੱਲ ਬਕਾਏ ਇੱਕ ਲੱਖ ਤੋਂ ਵੱਧ ਦੇ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਵਿੱਢੀ ਜਾਣੀ ਹੈ।

No comments:

Post a Comment