Saturday, August 20, 2011

      ਲੋਕਾਂ ਦੀ ਸਿਹਤ ਨੂੰ ਧੱਕੇ, ਸ਼ਮਸ਼ਾਨਘਾਟਾਂ ਨੂੰ ਗੱਫੇ
                                       ਚਰਨਜੀਤ ਭੁੱਲਰ
ਬਠਿੰਡਾ : ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਿਹਤ ਸੇਵਾਵਾਂ ਲਈ ਇਕ ਧੇਲਾ ਨਹੀਂ ਵੰਡਿਆ ਹੈ, ਜਦੋਂ ਕਿ ਉਨ੍ਹਾਂ ਸ਼ਮਸ਼ਾਨਘਾਟਾਂ ਲਈ ਲੱਖਾਂ ਦੇ ਗੱਫੇ ਵੰਡ ਦਿੱਤੇ ਹਨ। ਗੱਲ ਸੰਸਦੀ ਕੋਟੇ ਦੇ ਫੰਡਾਂ ਦੀ ਹੈ, ਜਿਨ੍ਹਾਂ ਵਿੱਚੋਂ ਜ਼ਿਲ੍ਹਾ ਬਠਿੰਡਾ ਵਿੱਚ ਹੁਣ ਤੱਕ 1.32 ਕਰੋੜ ਰੁਪਏ ਵੰਡੇ ਗਏ ਹਨ। ਉਪ ਅਰਥ ਅਤੇ ਅੰਕੜਾ ਸਲਾਹਕਾਰ ਵੱਲੋਂ ਦਿੱਤੇ ਸਰਕਾਰੀ ਵੇਰਵੇ ਹਨ ਕਿ ਜ਼ਿਲ੍ਹਾ ਬਠਿੰਡਾ ਵਿੱਚ ਇਨ੍ਹਾਂ ਫੰਡਾਂ ਵਿੱਚੋਂ ਸਿਹਤ ਸੇਵਾਵਾਂ ਲਈ ਕੋਈ ਰਾਸ਼ੀ ਜਾਰੀ ਨਹੀਂ ਕੀਤੀ ਗਈ। ਹਾਲਾਂਕਿ ਉਨ੍ਹਾਂ ਕੋਟਫੱਤਾ ਦੇ ਪਸ਼ੂ ਹਸਪਤਾਲ ਨੂੰ ਵੀ ਇਕ ਲੱਖ ਰੁਪਏ ਦੇ ਫੰਡ ਜਾਰੀ ਕੀਤੇ ਹਨ। ਸੰਸਦੀ ਹਲਕਾ ਬਠਿੰਡਾ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਲਗਾਤਾਰ ਪਿੰਡਾਂ ਵਿੱਚ ਸੰਗਤ ਦਰਸ਼ਨ ਕੀਤੇ ਜਾ ਰਹੇ ਹਨ। ਇਨ੍ਹਾਂ ਸੰਗਤ ਦਰਸ਼ਨਾਂ ਵਿੱਚ ਉਹ ਜ਼ਿਆਦਾ ਪੰਜਾਬ ਸਰਕਾਰ ਦੇ ਫੰਡ ਵੰਡ ਰਹੇ ਹਨ, ਜਦੋਂ ਕਿ ਸੰਸਦੀ ਕੋਟੇ ਦੇ ਫੰਡ ਟਾਵੇਂ ਵੰਡੇ ਜਾ ਰਹੇ ਹਨ। ਉਨ੍ਹਾਂ ਚੋਣ ਜ਼ਾਬਤੇ ਤੋਂ ਪਹਿਲਾਂ ਜੋ ਆਖਰੀ ਮੌਕੇ 8.50 ਕਰੋੜ ਦੇ ਫੰਡ ਪੰਚਾਇਤਾਂ ਨੂੰ ਵੰਡੇ ਹਨ, ਉਹ ਪੰਜਾਬ ਸਰਕਾਰ ਦੇ ਫੰਡ ਹੀ ਹਨ। ਜ਼ਿਲ੍ਹਾ ਬਠਿੰਡਾ ਦੇ ਕੇਵਲ ਦਰਜਨ ਪਿੰਡਾਂ ਵਿੱਚ ਸੰਸਦੀ ਕੋਟੇ ਦੇ ਫੰਡ ਪੁੱਜੇ ਹਨ, ਜਦੋਂ ਕਿ 300 ਦੇ ਕਰੀਬ ਪਿੰਡ ਇਨ੍ਹਾਂ ਫੰਡਾਂ ਤੋਂ ਸੱਖਣੇ ਹਨ।
         ਸੰਸਦ ਮੈਂਬਰ ਵੱਲੋਂ ਸੰਸਦੀ ਕੋਟੇ ਦੇ ਫੰਡਾਂ ਵਿੱਚੋਂ ਸਭ ਤੋਂ ਵੱਡਾ ਗੱਫਾ ਗੋਨਿਆਣਾ ਮੰਡੀ ਦੇ ਜਲ ਘਰ ਨੂੰ ਹਾਟ ਲਾਈਨ ਕੁਨੈਕਸ਼ਨ ਦੇਣ ਵਾਸਤੇ ਦਿੱਤਾ ਗਿਆ। ਉਨ੍ਹਾਂ ਹਾਟਲਾਈਨ ਲਈ 23 ਜੁਲਾਈ ਨੂੰ 20 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਸੀ। ਬੀਬੀ ਬਾਦਲ ਵੱਲੋਂ  ਸਿੱਖਿਆ ਲਈ ਵੀ ਆਪਣੇ ਫੰਡ ਬਹੁਤੇ ਨਹੀਂ ਵੰਡੇ ਗਏ ਹਨ। ਇਸ ਖਿੱਤੇ ਵਿੱਚ ਲੋਕ ਜਿਸ ਤਰ੍ਹਾਂ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਦੇਖਦੇ ਹੋਏ ਸੰਸਦੀ ਕੋਟੇ ਵਿੱਚੋਂ ਸਿਹਤ ਲਈ ਫੰਡ ਬਿਲਕੁੱਲ ਪ੍ਰਾਪਤ ਨਹੀਂ ਹੋ ਸਕੇ ਹਨ। ਸੰਸਦ ਮੈਂਬਰ ਨੇ ਸਿੱਖਿਆ ਲਈ ਕੇਵਲ 7.45 ਲੱਖ ਰੁਪਏ ਦੇ ਫੰਡ ਵੰਡੇ ਹਨ। ਦੂਸਰੀ ਤਰਫ ਤਲਵੰਡੀ ਸਾਬੋ ਦੀ ਸ਼ਮਸ਼ਾਨਘਾਟ ਲਈ 9 ਜਨਵਰੀ 2010 ਨੂੰ 9 ਲੱਖ ਰੁਪਏ ਜਾਰੀ ਕਰ ਦਿੱਤੇ। ਇਸ ਤਰ੍ਹਾਂ ਇੱਥੋਂ ਦੇ ਇਕ ਹੋਰ ਸ਼ਮਸ਼ਾਨਘਾਟ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ। ਕੋਟਫੱਤਾ ਦੀ ਸ਼ਮਸ਼ਾਨਘਾਟ ਲਈ 1.70 ਲੱਖ ਰੁਪਏ ਅਤੇ ਰਾਮਾਂ ਮੰਡੀ ਦੀ ਸ਼ਮਸ਼ਾਨਘਾਟ ਲਈ 75 ਹਜ਼ਾਰ ਰੁਪਏ ਜਾਰੀ ਕੀਤੇ ਗਏ। ਸੰਸਦ ਮੈਂਬਰ ਦੀ ਵੱਡੀ ਤਰਜੀਹ ਧਰਮਸ਼ਾਲਾਵਾਂ ਰਹੀਆਂ ਹਨ। ਉਨ੍ਹਾਂ ਆਪਣੇ ਸੰਸਦੀ ਕੋਟੇ ਦੇ ਫੰਡਾਂ ਵਿੱਚੋਂ 48.50 ਲੱਖ ਰੁਪਏ ਇਕੱਲੇ ਧਰਮਸ਼ਾਲਾਵਾਂ ਦੀ ਉਸਾਰੀ ਅਤੇ ਉਨ੍ਹਾਂ ਦੀ ਮੁਰੰਮਤ ਲਈ ਵੰਡ ਦਿੱਤੇ ਹਨ।ਸੰਸਦ ਮੈਂਬਰ ਨੇ ਸਾਲ 2009-10 ਵਿੱਚ 37.80 ਲੱਖ ਰੁਪਏ ਵੰਡੇ ਹਨ, ਜਦੋਂ ਕਿ ਸਾਲ 2010-11 ਵਿੱਚ ਇਸ ਜ਼ਿਲ੍ਹੇ ਵਿੱਚ 50.40 ਲੱਖ ਰੁਪਏ ਦੇ ਫੰਡ ਵੰਡੇ ਗਏ ਹਨ। ਇਸ ਤਰ੍ਹਾਂ ਚਾਲੂ ਮਾਲੀ ਸਾਲ ਦੌਰਾਨ 44 ਲੱਖ ਰੁਪਏ ਜਾਰੀ ਕੀਤੇ ਗਏ ਹਨ। ਚਾਲੂ ਮਾਲੀ ਸਾਲ ਦੌਰਾਨ ਜੋ 44 ਲੱਖ ਵੰਡੇ ਗਏ ਹਨ, ਉਨ੍ਹਾਂ ਵਿੱਚੋਂ 38 ਲੱਖ ਰੁਪਏ ਇਕੱਲੇ ਧਰਮਸ਼ਾਲਾਵਾਂ ਲਈ ਵੰਡੇ ਗਏ ਹਨ, ਜਦੋਂ ਕਿ 6 ਲੱਖ ਰੁਪਏ ਸਕੂਲਾਂ ਨੂੰ ਦਿੱਤੇ ਗਏ ਹਨ। ਇਹ ਸਾਰੀ ਰਾਸ਼ੀ ਬਠਿੰਡਾ, ਮੌੜ ਮੰਡੀ, ਭੁੱਚੋ ਮੰਡੀ ਅਤੇ ਸੰਗਤ ਮੰਡੀ ਲਈ ਵੰਡੀ ਗਈ ਹੈ।
         ਸੰਸਦ ਮੈਂਬਰ ਨੇ ਸੰਸਦੀ ਕੋਟੇ ਦੇ ਫੰਡਾਂ ਦੀ ਵੰਡ ਦੇ ਮਾਮਲੇ ਵਿੱਚ ਸ਼ਹਿਰਾਂ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਕੁੱਲ ਵੰਡੇ 1.32 ਕਰੋੜ ਦੇ ਫੰਡਾਂ ਵਿੱਚੋਂ 82 ਲੱਖ ਰੁਪਏ ਇਕੱਲੇ ਸ਼ਹਿਰਾਂ ਨੂੰ ਵੰਡੇ ਹਨ। ਬਠਿੰਡਾ ਸ਼ਹਿਰ ਨੂੰ 24 ਲੱਖ ਰੁਪਏ, ਗੋਨਿਆਣਾ ਮੰਡੀ ਨੂੰ 20.15 ਲੱਖ ਰੁਪਏ, ਤਲਵੰਡੀ ਸਾਬੋ ਨੂੰ 15 ਲੱਖ ਰੁਪਏ, ਮੌੜ ਮੰਡੀ ਲਈ 9 ਲੱਖ ਰੁਪਏ, ਰਾਮਾਂ ਮੰਡੀ ਨੂੰ 8.75 ਲੱਖ ਰੁਪਏ ਅਤੇ ਸੰਗਤ ਮੰਡੀ ਨੂੰ 5 ਲੱਖ ਰੁਪਏ ਦੇ ਫੰਡ ਵੰਡੇ ਗਏ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਵਾਰ ਦੇਖੀਏ ਤਾਂ ਸੰਸਦ ਮੈਂਬਰ ਨੇ ਕੇਵਲ ਭੁੱਚੋ ਹਲਕੇ ਦੇ ਪਿੰਡਾਂ ਨੂੰ ਸੰਸਦੀ ਕੋਟੇ ਦੇ ਫੰਡ ਵੰਡੇ ਹਨ, ਜਦੋਂ ਕਿ ਬਾਕੀ ਵਿਧਾਨ ਸਭਾ ਹਲਕਿਆਂ ਦੇ ਸਾਰੇ ਪਿੰਡਾਂ ਨੂੰ ਇਨ੍ਹਾਂ ਫੰਡਾਂ ਦੀ ਵੰਡ ਵਿੱਚ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਬੀਬੀ ਬਾਦਲ ਨੇ ਇਨ੍ਹਾਂ ਫੰਡਾਂ ਵਿੱਚੋਂ ਕਾਫੀ ਰਾਸ਼ੀ ਪਾਣੀ ਦੀ ਨਿਕਾਸੀ, ਪੰਚਾਇਤੀ ਘਰਾਂ, ਜਿੰਮ, ਖਾਲ ਅਤੇ ਮੱਛੀ ਮੋਟਰਾਂ ਲਈ ਜਾਰੀ ਕੀਤੀ ਹੈ।ਦੱਸਣਯੋਗ ਹੈ ਕਿ ਬੀਬੀ ਬਾਦਲ ਨੇ ਪਿੰਡਾਂ ਤੇ ਸ਼ਹਿਰਾਂ ਨੂੰ ਪੰਜਾਬ ਸਰਕਾਰ ਦੇ ਫੰਡਾਂ ਵਿੱਚੋਂ ਵੱਡੇ ਗੱਫੇ ਦਿੱਤੇ ਹਨ, ਜਦੋਂ ਕਿ ਸੰਸਦੀ ਕੋਟੇ ਦੇ ਫੰਡਾਂ ਦਾ ਅਨੁਪਾਤ ਪਿੰਡਾਂ ਲਈ ਇੱਕੋ ਜੇਹਾ ਨਹੀਂ ਰਿਹਾ ਹੈ। ਇਸ ਤੋਂ ਇਲਾਵਾ ਜੋ ਮਾਨਸਾ ਜ਼ਿਲ੍ਹੇ ਅਤੇ ਹਲਕਾ ਲੰਬੀ ਵਿੱਚ ਸੰਸਦੀ ਕੋਟੇ ਦੇ ਫੰਡ ਵੰਡੇ ਗਏ ਹਨ, ਉਹ ਵੱਖਰੇ ਹਨ।

No comments:

Post a Comment