Tuesday, September 24, 2024

                                                         ਵਜ਼ਾਰਤੀ ਰੰਗ
                       ਕਿਸੇ ਦੇ ਪੱਲੇ ਵਜ਼ੀਰੀ ਤੇ ਕਿਸੇ ਪੱਲੇ ‘ਫ਼ਕੀਰੀ’..!
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਵਜ਼ਾਰਤ ’ਚ ਫੇਰਬਦਲ ਨੇ ਅੱਜ ਕਿਸੇ ਪੱਲੇ ਵਜ਼ੀਰੀ ਪਾਈ, ਜਦੋਂ ਕਿ ਕਿਸੇ ਦੀ ਹਿੱਸੇ ਅੱਜ ‘ਫ਼ਕੀਰੀ’ ਆਈ। ਪੰਜ ਨਵੇਂ ਚਿਹਰਿਆਂ ਨੂੰ ਅੱਜ ਝੰਡੀ ਵਾਲੀ ਕਾਰ ਮਿਲੀ, ਉੱਥੇ ਵਜ਼ਾਰਤ ਵਿਚੋਂ ਛਾਂਟੀ ਕੀਤੇ ਚਾਰ ਵਜ਼ੀਰਾਂ ਤੋਂ ਸਰਕਾਰੀ ਗੱਡੀਆਂ ਵਾਪਸ ਲੈ ਲਈਆਂ ਗਈਆਂ ਹਨ। ਉਨ੍ਹਾਂ ਵਿਧਾਇਕਾਂ ’ਚ ਵੀ ਮਾਯੂਸੀ ਹੈ, ਜਿਨ੍ਹਾਂ ਨੂੰ ਵਜ਼ਾਰਤ ਵਿਚ ਥਾਂ ਮਿਲਣ ਦੀ ਉਮੀਦ ਸੀ। ਉਨ੍ਹਾਂ ਵਿਚੋਂ ਕਈਆਂ ਨੂੰ ਆਸ ਸੀ ਕਿ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਵਿਚ ਦਿਖਾਈ ਕਾਰਗੁਜ਼ਾਰੀ ਨੂੰ ਧਿਆਨ ਵਿਚ ਰੱਖਿਆ ਜਾਵੇਗਾ। ਉਨ੍ਹਾਂ ਨੂੰ ਅੱਜ ਹਲਫਦਾਰੀ ਸਮਾਗਮਾਂ ਦੇ ਸੱਦਾ ਪੱਤਰ ਵੀ ਭੇਜੇ ਗਏ ਸਨ ਪਰ ਉਹ ਸਮਾਰੋਹਾਂ ਵਿਚ ਆਉਣ ਦਾ ਹੌਸਲਾ ਨਹੀਂ ਕਰ ਸਕੇ। ਸੂਤਰਾਂ ਅਨੁਸਾਰ ਅਨਮੋਲ ਗਗਨ ਮਾਨ ਨੇ ਵੀ ਕੱਲ੍ਹ ਅਸਤੀਫ਼ਾ ਦੇਣ ਤੋਂ ਵੀ ਆਨਾਕਾਨੀ ਕੀਤੀ ਸੀ ਅਤੇ ਪਾਰਟੀ ਹਾਈਕਮਾਨ ਤੱਕ ਵੀ ਪਹੁੰਚ ਬਣਾਈ ਸੀ। ਆਖ਼ਰ ਉਨ੍ਹਾਂ ਨੂੰ ਵਜ਼ੀਰੀ ਛੱਡਣੀ ਹੀ ਪਈ। ਅਨਮੋਲ ਗਗਨ ਮਾਨ ਨੇ ਕੁੱਝ ਦਿਨ ਪਹਿਲਾਂ ਹੀ ਜਨਤਕ ਸਮਾਗਮਾਂ ਵਿਚ ਅਫ਼ਸਰਾਂ ਦੇ ਭ੍ਰਿਸ਼ਟਾਚਾਰ ਨੂੰ ਲੈ ਕੇ ਟਿੱਪਣੀ ਵੀ ਕੀਤੀ ਸੀ।

        ਬ੍ਰਮ ਸ਼ੰਕਰ ਜਿੰਪਾ ਕੋਲ ਮਾਲ ਮਹਿਕਮਾ ਸੀ ਅਤੇ ਉਨ੍ਹਾਂ ਬਾਰੇ ਪਾਰਟੀ ਵੱਲੋਂ ਲਈ ਗਈ ਫੀਡਬੈਕ ਤਸੱਲੀਬਖ਼ਸ਼ ਨਹੀਂ ਸੀ। ਪਤਾ ਲੱਗਾ ਹੈ ਕਿ ਸਭ ਤੋਂ ਵੱਧ ਉਦਾਸੀ ਚੇਤਨ ਸਿੰਘ ਜੌੜਾਮਾਜਰਾ ਦੇ ਚਿਹਰੇ ’ਤੇ ਹੈ। ਸੂਤਰ ਦੱਸਦੇ ਹਨ ਕਿ ਜੌੜਾਮਾਜਰਾ ਨੂੰ ਤਾਂ ਚਿੱਤ ਚੇਤੇ ਵੀ ਨਹੀਂ ਸੀ ਕਿ ਇੰਜ ਵੀ ਹੋ ਸਕਦਾ ਹੈ। ਉਨ੍ਹਾਂ ਨੇ ਆਪਣੇ ਵਿਭਾਗਾਂ ਵਿਚ ਉੱਪਰਲੇ ਹੁਕਮਾਂ ਨੂੰ ਪੂਰੀ ਤਸੱਲੀ ਨਾਲ ਵਜਾਇਆ ਸੀ। ਜਦੋਂ ਉਹ ਸਿਹਤ ਮੰਤਰੀ ਸਨ ਤਾਂ ਸੀਨੀਅਰ ਡਾਕਟਰ ਨੂੰ ਫ਼ਰੀਦਕੋਟ ਵਿਚ ਗੱਦੇ ’ਤੇ ਲਿਟਾਏ ਜਾਣ ਮੌਕੇ ਵਿਵਾਦਾਂ ਵਿਚ ਘਿਰ ਗਏ ਸਨ। ਉਨ੍ਹਾਂ ਬਾਰੇ ਗ੍ਰਹਿ ਜ਼ਿਲ੍ਹੇ ਵਿਚੋਂ ਰਿਪੋਰਟ ਠੀਕ ਨਹੀਂ ਸੀ। ਬਲਕਾਰ ਸਿੰਘ ਨੂੰ ਆਪਣੀ ਛੁੱਟੀ ਹੋਣ ਬਾਰੇ ਪਹਿਲਾਂ ਹੀ ਅੰਦਾਜ਼ਾ ਸੀ। ਪਤਾ ਲੱਗਾ ਹੈ ਕਿ ਵਜ਼ੀਰੀ ਤੋਂ ਹੱਥ ਧੋਣ ਵਾਲੇ ਵਿਧਾਇਕਾਂ ਕੋਲੋਂ ਹੁਣ ਸਰਕਾਰੀ ਕੋਠੀ ਦੀ ਸੁਵਿਧਾ ਵੀ ਖੁਸ ਜਾਣੀ ਹੈ। ਜਿਨ੍ਹਾਂ ਵਿਧਾਇਕਾਂ ਨੂੰ ਅੱਜ ਵਜ਼ੀਰੀ ਮਿਲੀ ਹੈ, ਉਹ ਅੱਜ ਸਵੇਰ ਵੇਲੇ ਪਹਿਲਾਂ ਧਾਰਮਿਕ ਸਥਾਨਾਂ ’ਤੇ ਗਏ ਅਤੇ ਫਿਰ ਪਰਿਵਾਰਾਂ ਸਮੇਤ ਰਾਜ ਭਵਨ ਪੁੱਜੇ।

       ਹਲਫਦਾਰੀ ਸਮਾਗਮਾਂ ’ਚੋਂ ‘ਆਪ’ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ, ਪਾਰਟੀ ਦੀ ਚੀਫ਼ ਵ੍ਹਿਪ ਬਲਜਿੰਦਰ ਕੌਰ ਤੇ ਸਰਵਜੀਤ ਕੌਰ ਮਾਣੂਕੇ ਵੀ ਗ਼ੈਰਹਾਜ਼ਰ ਸਨ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੀ ਨਜ਼ਰ ਨਹੀਂ ਆਏ। ਵਿਭਾਗੀ ਫੇਰਬਦਲ ਨੇ ਵੀ ਕਈ ਪੁਰਾਣੇ ਵਜ਼ੀਰਾਂ ਨੂੰ ਨਿਰਾਸ਼ ਕੀਤਾ ਹੈ। ਕੁਲਦੀਪ ਸਿੰਘ ਧਾਲੀਵਾਲ ਨੂੰ ਪਾਰਟੀ ਨੇ ਲੋਕ ਸਭਾ ਚੋਣਾਂ ਵਿਚ ਵੀ ਉਤਾਰਿਆ ਅਤੇ ਉਹ ਖ਼ਾਸ ਕਰਕੇ ਸੰਘਰਸ਼ੀ ਲੋਕਾਂ ਨਾਲ ਗੱਲਬਾਤ ਮੌਕੇ ਸੰਕਟ ਮੋਚਨ ਵੀ ਬਣਦੇ ਰਹੇ ਹਨ। ਉਨ੍ਹਾਂ ਨੂੰ ਪਾਰਟੀ ਤੋਂ ਆਪਣੇ ਕੀਤੇ ਕੰਮਾਂ ਕਰਕੇ ਨਵੇਂ ਵਿਭਾਗ ਮਿਲਣ ਦੀ ਉਮੀਦ ਸੀ। ਹੋਰ ਵੀ ਕਈ ਚਿਹਰੇ ਅੱਜ ਘਰਾਂ ਵਿਚੋਂ ਬਾਹਰ ਨਹੀਂ ਨਿਕਲੇ ਹਨ। ਅਫ਼ਵਾਹਾਂ ਮਗਰੋਂ ਅੱਜ ਪਹਿਲੀ ਵਾਰ ਇੱਕੋ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਹਾਜ਼ਰ ਸਨ ਪਰ ਉਨ੍ਹਾਂ ਨੂੰ ਨੇੜਿਓਂ ਆਹਮੋ ਸਾਹਮਣੇ ਹੋਣ ਦਾ ਮੌਕਾ ਨਹੀਂ ਮਿਲਿਆ।

No comments:

Post a Comment