Wednesday, August 10, 2011

           ਪੰਜ ਰੁਪਏ ਦਿਓ, ਵੋਟ ਬਣਵਾਓ !
                             ਚਰਨਜੀਤ ਭੁੱਲਰ
ਬਠਿੰਡਾ : ਸ਼੍ਰੋਮਣੀ ਕਮੇਟੀ ਦਾ ਵੋਟਰ ਬਣਨ ਵਾਸਤੇ ਹੁਣ ਪੰਜ ਰੁਪਏ ਲੱਗਣਗੇ। ਜੋ ਸ਼੍ਰੋਮਣੀ ਕਮੇਟੀ ਲਈ ਵੇਲੇ ਸਿਰ ਵੋਟ ਨਹੀਂ ਬਣਵਾ ਸਕੇ, ਉਨ੍ਹਾਂ ਨੂੰ ਇਹ ਇੱਕ ਹੋਰ ਮੌਕਾ ਦਿੱਤਾ ਗਿਆ ਹੈ। ਕਮਿਸ਼ਨਰ, ਗੁਰਦੁਆਰਾ ਚੋਣਾਂ ਵੱਲੋਂ ਮਾਲਵਾ ਇਲਾਕੇ ਦੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਕੱਲ੍ਹ ਪੱਤਰ ਜਾਰੀ ਕੀਤਾ ਗਿਆ ਹੈ,ਉਸ ਮੁਤਾਬਕ ਹੁਣ ਪੰਜ ਰੁਪਏ 'ਚ ਵੋਟ ਬਣ ਸਕੇਗੀ। ਆਮ ਲੋਕ ਇਸ ਤੋਂ ਅਣਜਾਣ ਹਨ ਕਿਉਂਕਿ ਇਸ ਨਵੇਂ ਮੌਕੇ ਦਾ ਪ੍ਰਚਾਰ ਹੀ ਨਹੀਂ ਹੋ ਸਕਿਆ ਹੈ। ਹਾਕਮ ਧਿਰ ਵੱਲੋਂ ਤਾਂ ਪਹਿਲਾਂ ਹੀ ਭੱਜ ਨੱਠ ਕਰਕੇ ਸ਼੍ਰੋਮਣੀ ਕਮੇਟੀ ਲਈ ਵੋਟਾਂ ਬਣਾਈਆਂ ਗਈਆਂ ਸਨ ਪਰ ਇਸ ਮਾਮਲੇ 'ਚ ਹੋਰ ਅਕਾਲੀ ਧਿਰਾਂ ਪਛੜ ਗਈਆਂ ਸਨ।
           ਜ਼ਿਲ੍ਹਾ ਮੈਜਿਸਟਰੇਟ ਕੋਲ ਦੋ ਦਿਨ੍ਹਾਂ 'ਚ ਅਜਿਹੇ 10 ਵੋਟਰਾਂ ਨੇ ਪਹੁੰਚ ਕੀਤੀ ਹੈ ਜਿਨ੍ਹਾਂ ਵੱਲੋਂ ਸਮੇਂ ਸਿਰ ਵੋਟ ਨਹੀਂ ਬਣਵਾਈ ਗਈ ਸੀ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇਨ੍ਹਾਂ ਵੋਟਾਂ ਸਬੰਧੀ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦੀ ਆਖਰੀ ਪ੍ਰਕਾਸ਼ਨਾ 28 ਫਰਵਰੀ 2011 ਨੂੰ ਹੋ ਗਈ ਸੀ। ਉਸ ਤੋਂ ਪਹਿਲਾਂ ਬਕਾਇਦਾ ਵੋਟਾਂ 'ਤੇ ਇਤਰਾਜ਼ ਸੁਣੇ ਗਏ ਸਨ ਅਤੇ ਦਾਅਵੇ ਵੀ ਸਵੀਕਾਰ ਕੀਤੇ ਗਏ ਸਨ। ਆਖਰੀ ਪ੍ਰਕਾਸ਼ਨਾ ਹੋਣ ਮਗਰੋਂ ਬਹੁਤੇ ਵੋਟਰਾਂ ਆਪਣੇ ਹੱਕ ਤੋਂ ਵਾਂਝੇ ਰਹਿ ਗਏ ਸਨ। ਦਾ ਸਿੱਖ ਗੁਰਦੁਆਰਾ ਬੋਰਡ ਇਲੈਕਸ਼ਨ ਰੂਲਜ਼ ਦੇ ਰੂਲ 11(4)(ਬੀ) ਅਨੁਸਾਰ ਵੋਟਰ ਸੂਚੀ ਦੀ ਆਖਰੀ ਪ੍ਰਕਾਸ਼ਨਾ ਤੋਂ ਮਗਰੋਂ ਅਤੇ ਚੋਣ ਪ੍ਰਕਿਰਿਆ ਸ਼ੁਰੂ ਹੋਣ ਦੌਰਾਨ ਕੋਈ ਵੀ ਵਿਅਕਤੀ ਜੋ ਕਿ ਸ਼ਰਤਾਂ ਪੂਰੀਆਂ ਕਰਦਾ ਹੋਵੇ, ਆਪਣੀ ਵੋਟ ਬਣਾ ਸਕਦਾ ਹੈ। ਇਸ ਲਈ ਵੋਟਰ ਨੂੰ ਆਪਣੀ ਰਿਹਾਇਸ਼ ਦਾ ਸਬੂਤ ਦੇਣਾ ਹੋਵੇਗਾ। ਜ਼ਿਲ੍ਹਾ ਮੈਜਿਸਟਰੇਟ ਨੂੰ ਵੋਟ ਬਣਾਉਣ ਦੇ ਅਧਿਕਾਰ ਦਿੱਤੇ ਗਏ ਹਨ ਜਿਸ ਲਈ ਵੋਟਰ ਨੂੰ ਇੱਕ ਫਾਰਮ ਭਰ ਕੇ ਦੇਣਾ ਹੋਵੇਗਾ। ਫਾਰਮ ਦੇ ਨਾਲ ਸਬੂਤ ਤੋਂ ਇਲਾਵਾ ਪੰਜ ਰੁਪਏ ਫੀਸ ਦੇਣੀ ਪਵੇਗੀ। ਜ਼ਿਲ੍ਹਾ ਮੈਜਿਸਟਰੇਟ ਵਿਅਕਤੀ ਵੱਲੋਂ ਪੇਸ਼ ਕੀਤੇ ਸਬੂਤ ਦੀ ਪੜਤਾਲ ਕੀਤੀ ਜਾਵੇਗੀ ਅਤੇ ਉਸ ਮਗਰੋਂ ਵੋਟ ਬਣਾਉਣ ਦੇ ਹੁਕਮ ਕੀਤੇ ਜਾਣਗੇ।
          ਜ਼ਿਲ੍ਹਾ ਬਠਿੰਡਾ 'ਚ ਸ਼੍ਰੋਮਣੀ ਕਮੇਟੀ ਦੇ ਕਰੀਬ 2.32 ਲੱਖ ਵੋਟਰ ਹਨ ਜਿਨ੍ਹਾਂ 'ਚੋਂ ਵੱਡੀ ਗਿਣਤੀ ਔਰਤਾਂ ਦੀ ਹੈ। ਜ਼ਿਲ੍ਹੇ ਵਿੱਚ ਛੇ ਹਲਕੇ ਹਨ ਜਿਨ੍ਹਾਂ ਚੋਂ ਤਿੰਨ ਹਲਕੇ ਦੂਹਰੇ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਤਰਫੋਂ ਤਾਂ ਆਪਣੇ ਉਮੀਦਵਾਰ ਵੀ ਐਲਾਨ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਵੋਟਰ ਸੂਚੀਆਂ ਦੀ ਆਖਰੀ ਪ੍ਰਕਾਸ਼ਨਾ ਤੋਂ ਮਗਰੋਂ ਵੋਟ ਬਣਾਉਣ ਦੇ ਅਧਿਕਾਰ ਰਿਟਰਨਿੰਗ ਅਫਸਰਾਂ ਕੋਲ ਸਨ। ਕੋਈ ਸੂਚਨਾ ਨਾ ਹੋਣ ਕਰਕੇ ਲੋਕ ਆਖਰੀ ਪ੍ਰਕਾਸ਼ਨਾ ਮਗਰੋਂ ਵੋਟਾਂ ਨਹੀਂ ਬਣਾ ਸਕੇ।
ਤਹਿਸੀਲਦਾਰ (ਚੋਣਾਂ) ਬਠਿੰਡਾ  ਸੁਰੇਸ਼ ਕੁਮਾਰ ਦਾ ਕਹਿਣਾ ਸੀ ਕਿ ਕਮਿਸ਼ਨਰ,ਗੁਰਦਆਰਾ ਚੋਣਾਂ ਵੱਲੋਂ ਕੱਲ੍ਹ ਪੱਤਰ ਭੇਜਿਆ ਗਿਆ ਹੈ, ਜਿਸ ਮੁਤਾਬਕ ਹੁਣ ਵੋਟਾਂ ਬਣਾਉਣ ਤੋਂ ਖੁੰਝੇਂ ਵਿਅਕਤੀ ਆਪਣੀ ਵੋਟ ਜ਼ਿਲ੍ਹਾ ਮੈਜਿਸਟਰੇਟ ਕੋਲ ਪੰਜ ਰੁਪਏ ਫੀਸ ਭਰ ਕੇ ਬਣਵਾ ਸਕਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਤੋਂ ਕਿਸ ਤਰੀਕ ਤੱਕ ਵੋਟਾਂ ਬਣਵਾਈਆਂ ਜਾ ਸਕਦੀਆਂ ਹਨ, ਇਸ ਸਬੰਧੀ ਕਮਿਸ਼ਨਰ ਵੱਲੋਂ ਕੋਈ ਸਪੱਸ਼ਟ ਨਹੀਂ ਕੀਤਾ ਗਿਆ।ਸੂਤਰਾਂ ਮੁਤਾਬਕ ਜਾਰੀ ਪੱਤਰ ਵਿੱਚ ਵੀ ਘਾਲਾ ਮਾਲਾ ਹੈ। ਵੋਟਾਂ ਵਾਲੇ ਦਿਨ ਤੱਕ ਵੋਟ ਬਣਾਈ ਜਾ ਸਕਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇਸ ਸਬੰਧੀ ਸਪੱਸ਼ਟੀਕਰਨ ਵੀ ਮੰਗਿਆ ਗਿਆ ਹੈ। ਦੱਸਣਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਵਿੱਚ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣ ਰਹੀਆਂ ਸਨ ਤਾਂ ਉਦੋਂ ਅਖੀਰਲੇ ਦਿਨ੍ਹਾਂ ਤੋਂ ਪਹਿਲਾਂ ਬਹੁਤ ਘੱਟ ਲੋਕਾਂ ਨੇ ਵੋਟਾਂ ਬਣਵਾਈਆਂ ਸਨ। ਜਦੋਂ ਆਖਰੀ ਦਿਨ ਸਨ ਤਾਂ ਉਨ੍ਹਾਂ ਦੋ ਦਿਨ੍ਹਾਂ ਵਿੱਚ ਹੀ ਫਾਰਮਾਂ ਦੇ ਥੱਬੇ ਅਧਿਕਾਰੀਆਂ ਕੋਲ ਪੁੱਜ ਗਏ ਸਨ। ਇਹ ਵੀ ਰੌਲਾ ਰੱਪਾ ਪਿਆ ਸੀ ਕਿ ਵੱਡੀ ਗਿਣਤੀ ਵਿੱਚ ਹਾਕਮ ਧਿਰ ਵੱਲੋਂ ਫਰਜ਼ੀ ਵੋਟਾਂ ਬਣਾਈਆਂ ਗਈਆਂ ਹਨ।

No comments:

Post a Comment