Sunday, September 22, 2024

                                                         ਪਾਵਰਫੁੱਲ 
                            ਰਿਫਾਈਨਰੀ ਨੇ ਸੋਧੇ ਖ਼ਜ਼ਾਨੇ ਦੇ ਭਾਗ..!
                                                       ਚਰਨਜੀਤ ਭੁੱਲਰ 


  ਚੰਡੀਗੜ੍ਹ : ਬਠਿੰਡਾ ਰਿਫ਼ਾਈਨਰੀ ਹੁਣ ਪਾਵਰਕੌਮ ਦੇ ਖ਼ਜ਼ਾਨੇ ਦੇ ਭਾਗ ਸੋਧ ਰਹੀ ਹੈ। ਪੰਜਾਬ ਦਾ ਇਹ ਇਕਲੌਤਾ ਉਦਯੋਗ ਹੈ, ਜਿਸ ਤੋਂ ਪਾਵਰਕੌਮ ਨੂੰ ਸਭ ਤੋਂ ਵੱਧ ਕਮਾਈ ਆ ਰਹੀ ਹੈ। ਪਾਵਰਕੌਮ ਨੂੰ ਇਸ ਪਸੰਦੀਦਾ ਗਾਹਕ ਤੋਂ ਵੱਡਾ ਬਿਜਲੀ ਬਿੱਲ ਵੇਲੇ ਸਿਰ ਆ ਰਿਹਾ ਹੈ। ਪੰਜਾਬ ’ਚ ਸਿਰਫ਼ ਅੱਠ ਅਜਿਹੇ ਉਦਯੋਗ ਹਨ, ਜਿਨ੍ਹਾਂ ਤੋਂ ਪਾਵਰਕੌਮ ਨੂੰ ਸਾਲਾਨਾ 100 ਕਰੋੜ (ਪ੍ਰਤੀ ਉਦਯੋਗ) ਤੋਂ ਵੱਧ ਦਾ ਬਿੱਲ ਪ੍ਰਾਪਤ ਹੁੰਦਾ ਹੈ। ਬਠਿੰਡਾ ਰਿਫ਼ਾਈਨਰੀ ਨੇ ਵਰ੍ਹਾ 2023-24 ਦੌਰਾਨ ਪਾਵਰਕੌਮ ਨੂੰ 665.28 ਕਰੋੜ ਦਾ ਬਿਜਲੀ ਬਿੱਲ ਤਾਰਿਆ ਹੈ। ਵੇਰਵਿਆਂ ਅਨੁਸਾਰ ਬਠਿੰਡਾ ਰਿਫ਼ਾਈਨਰੀ ’ਚ ਪੈਟਰੋ ਕੈਮੀਕਲ ਯੂਨਿਟ ਦੇ ਚਾਲੂ ਹੋਣ ਮਗਰੋਂ ਬਿਜਲੀ ਬਿੱਲ ’ਚ ਵੱਡਾ ਵਾਧਾ ਹੋਇਆ ਹੈ। ਸਾਲ 2019-20 ਤੋਂ ਸਤੰਬਰ 2024 ਤੱਕ ਰਿਫ਼ਾਈਨਰੀ ਪਾਵਰਕੌਮ ਨੂੰ ਬਿਜਲੀ ਦੇ ਬਿੱਲ ਵਜੋਂ 1668.97 ਕਰੋੜ ਰੁਪਏ ਤਾਰ ਚੁੱਕੀ ਹੈ, ਜੋ ਆਪਣੇ-ਆਪ ਵਿੱਚ ਰਿਕਾਰਡ ਹੈ। ਰਿਫ਼ਾਈਨਰੀ ਕੋਲ ਚਾਰ ਬਿਜਲੀ ਕੁਨੈਕਸ਼ਨ ਹਨ, ਜਿਨ੍ਹਾਂ ਦਾ ਕੁੱਲ ਬਿਜਲੀ ਲੋਡ ਦੋ ਲੱਖ ਕਿੱਲੋਵਾਟ ਬਣਦਾ ਹੈ। 

         ਪਾਵਰਕੌਮ ਲਈ ਇਹ ‘ਗੁੱਡ ਪੇਅ ਮਾਸਟਰ’ ਹੈ। ਰਿਫ਼ਾਈਨਰੀ ਨੇ ਵਰ੍ਹਾ 2021-22 ਵਿੱਚ 150.70 ਕਰੋੜ, ਸਾਲ 2022-23 ਵਿੱਚ 346.36 ਕਰੋੜ ਅਤੇ 2023-24 ’ਚ 665.28 ਕਰੋੜ ਦਾ ਬਿੱਲ ਭਰਿਆ ਹੈ। ਚਾਲੂ ਮਾਲੀ ਵਰ੍ਹੇ ਦੇ ਸਤੰਬਰ ਮਹੀਨੇ ਤੱਕ ਰਿਫ਼ਾਈਨਰੀ 380.17 ਕਰੋੜ ਦਾ ਬਿਜਲੀ ਬਿੱਲ ਤਾਰ ਚੁੱਕੀ ਹੈ। ਪੰਜਾਬ ਦਾ ਇਹ ਸਭ ਤੋਂ ਵੱਡਾ ਸਨਅਤੀ ਪ੍ਰਾਜੈਕਟ ਹੈ, ਜਿਸ ਨੇ ਪੰਜਾਬ ਦੇ ਖ਼ਜ਼ਾਨੇ ਨੂੰ ਵੱਡਾ ਠੁੰਮ੍ਹਣਾ ਦਿੱਤਾ ਹੈ। ਵਰ੍ਹਾ 2023-24 ਦੌਰਾਨ ਰਿਫ਼ਾਈਨਰੀ ਨੇ ਪ੍ਰਤੀ ਮਹੀਨੇ ਔਸਤਨ 54.93 ਕਰੋੜ ਬਿਜਲੀ ਬਿੱਲ ਵਜੋਂ ਭਰੇ ਹਨ। ਪੰਜਾਬ ਦੇ ਸਨਅਤੀ ਖੇਤਰ ਵਿੱਚੋਂ ਦੂਜਾ ਨੰਬਰ ‘ਪੰਜਾਬ ਅਲਕਲੀਜ਼ ਐਂਡ ਕੈਮੀਕਲਜ਼ ਲਿਮਟਿਡ, ਨੰਗਲ’ ਦਾ ਆਉਂਦਾ ਹੈ, ਜਿਸ ਦਾ ਬਿਜਲੀ ਲੋਡ 78,876 ਕਿੱਲੋਵਾਟ ਹੈ। ਇਸ ਉਦਯੋਗ ਵੱਲੋਂ ਵਰ੍ਹਾ 2023-24 ਦੌਰਾਨ 203.12 ਕਰੋੜ ਰੁਪਏ ਬਿਜਲੀ ਬਿੱਲ ਵਜੋਂ ਤਾਰੇ ਹਨ। ਤੀਸਰਾ ਨੰਬਰ ਭਾਦਸੋਂ ਦੀ ਮਾਧਵ ਕੇਆਰਜੀ ਲਿਮਟਿਡ ਦਾ ਹੈ, ਜਿਸ ਨੇ ਉਸੇ ਸਾਲ ਦੌਰਾਨ 148.73 ਕਰੋੜ ਦਾ ਬਿਜਲੀ ਬਿੱਲ ਭਰਿਆ ਹੈ। 

         ਚੌਥਾ ਨੰਬਰ ਰਾਜਪੁਰਾ ਦੀ ਬੋਦਲ ਕੈਮੀਕਲਜ਼ ਲਿਮਟਿਡ ਹੈ, ਜਿਸ ਦਾ ਬਿਜਲੀ ਲੋਡ 37,999 ਕਿੱਲੋਵਾਟ ਹੈ ਅਤੇ ਲੰਘੇ ਵਰ੍ਹੇ ਉਸ ਨੇ 144.35 ਕਰੋੜ ਦਾ ਬਿਜਲੀ ਬਿੱਲ ਤਾਰਿਆ ਹੈ। ਪਾਵਰਕੌਮ ਦੇ ਅਧਿਕਾਰੀ ਆਖਦੇ ਹਨ ਕਿ ਸਨਅਤੀ ਖੇਤਰ ’ਚੋਂ ਹੀ ਬਿਜਲੀ ਬਿੱਲਾਂ ਦੀ ਸਮੇਂ ਸਿਰ ਵੱਡੀ ਆਮਦਨ ਹੁੰਦੀ ਹੈ। ਗੋਨਿਆਣਾ ਦੀ ਸਪੋਰਟਕਿੰਗ ਇੰਡਸਟਰੀਜ਼ ਨੇ ਵੀ ਬਿਜਲੀ ਬਿੱਲ ਦੇ 140.57 ਕਰੋੜ ਰੁਪਏ ਲੰਘੇ ਸਾਲ ਦੌਰਾਨ ਭਰੇ ਹਨ। ਲੁਧਿਆਣਾ ਦੀ ਵਰਧਮਾਨ ਸਪੈਸ਼ਲ ਸਟੀਲਜ਼ ਨੇ ਬੀਤੇ ਵਰ੍ਹੇ ਦਾ 121.85 ਕਰੋੜ ਦਾ ਬਿਜਲੀ ਬਿੱਲ ਭਰਿਆ ਹੈ। ਇਸੇ ਤਰ੍ਹਾਂ ਮਾਛੀਵਾੜਾ ਦੀ ਐੱਸਟੀ ਕੋਟੈਕਸ ਐਕਸਪੋਰਟ ਨੇ 113.38 ਕਰੋੜ ਅਤੇ ਅਮਲੋਹ ਦੀ ਆਰਪੀ ਮਲਟੀਮੈਲਟ ਨੇ 106.30 ਕਰੋੜ ਦਾ ਬਿਜਲੀ ਬਿੱਲ ਇੱਕ ਸਾਲ ਦੌਰਾਨ ਭਰਿਆ ਹੈ।ਪੰਜਾਬ ਵਿੱਚ ਇਸ ਵੇਲੇ 1.58 ਲੱਖ ਸਨਅਤੀ ਕੁਨੈਕਸ਼ਨ ਹਨ, ਜਿਨ੍ਹਾਂ ਤੋਂ ਸਾਲ 2023-24 ਦੌਰਾਨ 16,768 ਕਰੋੜ ਦੀ ਆਮਦਨ ਹੋਈ ਹੈ। ਚਾਲੂ ਵਿੱਤੀ ਸਾਲ 2024-25 ਦੌਰਾਨ ਸਨਅਤੀ ਖੇਤਰ ’ਚੋਂ ਪਾਵਰਕੌਮ ਨੂੰ 18,753 ਕਰੋੜ ਦੀ ਆਮਦਨ ਹੋਣ ਦਾ ਅਨੁਮਾਨ ਹੈ।

        ਸਨਅਤੀ ਖੇਤਰ ਦਾ ਕੁੱਲ ਕੁਨੈਕਟਡ ਲੋਡ 12,201 ਮੈਗਾਵਾਟ ਹੈ, ਜਦੋਂ ਕਿ ਸਾਲਾਨਾ ਖਪਤ ਇਸ ਖੇਤਰ ਵਿੱਚ 22,291 ਮਿਲੀਅਨ ਯੂਨਿਟ ਦੀ ਰਹੀ ਹੈ। ਬਿਜਲੀ ਮਾਹਿਰ ਆਖਦੇ ਹਨ ਕਿ ਪਿਛਲੇ ਸਮਿਆਂ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਸਰਕਾਰ ਨੇ ਸਨਅਤੀ ਖੇਤਰ ’ਚ ਬਿਜਲੀ ਕੁਨੈਕਸ਼ਨ ਦੇਣ ’ਚ ਢਿੱਲ ਨਹੀਂ ਵਰਤੀ ਕਿਉਂਕਿ ਇਹ ਕੁਨੈਕਸ਼ਨ ਪਾਵਰਕੌਮ ਦੀ ਆਮਦਨ ਦਾ ਵੱਡਾ ਵਸੀਲਾ ਬਣਦੇ ਹਨ। ਪਾਵਰਕੌਮ ਨੂੰ ਕੁੱਲ ਆਮਦਨ ਦਾ 40 ਫ਼ੀਸਦੀ ਕਮਾਈ ਇਕੱਲੇ ਸਨਅਤੀ ਖੇਤਰ ’ਚੋਂ ਹੁੰਦੀ ਹੈ। ਉਦਯੋਗਾਂ ’ਚ ਸਮਾਰਟ ਮੀਟਰ ਲਗਾਏ ਜਾਂਦੇ ਹਨ, ਜਿਸ ਕਰਕੇ ਬਿਜਲੀ ਚੋਰੀ ਦੀ ਵੀ ਕੋਈ ਗੁੰਜਾਇਸ਼ ਨਹੀਂ ਰਹਿੰਦੀ ਹੈ।

                                      ਕੀ ਦੂਰ ਹੋਵੇਗਾ ਵਿਧਾਇਕਾ ਦਾ ਸ਼ੱਕ..!

ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ’ਚ ਤਲਵੰਡੀ ਸਾਬੋ ਤੋਂ ਵਿਧਾਇਕਾ ਬਲਜਿੰਦਰ ਕੌਰ ਨੇ ਰਿਫ਼ਾਈਨਰੀ ਦੇ ਸੀਐੱਸਆਰ ਦਾ ਮੁੱਦਾ ਚੁੱਕਦਿਆਂ ਇਹ ਗੱਲ ਉਚੇਚੇ ਤੌਰ ’ਤੇ ਆਖੀ ਕਿ ‘ਮੈਨੂੰ ਤਾਂ ਇੱਥੋਂ ਤੱਕ ਵੀ ਸ਼ੱਕ ਹੈ ਕਿ ਉਹ (ਰਿਫ਼ਾਈਨਰੀ) ਬਿਜਲੀ ਦੇ ਬਿੱਲ ਭਰਦੇ ਵੀ ਹਨ ਕਿ ਨਹੀਂ ਭਰਦੇ’। ਬਿਜਲੀ ਅਧਿਕਾਰੀ ਆਖਦੇ ਹਨ ਕਿ ਰਿਫ਼ਾਈਨਰੀ ਪ੍ਰਬੰਧਕ ਨਾ ਸਿਰਫ਼ ਸਮੇਂ ਤੋਂ ਪਹਿਲਾਂ ਬਿੱਲ ਭਰਦੇ ਹਨ, ਬਲਕਿ ਸੂਬੇ ’ਚੋਂ ਸਭ ਤੋਂ ਵੱਧ ਬਿਜਲੀ ਬਿੱਲ ਵੀ ਤਾਰਦੇ ਹਨ।

No comments:

Post a Comment