Tuesday, August 23, 2011

      ਹੁਣ ਬਠਿੰਡਾ ਥਰਮਲ ਦੀ ਵਾਰੀ
                       ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕਰਨ ਦੀ ਯੋਜਨਾ ਬਣਾਈ ਜਾਣ ਲੱਗੀ ਹੈ। ਪੰਜਾਬ ਦੇ ਡਿਪਟੀ ਮੁੱਖ ਮੰਤਰੀ ਨੇ ਇਸ ਤਾਪ ਬਿਜਲੀ ਘਰ ਨੂੰ ਬੰਦ ਕਰਨ ਦੀ ਤਜਵੀਜ਼ ਤਿਆਰ ਕਰਨ ਲਈ ਹਦਾਇਤ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ ਇਸ ਥਰਮਲ ਪਲਾਂਟ ਦੀ ਮੁਰੰਮਤ 'ਤੇ 550 ਕਰੋੜ ਖਰਚ ਕਰਨ ਮਗਰੋਂ ਇਸ ਨੂੰ ਬੰਦ ਕਰਨ ਦੀ ਵਿਉਂਤ ਬਣਾ ਲਈ ਹੈ ਜਦਕਿ ਮੁਰੰਮਤ ਮਗਰੋਂ ਇਸ ਦੀ ਉਮਰ ਵਿੱਚ 15 ਸਾਲ ਦਾ ਵਾਧਾ ਹੋ ਗਿਆ ਹੈ। ਬਠਿੰਡਾ ਥਰਮਲ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਤੋਂ ਵੀ ਕੋਈ ਅਣਜਾਣ ਨਹੀਂ ਹੈ ਪਰ ਸਰਕਾਰ ਪ੍ਰਦੂਸ਼ਣ ਨੂੰ ਕਾਬੂ ਕਰਨ ਦੀ ਥਾਂ ਇਸ ਨੂੰ ਬੰਦ ਕਰਨ ਦੇ ਰਾਹ ਤੁਰ ਪਈ ਹੈ।
           ਜ਼ਿਕਰਯੋਗ ਹੈ ਕਿ ਬਠਿੰਡਾ ਦੇ ਇਸ ਤਾਪ ਬਿਜਲੀ ਘਰ ਦਾ ਪਹਿਲਾ ਯੂਨਿਟ ਸਤੰਬਰ 1974 ਵਿੱਚ ਅਤੇ ਦੂਸਰਾ ਯੂਨਿਟ ਮਈ 1975 ਵਿੱਚ ਚਾਲੂ ਹੋਇਆ ਸੀ। ਇਸੇ ਤਰ੍ਹਾਂ ਤੀਸਰਾ ਯੂਨਿਟ ਮਈ 1978 ਅਤੇ ਚੌਥਾ ਯੂਨਿਟ 1979 'ਚ ਚਾਲੂ ਹੋਇਆ ਸੀ। ਹਰ ਯਿਨਟ ਦੀ ਸਮਰੱਥਾ 110 ਮੈਗਾਵਾਟ ਦੀ ਹੈ। ਹੁਣ ਇਹ ਥਰਮਲ ਪਲਾਂਟ ਪੁਰਾਣਾ ਹੋਣ ਕਰਕੇ ਸ਼ਹਿਰ 'ਤੇ ਸੁਆਹ ਦੀ ਬਰਸਾਤ ਕਰਨ ਲੱਗਾ ਸੀ। ਆਡਿਟ ਰਿਪੋਰਟ 2009-10 ਗਵਾਹੀ ਭਰਦੀ ਹੈ ਕਿ ਇਸ ਥਰਮਲ ਪਲਾਂਟ ਨੇ ਚੈਕਿੰਗ ਵਾਲੇ ਸਮੇਂ ਦੇ 44 ਮਹੀਨਿਆਂ 'ਚੋਂ 23 ਮਹੀਨਿਆਂ ਵਿੱਚ ਕੇਂਦਰੀ ਬਿਜਲੀ ਅਥਾਰਟੀ ਵੱਲੋਂ ਨਿਰਧਾਰਤ ਮਿਆਰ ਪ੍ਰਾਪਤ ਨਹੀਂ ਕੀਤੇ ਯਾਨੀ ਕਿ ਪ੍ਰਦੂਸ਼ਣ ਦਾ ਫੈਲਾਓ ਜ਼ਿਆਦਾ ਹੁੰਦਾ ਰਿਹਾ। ਪਾਵਰਕੌਮ ਵੱਲੋਂ ਪ੍ਰਦੂਸ਼ਣ ਕੰਟਰੋਲ ਕਰਨ ਵਾਸਤੇ ਸਟੇਜ ਇੱਕ 'ਤੇ 12 ਕਰੋੜ ਰੁਪਏ ਖਰਚੇ ਗਏ ਹਨ ਪਰ ਹਾਲ ਵੀ ਥਰਮਲ ਦਾ ਪ੍ਰਦੂਸ਼ਣ ਸ਼ਹਿਰ ਵਾਸੀਆਂ ਨੂੰ ਬਿਮਾਰੀਆਂ ਵੰਡ ਰਿਹਾ ਹੈ।
            ਵੇਰਵਿਆਂ ਅਨੁਸਾਰ ਪਾਵਰਕੌਮ ਵੱਲੋਂ ਬਠਿੰਡਾ ਥਰਮਲ ਪਲਾਂਟ ਦੀ ਉਮਰ ਵਿੱਚ ਵਾਧੇ ਲਈ ਦਸੰਬਰ 1999 ਵਿੱਚ ਪਹਿਲੇ ਪੜਾਅ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਗਿਆ ਸੀ ਜਦਕਿ ਦੂਸਰੇ ਪੜਾਅ ਦਾ ਅਧਿਐਨ ਫਰਵਰੀ 2001 ਅਤੇ ਦਸੰਬਰ 2001 ਵਿੱਚ ਸ਼ੁਰੂ ਕੀਤਾ ਗਿਆ। ਪਾਵਰਕੌਮ ਨੇ ਇਸ ਦੀ ਉਮਰ 'ਚ ਵਾਧੇ ਲਈ ਫਰਵਰੀ 2001 'ਚ ਇਸ ਪ੍ਰਾਜੈਕਟ ਦੀ ਮੁਰੰਮਤ ਅਤੇ ਆਧੁਨਿਕੀਕਰਨ ਲਈ ਰਿਪੋਰਟ (ਡੀ.ਪੀ.ਆਰ.) ਤਿਆਰ ਕੀਤੀ ਅਤੇ ਇਸ ਕੰਮ ਲਈ 229 ਕਰੋੜ ਰੁਪਏ ਪਹਿਲੇ ਪੜਾਅ 'ਤੇ ਖਰਚ ਆਉਣ ਦਾ ਅਨੁਮਾਨ ਲਗਾਇਆ। ਦੂਸਰੇ ਪੜਾਅ ਦੀ ਰਿਪੋਰਟ ਅਪਰੈਲ 2003 ਵਿੱਚ ਤਿਆਰ ਕੀਤੀ ਅਤੇ ਅਨੁਮਾਨਤ ਲਾਗਤ 290.20 ਕਰੋੜ ਰੁਪਏ ਕੱਢੀ ਗਈ। ਮੁਰੰਮਤ ਲਈ ਪਹਿਲੇ ਪੜਾਅ ਦਾ ਕੰਮ ਮਈ 2003 ਵਿੱਚ ਸ਼ੁਰੂ ਹੋਇਆ ਅਤੇ ਦੋਹੇਂ ਯੂਨਿਟ ਮੁਰੰਮਤ ਮਗਰੋਂ 31 ਮਈ 2007 ਅਤੇ 20 ਜਨਵਰੀ 2006  ਨੂੰ ਚਾਲੂ ਹੋ ਗਏ। ਮੁਰੰਮਤ 'ਤੇ ਕਰੀਬ 183 ਕਰੋੜ ਖਰਚ ਕੀਤੇ ਗਏ ਜਿਸ ਨਾਲ ਦੋ ਯੂਨਿਟਾਂ ਦੀ ਉਮਰ ਹੁਣ 2026 ਤੱਕ ਵੱਧ ਗਈ ਹੈ। ਤੀਸਰੇ ਅਤੇ ਚੌਥੇ ਯੂਨਿਟ ਦੀ ਮੁਰੰਮਤ 'ਤੇ 465 ਕਰੋੜ ਖਰਚ ਆਉਣੇ ਹਨ ਜਿਸ 'ਚੋਂ 375 ਕਰੋੜ ਰੁਪਏ ਦੀ ਅਦਾਇਗੀ ਕੰਪਨੀ ਨੂੰ ਪਾਵਰਕੌਮ ਕਰ ਚੁੱਕਾ ਹੈ। ਸੂਤਰਾਂ ਅਨੁਸਾਰ 550 ਕਰੋੜ ਰੁਪਏ ਖਰਚ ਕਰਨ ਮਗਰੋਂ ਹੁਣ ਥਰਮਲ ਪਲਾਂਟ ਬੰਦ ਕੀਤਾ ਜਾ ਰਿਹਾ ਹੈ।ਪਾਵਰਕੌਮ ਦੀ ਇੰਜਨੀਅਰਜ਼ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ  ਬਲਦੇਵ ਸਿੰਘ ਸਰਾਂ, ਮੀਤ ਪ੍ਰਧਾਨ ਕਰਨੈਲ ਸਿੰਘ ਮਾਨ ਅਤੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਐਂਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਕਰੋੜਾਂ ਰੁਪਏ ਮੁਰੰਮਤ 'ਤੇ ਖਰਚ ਕਰਨ ਮਗਰੋਂ ਥਰਮਲ ਨੂੰ ਬੰਦ ਕਰਨ ਦੇ ਰਾਹ ਪੈਣਾ ਕੋਈ ਸਮਝਦਾਰੀ ਨਹੀਂ ਹੈ। ਥਰਮਲ ਨੂੰ ਬੰਦ ਕਰਨ ਦਾ ਕਾਰਨ ਪ੍ਰਦੂਸ਼ਣ ਦੱਸਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਵੀਆਂ ਤਕਨੀਕਾਂ ਨਾਲ ਇਸ ਦੇ ਪ੍ਰਦੂਸ਼ਣ ਨੂੰ ਕੰਟਰੋਲ ਕਰੇ।
            ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰੂਪ ਚੰਦ ਸਿੰਗਲਾ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਨੇ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਬਾਰੇ ਪਾਵਰਕੌਮ ਨੂੰ ਤਜਵੀਜ਼ ਤਿਆਰ ਕਰਨ ਵਾਸਤੇ ਆਖਿਆ ਹੈ। ਉਨ੍ਹਾਂ ਆਖਿਆ ਕਿ ਇਸ ਪਲਾਂਟ ਦੀ ਮਸ਼ੀਨਰੀ ਪੁਰਾਣੀ ਹੋ ਚੁੱਕੀ ਹੈ ਅਤੇ ਪ੍ਰਦੂਸ਼ਣ ਜ਼ਿਆਦਾ ਫੈਲਾ ਰਿਹਾ ਹੈ। ਇਸ ਨੂੰ ਬੰਦ ਕਰਕੇ ਕਿਸੇ ਹੋਰ ਘੱਟ ਜਗ੍ਹਾ ਵਿੱਚ ਨਵੀਂ ਤਕਨੀਕ ਵਾਲਾ ਪਲਾਂਟ ਲੱਗ ਸਕਦਾ ਹੈ।ਬਠਿੰਡਾ ਥਰਮਲ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਸ਼ਹਿਰ ਦੇ ਲੋਕਾਂ ਦੀ ਬਣੀ ਐਕਸ਼ਨ ਕਮੇਟੀ ਦੇ ਕਨਵੀਨਰ ਐਮ.ਐਮ.ਬਹਿਲ, ਜਿਨ੍ਹਾਂ ਨੇ ਹਾਈ ਕੋਰਟ ਵਿੱਚ ਵੀ ਕੇਸ ਦਾਇਰ ਕੀਤਾ ਹੋਇਆ ਹੈ, ਨੇ ਪੰਜਾਬ ਸਰਕਾਰ ਵੱਲੋਂ ਬਠਿੰਡਾ ਥਰਮਲ ਨੂੰ ਬੰਦ ਕੀਤੇ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ।  ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾ. ਅੰਮ੍ਰਿਤ ਸੇਠੀ ਦਾ ਕਹਿਣਾ ਹੈ ਕਿ ਥਰਮਲ ਦੇ ਪ੍ਰਦੂਸ਼ਣ ਕਾਰਨ ਬਿਮਾਰੀਆਂ ਕਾਫੀ ਫੈਲ ਰਹੀਆਂ ਹਨ। ਉਨ੍ਹਾਂ ਆਖਿਆ ਕਿ ਪ੍ਰਦੂਸ਼ਣ ਰੋਕਣ ਦਾ ਹੱਲ ਹੋਣਾ ਚਾਹੀਦਾ ਹੈ।
        ਇਸੇ ਦੌਰਾਨ ਪੰਜਾਬ ਦੇ ਬਿਜਲੀ ਵਿਭਾਗ ਦੇ ਸਕੱਤਰ ਅਨੁਰਿਧ ਤਿਵਾੜੀ ਨੇ ਕਿਹਾ ਕਿ ਬਠਿੰਡਾ ਥਰਮਲ ਨੂੰ ਬੰਦ ਕਰਨ ਦੀ ਕਿਸੇ ਤਜਵੀਜ਼ ਸਬੰਧੀ ਬਿਜਲੀ ਵਿਭਾਗ ਕੋਲ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਸਰਕਾਰ ਤਰਫੋਂ ਇਸ ਤਰ੍ਹਾਂ ਦੀ ਹਦਾਇਤ ਕੀਤੀ ਗਈ ਹੈ। ਬਠਿੰਡਾ ਥਰਮਲ ਦੀ ਤਾਂ ਹਾਲੇ ਮੁਰੰਮਤ ਤੇ ਆਧੁਨਿਕੀਕਰਨ ਦਾ ਕੰਮ ਚੱਲ ਰਿਹਾ ਹੈ। ਦੂਜੇ ਪਾਸੇ ਪਾਵਰਕੌਮ ਦੇ ਸੀ.ਐਮ.ਡੀ. ਕੇ.ਡੇ.ਚੌਧਰੀ ਨੇ ਕਿਹਾ ਕਿ ਪਾਵਰਕੌਮ ਕੋਲ ਪੰਜਾਬ ਸਰਕਾਰ ਤਰਫੋਂ ਬਠਿੰਡਾ ਥਰਮਲ ਨੂੰ ਬੰਦ ਕੀਤੇ ਜਾਣ ਦੀ ਕੋਈ ਸੂਚਨਾ ਨਹੀਂ ਆਈ ਹੈ ਅਤੇ ਨਾ ਹੀ ਸਰਕਾਰ ਵੱਲੋਂ ਜ਼ੁਬਾਨੀ ਤੌਰ 'ਤੇ ਅਜਿਹਾ ਆਖਿਆ ਗਿਆ ਹੈ।
                                       ਲੋਕਾਂ ਦੀ ਮੰਗ 'ਤੇ ਥਰਮਲ ਬੰਦ ਕਰਨ ਦੀ ਯੋਜਨਾ
'ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦੀ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਪ੍ਰਦੂਸ਼ਣ ਕਾਰਨ ਲੋਕ ਔਖੋ ਹਨ। ਲੋਕਾਂ ਦੀ ਮੰਗ 'ਤੇ ਥਰਮਲ ਨੂੰ ਬੰਦ ਕਰਨ ਦੀ ਤਜਵੀਜ਼ ਬਣਾਈ ਜਾ ਰਹੀ ਹੈ। ਜਦੋਂ ਨਵੇਂ ਪਾਵਰ ਪਲਾਂਟ ਚਾਲੂ ਹੋ ਜਾਣਗੇ, ਉਦੋਂ ਬਠਿੰਡਾ ਥਰਮਲ ਬੰਦ ਕੀਤਾ ਜਾਵੇਗਾ। ਮੁਰੰਮਤ 'ਤੇ ਰਾਸ਼ੀ ਤਾਂ ਥਰਮਲ ਨੂੰ ਕੁਝ ਸਮਾਂ ਚਲਾਉਣ ਲਈ ਹੀ ਖਰਚ ਕੀਤੀ ਗਈ ਹੈ।'
ਸੁਖਬੀਰ ਸਿੰਘ ਬਾਦਲ
ਉਪ ਮੁੱਖ ਮੰਤਰੀ, ਪੰਜਾਬ

No comments:

Post a Comment