Saturday, January 31, 2026

 ਦੋ ਦੂਣੀ ਪੰਜ…
ਚਰਨਜੀਤ ਭੁੱਲਰ 

ਚੰਡੀਗੜ੍ਹ : ਕਾਸ਼ ! ਪੰਜਾਬੀ ਬੰਦਾ ਕੈਲਕੁਲੇਟਰ ਵਰਗਾ ਹੁੰਦਾ। ਨਾ ਕੱਲ੍ਹ ਦੇ ਨੇਤਾ ਅੱਜ ਦੇ ਬੱਚੇ ਬਣਦੇ, ਨਾ ਦਿਮਾਗ ਨੂੰ ਖੇਚਲਾ ਦੇਣੀ ਪੈਂਦੀ। ਜਿਵੇਂ ਆਰੀਆ ਭੱਟ, ਭਾਰਤੀ ਗਣਿਤ ਦੇ ਕਲਾਸੀਕਲ ਯੁੱਗ ਦੇ ਪਿਤਾਮਾ ਅਖਵਾਏ, ਉਵੇਂ ਗਣਿਤ ਦੇ ਸਿਆਸੀਕਲ ਦੌਰ ਦੇ ਅਲਾਮਾ ਆਪਣੇ ਛੋਟੇ ਰਾਜਾ ਜੀ ਬਣੇ ਨੇ। ਚੇਤਿਆਂ ਨੂੰ ਘੁੰਮਾਓ, ਇੱਕ ਵੱਡਾ ਰਾਜਾ ਹੁੰਦਾ ਸੀ, ਜਿਹੜਾ ਪਹਾੜਾਂ ’ਚ ਫਸਿਆ ਰਿਹਾ, ਇੱਕ ਆਹ ਛੋਟਾ ਰਾਜਾ ਜਿਹੜਾ ਹੁਣ ਪਹਾੜੇ ’ਚ ਫਸਿਐ। ਗੱਲ ਜ਼ੁਬਾਨ ਚੋਂ, ਤੀਰ ਕਮਾਨ ਚੋਂ ਨਿਕਲ ਜਾਏ, ਫਿਰ ਹਾਈ ਕਮਾਨ ਵੀ ਕੀ ਕਰੂ। ‘ਬੜੇ ਮੀਆਂ ਤੋਂ ਬੜੇ ਮੀਆਂ, ਛੋਟੇ ਮੀਆਂ ਸੁਬ੍ਹਾਨ ਅੱਲਾ।’

        ਜਦੋਂ ਤੋਂ ਗੱਦੀ ’ਤੇ ਭਗਵੰਤ ਮਾਨ ਸੁਭਾਇਮਾਨ ਹੋਏ ਨੇ, ਵਿਰੋਧੀ ਨੇਤਾਜਣ ਵੀ ‘ਸਟੈਂਡ ਅੱਪ ਕਾਮੇਡੀ’ ’ਤੇ ਹੱਥ ਅਜ਼ਮਾਉਣ ਲੱਗੇ ਨੇ। ਸਿਆਣੇ ਆਖਦੇ ਨੇ, ਲੋੜ ਨੰਗੇ ਨੂੰ ਕੱਤਣਾ ਸਿਖਾ ਦਿੰਦੀ ਐ। ਕਾਮੇਡੀਅਨ ਕੜਾਕਾ ਸਿੰਘ ਨੂੰ ਖੜਾਕਾ ਪ੍ਰਸ਼ਾਦ ਨੇ ਨਸੀਹਤ ਦਿੱਤੀ, ਭਲਿਆ! ਏਨੀ ਮਧੁਰ ਆਵਾਜ਼, ਗਾਉਣ ਕਿਉਂ ਨੀ ਲੱਗ ਜਾਂਦਾ। ਕੜਾਕਾ ਸਿਓ ਮੁੱਛਾਂ ’ਤੇ ਹੱਥ ਫੇਰ ਬੋਲੇ, ਭੋਲੇ ਦਾਸ ਜੀ, ‘ਜਦ ਗੱਲਾਂ ਬਾਤਾਂ ਨਾਲ ਸਰਦਾ ਹੋਵੇ, ਫਿਰ ਜ਼ਰੂਰ ਸੰਘ ਪਾੜਣੈ। ਖ਼ੈਰ, ਸੋਚਣਾ ਪਏਗਾ ਕਿ ਕਦੋਂ ਤੱਕ ਪੰਜਾਬੀ ਭੌ ਦੇ ਭਾਅ ਵਿਕਦੇ ਰਹਿਣਗੇ।

      ਤਾਰਿਕ ਮਹਿਤਾ ਵਾਲੇ ਸੀਰੀਅਲ ਦੇ ਜੇਠਾ ਲਾਲ ਵਾਂਗ ਅੱਜ ਕੱਲ੍ਹ ਇੱਕ ਮੁਕਤਸਰੀ ਲਾਲ ਕਸੂਤਾ ਫਸਿਐ। ‘ਉੱਥੇ ਲੈ ਚੱਲ ਚਰਖਾ ਮੇਰਾ, ਜਿੱਥੇ ਤੇਰੇ ਹਲ ਚਲਦੇ’। ਚੋਣਾਂ ਵਾਲਾ ਵਰ੍ਹਾ ਹੈ, ਪੰਜਾਬ ਨੂੰ ਹਰ ਛੋਟਾ ਵੱਡਾ ਰਾਜਾ ਅਚਿੰਤੇ ਬਾਜਾਂ ਵਾਂਗੂੰ ਪਵੇਗਾ। ਕੋਈ ਵੋਟਰਾਂ ਦੇ ਚਰਨਾਂ ਦੀ ਧੂੜ ਮੱਥੇ ਨੂੰ ਲਾਏਗਾ, ਕੋਈ ਪਰਲੋਕ ’ਚ ਬੈਠੇ ਪੜਦਾਦੇ ਦਾ ਹਾਲ ਪੁੱਛੇਗਾ। ਆਹ ਗੀਤ ਵਾਂਗੂੰ ਨਿਛਾਵਰ ਹੋਣਗੇ,‘ਜੋ ਤੁਮਕੋ ਹੋ ਪਸੰਦ, ਵੋਹੀ ਬਾਤ ਕਹੇਂਗੇ’। ਭੁਲਾਇਆਂ ਨੀ ਭੁੱਲਦਾ ਪਟਿਆਲੇ ਆਲਾ ਰਾਜਾ, ਜਿਹੜਾ ਸਾਢੇ ਚਾਰ ਸਾਲ ਪਹਾੜਾਂ ’ਤੇ ਬੈਠ ਪੰਜਾਬ ਬਾਰੇ ਠੰਢੇ ਦਿਮਾਗ ਨਾਲ ਸੋਚਦਾ ਰਿਹਾ। ਤਾਹੀਂ ਬੀਬੀਆਂ ਨੂੰ ਜਸ ਗਾਇਣ ਕਰਨਾ ਪਿਆ, ‘ਸਹੁੰਆਂ ਖਾ ਕੇ ਮੁੱਕਰ ਗਿਆ, ਵੱਸ ਨੀ ਰਾਜਿਆ ਤੇਰੇ।’

      ਆਸਮਾਨ ਦੇ ਹੰਝੂ ਵਹਿ ਤੁਰੇ, ਧਰਤੀ ਦੀ ਹਿੱਕ ਪਾਟ ਗਈ ਜਦੋਂ ਛੋਟੇ ਰਾਜਾ ਨੇ ਗੱਚ ਭਰ ਇੰਜ ਸ਼ੁਰੂ ਕੀਤਾ ਵਿਰਾਗਮਈ ਰਾਗ, ‘ਤੁਸੀਂ ਸਾਡੇ ਨਾਲ ਧੱਕਾ ਕੀਤਾ ਬੀਬੀਓ, ਥੋਡਾ ਕਿਰਾਇਆ ਮੁਫ਼ਤ ਕਰਕੇ ਬਾਪੂ ਰੁਸਾ ਲਏ।’ ਪੰਡਾਲ ’ਚ ਬੈਠੀਆਂ ਬੀਬੀਆਂ ਤੋਂ ਰਾਜੇ ਦਾ ਦਰਦ ਝੱਲਿਆ ਨੀ ਗਿਆ। ਗਿੱਦੜਬਾਹੇ ਆਲੇ ਗੁਰਦਾਸ ਮਾਨ ਨੂੰ ਆਹ ਹੇਕ ਲਾਉਣੀ ਪੈ ਗਈ, ‘ਬੱਸ ਰਹਿਣ ਦੇ ਛੇੜ ਨਾ ਦਰਦਾਂ ਨੂੰ..।’ ਸੱਜਣੋਂ, ਇਹ ਤਾਂ ਟਰੇਲਰ ਐ, ਚੋਣਾਂ ’ਚ ਫਿਲਮ ਵੀ ਦਿਖਾਵਾਂਗੇ, ਨਾਲੇ ਕਾਮੇਡੀ ਸਰਕਸ ਵੀ।

       ਅੰਬਾਨੀਆਂ ਦੇ ਕੁੱਤੇ ਜਦੋਂ ਪੰਜ ਕਰੋੜ ਦੀ ਕਾਰ ’ਚ ਬਰਾਤੀ ਬਣ ਬੈਠੇ, ਉਦੋਂ ਕੀ ਹੋਇਆ, ਰਾਜਾ ਜੀ ਤੋਂ ਸੁਣੋ, ‘ਮੇਰੇ ਕਾਲਜੇ ਚੋਂ ਰੁੱਗ ਭਰਿਆ ਗਿਆ।’ ਮੇਲਾ ਲੁੱਟਣਾ ਹੋਵੇ, ਚਾਹੇ ਫਕੀਰ ਦੀ ਹੀਰ, ਨੇਤਾਵਾਂ ਦੇ ਭਾਸ਼ਣ ਤੂਫਾਨ ਮੇਲ ਬਣਦੇ ਨੇ, ਨਾਲੇ ਅੰਤਾਂ ਦਾ ਜੋਸ਼ ਭਰਦੇ ਨੇ। ਆਹ ਦੇਖੋ, ਮੁਕਸਰੀ ਵੜਿੰਗ ਕਿਵੇਂ ਮਾਰਫੀਨ ਦਾ ਟੀਕਾ ਲਾ ਰਿਹੈ, ‘ਹੁਣ ਚੱਕ ਦਿਓ ਝਾੜੂ, ਖਿਲਾਰ ਦਿਓ ਝਾੜੂ, ਐਤਕੀਂ ਕੰਮ ਮੁਕਾ ਦਿਓ।’ ਕਿਸੇ ਕਮਲੇ ਨੇ ਕਿਹਾ ਕਿ ਨੀਤੀਵਾਨ ਬੋਲਣ ਤੋਂ ਪਹਿਲਾਂ ਦੋ ਵਾਰ ਸੋਚਦਾ ਹੈ।

         ਪੰਜਾਬੀ ਵੀ ਬਾਤ ਦਾ ਵੜਿੰਗੜ ਬਣਾ ਦਿੰਦੇ ਨੇ। ਭੱਪੀ ਲਹਿਰੀ ਦੇ ਸੰਗੀਤ ਵਾਂਗੂੰ ਛੋਟੇ ਰਾਜੇ ਦੇ ਪਹਾੜੇ ਵੀ ਸੁਪਰ ਹਿੱਟ ਹੋਏ ਨੇ। ਵੜਿੰਗ ਦਾ ਇੱਕ ਰੈਲੀ ’ਚ ਪਹਾੜੇ ’ਤੇ ਗੇਅਰ ਅੜ ਗਿਆ, ਬਾਡੀ ਹਿੱਲਣ ਲੱਗ ਗਈ। ਗਲਤੀ ਦਾ ਪੁਤਲਾ ‘ਬਾਰਾਂ ਪਾਂਜੇ 48 ’ਆਖ ਬੈਠਾ। ਪੰਜਾਬ ਹੱਸ ਹੱਸ ਦੂਹਰਾ ਹੋਇਐ। ਹੋਰ ਪਰਜਾ ਨੂੰ ਕੀ ਚਾਹੀਦਾ, ਸਤਿੰਦਰ ਸਰਤਾਜ ਵੀ ਇਹੋ ਆਖਦਾ ਪਿਐ, ‘ਹੋਰ ਦੱਸ ਕੀ ਭਾਲਦੀ’। ਰੁਮਾਂਟਿਕ ਫਿਲਮਾਂ ਦਾ ਦੌਰ ਗਿਆ, ਹੁਣ ਕਾਮੇਡੀ ਫਿਲਮਾਂ ਛਾਈਆਂ ਨੇ।

       ਗੁਰਪ੍ਰੀਤ ਘੁੱਗੀ ਤੇ ਬੀਨੂੰ ਢਿਲੋਂ ਦਾ ਜ਼ਰੂਰ ਮੱਥਾ ਠਣਕਿਆ ਹੋਊ, ‘ਏਹ ਤਾਂ ਸਾਡੀ ਰੋਜ਼ੀ ਰੋਟੀ ਨੂੰ ਪੈ ਨਿਕਲੇ। ਬੀਬੀ ਭੱਠਲ ਦੇ ਮੁੰਡੇ ਨੇ ‘ਬਾਰਾਂ ਪਾਂਜੇ 56’ ਆਖ ਤਿਲ ਫੁੱਲ ਭੇਟ ਕੀਤੇ। ਹਰਪਾਲ ਸਿੰਘ ਚੀਮਾ ਨੇ ਦਿੜ੍ਹਬੇ ਦਾ ਅੰਕ ਵਿਗਿਆਨ ਪੇਸ਼ ਕੀਤਾ। ਪੇਸ਼ਕਾਰੀ ਅਮਰ ਚਮਕੀਲਾ ਵੀ ਕਰ ਗਿਆ, ‘ਤੂੰ ਇੱਕ ਅੱਧੇ ਨੂੰ ਰੋਂਦੀ, ਊਤਿਆ ਫਿਰਦਾ ਆਵਾ ਨੀ।’ ਸੌ ਹੱਥ ਰੱਸਾ, ਸਿਰੇ ’ਤੇ ਗੰਢ। ਪੁਰਾਣੀ ਸਕਿੱਟ ’ਚ ਭਗਵੰਤ ਮਾਨ ਆਖਦੈ, ‘ਮਾਸਟਰ ਜੀ, ਪਹਾੜਾ ਤਾਂ ਛੇ ਤੱਕ ਦਾ, ਤਰਜ਼ ਸਾਰੀ ਆਉਂਦੀ ਐ।’

       ਪਹਾੜਾ ਸ਼ਾਸਤਰ ’ਚ ਫਸੇ ਨੇਤਾ ਜਣ ਕਿਤੇ ਤਰਜ਼ ਹੀ ਕੱਢ ਲੈਂਦੇ, ਤੋਏ ਤੋਏ ਤੋਂ ਬਚ ਜਾਣਾ ਸੀ। ‘ਗੋਰਾ ਰੰਗ ਨਾ ਕਿਸੇ ਨੂੰ ਦੇਵੇ, ਸਾਰਾ ਪਿੰਡ ਵੈਰ ਪਿਆ।’ ਅਮਰੀਕਾ ਦੀ ਚੋਣ ’ਚ ਕੇਰਾਂ ਉਮੀਦਵਾਰ ਅਲ ਗੋਰ ਨੇ ਸਟੇਜ ਤੋਂ ਆਪਣੀ ਬੀਵੀ ਦੀ ਚੁੰਮੀ ਲੈ ਲਈ, ਉਹਦਾ ਰਾਤੋ ਰਾਤ ਵੋਟ ਗਰਾਫ ਵਧ ਗਿਆ। ਵਿਰੋਧੀ ਜਾਰਜ ਬੁਸ਼ ਨੇ ਦੂਜੇ ਦਿਨ ਆਪਣੀ ਬੀਵੀ ਸਟੇਜ ’ਤੇ ਬੁਲਾਈ, ਚੁੰਮੀਆਂ ਲੈ ਲੈ ਬੁਰਾ ਹਾਲ ਕਰ’ਤਾ। ਚੁੰਮੀ ਮੁਕਾਬਲੇ ਨੇ ਅਮਰੀਕੀ ਚੋਣ ਨੂੰ ਰੰਗਲਾ ਬਣਾ ਦਿੱਤਾ।

       ਸੋ ਪੰਜਾਬ ਦੇ ਹਰ ਮਾਈ ਭਾਈ ਨੂੰ ਇਹੋ ਹੱਥ ਜੋੜ ਅਰਜੋਈ, ਕਿਤੇ ਪਹਾੜਾਗਿਰੀ ’ਚ ਫਸ ਕੇ ਵੋਟਾਂ ਆਲੇ ਕੋ ਠੇ ਨੂੰ ਸੰਨ੍ਹ ਨਾ ਲਵਾ ਬੈਠਿਓ। ਦਿੱਲੀ ਤੋਂ ਲਲਾਰੀ ਵੀ ਆਉਣਗੇ, ਹੇਕ ਲਾਉਣਗੇ ‘ਦਿਲ ਮਾਂਗੇ ਮੋਰ’। ਪੰਜਾਬੀ ’ਵਰਸਿਟੀ ਆਲਾ ਲਾਲੀ ਬਾਬਾ ਹਾਜ਼ਰ ਹੋਇਆ। ਕੌਫੀ ਹਾਊਸ ਦੇ ਬਾਹਰ ਇੱਕ ਸ਼ਲਾਰੂ ਕਵੀ ਕੱਚਘਰੜ ਕਵਿਤਾ ਸੁਣਾ ਵਾਰ ਵਾਰ ਪੁੱਛੇ, ਕਿਵੇਂ ਲੱਗੀ..। ਲਾਲੀ ਬਾਬਾ ਜੁੱਤੀ ਪਾ ਤੁਰਨ ਲੱਗਿਆ ਤਾਂ ਅੱਗਿਓਂ ਕਵੀ ਪਾਤਸ਼ਾਹ ਘੇਰ ਕੇ ਪੁੱਛਣ ਲੱਗਿਆ, ਕਿਵੇਂ ਲੱਗੀ..। ਲਾਲੀ ਬਾਬਾ ਆਖਣ ਲੱਗੇ, ਪਿਆਰੇ! ‘ਜੇ ਜੁੱਤੀ ਪਾ ਲਈ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਲਾਹ ਨੀ ਸਕਦਾ।’

      ਪੰਜਾਬ ਵੀ ਹੁਣ ਇਸੇ ਮੂਡ ’ਚ ਐ। ਦੇਖਿਓ ਕਿਤੇ ਹਾਸੇ ਦਾ ਤਮਾਸ਼ਾ ਬਣ ਜੇ। ਭੁੱਲ ਕੇ ਵੀ ਨਾ ਕਹਿਣਾ,‘..ਸਾਰਾ ਪੰਜਾਬ ਤੇਰੇ ਨਾਲ।’ ਵਾਰਿਸ ਲੁਧਿਆਣਵੀ ਆਖਦੈ, ‘ਦਿਲਾਂ ਦੀਆਂ ਮੈਲੀਆਂ ਨੇ ਚੰਨ ਜੇਹੀਆਂ ਸੂਰਤਾਂ, ਇਨ੍ਹਾਂ ਨਾਲੋਂ ਚੰਗੀਆਂ ਨੇ ਮਿੱਟੀ ਦੀਆਂ ਮੂਰਤਾਂ।’ ਹਰੀਕੇ ਪੱਤਣ ਤੋਂ ਸਾਈਬੇਰੀਅਨ ਕੂੰਜਾਂ ਵਾਪਸ ਚੱਲੀਆਂ ਨੇ। ਚੋਣਾਂ ਦੇ ਮੌਸਮ ’ਚ ਹੁਣ ਸਿਆਸੀ ਗਿਰਝਾਂ ਪੈਣਗੀਆਂ। ਤਾਹੀਂ ਨੰਦ ਲਾਲ ਨੂਰਪੁਰੀ ਹੇਕ ਲਾ ਰਿਹੈ, ‘ਇੱਥੋ ਉੱਡ ਜਾ ਭੋਲਿਆ ਪੰਛੀਆ, ਤੇਰਾ ਮਾਸ ਜਾਣਗੇ ਖਾਹ।’

     ‘ਪੰਜਾਬ ਸਕੂਲ ਆਫ ਡਰਾਮਾ’ ਹੁਣ ਦਿੱਲੀ ਆਲੇ ‘ਨੈਸ਼ਨਲ ਸਕੂਲ ਆਫ ਡਰਾਮਾ’ ਨੂੰ ਮਾਤ ਪਾਏਗਾ।’ ਕੋਈ ਹਰੀਸ਼ ਚੰਦਰ ਦੀ ਔਲਾਦ ਅਖਵਾਏਗਾ, ਕੋਈ ਵਿਕਰਮਾਦਿੱਤ ਦਾ ਝਉਲਾ ਪਾਏਗਾ।’ ਪੰਜਾਬੀ ਐਤਕੀਂ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਨੂੰ ‘ਮਿਸ ਯੂ’ ਆਖ ਰਹੇ ਨੇ। ਹੁਣ ਪੰਜਾਬ ਦੀ ਭੂਰੀ ’ਤੇ ਮੁੜ ’ਕੱਠ ਹੋਵੇਗਾ। ਸ਼ਰੀਫਗੜ੍ਹ ਦੇ ਨੇਤਾ ਸ਼ਹਿਰ-ਗਰਾਂ ਆਉਣਗੇ, ਡੱਡੂ ਗੀਤ ਗਾਉਣਗੇ, ਗੱਬਰ ਵਾਂਗ ਡਰਾਉਣਗੇ। ਭੋਲੇ ਵਰਕਰਾਂ ਨੂੰ ਮੱਖਣ ਵੀ ਲਾਉਣਗੇ, ‘ਚੱਲ ਧੰਨੋ! ਅੱਜ ਤੇਰੀ ਬਸੰਤੀ ਕੀ ਇੱਜ਼ਤ ਕਾ ਸਵਾਲ ਐ।’ ਰੱਤ ਦੇਣ ਨੂੰ ਮਜਨੂੰ, ਚੂਰੀ ਖਾਣ ਨੂੰ ਹੋਰ। ਜਨਤਾ ਜਨਾਰਦਨ ਵੀ ਅਦਾਕਾਰ ਰਾਜ ਕੁਮਾਰ ਨੂੰ ਧਿਆ ਜੁਆਬ ਦੇਵੇ ‘ਹਮੇਂ ਉੱਚੀ ਆਵਾਜ਼ ਸੁਣਨਾ ਪਸੰਦ ਨਹੀਂ..।’

      ਸੂਰਜ ਦਾਸ ਹਨੇਰਾ ਆਖਦਾ ਪਿਐ, ਜੇ ਚੋਣ ਨਾ ਲੜੀ ਤਾਂ ਪਾਗਲ ਹੋ ਜਾਵਾਂਗਾ। ਸ਼ਹਿਦ ਖਾਣਾ ਹੋਵੇ ਤਾਂ ਡੰਗ ਸਹਿਣਾ ਪੈਂਦੈ। ਖਿਆਲ ਰੱਖਣਾ, ਪੰਜਾਬ ਦੇ ਨੇਤਾ ਬੜੇ ਟੁੱਟ ਪੈਣੇ ਨੇ, ਦੰਦ ਗਿਣਨਗੇ ਤੇ ਨਾਲੇ ਵੋਟਾਂ। ਸਮਝ ਨਾ ਪਏ ਤਾਂ ਰੱਬ ਨੂੰ ਧਿਆ ਲੈਣਾ, ਆਪਣਾ ਸ਼ਹਿਰ ਭੰਬੋਰ ਬਚਾ ਲੈਣਾ। ਇਹ ਨੇਤਾ ਨਹੀਂ, ਅਭਿਨੇਤਾ ਨੇ, ਕਿਤੇ ਹਾਸਿਆਂ ’ਚ ਝੁੱਗਾ ਚੌੜ ਨਾ ਕਰਾ ਲੈਣਾ। ਕੋਈ ਪੱਗ ਬਦਲ ਕੇ ਆਏਗਾ, ਕੋਈ ਦਲ ਬਦਲ ਕੇ। ਤੁਸੀਂ ਪੁੱਤ ਪੋਤੇ ਪਹਾੜੇ ਸੁਣਨ ਲਈ ਨੀ ਜੰਮੇ।

      ਪਹਾੜੇ ਤੋਂ ਮੁੜ ਵੜਿੰਗ ਚੇਤਿਆਂ ’ਚ ਵੱਜਿਆ। ਥੋੜ੍ਹੇ ਦਿਨ ਪਹਿਲਾਂ ਉਹਦਾ ਗੁਰੂ, ਮੇਰੀ ਮੁਰਾਦ ਜਗਮੀਤ ਬਰਾੜ, ਵੀ ਗੱਜਿਆ। ’ਕੱਲਾ ਬਰਾੜ ਕਿਉਂ, ਇਥੇ ਤਾਂ ਸਾਰੇ ਨੇਤਾ ਹੀ ਤੁਰ ਫਿਰ ਕੇ ਮੇਲਾ ਦੇਖਦੇ ਨੇ। ਓਹ ਵੀ ਦਿਨ ਸਨ ਜਦ ਬਰਾੜ ਆਵਾਜ਼-ਏ-ਪੰਜਾਬ ਅਖਵਾਏ। ਅਖੀਰ ’ਚ ਬਾਬੂ ਸਿੰਘ ਮਾਨ ਦੇ ਮੁੱਖ ਕਮਲ ਚੋਂ ਬਰਾੜ ਦੀ ਤਾਰੀਫ ’ਚ ਦੋ ਸ਼ਬਦ, ‘ਸ਼ਰੇਆਮ ਜਗਮੀਤ ਸਿਆਂ ਆਖ ਰਹੇ ਨੇ ਲੋਕ, ਜਿੰਨੀ ਤਕੜੀ ਬੜ੍ਹਕ ਮਾਰਦੈ, ਓਨੀ ਤਕੜੀ ਮੋਕ।’

(24 ਜਨਵਰੀ 2026)

No comments:

Post a Comment