ਪਾਵਰਫੁੱਲ
‘ਸਿੱਧੀ ਕੁੰਡੀ’ ਦੀ ਖੁੱਲ੍ਹ, ਖ਼ਜ਼ਾਨੇ ਦੀ ਬੱਤੀ ਗੁੱਲ !
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦੀ ‘ਆਪ’ ਸਰਕਾਰ ਦੀ ‘ਜ਼ੀਰੋ ਬਿੱਲਾਂ’ ਦੀ ਸਹੂਲਤ ਵੀ ‘ਸਿੱਧੀ ਕੁੰਡੀ’ ਵਾਲੇ ਰਾਹ ਨਹੀਂ ਰੋਕ ਸਕੀ ਹੈ। ਤੱਥ ਗਵਾਹ ਹਨ, ਜਦੋਂ ਚੋਣਾਂ ਵਾਲਾ ਵਰ੍ਹਾ ਹੁੰਦਾ ਹੈ, ਉਦੋਂ ਪਾਵਰਕੌਮ ਦੇ ਬਿਜਲੀ ਚੋਰਾਂ ਦੇ ਘਰਾਂ ’ਤੇ ਛਾਪੇ ਪੈਣੋਂ ਹਟ ਜਾਂਦੇ ਹਨ। ਸਾਲ 2014-15 ਤੋਂ ਸਾਲ 2023-24 ਦੇ ਦਸ ਵਰ੍ਹਿਆਂ ਦੌਰਾਨ ਪਾਵਰਕੌਮ ਨੇ ਸੂਬੇ ਵਿਚ 14.64 ਲੱਖ ਘਰਾਂ ਤੇ ਅਦਾਰਿਆਂ ’ਚ ਬਿਜਲੀ ਚੋਰੀ ਫੜੀ, ਜਿਨ੍ਹਾਂ ਇਸ ਸਮੇਂ ਦੌਰਾਨ 2246.58 ਕਰੋੜ ਰੁਪਏ ਦੀ ਬਿਜਲੀ ਚੋਰੀ ਕੀਤੀ। ਇਨ੍ਹਾਂ ਵਰ੍ਹਿਆਂ ’ਚੋਂ ਸਿਰਫ਼ 2014-15 ਦਾ ਇੱਕੋ ਸਾਲ ਸੀ, ਜਦੋਂ ਸਭ ਤੋਂ ਵੱਧ 328.90 ਕਰੋੜ ਦੀ ਬਿਜਲੀ ਚੋਰੀ ਫੜੀ ਗਈ ਸੀ। ਲੰਘੇ ਵਿੱਤੀ ਵਰ੍ਹੇ ’ਚ 1.09 ਲੱਖ ਬਿਜਲੀ ਚੋਰ ਫੜੇ ਗਏ, ਜਿਨ੍ਹਾਂ 284.62 ਕਰੋੜ ਦੀ ਬਿਜਲੀ ਚੋਰੀ ਕੀਤੀ ਸੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2016-17 ’ਚ ਬਿਜਲੀ ਚੋਰੀ ਦੇ 1.25 ਲੱਖ ਕੇਸ ਫੜੇ ਗਏ, ਜਦੋਂ ਚੋਣਾਂ ਖ਼ਤਮ ਹੋਈਆਂ ਤਾਂ ਅਗਲੇ ਵਰ੍ਹੇ ਇਨ੍ਹਾਂ ਕੇਸਾਂ ਦਾ ਅੰਕੜਾ ਵਧ ਕੇ 1.90 ਲੱਖ ਹੋ ਗਿਆ।
ਇਸੇ ਤਰ੍ਹਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ 2018-19 ਵਿਚ ਬਿਜਲੀ ਚੋਰੀ ਦੇ 1.41 ਲੱਖ ਕੇਸ ਫੜੇ ਗਏ ਅਤੇ ਅਗਲੇ ਸਾਲ ਹੀ ਇਹ ਕੇਸ ਵਧ ਕੇ 1.48 ਲੱਖ ਹੋ ਗਏ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇ ਸਾਲ 2021-22 ’ਚ ਬਿਜਲੀ ਚੋਰੀ ਦੇ 1.25 ਲੱਖ ਕੇਸ ਫੜੇ ਗਏ ਸਨ। ਜਿਵੇਂ ਹੀ ਚੋਣਾਂ ਖ਼ਤਮ ਹੋਈਆਂ ਤਾਂ ਅਗਲੇ ਸਾਲ ਇਹ ਅੰਕੜਾ ਵਧ ਕੇ 1.36 ਲੱਖ ਹੋ ਗਿਆ। ‘ਆਪ’ ਸਰਕਾਰ ਨੇ 12 ਮਈ, 2022 ਨੂੰ ‘ਕੁੰਡੀ ਹਟਾਓ ਮੁਹਿੰਮ’ ਸ਼ੁਰੂ ਕੀਤੀ ਸੀ, ਜਿੰਨੀ ਤੇਜ਼ੀ ਨਾਲ ਇਹ ਮੁਹਿੰਮ ਸ਼ੁਰੂ ਹੋਈ, ਓਨੀ ਰਫ਼ਤਾਰ ਨਾਲ ਹੀ ਬੰਦ ਹੋ ਗਈ ਸੀ। ਪਾਵਰਕੌਮ ਨੇ ਇਸ ਮੁਹਿੰਮ ਤਹਿਤ ਤਿੰਨ ਦਰਜਨ ਪੁਲੀਸ ਥਾਣੇ ‘ਸਿੱਧੀ ਕੁੰਡੀ’ ’ਤੇ ਚੱਲਦੇ ਫੜ ਲਏ ਸਨ ਅਤੇ ਕਈ ਧਾਰਮਿਕ ਡੇਰੇ ਵੀ ਕੁੰਡੀ ’ਤੇ ਚੱਲ ਰਹੇ ਸਨ। ਹੁਣ ਅਗਸਤ ਤੋਂ ਫਿਰ ਸਰਕਾਰ ਹਰਕਤ ਵਿਚ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਆਖ ਰਹੇ ਹਨ ਕਿ ਬਿਜਲੀ ਚੋਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਹੁਣ ਜਦੋਂ ਪੰਚਾਇਤ ਚੋਣਾਂ ਦਾ ਐਲਾਨ ਹੋ ਗਿਆ ਹੈ ਤਾਂ ਪਾਵਰਕੌਮ ਨੂੰ ਇਨ੍ਹਾਂ ਦਿਨਾਂ ਵਿਚ ਸਿਆਸਤਦਾਨਾਂ ਅੱਗੇ ਮੁੜ ਹਥਿਆਰ ਸੁੱਟਣੇ ਪੈ ਸਕਦੇ ਹਨ। ਪਾਵਰਕੌਮ ਦੀ ਸਾਲ 2023-24 ਦੀ ਰਿਪੋਰਟ ਹੈ ਕਿ ਸੂਬੇ ਵਿਚ ਸਾਲਾਨਾ 2600 ਕਰੋੜ ਦੀ ਬਿਜਲੀ ਚੋਰੀ ਹੋ ਰਹੀ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹਲਕੇ ’ਚ ਪੈਂਦੀ ਪੱਟੀ ਡਵੀਜ਼ਨ ਪੰਜਾਬ ਭਰ ’ਚੋਂ ਸਿਖ਼ਰ ’ਤੇ ਹੈ ਜਿੱਥੇ ਸਾਲਾਨਾ 144 ਕਰੋੜ ਦੀ ਬਿਜਲੀ ਚੋਰੀ ਹੁੰਦੀ ਹੈ। ਪੱਟੀ, ਜ਼ੀਰਾ, ਭਿੱਖੀਵਿੰਡ ਅਤੇ ਅੰਮ੍ਰਿਤਸਰ ਪੱਛਮੀ ਡਵੀਜ਼ਨ ਵਿਚ ਸਾਲਾਨਾ 520 ਕਰੋੜ ਰੁਪਏ ਦੀ ਬਿਜਲੀ ਚੋਰੀ ਹੁੰਦੀ ਹੈ। ਬਿਜਲੀ ਮਹਿਕਮੇ ਦੇ ਸੀਨੀਅਰ ਅਧਿਕਾਰੀ ਮੁਤਾਬਕ ਸਿਆਸਤਦਾਨਾਂ ਦੀ ਹੱਲਾਸ਼ੇਰੀ ਅਤੇ ਮਹਿਕਮੇ ਦੇ ਅਫ਼ਸਰਾਂ/ਮੁਲਾਜ਼ਮਾਂ ਦੀ ਕਥਿਤ ਮਿਲੀਭੁਗਤ ਕਰਕੇ ਬਿਜਲੀ ਚੋਰੀ ਲਗਾਤਾਰ ਵਧ ਰਹੀ ਹੈ।
ਸਰਕਾਰ ਲਿਆਓ, ਸਿੱਧੀ ਕੁੰਡੀ ਲਾਓ…
ਪੰਜਾਬ ’ਚ ਚੋਣਾਂ ਮੌਕੇ ਸਿਆਸੀ ਸਟੇਜਾਂ ਤੋਂ ਕਈ ਆਗੂ ਜਨਤਕ ਤੌਰ ’ਤੇ ਐਲਾਨ ਕਰਦੇ ਰਹੇ ਹਨ ਕਿ ਉਨ੍ਹਾਂ ਦੀ ‘ਸਰਕਾਰ ਬਣਾਓ, ਸਿੱਧੀ ਕੁੰਡੀ ਦਾ ਲਾਭ ਉਠਾਓ।’ ਜੈਕਾਰਿਆਂ ਦੀ ਗੂੰਜ ’ਚ ਆਗੂ ਇਹ ਵੀ ਮਾਣ ਨਾਲ ਸਟੇਜਾਂ ਤੋਂ ਆਖਦੇ ਰਹੇ ਹਨ ਕਿ ‘ਆਪਣੀ ਸਰਕਾਰ ਵੇਲੇ ਥੋਡੀ ਕੁੰਡੀ ਨੂੰ ਕਿਸੇ ਦੀ ਹੱਥ ਲਾਉਣ ਦੀ ਹਿੰਮਤ ਨਹੀਂ ਪਈ ਸੀ।’
No comments:
Post a Comment