Thursday, August 4, 2011

        ਕਾਹਤੋ ਵੰਡਦੇ ਹੋ ਮੌਤਾਂ
           ਪੈਸਾ ਵੰਡਣ ਦੀ ਵਿਹਲ ਨਹੀਂ
               ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਕੈਂਸਰ ਮਰੀਜ਼ਾਂ ਨੂੰ ਭੇਜੇ ਲੱਖਾਂ ਰੁਪਏ ਅਣਵੰਡੇ ਪਏ ਹਨ। ਕੈਂਸਰ ਮਰੀਜ਼ ਇਲਾਜ ਲਈ ਪਾਈ ਪਾਈ ਨੂੰ ਤਰਸ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਕੋਲ ਏਨੀ ਵੀ ਵਿਹਲ ਨਹੀਂ ਹੈ ਕਿ ਇਹ ਰਾਸ਼ੀ ਵੰਡੀ ਜਾ ਸਕੇ। ਡਿਪਟੀ ਕਮਿਸ਼ਨਰ ਬਠਿੰਡਾ ਨੇ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਜੋ 1 ਅਗਸਤ 2011 (ਪੱਤਰ ਨੰਬਰ 1462 /ਆਰ.ਟੀ.ਆਈ) ਨੂੰ ਸੂਚਨਾ ਭੇਜੀ ਹੈ, ਉਸ ਤੋਂ ਸਾਫ ਹੈ ਕਿ ਪ੍ਰਸ਼ਾਸਨ ਨੇ ਕੈਂਸਰ ਮਰੀਜ਼ਾਂ ਨੂੰ ਰਾਸ਼ੀ ਵੰਡਣ ਵਿੱਚ ਕੋਈ ਰੁਚੀ ਨਹੀਂ ਦਿਖਾਈ। ਜ਼ਿਲ੍ਹਾ ਪ੍ਰਸ਼ਾਸਨ ਕੋਲ 6 ਮਹੀਨੇ ਤੋਂ ਕੈਂਸਰ ਮਰੀਜ਼ਾਂ ਲਈ 30 ਲੱਖ ਰੁਪਏ ਦੀ ਰਾਸ਼ੀ ਪਈ ਹੈ, ਜਿਸ ਨੂੰ ਏਨੇ ਮਹੀਨਿਆਂ ਮਗਰੋਂ ਵੀ ਵੰਡਿਆ ਨਹੀਂ ਜਾ ਸਕਿਆ ਹੈ। ਨਤੀਜਾ ਇਹ ਨਿਕਲਿਆ ਹੈ ਕਿ ਬਹੁਤੇ ਕੈਂਸਰ ਮਰੀਜ਼ ਮਾਲੀ ਮਦਦ ਉਡੀਕਦੇ ਹੀ ਮੌਤ ਦੇ ਮੂੰਹ ਜਾ ਪਏ ਹਨ।
         ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਪੱਤਰ ਨੰਬਰ 449 ਮਿਤੀ 14 ਫਰਵਰੀ 2011 ਨੂੰ 30 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਨੰਬਰ 312752 ਭੇਜਿਆ ਸੀ। ਹਦਾਇਤ ਵੀ ਕੀਤੀ ਸੀ ਕਿ ਇਹ ਰਾਸ਼ੀ ਜਲਦੀ ਵੰਡ ਕੇ ਉਸ ਦੀ ਰਸੀਦ ਤੁਰੰਤ ਮੁੱਖ ਮੰਤਰੀ ਦਫਤਰ ਨੂੰ ਪੁੱਜਦੀ ਕੀਤੀ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਤੱਕ ਇਸ ਰਾਸ਼ੀ ਵਿੱਚੋਂ ਕੇਵਲ 3.35 ਲੱਖ ਰੁਪਏ ਹੀ ਵੰਡੇ ਗਏ ਹਨ, ਜਦੋਂ ਕਿ ਬਾਕੀ 26.65 ਲੱਖ ਰੁਪਏ ਅਣਵਰਤੇ ਪਏ ਹਨ। ਪ੍ਰਸ਼ਾਸਨ ਤਰਫੋਂ ਇਸ ਰਾਸ਼ੀ ਵਿੱਚੋਂ ਪਹਿਲੀ ਦਫਾ ਫਰਵਰੀ 2011 ਵਿੱਚ 16 ਕੈਂਸਰ ਮਰੀਜ਼ਾਂ ਨੂੰ ਮਦਦ ਦੇ ਚੈੱਕ ਵੰਡੇ ਸਨ। ਜਦੋਂ ਇਹ ਚੈੱਕ ਪਿੰਡ ਰਾਮ ਨਗਰ ਦੇ ਦਰਸ਼ਨ ਸਿੰਘ ਦੇ ਘਰ ਪੁੱਜਿਆ ਤਾਂ ਉਦੋਂ ਤੱਕ ਉਸ ਦੀ ਕੈਂਸਰ ਪੀੜਤ ਪਤਨੀ ਮਨਜੀਤ ਕੌਰ ਦੀ ਮੌਤ ਹੋ ਚੁੱਕੀ ਸੀ। ਇਹ ਚੈੱਕ ਪ੍ਰਸ਼ਾਸਨ ਕੋਲ ਵਾਪਸ ਆ ਗਿਆ। ਇਹ ਚੈੱਕ 25 ਫਰਵਰੀ 2011 ਨੂੰ ਕੱਟਿਆ ਗਿਆ ਸੀ। ਉਸ ਮਗਰੋਂ ਪ੍ਰਸ਼ਾਸਨ ਨੇ 8 ਮਾਰਚ 2011 ਨੂੰ ਇਕ ਚੈੱਕ ਕੱਟਿਆ ਸੀ। ਇਹ ਚੈੱਕ ਪਿੰਡ ਲਹਿਰਾ ਮੁਹੱਬਤ ਦੀ ਜਸਮੇਲ ਕੌਰ ਪਤਨੀ ਰਾਮ ਰੱਖਾ ਦੀ ਮਦਦ ਵਾਸਤੇ ਭੇਜਿਆ ਗਿਆ ਸੀ। ਸਰਕਾਰੀ ਸਹਾਇਤਾ ਪੁੱਜਣ ਤੋਂ ਪਹਿਲਾਂ ਹੀ ਜਸਮੇਲ ਕੌਰ ਦੀ ਵੀ ਮੌਤ ਹੋ ਚੁੱਕੀ ਸੀ।
ਇਨ੍ਹਾਂ ਮਰੀਜ਼ਾਂ ਦੀ ਮੌਤ ਤੋਂ ਵੀ ਪ੍ਰਸ਼ਾਸਨ ਨੇ ਕੋਈ ਸਬਕ ਨਾ ਸਿੱਖਿਆ। ਪ੍ਰਸ਼ਾਸਨ ਨੇ 16 ਜੂਨ 2011 ਨੂੰ ਦੋ ਹੋਰ ਕੈਂਸਰ ਮਰੀਜ਼ਾਂ ਦੇ ਚੈੱਕ ਕੱਟੇ ਸਨ। ਇਸ ਮਗਰੋਂ ਪ੍ਰਸ਼ਾਸਨ ਨੇ ਇੱਕਾ ਦੁੱਕਾ ਚੈੱਕ ਵੀ ਕੱਟਣੇ ਬੰਦ ਕਰ ਦਿੱਤੇ।
         ਸੂਤਰ ਆਖਦੇ ਹਨ ਕਿ ਇਨ੍ਹਾਂ ਛੇ ਮਹੀਨਿਆਂ ਵਿੱਚ ਦਰਜਨਾਂ ਹੋਰ ਕੈਂਸਰ ਮਰੀਜ਼ ਮੌਤ ਦੇ ਮੂੰਹ ਜਾ ਪਏ ਹੋਣਗੇ, ਜਿਨ੍ਹਾਂ ਦਾ ਅਫਸਰਾਂ ਨੂੰ ਕੋਈ ਦਰਦ ਨਹੀਂ ਹੈ।  ਹਾਲਾਂਕਿ ਪ੍ਰਸ਼ਾਸਨ ਤਰਫੋਂ ਹਰ ਕੈਂਸਰ ਮਰੀਜ਼ ਨੂੰ 15 ਤੋਂ 25 ਹਜ਼ਾਰ ਰੁਪਏ ਤੱਕ ਦੀ ਰਾਸ਼ੀ ਦਿੱਤੀ ਜਾਂਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਖ਼ੁਦ ਦੱਸਿਆ ਹੈ ਕਿ ਉਨ੍ਹਾਂ ਕੋਲ 368 ਕੈਂਸਰ ਮਰੀਜ਼ਾਂ ਦੀਆਂ ਦਰਖਾਸਤਾਂ ਬਕਾਇਆ ਪਈਆਂ ਹਨ। ਇਨ੍ਹਾਂ ਦਰਖਾਸਤਾਂ ਦੀ ਹਲਕਾ ਵਾਰ ਕੀਤੀ ਵੰਡ ਅਨੁਸਾਰ ਰਾਮਪੁਰਾ ਹਲਕੇ ਦੇ 34 ਕੈਂਸਰ ਮਰੀਜ਼ਾਂ, ਭੁੱਚੋ ਹਲਕੇ ਦੇ 43 ਮਰੀਜ਼ਾਂ, ਬਠਿੰਡਾ ਸ਼ਹਿਰੀ ਦੇ 40 ਮਰੀਜ਼ਾਂ, ਬਠਿੰਡਾ ਦਿਹਾਤੀ ਦੇ 93 ਮਰੀਜ਼ਾਂ, ਹਲਕਾ ਤਲਵੰਡੀ ਸਾਬੋ ਦੇ 84 ਮਰੀਜ਼ਾਂ ਅਤੇ ਹਲਕਾ ਮੌੜ ਦੇ 74 ਮਰੀਜ਼ਾਂ ਵੱਲੋਂ ਮਾਲੀ ਮਦਦ ਉਡੀਕੀ ਜਾ ਰਹੀ ਹੈ। ਬਠਿੰਡਾ ਦੇ ਪੁਰਾਣੇ ਡਿਪਟੀ ਕਮਿਸ਼ਨਰ ਡਾ. ਐਸ.ਕੇ. ਰਾਜੂ ਨੇ ਤਾਂ ਪ੍ਰੈੱਸ ਕਾਨਫਰੰਸ ਵਿੱਚ ਆਖ ਦਿੱਤਾ ਸੀ ਕਿ ਉਨ੍ਹਾਂ ਨੇ ਸਾਰੀ ਰਾਸ਼ੀ ਵੰਡ ਦਿੱਤੀ ਹੈ, ਜਦੋਂ ਕਿ ਸੱਚ ਕੁਝ ਹੋਰ ਹੈ। ਉਨ੍ਹਾਂ ਆਪਣੇ ਸਮੇਂ ਦੌਰਾਨ ਇਹ ਰਾਸ਼ੀ ਵੰਡਣ ਵਿੱਚ ਕੋਈ ਰੁਚੀ ਨਹੀਂ ਦਿਖਾਈ। ਤਾਜ਼ਾ ਸੂਚਨਾ ਵਿੱਚ ਪ੍ਰਸ਼ਾਸਨ ਨੇ ਰਾਸ਼ੀ ਵੰਡਣ 'ਚ ਹੋਈ ਦੇਰੀ ਦਾ ਤਰਕ ਇਹ ਦਿੱਤਾ ਹੈ ਕਿ ਜੋ ਪ੍ਰਸ਼ਾਸਨ ਕੋਲ 26.65 ਲੱਖ ਰੁਪਏ ਦੀ ਰਾਸ਼ੀ ਬਕਾਇਆ ਪਈ ਹੈ, ਉਸ ਰਾਸ਼ੀ ਨੂੰ ਵੰਡਣ ਸਬੰਧੀ ਕੋਈ ਸਮਾਂ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ।
          ਦੱਸਣਯੋਗ ਹੈ ਕਿ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਾਫੀ ਦੇਰ ਪਹਿਲਾਂ ਇਹ ਖੁਲਾਸਾ ਕੀਤਾ ਸੀ ਕਿ ਉਹ ਹਾੜੀ ਮਗਰੋਂ ਰਾਸ਼ੀ ਵੰਡਣਗੇ ਪਰ ਰਾਸ਼ੀ ਫਿਰ ਵੀ ਵੰਡੀ ਨਹੀਂ ਗਈ। ਬੀਬੀ ਬਾਦਲ ਕੈਂਸਰ ਮਰੀਜ਼ਾਂ ਨੂੰ ਸੰਗਤ ਦਰਸ਼ਨ ਵਿੱਚ ਖ਼ੁਦ ਚੈੱਕ ਵੰਡਣ ਦੇ ਇੱਛੁਕ ਸਨ ਪਰ ਮਗਰੋਂ ਉਨ੍ਹਾਂ ਸੰਗਤ ਦਰਸ਼ਨਾਂ ਵਿੱਚ ਇਹ ਰਾਸ਼ੀ ਨਹੀਂ ਵੰਡੀ। ਬਠਿੰਡਾ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਜੱਸੀ ਦਾ ਕਹਿਣਾ ਸੀ ਕਿ ਕੈਂਸਰ ਮਰੀਜ਼ਾਂ ਨੂੰ ਚੈੱਕ ਵੰਡਣ ਵਿੱਚ ਦੇਰੀ ਹੋਣ ਕਾਰਨ ਜਿਨ੍ਹਾਂ ਮਰੀਜ਼ਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ, ਉਨ੍ਹਾਂ ਲਈ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਅਤੇ ਖਾਸ ਤੌਰ 'ਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੈ, ਜਿਸ ਵੱਲੋਂ ਸਮੇਂ ਸਿਰ ਸਹਾਇਤਾ ਰਾਸ਼ੀ ਪੁੱਜਦੀ ਨਹੀਂ ਕੀਤੀ ਗਈ। ਉਨ੍ਹਾਂ ਆਖਿਆ ਕਿ ਪ੍ਰਸ਼ਾਸਨ ਫੌਰੀ ਇਨ੍ਹਾਂ ਫੰਡਾਂ ਦਾ ਨਿਬੇੜਾ ਕਰੇ ਤਾਂ ਜੋ ਕੈਂਸਰ ਮਰੀਜ਼ ਆਪਣਾ ਇਲਾਜ ਕਰਾ ਸਕਣ।

No comments:

Post a Comment