Saturday, August 6, 2011

                                            ਕੌਣ 'ਸਾਹਬ' ਨੂੰ ਆਖੇ, ਹਾਜ਼ਰ ਹੋ !
                                                                  ਚਰਨਜੀਤ ਭੁੱਲਰ
ਬਠਿੰਡਾ: ਡਿਪਟੀ ਕਮਿਸ਼ਨਰ ਬਠਿੰਡਾ ਵਲੋਂ  ਸ਼ਾਇਦ ਮਾਂ ਬੋਲੀ ਪੰਜਾਬੀ ਨੂੰ ਟਿੱਚ ਹੀ ਸਮਝਿਆ ਜਾ ਰਿਹਾ ਹੈ। ਇਕੱਲੇ ਡਿਪਟੀ ਕਮਿਸ਼ਨਰ ਦੀ ਵਜ੍ਹਾ ਕਾਰਨ ਜ਼ਿਲ੍ਹਾ ਭਾਸ਼ਾ ਕਮੇਟੀ ਦੀ ਮੀਟਿੰਗ ਨਹੀਂ ਹੋ ਰਹੀ। ਭਾਸ਼ਾ ਕਮੇਟੀ ਦੇ ਚੇਅਰਮੈਨ ਚਾਹੁੰਦੇ ਹਨ ਕਿ ਜ਼ਿਲ੍ਹਾ ਭਾਸ਼ਾ ਕਮੇਟੀ ਦੀ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਦੀ ਹਾਜ਼ਰੀ ਜ਼ਰੂਰ ਹੋਵੇ। ਡਿਪਟੀ ਕਮਿਸ਼ਨਰ ਕੋਲ ਭਾਸ਼ਾ ਕਮੇਟੀ ਦੀ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਸਮਾਂ ਹੀ ਨਹੀਂ ਹੈ ਜਿਸ ਕਰਕੇ ਮੀਟਿੰਗ ਤਿੰਨ ਦਫ਼ਾ ਮੁਲਤਵੀ ਹੋ  ਚੁੱਕੀ ਹੈ। ਕਰੀਬ ਇੱਕ ਸਾਲ ਤੋਂ ਜ਼ਿਲ੍ਹਾ ਭਾਸ਼ਾ ਕਮੇਟੀ ਦੀ ਮੀਟਿੰਗ ਨਹੀਂ ਹੋ ਰਹੀ। ਪੰਜਾਬ ਸਰਕਾਰ ਵੱਲੋਂ ਬਣਾਈ ਜ਼ਿਲ੍ਹਾ ਭਾਸ਼ਾ ਕਮੇਟੀ ਕੇਵਲ ਕਾਗਜ਼ਾਂ 'ਚ ਹੀ ਰਹਿ ਗਈ ਹੈ ਜਦੋਂ ਕਿ ਅਮਲੀ ਰੂਪ ਵਿੱਚ ਕੁੱਝ ਵੀ ਨਹੀਂ ਹੋ ਰਿਹਾ ਹੈ। ਬਠਿੰਡਾ ਦੇ ਪੁਰਾਣੇ ਡਿਪਟੀ ਕਮਿਸ਼ਨਰ ਡਾ.ਐਸ.ਕੇ.ਰਾਜੂ ਜ਼ਿਲ੍ਹਾ ਭਾਸ਼ਾ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਪਾਸਾ ਵੱਟਦੇ ਸਨ ਜਿਸ ਕਰਕੇ ਉਨ੍ਹਾਂ ਦੀ ਗੈਰਹਾਜ਼ਰੀ ਕਾਰਨ ਦੋ ਦਫ਼ਾ ਜ਼ਿਲ੍ਹਾ ਭਾਸ਼ਾ ਕਮੇਟੀ ਦੀ ਮੀਟਿੰਗ ਮੁਲਤਵੀ ਕਰਨੀ ਪਈ। ਡਾ.ਰਾਜੂ ਦੀ ਪੰਜਾਬੀ ਭਾਸ਼ਾ ਬੋਲਣ ਵਿੱਚ ਮੁਹਾਰਤ ਨਹੀਂ ਸੀ ਜਿਸ ਕਰਕੇ ਉਨ੍ਹਾਂ ਵੱਲੋਂ ਮੀਟਿੰਗ ਤੋਂ ਗੁਰੇਜ਼ ਹੀ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਕਮੇਟੀ ਦੇ ਚੇਅਰਮੈਨ ਇਸ ਗੱਲੋਂ ਮੀਟਿੰਗ ਮੁਲਤਵੀ ਕਰਦੇ ਸਨ ਕਿ ਡਿਪਟੀ ਕਮਿਸ਼ਨਰ ਬਿਨਾਂ ਕਾਹਦੀ ਮੀਟਿੰਗ। ਆਖਰ ਹੁਣ ਉਨ੍ਹਾਂ ਨੇ ਵੀ ਮਨ ਬਦਲ ਲਿਆ ਹੈ ਕਿਉਂਕਿ ਹਰ ਡਿਪਟੀ ਕਮਿਸ਼ਨਰ ਕੋਈ ਨਾ ਕੋਈ ਬਹਾਨਾ ਲਾ ਦਿੰਦਾ ਹੈ।
          ਜ਼ਿਲ੍ਹਾ ਭਾਸ਼ਾ ਕਮੇਟੀ ਦੀ ਮੀਟਿੰਗ ਹੁਣ 3 ਅਗਸਤ ਨੂੰ ਰੱਖੀ ਗਈ ਸੀ। ਭਾਸ਼ਾ ਵਿਭਾਗ ਬਠਿੰਡਾ ਵੱਲੋਂ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਮੀਟਿੰਗ ਦੇ ਸੱਦਾ ਪੱਤਰ ਵੀ ਭੇਜ ਦਿੱਤੇ ਗਏ ਸਨ। ਭਾਸ਼ਾ ਅਫਸਰਾਂ ਨੇ 2 ਅਗਸਤ ਨੂੰ ਫੋਨ ਖੜਕਾ ਦਿੱਤੇ ਕਿ ਮੀਟਿੰਗ ਮੁਲਤਵੀ ਹੋ ਗਈ ਹੈ। ਅਗਲੀ ਤਰੀਕ ਬਾਰੇ ਮੁੜ ਸੂਚਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਮੀਟਿੰਗ ਰੱਖੀ ਗਈ ਸੀ, ਉਸ ਵਿੱਚ ਪਹਿਲੇ ਡਿਪਟੀ ਕਮਿਸ਼ਨਰ ਡਾ.ਐਸ.ਕੇ.ਰਾਜੂ ਨਹੀਂ ਪੁੱਜੇ ਸਨ ਜਿਸ ਕਰਕੇ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ। ਉਸ ਤੋਂ ਵੀ ਪਹਿਲਾਂ 9 ਫਰਵਰੀ 2011 ਨੂੰ ਜ਼ਿਲ੍ਹਾ ਭਾਸ਼ਾ ਕਮੇਟੀ ਦੀ ਮੀਟਿੰਗ ਰੱਖੀ ਗਈ ਸੀ ਜਿਸ 'ਚ ਸਾਰੇ ਅਫਸਰ  ਪਹੁੰਚ ਗਏ ਸਨ। ਮੀਟਿੰਗ ਦੀ ਪ੍ਰਧਾਨਗੀ ਕਰਨ ਵਾਸਤੇ ਭਾਸ਼ਾ ਕਮੇਟੀ ਦੇ ਚੇਅਰਮੈਨ ਹਰਮਿੰਦਰ ਸਿੰਘ ਜੱਸੀ ਵੀ ਪੁੱਜ ਗਏ ਸਨ। ਜਦੋਂ ਮੌਕੇ 'ਤੇ ਡਿਪਟੀ ਕਮਿਸ਼ਨਰ ਨਾ ਆਏ ਤਾਂ ਚੇਅਰਮੈਨ ਨੇ ਮੀਟਿੰਗ ਮੁਲਤਵੀ ਕਰ ਦਿੱਤੀ। ਉਸ ਦਿਨ ਜ਼ਿਲ੍ਹੇ ਭਰ 'ਚੋਂ ਅਧਿਕਾਰੀ ਤੇਲ ਫੂਕ ਕੇ ਮੀਟਿੰਗ ਵਿੱਚ ਹਾਜ਼ਰ ਹੋਣ ਆਏ ਸਨ। ਜ਼ਿਲ੍ਹਾ ਭਾਸ਼ਾ ਕਮੇਟੀ ਦੀ 5 ਮਈ 2010 ਨੂੰ ਮੀਟਿੰਗ ਹੋਈ ਸੀ ਜਿਸ ਵਿੱਚ ਕਾਫੀ ਮੁੱਦੇ ਵਿਚਾਰੇ ਗਏ ਸਨ ਜਿਨ੍ਹਾਂ 'ਤੇ ਅਮਲ ਬਾਰੇ ਅਗਲੀ ਮੀਟਿੰਗ ਵਿੱਚ ਗੱਲਬਾਤ ਹੋਣੀ ਸੀ ਪਰ ਇਸ ਮਗਰੋਂ ਮਾਮਲੇ ਵਿਚਾਰੇ ਹੀ ਨਹੀਂ ਜਾ ਸਕੇ।
         ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਗੁਰਦੇਵ ਸਿੰਘ ਖੋਖਰ ਦਾ ਕਹਿਣਾ ਸੀ ਕਿ ਜ਼ਿਲ੍ਹਾ ਭਾਸ਼ਾ ਕਮੇਟੀ ਦੀ ਮੀਟਿੰਗ ਦਾ ਵਾਰ ਵਾਰ ਮੁਲਤਵੀ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਸਰਕਾਰੀ ਪੱਧਰ 'ਤੇ ਕਮੇਟੀ ਨੂੰ ਸੰਜੀਦਗੀ ਨਾਲ ਨਹੀਂ ਲਿਆ ਜਾ ਰਿਹਾ ਹੈ। ਖਾਸ ਕਰਕੇ ਪੰਜਾਬੀ ਬੋਲੀ ਪ੍ਰਤੀ ਅਧਿਕਾਰੀਆਂ ਦੀ ਦਿਲਚਸਪੀ ਨਾ ਹੋਣ ਦਾ ਵੀ ਇਹ ਪ੍ਰਗਟਾਵਾ ਹੈ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਭਾਸ਼ਾ ਕਮੇਟੀ ਦੀ ਮੀਟਿੰਗ ਵਿੱਚ ਅਧਿਕਾਰੀਆਂ ਦੀ ਹਾਜ਼ਰੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਕਿਉਂਕਿ ਅਮਲ ਤਾਂ ਉਨ੍ਹਾਂ ਦੇ ਪੱਧਰ 'ਤੇ ਹੀ ਹੋਣਾ ਹੈ। ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਜੋ ਕਿ ਭਾਸ਼ਾ ਕਮੇਟੀ ਦੇ ਸਕੱਤਰ ਹਨ, ਵਲੋਂ ਮਿੰਨੀ ਸਕੱਤਰੇਤ 'ਚ ਆਪਣੇ ਦਫਤਰ ਦੇ ਬਾਹਰ ਜੋ ਨਾਂ ਵਾਲੀ ਪਲੇਟ ਲਾਈ ਹੈ, ਉਹ ਵੀ ਅੰਗਰੇਜ਼ੀ ਭਾਸ਼ਾ 'ਚ ਲਿਖੀ ਹੋਈ ਹੈ। ਇਹ ਰਵਾਇਤ ਪਿਛਲੇ ਡਿਪਟੀ ਕਮਿਸ਼ਨਰ ਡਾ.ਐਸ.ਕੇ.ਰਾਜੂ ਵੱਲੋਂ ਪਾਈ ਗਈ ਸੀ। ਹਾਲਾਂਕਿ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਬਾਹਰ ਪਲੇਟ 'ਤੇ ਪੰਜਾਬੀ ਭਾਸ਼ਾ ਵਿੱਚ ਲਿਖਿਆ ਹੋਇਆ ਹੈ। ਸਰਕਾਰੀ ਸੂਤਰ ਦੱਸਦੇ ਹਨ ਕਿ ਮੌਜੂਦਾ ਡਿਪਟੀ ਕਮਿਸਨਰ ਕੇ.ਕੇ.ਯਾਦਵ  ਨੇ ਐਤਕੀਂ ਇਸ ਮੀਟਿੰਗ ਨੂੰ ਇਸ ਕਰਕੇ ਮੁਲਤਵੀ ਕਰਾਇਆ ਗਿਆ ਹੈ ਕਿਉਂਕਿ ਉਨ੍ਹਾਂ ਨੇ ਹਾਲ ਹੀ ਵਿੱਚ  ਬਠਿੰਡਾ ਵਿਖੇ ਆਪਣਾ ਅਹੁਦਾ ਸੰਭਾਲਿਆ ਹੈ।
                                         ਡੀ.ਸੀ ਦੀ ਹੋਰ ਉਡੀਕ ਨਹੀਂ ਕਰਾਂਗੇ: ਚੇਅਰਮੈਨ
ਜ਼ਿਲ੍ਹਾ ਭਾਸ਼ਾ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਹਰਮਿੰਦਰ ਸਿੰਘ ਜੱਸੀ ਦਾ ਕਹਿਣਾ ਸੀ ਕਿ ਹੁਣ ਡਿਪਟੀ ਕਮਿਸ਼ਨਰ ਨੂੰ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਉਹ 15 ਅਗਸਤ ਮਗਰੋਂ ਮੀਟਿੰਗ ਰੱਖ ਰਹੇ ਹਨ ਜਿਸ 'ਚ ਡਿਪਟੀ ਕਮਿਸ਼ਨਰ ਨੂੰ ਸ਼ਾਮਲ ਹੋਣ ਦਾ ਆਖਰੀ ਮੌਕਾ ਦਿੱਤਾ ਜਾਵੇਗਾ। ਅਗਰ ਉਹ ਸ਼ਾਮਲ ਨਹੀਂ ਹੁੰਦੇ ਤਾਂ ਉਹ ਆਪਣੇ ਪੱਧਰ 'ਤੇ ਮੀਟਿੰਗ ਕਰਨਗੇ। ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਭਾਸ਼ਾ ਕਮੇਟੀ ਨੂੰ ਸੰਜੀਦਗੀ ਨਾਲ ਨਹੀਂ ਲਿਆ ਜਾਂਦਾ ਜਿਸ ਕਰਕੇ ਤਿੰਨ ਦਫਾ ਮੀਟਿੰਗ ਮੁਲਤਵੀ ਕਰਨੀ ਪਈ ਹੈ।

No comments:

Post a Comment