Monday, August 1, 2011

                                ਚੋਣ ਮੌਸਮ
     ਡੇਰਾ ਪ੍ਰੇਮੀਆਂ ਦੇ ਜ਼ਖਮਾਂ 'ਤੇ ਮੱਲ੍ਹਮ
                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਡੇਰਾ ਪੈਰੋਕਾਰਾਂ ਦੇ ਜ਼ਖਮਾਂ 'ਤੇ ਮੱਲਮ ਲਾਉਣ ਲੱਗੀ ਹੈ। ਅਸੈਂਬਲੀ ਚੋਣ ਹੁਣ ਬਹੁਤੀ ਦੂਰ ਨਹੀਂ ਹੈ। ਪੰਜਾਬ ਪੁਲੀਸ ਨੇ ਡੇਰਾ ਪੈਰੋਕਾਰਾਂ 'ਤੇ ਦਰਜ ਕੇਸਾਂ 'ਚ ਢਿੱਲ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ,ਜਦੋਂ ਅਕਾਲੀ ਭਾਜਪਾ ਸਰਕਾਰ ਸੱਤਾ ਵਿਚ ਆਈ ਸੀ  ਉਦੋਂ ਧੜਾਧੜ ਡੇਰਾ ਸਿਰਸਾ ਪ੍ਰੇਮੀਆਂ 'ਤੇ ਪੁਲੀਸ ਕੇਸ ਦਰਜ ਹੋਏ ਸਨ।  ਸਾਲ 2009 'ਚ ਲੋਕ ਸਭਾ ਦੀ ਚੋਣ ਆਈ ਤਾਂ ਉਦੋਂ ਹੀ ਅੰਦਰੋਂ ਅੰਦਰੀ ਅਕਾਲੀ ਦਲ ਨੇ ਪੈਂਤੜਾ ਬਦਲ ਲਿਆ ਸੀ। ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਜੋ ਵੇਰਵੇ ਮਿਲੇ ਹਨ, ਉਨ੍ਹਾਂ ਅਨੁਸਾਰ ਜਨਵਰੀ 2007 ਤੋਂ ਹੁਣ ਤੱਕ ਬਠਿੰਡਾ ਜ਼ੋਨ ਦੇ ਅੱਧੀ ਦਰਜਨ ਜ਼ਿਲ੍ਹਿਆਂ 'ਚ ਧਾਰਾ 295 ਏ ਤਹਿਤ 79 ਪੁਲੀਸ ਕੇਸ ਦਰਜ ਹੋਏ ਹਨ, ਜਿਨ੍ਹਾਂ 'ਚੋਂ 95 ਫੀਸਦੀ ਕੇਸ ਡੇਰਾ ਪੈਰੋਕਾਰਾਂ 'ਤੇ ਹਨ।  ਧਾਰਮਿਕ ਭਾਵਨਾਵਾਂ ਭੜਕਾਏ ਜਾਣ ਦੇ ਇਲਜ਼ਾਮਾਂ ਤਹਿਤ ਇਹ ਮੁਕੱਦਮੇ ਦਰਜ ਹੋਏ ਹਨ। ਜ਼ਿਲ੍ਹਾ ਬਠਿੰਡਾ 'ਚ ਸਭ ਤੋਂ ਜ਼ਿਆਦਾ 26 ਪੁਲੀਸ ਕੇਸ ਡੇਰਾ ਪੈਰੋਕਾਰਾਂ 'ਤੇ ਦਰਜ ਹੋਏ ਹਨ। ਦੂਸਰੇ ਨੰਬਰ 'ਤੇ ਜ਼ਿਲ੍ਹਾ ਮੋਗਾ 'ਚ ਡੇਰਾ ਪੈਰੋਕਾਰਾਂ 'ਤੇ 15 ਪੁਲੀਸ ਕੇਸ ਦਰਜ ਕੀਤੇ ਗਏ ਹਨ। ਬਠਿੰਡਾ ਜ਼ੋਨ ਦੀ ਪੁਲੀਸ ਨੇ ਇਨ੍ਹਾਂ ਦਰਜ ਕੇਸਾਂ 'ਚੋਂ 50 ਕੇਸਾਂ ਵਿੱਚ ਤਾਂ ਚਲਾਨ ਹੀ ਅਦਾਲਤ ਵਿੱਚ ਪੇਸ਼ ਨਹੀਂ ਕੀਤਾ,ਜਦੋਂ ਕਿ ਇਹ ਮੁਕੱਦਮੇ ਢਾਈ ਤੋਂ ਚਾਰ ਸਾਲ ਪੁਰਾਣੇ ਦਰਜ ਹੋਏ ਹਨ। ਪੰਜਾਬ ਪੁਲੀਸ ਨੇ ਇੱਕ ਦਰਜਨ ਐਫ.ਆਈ.ਆਰ. ਕੈਂਸਲ ਕਰ ਦਿੱਤੀਆਂ ਹਨ। ਇਸੇ ਤਰ੍ਹਾਂ 13 ਪੁਲੀਸ ਕੇਸਾਂ 'ਚ 'ਅਣਟਰੇਸਡ' ਰਿਪੋਰਟ ਭਰ ਦਿੱਤੀ ਗਈ ਹੈ। ਜਿਨ੍ਹਾਂ 33 ਕੇਸਾਂ 'ਚ ਚਲਾਨ ਪੇਸ਼ ਕੀਤੇ ਗਏ,ਉਨ੍ਹਾਂ ਚੋਂ 17 ਕੇਸਾਂ 'ਚ ਡੇਰਾ ਪੈਰੋਕਾਰ ਅਦਾਲਤਾਂ 'ਚੋਂ ਬਰੀ ਹੋ ਗਏ ਹਨ।
         ਸਾਲ 2005 ਅਤੇ ਸਾਲ 2006 'ਚ ਧਾਰਾ 295 ਏ ਤਹਿਤ ਬਠਿੰਡਾ ਜ਼ੋਨ ਦੇ ਜ਼ਿਲ੍ਹਿਆਂ 'ਚ ਕੇਵਲ 13 ਕੇਸ ਦਰਜ ਹੋਏ ਸਨ। ਅਕਾਲੀ ਹਕੂਮਤ ਦੌਰਾਨ ਇਨ੍ਹਾਂ ਕੇਸਾਂ ਨੇ ਇੱਕਦਮ ਰਫਤਾਰ ਫੜ ਲਈ। ਡੇਰਾ ਸਿਰਸਾ ਦੇ ਮੁਖੀ ਖ਼ਿਲਾਫ਼ ਵੀ ਥਾਣਾ ਕੋਤਵਾਲੀ 'ਚ ਧਾਰਾ 295 ਏ ਤਹਿਤ ਕੇਸ ਦਰਜ ਕੀਤਾ ਗਿਆ। ਡੇਰਾ ਮੁਖੀ ਖਿਲਾਫ ਵੀ ਪੁਲੀਸ ਨਿਸ਼ਚਿਤ ਸਮੇਂ ਅੰਦਰ ਚਲਾਨ ਪੇਸ਼ ਕਰਨ ਵਿੱਚ ਨਾਕਾਮ ਰਹੀ, ਜਿਸ ਦਾ ਫਾਇਦਾ ਡੇਰਾ ਮੁਖੀ ਨੂੰ ਮਿਲ ਗਿਆ ਹੈ। ਡੇਰੇ ਖ਼ਿਲਾਫ਼  ਅਦਾਲਤਾਂ ਵਿੱਚ ਕੇਸ ਚੱਲਿਆ,ਉਸ ਦੀ ਪੈਰਵੀ ਕਰਨੀ ਮਗਰੋਂ ਸ਼੍ਰੋਮਣੀ ਕਮੇਟੀ ਨੇ ਵੀ ਛੱਡ ਦਿੱਤੀ। ਇਸ ਕੇਸ ਦਾ  ਮੁਦਈ ਰਜਿੰਦਰ ਸਿੰਘ ਸਿੱਧੂ ਇਕੱਲਾ ਹੀ ਲੜਾਈ ਲੜਦਾ ਰਿਹਾ। ਹੁਣ ਹੁਸ਼ਿਆਰਪੁਰ ਦੇ ਇੱਕ ਵਕੀਲ ਵਲੋਂ ਬਠਿੰਡਾ ਦੀ ਅਦਾਲਤ ਵਿੱਚ ਨਵਾਂ ਕੇਸ ਦਾਇਰ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਪੰਜਾਬ ਪੁਲੀਸ ਨੂੰ ਜ਼ੁਬਾਨੀ ਹਦਾਇਤਾਂ ਹਨ ਕਿ ਅਗਾਮੀ ਚੋਣਾਂ ਤੋਂ ਪਹਿਲਾਂ ਪਹਿਲਾਂ ਡੇਰਾ ਪੈਰੋਕਾਰਾਂ 'ਤੇ ਦਰਜ ਕੇਸਾਂ ਨੂੰ ਖਤਮ ਕਰ ਦਿੱਤਾ ਜਾਵੇ। ਪੰਜਾਬ ਪੁਲੀਸ ਡੇਰਾ ਪੈਰੋਕਾਰਾਂ 'ਤੇ ਦਰਜ ਕੇਸਾਂ 'ਚੋਂ 11 ਮਾਮਲਿਆਂ ਵਿੱਚ ਤਾਂ ਹਾਲੇ ਪੜਤਾਲ ਹੀ ਕਰ ਰਹੀ ਹੈ। ਪੁਲੀਸ ਵਲੋਂ ਬਹੁਤੇ ਮਾਮਲੇ ਲਟਕਾਏ ਗਏ ਹਨ। ਡੇਰਾ ਪੈਰੋਕਾਰਾਂ ਦਾ ਪੱਖ ਹੈ ਕਿ ਉਨ੍ਹਾਂ ਖ਼ਿਲਾਫ਼ ਇਹ ਸਿਆਸੀ ਰੰਜ਼ਸ ਅਧੀਨ ਕੇਸ ਦਰਜ ਕੀਤੇ ਗਏ ਸਨ ਜਿਨ੍ਹਾਂ 'ਚ ਕੋਈ ਸੱਚਾਈ ਨਹੀਂ ਸੀ। ਇਸੇ ਕਰਕੇ ਇਨ੍ਹਾਂ ਕੇਸਾਂ ਵਿੱਚ ਉਨ੍ਹਾਂ ਨੂੰ ਅਦਾਲਤਾਂ 'ਚੋਂ ਇਨਸਾਫ ਮਿਲ ਰਿਹਾ ਹੈ।
             ਜ਼ਿਲ੍ਹਾ ਬਠਿੰਡਾ 'ਚ ਡੇਰਾ ਪੈਰੋਕਾਰਾਂ ਖ਼ਿਲਾਫ਼ ਸਭ ਤੋਂ ਵੱਧ 26 ਕੇਸ ਦਰਜ ਕੀਤੇ ਗਏ ਸਨ, ਉਨ੍ਹਾਂ 'ਚੋਂ 9 ਕੇਸਾਂ ਵਿੱਚ ਤਾਂ ਪੁਲੀਸ ਨੇ ਐਫ.ਆਈ.ਆਰ. ਕੈਂਸਲ ਕਰ ਦਿੱਤੀ ਹੈ। ਇਸ ਸਬੰਧੀ ਕੈਂਸਲੇਸ਼ਨ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਜਾ ਚੁੱਕੀ ਹੈ। ਦੋ ਕੇਸਾਂ ਵਿਚ ਡੇਰਾ ਪੈਰੋਕਾਰ ਬਰੀ ਹੋ ਚੁੱਕੇ ਹਨ,ਜਦੋਂ ਕਿ 3 ਕੇਸਾਂ ਵਿੱਚ 'ਅਣਟਰੇਸਡ' ਰਿਪੋਰਟ ਭਰ ਦਿੱਤੀ ਗਈ ਹੈ। ਬਠਿੰਡਾ ਪੁਲੀਸ ਨੇ 9 ਕੇਸਾਂ ਵਿੱਚ ਹੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਹੈ। ਥਾਣਾ ਕੋਤਵਾਲੀ ਬਠਿੰਡਾ 'ਚ ਡੇਰਾ ਪੈਰੋਕਾਰ ਖ਼ਿਲਾਫ਼ ਅੱਧੀ ਦਰਜ਼ਨ ਪੁਲੀਸ ਕੇਸ ਦਰਜ ਹੋਏ ਹਨ, ਜਦੋਂ ਕਿ ਥਾਣਾ ਸੰਗਤ ਵਿੱਚ ਪੰਜ ਕੇਸ ਦਰਜ ਹੋਏ ਹਨ। ਥਾਣਾ ਸਦਰ ਬਠਿੰਡਾ 'ਚ ਵੀ ਦੋ ਪੁਲੀਸ ਕੇਸ ਦਰਜ ਹੋਏ ਹਨ। ਨੇਹੀਆ ਵਾਲਾ ਥਾਣੇ ਵਿੱਚ ਵੀ ਦੋ ਪੁਲੀਸ ਕੇਸ ਦਰਜ ਹੋਏ ਹਨ। ਜ਼ਿਲ੍ਹਾ ਫਿਰੋਜ਼ਪੁਰ 'ਚ ਡੇਰਾ ਪੈਰੋਕਾਰਾਂ 'ਤੇ ਕਰੀਬ ਇੱਕ ਦਰਜਨ  ਕੇਸ ਦਰਜ ਕੀਤੇ ਗਏ,ਜਦੋਂ ਕਿ ਫਰੀਦਕੋਟ ਵਿੱਚ 7 ਦੇ ਕਰੀਬ ਪੁਲੀਸ ਕੇਸ ਦਰਜ ਕੀਤੇ ਗਏ ਸਨ। ਫਰੀਦਕੋਟ 'ਚ ਪੰਜ ਕੇਸਾਂ 'ਚੋਂ ਡੇਰਾ ਪੈਰੋਕਾਰ ਬਰੀ ਵੀ ਹੋ ਚੁੱਕੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲ੍ਹੇ ਮੁਕਤਸਰ ਵਿੱਚ ਡੇਰਾ ਪੈਰੋਕਾਰਾਂ 'ਤੇ ਅੱਧੀ ਦਰਜਨ ਪੁਲੀਸ ਕੇਸ ਦਰਜ ਹੋਏ ਸਨ। ਮੁਕਤਸਰ ਜ਼ਿਲ੍ਹੇ 'ਚ ਚਾਰ ਕੇਸਾਂ ਵਿੱਚ ਡੇਰਾ ਪੈਰੋਕਾਰ ਬਰੀ ਹੋ ਚੁੱਕੇ ਹਨ।ਸੂਤਰ ਆਖਦੇ ਹਨ ਕਿ ਹੁਣ ਜੋ ਕੇਸ ਬਾਕੀ ਰਹਿ ਗਏ ਹਨ,ਉਨ੍ਹਾਂ ਦਾ ਨਿਪਟਾਰਾ ਵੀ ਪੁਲੀਸ ਵਲੋਂ ਅਗਾਮੀ ਚੋਣਾਂ ਤੋਂ ਪਹਿਲਾਂ ਪਹਿਲਾਂ ਕਰ ਦਿੱਤਾ ਜਾਵੇਗਾ।

No comments:

Post a Comment