Friday, August 19, 2011

                                    ਬਾਦਲ ਸਾਹਬ ,ਅਸੀਂ ਉਜੜ ਕੇ ਕਿਥੇ ਜਾਈਏ !
                                                                    ਚਰਨਜੀਤ ਭੁੱਲਰ
ਬਠਿੰਡਾ : ''ਬਾਦਲ ਸਾਹਬ, ਅਸੀਂ ਉੱਜੜ ਕੇ ਕਿੱਥੇ ਜਾਈਏ।'' ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਵਾਸਤਾ 80 ਵਰ੍ਹਿਆਂ ਦੀ ਸੁਰਜੀਤ ਕੌਰ ਦਾ ਹੈ, ਜਿਸ ਨੂੰ ਜ਼ਿੰਦਗੀ ਦੇ ਆਖਰੀ ਮੋੜ 'ਤੇ ਇਕ ਹੋਰ ਉਜਾੜਾ ਦੇਖਣਾ ਪੈ ਰਿਹਾ ਹੈ। ਪਹਿਲਾਂ ਭਾਰਤ-ਪਾਕਿ ਵੰਡ ਦਾ ਉਜਾੜਾ ਦੇਖਿਆ, ਹੁਣ ਸਰਕਾਰ ਉਸ ਨੂੰ ਮੁੜ ਉਜਾੜ ਰਹੀ ਹੈ। ਪੰਜਾਬ ਸਰਕਾਰ ਨੇ ਇਸ ਬਜ਼ੁਰਗ ਦੇ ਪਰਿਵਾਰ ਕੋਲੋਂ ਜ਼ਮੀਨ ਖੋਹ ਲਈ ਹੈ। ਉਪਰੋਂ ਕੋਈ ਪੈਸਾ ਵੀ ਨਹੀਂ ਦਿੱਤਾ। ਏਦਾਂ ਦੇ ਦਰਜਨਾਂ ਪਰਿਵਾਰ ਹਨ, ਜਿਨ੍ਹਾਂ ਦੀ ਜ਼ਮੀਨ ਖੁਸ ਗਈ ਹੈ। ਬਠਿੰਡਾ ਵਿਕਾਸ ਅਥਾਰਟੀ ਵੱਲੋਂ ਬਠਿੰਡਾ ਵਿੱਚ ਵਸੇ ਇਨ੍ਹਾਂ ਪਰਿਵਾਰਾਂ ਦੀ 185.77 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਹੈ। ਅਥਾਰਟੀ ਵੱਲੋਂ ਇਨ੍ਹਾਂ ਪਰਿਵਾਰਾਂ ਨੂੰ ਸਭ ਖਰਚਿਆਂ ਸਮੇਤ ਪ੍ਰਤੀ ਗਜ਼ 972 ਰੁਪਏ ਦਾ ਭਾਅ ਦਿੱਤਾ ਗਿਆ ਹੈ। ਅਥਾਰਟੀ ਇਸ ਜ਼ਮੀਨ 'ਤੇ ਬੀ.ਡੀ.ਏ. ਐਨਕਲੇਵ ਬਣਾ ਦਿੱਤਾ। ਇਸ ਐਨਕਲੇਵ ਵਿੱਚ ਪ੍ਰਤੀ ਗਜ਼ 11 ਹਜ਼ਾਰ ਰੁਪਏ ਦੇ ਹਿਸਾਬ ਨਾਲ ਪਲਾਟ ਵੇਚ ਦਿੱਤੇ ਹਨ। ਮਾਰਕੀਟ ਰੇਟ ਇਥੇ 16 ਹਜ਼ਾਰ ਤੱਕ ਪੁੱਜ ਗਿਆ ਹੈ। ਦਰਜਨਾਂ ਪਰਿਵਾਰਾਂ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਹੋਈ ਹੈ। ਇਸ ਦੇ ਬਾਵਜੂਦ ਅਥਾਰਟੀ ਨੇ ਪੁਲੀਸ ਦੀ ਮਦਦ ਨਾਲ ਜ਼ਮੀਨ ਹਥਿਆ ਲਈ ਹੈ।
        ਗੌਰਤਲਬ ਹੈ ਕਿ ਬਠਿੰਡਾ ਵਿਕਾਸ ਅਥਾਰਟੀ ਵੱਲੋਂ ਅਰਬਨ ਅਸਟੇਟ ਚਾਰ ਅਤੇ ਪੰਜ ਵਸਾਇਆ ਜਾ ਰਿਹਾ ਹੈ, ਜਿਸ ਲਈ 185.77 ਏਕੜ ਜ਼ਮੀਨ ਐਕੁਆਇਰ ਕੀਤੀ ਗਈ, ਜਿਸ ਦਾ ਅਵਾਰਡ 6 ਮਾਰਚ 2007 ਨੂੰ ਸੁਣਾਇਆ ਗਿਆ ਸੀ। ਬਠਿੰਡਾ ਵਿਕਾਸ ਅਥਾਰਟੀ ਵੱਲੋਂ ਕਾਫੀ ਜ਼ਮੀਨ ਦਾ ਕਬਜ਼ਾ ਤਾਂ ਪਹਿਲਾਂ ਹੀ ਲੈ ਲਿਆ ਗਿਆ ਸੀ। ਹੁਣ ਕੱਲ੍ਹ 42 ਏਕੜ ਜ਼ਮੀਨ ਦਾ ਕਬਜ਼ਾ ਜਬਰੀ ਲੈ ਲਿਆ। ਇੱਥੋਂ ਤੱਕ ਕਿ ਨਰਮੇ ਦੀ ਖੜ੍ਹੀ ਫਸਲ 'ਤੇ ਬੁਲਡੋਜਰ ਫੇਰ ਦਿੱਤੇ ਗਏ। ਇਹ ਸਾਰੀ ਜ਼ਮੀਨ 1028 ਲੋਕਾਂ ਦੀ ਸੀ। ਕਰੀਬ ਤਿੰਨ ਦਰਜਨ ਪਰਿਵਾਰਾਂ ਵੱਲੋਂ ਆਪਣੀ ਜ਼ਮੀਨ ਨਾ ਦੇਣ ਦਾ ਫੈਸਲਾ ਕੀਤਾ ਗਿਆ ਸੀ। ਇਹ ਪਰਿਵਾਰ ਹਾਈ ਕੋਰਟ ਵੀ ਚਲੇ ਗਏ ਹਨ ਅਤੇ ਮਾਮਲੇ ਦੀ ਭਲਕੇ ਤਰੀਕ ਵੀ ਹੈ। ਸਾਲ 2006 ਵਿੱਚ ਇਕ ਦਰਜਨ ਪਟੀਸ਼ਨਾਂ ਦਾਇਰ ਹੋਈਆਂ ਸਨ, ਜਿਨ੍ਹਾਂ ਵਿੱਚੋਂ ਚਾਰ ਦਾ ਨਿਬੇੜਾ ਹੋਣਾ ਬਾਕੀ ਹੈ।
          ਉਜਾੜੇ ਦੀ ਮਾਰ ਝੱਲ ਰਹੀ ਬਜ਼ੁਰਗ ਸੁਰਜੀਤ ਕੌਰ ਦੱਸਦੀ ਹੈ ਕਿ ਉਸ ਨੇ 15 ਸਾਲ ਦੀ ਉਮਰ ਵਿੱਚ ਮੁਲਕਾਂ ਦੀ ਵੰਡ ਦੇਖ ਲਈ ਸੀ। ਹੁਣ ਜਦੋਂ ਇਹ ਜ਼ਖ਼ਮ ਥੋੜ੍ਹੇ ਭਰੇ ਸਨ ਤਾਂ ਪੰਜਾਬ ਸਰਕਾਰ ਨੇ ਹੋਰ ਜ਼ਖ਼ਮ ਦੇ ਦਿੱਤੇ ਹਨ। ਉਸ ਦੇ ਚਾਰ ਕਿਸਾਨ ਪੁੱਤਰਾਂ ਦੀ 18 ਏਕੜ ਜ਼ਮੀਨ ਜਬਰੀ ਐਕੁਆਇਰ ਕਰ ਲਈ ਗਈ ਹੈ। ਉਨ੍ਹਾਂ ਕੋਲ ਕੇਵਲ ਇਕ ਘਰ ਬਚਿਆ ਹੈ, ਜੋ ਦੇਰ ਸਵੇਰ ਹੱਥੋਂ ਨਿਕਲ ਜਾਏਗਾ। ਉਹ ਦੱਸਦੀ ਹੈ ਕਿ ਉਸ ਦੇ ਪੁੱਤਰਾਂ ਨੇ ਖ਼ੂਨ ਪਸੀਨੇ ਦੀ ਕਮਾਈ ਨਾਲ ਟਿੱਬਿਆਂ ਨੂੰ ਪੱਧਰਾ ਕਰਕੇ ਜ਼ਮੀਨ ਨੂੰ ਉਪਜਾਊ ਬਣਾਇਆ ਸੀ। ਹੁਣ ਜਦੋਂ ਜ਼ਿੰਦਗੀ ਆਪਣੀ ਤੋਰ ਤੁਰਨ ਲੱਗੀ ਤਾਂ ਸਰਕਾਰ ਨੇ ਰਾਤੋਂ ਰਾਤ ਇਕ ਹੋਰ ਉਜਾੜਾ ਦਿਖਾ ਦਿੱਤਾ। ਉਸ ਦਾ ਲੜਕਾ ਪਵਿੱਤਰ ਸਿੰਘ ਆਖਦਾ ਹੈ ਕਿ ਉਹ ਕਿੱਥੇ ਜਾਣ। 80 ਜੀਆਂ ਦੇ ਇਸ ਰਸਦੇ ਵਸਦੇ ਪਰਿਵਾਰ ਨੂੰ ਮੁੜ ਉਜਾੜ ਦਿੱਤਾ ਗਿਆ ਹੈ।
           ਕਿਸਾਨ ਬਲਵਿੰਦਰ ਸਿੰਘ ਆਖਦਾ ਹੈ ਕਿ ਇਹ ਕਿਥੋਂ ਦਾ ਇਨਸਾਫ਼ ਹੈ ਕਿ ਉਨ੍ਹਾਂ ਤੋਂ ਸਰਕਾਰ ਜ਼ਮੀਨ  972 ਰੁਪਏ ਪ੍ਰਤੀ ਗਜ਼ ਖਰੀਦ ਰਹੀ ਹੈ ਅਤੇ ਉਸ ਨੂੰ ਅੱਗੇ 11 ਹਜ਼ਾਰ ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਵੇਚ ਰਹੀ ਹੈ। ਇਸ ਕਿਸਾਨ ਨੇ ਆਪਣੇ ਨਰਮੇ ਦੇ ਖੇਤ ਵੀ ਦਿਖਾਏ, ਜਿਨ੍ਹਾਂ 'ਤੇ ਬੁਲਡੋਜ਼ਰ ਫਿਰ ਗਏ ਹਨ। ਉਸ ਨੇ ਦੱਸਿਆ ਕਿ ਉਸ ਦਾ ਨਰਮੇ 'ਤੇ ਪ੍ਰਤੀ ਏਕੜ 20 ਹਜ਼ਾਰ ਰੁਪਏ ਖਰਚਾ ਆਇਆ ਸੀ। ਏਦਾਂ ਹੀ 85 ਵਰ੍ਹਿਆਂ ਦੀ ਬਜ਼ੁਰਗ ਜੰਗੀਰ ਕੌਰ ਵੀ ਦੋਹਰਾ ਉਜਾੜਾ ਦੇਖ ਰਹੀ ਹੈ। ਉਸ ਨੇ ਦੱਸਿਆ ਕਿ ਉਸ ਨੇ ਪਹਿਲਾਂ ਬਟਵਾਰਾ ਦੇਖਿਆ ਅਤੇ ਹੁਣ ਸਰਕਾਰ ਦਾ ਕੀਤਾ ਜਾਣ ਵਾਲਾ ਉਜਾੜਾ ਦੇਖ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ ਹਨ, ਜਿਨ੍ਹਾਂ ਦੇ ਖੇਤ ਜਬਰੀ ਖੋਹ ਲਏ ਗਏ ਹਨ। ਉਸ ਦੀ ਧੀ ਸੁਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ 600 ਗਜ਼ ਦੇ ਘਰ ਦਾ ਮੁੱਲ ਸਰਕਾਰ ਨੇ ਦੋ ਲੱਖ ਪਾਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਰਿਵਾਰਾਂ ਦੇ ਕਰੀਬ 35 ਬੱਚੇ ਸਕੂਲਾਂ ਵਿੱਚ ਪੜ੍ਹਦੇ ਹਨ। ਇਨ੍ਹਾਂ ਬੱਚਿਆਂ ਨੂੰ ਬਚਪਨ ਉਮਰੇ ਆਪਣੇ ਘਰ ਤੇ ਖੇਤ ਉਜੜਦੇ ਦੇਖਣੇ ਪੈ ਰਹੇ ਹਨ। ਕਿਸਾਨ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਉਹ ਆਪਣੇ ਖੇਤ ਅਤੇ ਘਰ ਨਹੀਂ ਛੱਡਣਗੇ। ਭਾਵੇਂ ਉਨ੍ਹਾਂ ਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ।
            ਬਠਿੰਡਾ ਵਿਕਾਸ ਅਥਾਰਟੀ ਵੱਲੋਂ ਹੁਣ ਕਰੀਬ ਸਵਾ ਸੌ ਪਰਿਵਾਰ ਉਜਾੜੇ ਜਾ ਰਹੇ ਹਨ। ਵੱਡੀ ਗੱਲ ਇਹ ਹੈ ਕਿ ਅਥਾਰਟੀ ਨੇ ਇਨ੍ਹਾਂ ਨੂੰ ਕੋਈ ਪੈਸਾ ਵੀ ਨਹੀਂ ਦਿੱਤਾ ਅਤੇ ਉਨ੍ਹਾਂ ਤੋਂ ਖੇਤ ਵੀ ਖੋਹ ਲਏ ਹਨ। ਅਥਾਰਟੀ ਨੇ ਅੱਜ ਇਨ੍ਹਾਂ ਕਿਸਾਨਾਂ ਦੀ ਜ਼ਮੀਨ ਦੀ ਰਾਸ਼ੀ 17 ਕਰੋੜ ਰੁਪਏ ਸਰਕਾਰੀ ਖਜ਼ਾਨੇ ਵਿੱਚ ਰੱਖ ਦਿੱਤੀ ਹੈ। ਇਹ ਕਿਸਾਨ ਇਸ ਗੱਲ 'ਤੇ ਬਜਿੱਦ ਹਨ ਕਿ ਉਹ ਆਪਣੇ ਖੇਤ ਨਹੀਂ ਦੇਣਗੇ। ਨਾ ਹੀ ਪੈਸੇ ਚੁੱਕਣਗੇ। ਅੱਜ ਇਨ੍ਹਾਂ ਪਰਿਵਾਰਾਂ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ ਵੀ ਦੁੱਖ ਵੰਡਾਉਣ ਵਾਸਤੇ ਆਏ ਹੋਏ ਸਨ। ਇਨ੍ਹਾਂ ਪਰਿਵਾਰਾਂ ਵਿੱਚ ਸੋਗ ਸੀ। ਔਰਤਾਂ ਦੀਆਂ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ। ਇਨ੍ਹਾਂ ਪਰਿਵਾਰਾਂ ਦੇ ਬੱਚੇ ਅੱਜ ਸਕੂਲ ਪੜ੍ਹਨ ਨਹੀਂ ਗਏ। ਸੁੰਦਰ ਲਾਲ ਸ਼ਰਮਾ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਘਰਾਂ ਦੇ ਨਕਸ਼ੇ ਪਾਸ ਹਨ ਅਤੇ ਉਨ੍ਹਾਂ ਘਰਾਂ 'ਤੇ ਕਰਜ਼ੇ ਲਏ ਹੋਏ ਹਨ। ਹੁਣ ਸਰਕਾਰ ਨੇ ਇਹ ਘਰ ਵੀ ਖੋਹ ਲਏ ਹਨ। ਸਾਰੇ ਕਿਸਾਨ ਇਹੋ ਆਖ ਰਹੇ ਸਨ ਕਿ ਉਹ ਹਰ ਲੜਾਈ ਲੜਨਗੇ ਪਰ ਜ਼ਮੀਨਾਂ ਨਹੀਂ ਦੇਣਗੇ। ਦੂਜੇ ਪਾਸੇ ਬਠਿੰਡਾ ਵਿਕਾਸ ਅਥਾਰਟੀ ਨੇ ਕਾਗਜ਼ਾਂ ਵਿੱਚ ਇਨ੍ਹਾਂ ਜ਼ਮੀਨਾਂ ਦਾ ਕਬਜ਼ਾ ਲੈ ਲਿਆ ਹੈ। ਪਤਾ ਲੱਗਿਆ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਪਹਿਲਾਂ ਜ਼ਮੀਨਾਂ ਦੇ ਪੈਸੇ ਚੁੱਕ ਲਏ, ਉਨ੍ਹਾਂ ਨੇ ਵੀ ਅਦਾਲਤਾਂ ਵਿੱਚ ਸਰਕਾਰ ਖਿਲਾਫ਼ ਕੇਸ ਪਾਏ ਹੋਏ ਹਨ।

No comments:

Post a Comment