ਪਾਵਰਫੁੱਲ
ਦਿਲ ਵੀ ਵੱਡੇ, ਬਿੱਲ ਵੀ ਵੱਡੇ..!
ਚਰਨਜੀਤ ਭੁੱਲਰ
ਚੰਡੀਗੜ੍ਹ : ਬਿਜਲੀ ਦੇ ‘ਜ਼ੀਰੋ ਬਿੱਲਾਂ’ ਦੇ ਦੌਰ ’ਚ ਪੰਜਾਬ ’ਚ ਅਜਿਹੇ ਵੱਡੇ ਘਰ ਵੀ ਹਨ, ਜਿਹੜੇ ਬਿਜਲੀ ਦੇ ਬਿੱਲਾਂ ’ਚ ਝੰਡੀ ਲੈ ਗਏ ਹਨ। ਪੰਜਾਬ ਭਰ ’ਚੋਂ ਅਜਿਹੇ ਦਸ ਘਰਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦਾ ਬਿਜਲੀ ਬਿੱਲ ਸਭ ਤੋਂ ਵੱਡਾ ਹੈ। ਪਾਵਰਕੌਮ ਲਈ ਇਹ ਤਰਜੀਹੀ ਗਾਹਕ ਹਨ, ਜਿਨ੍ਹਾਂ ਦਾ ਬਿੱਲ ਵਕਤ ਸਿਰ ਅਦਾ ਹੁੰਦਾ ਹੈ ਅਤੇ ਇਨ੍ਹਾਂ ਘਰਾਂ ਦੇ ਵੱਡੇ ਬਿਜਲੀ ਬਿੱਲ ਸਰਕਾਰੀ ਖ਼ਜ਼ਾਨੇ ਦਾ ਹੌਸਲਾ ਵੀ ਵਧਾਉਂਦੇ ਹਨ। ਵੱਡਿਆਂ ਘਰਾਂ ਦਾ ਬਿਜਲੀ ਲੋਡ ਵੀ ਜ਼ਿਆਦਾ ਹੈ, ਬਿਜਲੀ ਖਪਤ ਵੀ ਵੱਧ ਹੈ ਅਤੇ ਬਿਜਲੀ ਬਿੱਲ ਵੀ ਘੱਟ ਨਹੀਂ ਹੁੰਦਾ ਹੈ। ਵੇਰਵਿਆਂ ਅਨੁਸਾਰ ਸਾਲ 2023-24 ਦੌਰਾਨ ਪੰਜਾਬ ਭਰ ’ਚੋਂ ਘਰੇਲੂ ਬਿਜਲੀ ਦੇ ਬਿੱਲ ’ਚ ਓਲੰਪੀਅਨ ਅਭਿਨਵ ਬਿੰਦਰਾ ਦੀ ਸਰਦਾਰੀ ਹੈ। ਬਿੰਦਰਾ ਦੇ ਜ਼ੀਰਕਪੁਰ ਘਰ ਦਾ ਬਿਜਲੀ ਬਿੱਲ ਉਪਰੋਕਤ ਸਾਲ ਦੌਰਾਨ 17.39 ਲੱਖ ਰੁਪਏ ਸਾਲਾਨਾ ਰਿਹਾ ਹੈ। ਇਸ ਘਰ ਦਾ ਮੌਜੂਦਾ ਬਿਜਲੀ ਬਿੱਲ 1.72 ਲੱਖ ਰੁਪਏ ਆਇਆ ਹੈ। ਇਨ੍ਹਾਂ ਦੇ ਬਿੱਲ ਦੀ ਅਦਾਇਗੀ ਕਦੇ ਵੀ ਖੁੰਝੀ ਨਹੀਂ ਹੈ।
ਇਸ ਘਰ ਦਾ ਬਿਜਲੀ ਲੋਡ 179.7 ਕਿਲੋਵਾਟ ਹੈ। ਸਾਲਾਨਾ ਦਾ ਪ੍ਰਤੀ ਦਿਨ ਔਸਤਨ ਬਿਜਲੀ ਬਿੱਲ 4725 ਰੁਪਏ ਰਿਹਾ ਹੈ। ਸਮੁੱਚੇ ਪੰਜਾਬ ’ਚੋਂ ਦੂਜਾ ਵੱਡਾ ਘਰ ਡੇਰਾਬੱਸੀ ਦੇ ਕਾਰੋਬਾਰੀ ਕੇਵਲ ਕ੍ਰਿਸ਼ਨ ਗਰਗ ਦਾ ਹੈ, ਜਿਸ ਦਾ ਬਿਜਲੀ ਲੋਡ 165 ਕਿਲੋਵਾਟ ਹੈ। ਲੰਘੇ ਵਿੱਤੀ ਵਰ੍ਹੇ ਦੌਰਾਨ ਇਸ ਘਰ ਦਾ ਬਿਜਲੀ ਬਿੱਲ 16.97 ਲੱਖ ਰੁਪਏ ਆਇਆ। ਤਾਜ਼ਾ ਬਿੱਲ 1.46 ਲੱਖ ਰੁਪਏ ਦਾ ਹੈ। ਕਾਦੀਆਂ ਦੇ ਅਹਿਮਦੀਆ ਭਾਈਚਾਰੇ ਦਾ ਬਿਜਲੀ ਬਿੱਲ ਇੱਕ ਸਾਲ ਦਾ 12.26 ਲੱਖ ਰੁਪਏ ਰਿਹਾ ਹੈ। ਘਰੇਲੂ ਬਿਜਲੀ ਦੇ ਬਿੱਲਾਂ ’ਚ ਪੰਜਾਬ ਭਰ ’ਚੋਂ ਸਿਖਰਲੇ ਦਸ ਘਰਾਂ ’ਚ ਇਕੱਲੇ ਲੁਧਿਆਣਾ ਦੇ ਸੱਤ ਘਰ ਹਨ। ਇਨ੍ਹਾਂ ਉੱਪਰਲੇ ਦਸ ਘਰਾਂ ਦਾ ਬਿਜਲੀ ਬਿੱਲ ਲੰਘੇ ਸਾਲ ਦਾ 1.13 ਕਰੋੜ ਰੁਪਏ ਬਣਿਆ ਹੈ।
ਪਿਛਲੇ ਵਰ੍ਹੇ ਦੌਰਾਨ ਲੁਧਿਆਣਾ ਦੇ ਵਰਧਮਾਨ ਗਰੁੱਪ ਵਾਲੇ ਪਾਲ ਓਸਵਾਲ ਦੇ ਘਰ ਦਾ ਬਿਜਲੀ ਬਿੱਲ 11.77 ਲੱਖ ਰੁਪਏ ਸਾਲਾਨਾ, ਅਨੂਪਰਾਜ ਸਿੰਘ ਗਿੱਲ ਦਾ ਸਾਲਾਨਾ ਬਿਜਲੀ ਬਿੱਲ 12.99 ਲੱਖ ਰੁਪਏ, ਮਹੇਸ਼ ਮਿੱਤਲ ਦਾ 10.38 ਲੱਖ ਸਾਲਾਨਾ, ਜਵਾਹਰ ਲਾਲ ਦਾ ਸਾਲਾਨਾ 9.52 ਲੱਖ, ਰਵਿੰਦਰ ਪਾਲ ਦਾ ਸਾਲਾਨਾ 7.80 ਲੱਖ, ਬਲਰਾਜ ਭਸੀਨ ਦਾ 7.32 ਲੱਖ ਅਤੇ ਰਸ਼ਮੀ ਬੈਕਟਰ ਦਾ 6.89 ਲੱਖ ਰੁਪਏ ਸਾਲਾਨਾ ਬਿਜਲੀ ਬਿੱਲ ਆਇਆ ਹੈ। ਪੰਜਾਬ ਵਿਚ ਇਸ ਵੇਲੇ 79.47 ਲੱਖ ਘਰੇਲੂ ਕੁਨੈਕਸ਼ਨ ਹਨ ਜਿਨ੍ਹਾਂ ’ਚੋਂ ਉਪਰੋਕਤ ਘਰਾਂ ਦਾ ਬਿਜਲੀ ਬਿੱਲ ਸਿਖਰ ’ਤੇ ਹੈ। ਸਾਲ 2023-24 ਦੌਰਾਨ ਘਰੇਲੂ ਬਿਜਲੀ ਬਿੱਲਾਂ ਤੋਂ ਪਾਵਰਕੌਮ ਨੂੰ 11,406 ਕਰੋੜ ਦੀ ਆਮਦਨ ਹੋਈ ਹੈ, ਜਦੋਂ ਕਿ ਚਾਲੂ ਵਿੱਤੀ ਵਰ੍ਹੇ ਦੌਰਾਨ ਘਰੇਲੂ ਬਿਜਲੀ ਬਿੱਲਾਂ ਤੋਂ 13,670 ਕਰੋੜ ਦੀ ਕਮਾਈ ਦਾ ਅਨੁਮਾਨ ਹੈ।
ਇਕ ਪਾਸੇ ਘਰਾਂ ਨੂੰ ਜਿੱਥੇ ਬਿਜਲੀ ਦੇ ‘ਜ਼ੀਰੋ ਬਿੱਲ’ ਆ ਰਹੇ ਹਨ, ਉੱਥੇ ਵੱਡੇ ਘਰ 300 ਯੂਨਿਟਾਂ ਦੀ ਬਿਜਲੀ ਮੁਆਫ਼ੀ ਤੋਂ ਦੂਰ ਹਨ। ਪਾਵਰਕੌਮ ਦੇ ਅਧਿਕਾਰੀ ਆਖਦੇ ਹਨ ਕਿ ਇਨ੍ਹਾਂ ਵੱਡਿਆਂ ਘਰਾਂ ਦੇ ਬਿਜਲੀ ਬਿੱਲ ਹੀ ਖ਼ਜ਼ਾਨੇ ਦਾ ਸਹਾਰਾ ਬਣ ਰਹੇ ਹਨ। ਵੱਡਿਆਂ ਘਰਾਂ ਵਾਲੇ ਇਹ ਕਾਰੋਬਾਰੀ ਲੋਕ ਹਨ ਜਿਨ੍ਹਾਂ ਦੇ ਜਿੱਡੇ ਵੱਡੇ ਕਾਰੋਬਾਰ ਹਨ, ਉੱਨੇ ਵੱਡੇ ਹੀ ਬਿਜਲੀ ਦੇ ਬਿੱਲ ਹਨ। ‘ਆਪ’ ਸਰਕਾਰ ਨੇ 1 ਜੁਲਾਈ 2022 ਤੋਂ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਸਕੀਮ ਲਾਗੂ ਕੀਤੀ ਸੀ। ਸੂਬੇ ਦੇ 80 ਫ਼ੀਸਦੀ ਤੋਂ ਉਪਰ ਘਰਾਂ ਨੂੰ ਬਿਜਲੀ ਦਾ ਜ਼ੀਰੋ ਬਿੱਲ ਆਉਂਦਾ ਹੈ। ਚਾਲੂ ਵਿੱਤੀ ਵਰ੍ਹੇ ਦੌਰਾਨ ਘਰੇਲੂ ਬਿਜਲੀ ਦੇ ਯੂਨਿਟਾਂ ਦੀ ਮੁਆਫ਼ੀ ਦੀ ਸਬਸਿਡੀ 8800 ਕਰੋੜ ਨੂੰ ਛੂਹ ਸਕਦੀ ਹੈ। ਸਾਲ 2023-24 ਵਿਚ ਘਰੇਲੂ ਬਿਜਲੀ ਬਿੱਲਾਂ ਦੀ ਸਬਸਿਡੀ 7324 ਕਰੋੜ ਰੁਪਏ ਬਣੀ ਸੀ।
No comments:
Post a Comment