Saturday, August 24, 2013

                              ਕੈਂਸਰ ਫੰਡ
          ਕਰੋੜਾਂ ਰੁਪਏ ਦੇ ਫੰਡ ਅਣਵਰਤੇ
                              ਚਰਨਜੀਤ  ਭੁੱਲਰ
ਬਠਿੰਡਾ : ਕੇਂਦਰ ਸਰਕਾਰ ਵੱਲੋਂ ਭੇਜੇ ਕੈਂਸਰ ਫੰਡ ਪੰਜਾਬ ਸਰਕਾਰ ਵਰਤ ਹੀ ਨਹੀਂ ਸਕੀ। ਕਰੋੜਾਂ ਰੁਪਏ ਦੇ ਫੰਡ ਅਣਵਰਤੇ ਪਏ ਹਨ ਹਾਲਾਂਕਿ ਪੰਜਾਬ ਵਿੱਚ ਕੈਂਸਰ ਦੀ ਕਰੋਪੀ ਗੰਭੀਰ ਰੂਪ ਧਾਰ ਚੁੱਕੀ ਹੈ। ਦਿਲਚਸਪ ਗੱਲ ਹੈ ਕਿ ਪੰਜਾਬ ਸਰਕਾਰ ਨੇ ਕੈਂਸਰ ਦੇ ਇਲਾਜ ਲਈ ਵੱਖਰਾ ਫੰਡ ਕਾਇਮ ਕਰ ਦਿੱਤਾ ਹੈ ਪਰ ਕੈਂਸਰ ਸਬੰਧੀ ਕੌਮੀ ਪ੍ਰੋਗਰਾਮ ਤਹਿਤ ਪੰਜਾਬ ਨੂੰ ਮਿਲੇ ਫੰਡਾਂ ਦੀ ਵਰਤੋਂ ਨਹੀਂ ਹੋ ਰਹੀ। ਕੇਂਦਰ ਸਰਕਾਰ ਵੱਲੋਂ ਫੰਡਾਂ ਦੀ ਵਰਤੋਂ ਨਾ ਹੋਣ ਕਰਕੇ ਚਾਲੂ ਮਾਲੀ ਸਾਲ ਦੌਰਾਨ ਕੇਂਦਰ ਸਰਕਾਰ ਨੇ ਕੈਂਸਰ ਪ੍ਰੋਗਰਾਮ ਤਹਿਤ ਪੰਜਾਬ ਲਈ ਕੋਈ ਫੰਡ ਭੇਜਿਆ ਹੀ ਨਹੀਂ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਾਲ 2010 ਵਿੱਚ ਨੈਸ਼ਨਲ ਪ੍ਰੋਗਰਾਮ ਫਾਰ ਪ੍ਰਵੈਨਸ਼ਨ ਐਂਡ ਕੰਟਰੋਲ ਆਫ ਕੈਂਸਰ ਸ਼ੁਰੂ ਕੀਤਾ ਗਿਆ ਸੀ ਜਿਸ ਤਹਿਤ 21 ਸੂਬਿਆਂ ਦੇ 100 ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਸੀ ਜਿਨ੍ਹਾਂ ਨੂੰ ਕੈਂਸਰ ਦੇ ਇਲਾਜ ਵਾਸਤੇ ਫੰਡ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਜ਼ਿਲ੍ਹੇ ਵੀ ਰੱਖੇ ਗਏ ਸਨ।
                 ਕੇਂਦਰੀ ਸਿਹਤ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਕੇਂਦਰ ਸਰਕਾਰ ਵੱਲੋਂ ਕੈਂਸਰ ਦੇ ਕੌਮੀ ਪ੍ਰੋਗਰਾਮ ਤਹਿਤ 6.09 ਕਰੋੜ ਰੁਪਏ ਦੀ ਰਾਸ਼ੀ ਭੇਜੀ ਗਈ ਹੈ ਜਿਸ ਵਿੱਚੋਂ ਪੰਜਾਬ ਸਰਕਾਰ ਨੇ ਸਿਰਫ਼ 77.31 ਲੱਖ ਰੁਪਏ ਦੇ ਫੰਡ ਹੀ ਵਰਤੇ ਹਨ। ਬਾਕੀ ਸਾਰੇ ਫੰਡ ਅਣਵਰਤੇ ਪਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਸਾਲ 2010 11 ਦੌਰਾਨ ਪੰਜਾਬ ਨੂੰ ਕੈਂਸਰ ਪ੍ਰੋਗਰਾਮ ਤਹਿਤ 1.46 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਸੀ ਜਿਸ ਵਿੱਚੋਂ ਪੰਜਾਬ ਸਰਕਾਰ ਹੁਣ ਤੱਕ ਸਿਰਫ਼ 63 ਹਜ਼ਾਰ ਰੁਪਏ ਹੀ ਵਰਤ ਸਕੀ ਹੈ। ਇਸੇ ਤਰ੍ਹਾਂ ਸਾਲ 2011 12 ਦੌਰਾਨ ਪੰਜਾਬ ਸਰਕਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਤੋਂ ਕੈਂਸਰ ਦੇ ਕੌਮੀ ਪ੍ਰੋਗਰਾਮ ਤਹਿਤ 4.63 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਸੀ। ਇਨ੍ਹਾਂ ਫੰਡਾਂ ਵਿੱਚੋਂ ਪੰਜਾਬ ਸਰਕਾਰ ਨੇ 76.68 ਲੱਖ ਰੁਪਏ ਦੀ ਰਾਸ਼ੀ ਹੀ ਵਰਤੀ ਹੈ। ਇਨ੍ਹਾਂ ਫੰਡਾਂ ਦੀ ਵਰਤੋਂ ਨਾ ਹੋਣ ਕਰਕੇ ਕੇਂਦਰ ਸਰਕਾਰ ਨੇ ਸਾਲ 2012-13 ਦੌਰਾਨ ਕੋਈ ਫੰਡ ਨਹੀਂ ਭੇਜੇ। ਕੇਂਦਰੀ ਸਿਹਤ ਮੰਤਰਾਲੇ ਨੇ ਇਸ ਤੋਂ ਬਿਨ੍ਹਾਂ ਖੇਤਰੀ ਕੈਂਸਰ ਕੇਂਦਰਾਂ ਤੇ ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਲਈ ਹੋਰ ਫੰਡਾਂ ਦੀ ਵਿਵਸਥਾ ਕੀਤੀ ਹੈ।
                  ਹਾਸਲ ਵੇਰਵਿਆਂ ਅਨੁਸਾਰ ਕੇਂਦਰ ਸਰਕਾਰ ਨੇ ਕੈਂਸਰ ਕੇਂਦਰਾਂ ਤੇ ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਨੂੰ ਛੇ ਕਰੋੜ ਰੁਪਏ ਤੱਕ ਦੇ ਫੰਡ ਦੇਣ ਦਾ ਫੈਸਲਾ ਕੀਤਾ ਹੈ। ਇਸ ਵਿੱਚੋਂ 4.80 ਕਰੋੜ ਰੁਪਏ ਦੇ ਫੰਡ ਕੇਂਦਰ ਨੇ ਦੇਣੇ ਹਨ ਜਦੋਂਕਿ 1.20 ਕਰੋੜ ਰੁਪਏ ਦੀ ਹਿੱਸੇਦਾਰੀ ਰਾਜ ਸਰਕਾਰ ਵੱਲੋਂ ਪਾਈ ਜਾਣੀ ਹੈ। ਕੇਂਦਰ ਨੇ ਕੈਂਸਰ ਕੇਂਦਰ (ਟੀਸੀਸੀ) ਲਈ ਸਾਲ 2011-12 ਵਿੱਚ ਪੰਜਾਬ ਸਰਕਾਰ ਨੂੰ 4.80 ਕਰੋੜ ਰੁਪਏ ਦੇ ਫੰਡ ਭੇਜ ਦਿੱਤੇ ਸਨ ਜਿਨ੍ਹਾਂ ਦੀ ਵਰਤੋਂ ਹਾਲੇ ਹੋ ਰਹੀ ਹੈ। ਕੇਂਦਰ ਸਰਕਾਰ ਨੇ ਇਹ ਫੰਡ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਨੂੰ ਦਿੱਤੇ ਹਨ। ਸਾਲ 2012 13 ਵਿੱਚ ਇਨ੍ਹਾਂ ਫੰਡਾਂ ਲਈ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵੱਲੋਂ ਤਜਵੀਜ਼ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜੀ ਸੀ ਪਰ ਇਹ ਤਜਵੀਜ਼ ਅਧੂਰੀ ਹੋਣ ਕਰਕੇ ਫੰਡ ਪ੍ਰਾਪਤ ਨਹੀਂ ਹੋ ਸਕੇ। ਚਾਲੂ ਮਾਲੀ ਸਾਲ ਦੌਰਾਨ ਕੇਂਦਰ ਸਰਕਾਰ ਨੇ ਟੀਸੀਸੀ ਸਕੀਮ ਤਹਿਤ ਕੋਈ ਫੰਡ ਨਹੀਂ ਭੇਜੇ।
                    ਬਠਿੰਡਾ ਇਲਾਕੇ ਵਿੱਚ ਕੈਂਸਰ ਦੀ ਜ਼ਿਆਦਾ ਮਾਰ ਹੈ ਤੇ ਲੋਕਾਂ ਦੀ ਕਾਫ਼ੀ ਅਰਸੇ ਤੋਂ ਇੱਥੇ ਕੈਂਸਰ ਹਸਪਤਾਲ ਖੋਲ੍ਹੇ ਜਾਣ ਮੰਗ ਵੀ ਹੈ। ਪੰਜਾਬ ਸਰਕਾਰ ਨੇ ਕੁਝ ਅਰਸਾ ਪਹਿਲਾਂ ਇੱਥੇ ਸਰਕਾਰੀ ਹਸਪਤਾਲ ਦੀ ਥਾਂ ਪ੍ਰਾਈਵੇਟ ਕੰਪਨੀ ਨੂੰ ਕੈਂਸਰ ਹਸਪਤਾਲ ਖੋਲ੍ਹਣ ਲਈ ਜਗ੍ਹਾ ਦਿੱਤੀ ਸੀ। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਵੀ ਕਾਇਮ ਕੀਤਾ ਹੋਇਆ ਹੈ ਜਿਸ ਤਹਿਤ ਕੈਂਸਰ ਮਰੀਜ਼ਾਂ ਨੂੰ ਇਲਾਜ ਵਾਸਤੇ ਰਾਸ਼ੀ ਦਿੱਤੀ ਜਾਂਦੀ ਹੈ। ਇਨ੍ਹਾਂ ਫੰਡਾਂ ਦੇ ਇੰਤਜ਼ਾਮ ਲਈ ਵੱਖਰਾ ਫੰਡ ਵੀ ਕਾਇਮ ਕੀਤਾ ਗਿਆ ਹੈ। ਕੇਂਦਰੀ ਤੱਥਾਂ ਅਨੁਸਾਰ ਪੰਜਾਬ ਵਿੱਚ ਪਿਛਲੇ ਤਿੰਨ ਵਰ੍ਹਿਆਂ ਤੋਂ ਹਰ ਸਾਲ ਤਕਰੀਬਨ 12 ਹਜ਼ਾਰ ਲੋਕ ਕੈਂਸਰ ਨਾਲ ਮਰ ਰਹੇ ਹਨ। ਸਾਲ 2012 ਵਿੱਚ ਪੰਜਾਬ ਵਿੱਚ 11,915 ਲੋਕਾਂ ਦੀ ਮੌਤ ਕੈਂਸਰ ਕਰਕੇ ਹੋਈ ਜਦੋਂਕਿ ਸਾਲ 2011 ਵਿੱਚ 12,575 ਲੋਕ ਕੈਂਸਰ ਕਾਰਨ ਮੌਤ ਦੇ ਮੂੰਹ ਜਾ ਪਏ। ਇਸੇ ਤਰ੍ਹਾਂ ਸਾਲ 2010 ਵਿੱਚ ਪੰਜਾਬ ਵਿੱਚ 12,330 ਲੋਕਾਂ ਦੀ ਮੌਤ ਦਾ ਕਾਰਨ ਕੈਂਸਰ ਬਣਿਆ।
                  ਹਾਸਲ ਵੇਰਵਿਆਂ 'ਤੇ ਨਜ਼ਰ ਮਾਰੀਏ ਤਾਂ ਸਾਲ 2012 ਦੌਰਾਨ 24,179 ਕੈਂਸਰ ਦੇ ਕੇਸ ਸਾਹਮਣੇ ਆਏ ਜਦੋਂਕਿ ਸਾਲ 2011 ਵਿੱਚ ਇਹ ਗਿਣਤੀ 23,826 ਸੀ। ਸਾਲ 2011 ਵਿੱਚ ਕੈਂਸਰ ਦੇ 23,577 ਕੇਸ ਲੱਭੇ ਸਨ। ਪੰਜਾਬ ਸਰਕਾਰ ਕੋਲ ਤਾਂ ਪਹਿਲਾਂ ਕੈਂਸਰ ਮਰੀਜ਼ਾਂ ਦਾ ਸਹੀ ਅੰਕੜਾ ਵੀ ਨਹੀਂ ਸੀ। ਮਗਰੋਂ ਸਰਕਾਰ ਨੇ ਘਰੋਂ ਘਰੀਂ ਜਾ ਕੇ ਸਰਵੇ ਕੀਤਾ ਜਿਸ ਤੋਂ ਮਰੀਜ਼ਾਂ ਦੀ ਅਸਲ ਗਿਣਤੀ ਪਤਾ ਚੱਲ ਸਕੀ ਹੈ। ਪੰਜਾਬ ਵਿੱਚ ਔਰਤਾਂ ਨੂੰ ਜ਼ਿਆਦਾ ਛਾਤੀ ਦਾ ਕੈਂਸਰ ਦਾ ਹੈ। ਲੰਘੇ ਚਾਰ ਵਰ੍ਹਿਆਂ ਵਿੱਚ 7886 ਔਰਤਾਂ ਨੂੰ ਛਾਤੀ ਦਾ ਕੈਂਸਰ ਹੋਇਆ ਹੈ।
                                                           ਸਿਹਤ ਮੰਤਰੀ ਕੈਂਸਰ ਮਰੀਜ਼ ਫੰਡ
ਕੇਂਦਰੀ ਸਿਹਤ ਮੰਤਰੀ ਵੱਲੋਂ ਵੀ ਸਿਹਤ ਮੰਤਰੀ ਕੈਂਸਰ ਮਰੀਜ਼ ਫੰਡ ਬਣਾਇਆ ਹੋਇਆ ਹੈ। ਕੇਂਦਰੀ ਅਰੋਗਿਆ ਫੰਡਾਂ ਵਿੱਚੋਂ ਕੇਂਦਰੀ ਸਿਹਤ ਮੰਤਰੀ ਕੈਂਸਰ ਮਰੀਜ਼ਾਂ ਵਾਸਤੇ ਫੰਡ ਜਾਰੀ ਕਰਦਾ ਹੈ। ਪੰਜਾਬ ਵਿੱਚ ਕੇਂਦਰੀ ਸਿਹਤ ਮੰਤਰੀ ਵੱਲੋਂ ਕਿਸੇ ਨੂੰ ਵੀ ਇਹ ਰਾਸ਼ੀ ਨਹੀਂ ਦਿੱਤੀ ਗਈ। ਚੰਡੀਗੜ੍ਹ ਵਿੱਚ ਸਿਰਫ਼ 21 ਮਰੀਜ਼ਾਂ ਨੂੰ 10 ਲੱਖ ਰੁਪਏ ਦੀ ਰਾਸ਼ੀ ਇਲਾਜ ਵਾਸਤੇ ਦਿੱਤੀ ਗਈ ਹੈ।

No comments:

Post a Comment