Wednesday, August 21, 2013

                            ਚਾਅ ਦਾ ਮੁੱਲ
           ਹੁਣ ਸਰਪੰਚੀ ਮਟਕਣ ਲੱਗੀ
                            ਚਰਨਜੀਤ ਭੁੱਲਰ
ਬਠਿੰਡਾ :  ਬਠਿੰਡਾ ਪੱਟੀ ਦੇ ਨਵੇਂ ਸਰਪੰਚਾਂ ਦੀ ਹੁਣ ਸਰਪੰਚੀ ਮਟਕਣ ਲੱਗੀ ਹੈ। ਨਵੇਂ ਸਰਪੰਚ ਸਹੁੰ ਚੁੱਕਣ ਮਗਰੋਂ ਸਰਪੰਚੀ ਦੇ ਚਾਅ ਵਿੱਚ ਮਸਤ ਹਨ। ਜੋ ਦਲਿਤ ਵਰਗ ਨਾਲ ਸਰਪੰਚ ਹਨ,ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਦਫ਼ਤਰ ਬਣਾਉਣ ਦੀ ਨੌਬਤ ਹੈ। ਜਨਰਲ ਵਰਗ ਦੇ ਸਰਪੰਚਾਂ ਨੇ ਆਪਣੇ ਘਰਾਂ ਵਿੱਚ ਨਵੇਂ ਦਫ਼ਤਰ ਸਜਾ ਲਏ ਹਨ। ਜ਼ਿਲ੍ਹਾ ਬਠਿੰਡਾ ਵਿੱਚ 295 ਨਵੇਂ ਸਰਪੰਚ ਬਣੇ ਹਨ ਜਿਨ੍ਹਾਂ ਤੋਂ ਚਾਅ ਚੁੱਕਿਆ ਨਹੀਂ ਜਾ ਰਿਹਾ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਨਵੇਂ ਸਰਪੰਚਾਂ ਨੂੰ ਚਾਰਜ ਦਿੱਤਾ ਜਾਣ ਲੱਗਾ ਹੈ। ਇਹ ਸਰਪੰਚ ਆਪਣੇ ਘਰਾਂ ਵਿੱਚ ਪ੍ਰਾਈਵੇਟ ਦਫ਼ਤਰ ਬਣਾਉਣ ਵਾਸਤੇ ਨਵਾਂ ਫਰਨੀਚਰ ਖਰੀਦ ਰਹੇ ਹਨ। ਪਿੰਡ ਸਿਵੀਆ ਦੇ ਸਰਪੰਚ ਜਸਵਿੰਦਰ ਸਿੰਘ ਨੇ ਤਾਂ ਨਵਾਂ ਏ.ਸੀ ਦਫ਼ਤਰ ਬਣਾਇਆ ਹੈ। ਇਕੱਲਾ ਦਫ਼ਤਰ ਨਹੀਂ ਬਲਕਿ ਦਫ਼ਤਰ ਵਿੱਚ ਇੱਕ ਸ਼ਿਕਾਇਤ ਰਜਿਸਟਰ ਵੀ ਰੱਖ ਦਿੱਤਾ ਹੈ ਤਾਂ ਜੋ ਲੋਕ ਆਪਣੀ ਸਮੱਸਿਆ ਜਾਂ ਸ਼ਿਕਾਇਤ ਲਿਖਤੀ ਰੂਪ ਵਿੱਚ ਦਰਜ ਕਰ ਸਕਣ। ਪਿੰਡ ਸੰਗਤ ਕਲਾਂ ਦੀ ਮਹਿਲਾ ਸਰਪੰਚ ਕੁਲਬੀਰ ਕੌਰ ਨੇ ਤਾਂ ਆਪਣੇ ਦਫ਼ਤਰ 'ਤੇ 50 ਹਜ਼ਾਰ ਰੁਪਏ ਖਰਚ ਕਰ ਦਿੱਤੇ ਹਨ। ਦਫ਼ਤਰ  ਵਿੱਚ ਨਵਾਂ ਸੋਫਾ ਸੈੱਟ ਰੱਖਿਆ ਹੈ ਤੇ ਮੈਟ ਵਿਛਾਇਆ ਹੈ। ਨਵੇਂ ਪਰਦੇ ਤੇ ਮੇਜ਼ ਕੁਰਸੀਆਂ ਰੱਖੀਆਂ ਹਨ।
              ਇਸ ਸਰਪੰਚਣੀ ਦਾ ਕਹਿਣਾ ਸੀ ਕਿ ਉਹ ਬਲਾਕ 'ਚੋਂ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੀ ਹੈ ਜਿਸ ਕਰਕੇ ਚਾਅ ਤਾਂ ਕੁਦਰਤੀ ਹੀ ਹੈ। ਉਸ ਨੇ ਦੱਸਿਆ ਕਿ ਉਸ ਨੇ ਵਿਜਟਿੰਗ ਕਾਰਡ ਵੀ ਛਪਾ ਲਏ ਹਨ। ਇਸ ਸਰਪੰਚ ਨੇ ਆਪਣੇ ਘਰ ਦੇ ਅੱਗੇ ਨਵੀਂ ਨੇਮ ਪਲੇਟ ਵੀ ਲਗਾ ਲਈ ਹੈ। ਪਿੰਡ ਅਬਲੂ ਦੇ ਸਰਪੰਚ ਸਰਬਜੀਤ ਸ਼ਰਮਾ ਨੇ ਤਾਂ ਆਪਣੇ ਨਵੇਂ ਵਿਜਟਿੰਗ ਕਾਰਡ ਉਪਰ ਬਾਦਲ ਪਰਿਵਾਰ ਦੇ ਮੈਂਬਰਾਂ ਦੀਆਂ ਤਸਵੀਰਾਂ ਵੀ ਛਪਵਾਈਆਂ ਹਨ। ਉਸ ਨੇ ਗੇਟ 'ਤੇ ਸਰਪੰਚ ਲਿਖਵਾ ਲਿਆ ਹੈ। ਪਿੰਡ ਢਪਾਲੀ ਖੁਰਦ ਦੀ ਮਹਿਲਾ ਸਰਪੰਚ ਸੁਖਜੀਤ ਕੌਰ ਨੇ ਆਪਣੇ ਘਰ ਵਿੱਚ ਦਫ਼ਤਰ ਦੇ ਨਾਲ ਹੁਣ ਨਵੇਂ ਬਾਥਰੂਮ ਬਣਾ ਦਿੱਤੇ ਹਨ ਤਾਂ ਜੋ ਆਮ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ। ਪਿੰਡ ਜੀਦਾ ਦੇ ਨਵੇਂ ਸਰਪੰਚ ਜਗਸੀਰ ਸਿੰਘ ਨੇ ਰਿਵਾਲਵਿੰਗ ਚੇਅਰ ਤੇ ਵੱਡਾ ਮੇਜ਼ ਖਰੀਦ ਲਿਆ ਹੈ।ਪਿੰਡ ਕੋਠੇ ਨੱਥਾ ਸਿੰਘ ਵਾਲਾ ਦੇ ਸਰਪੰਚ ਗੁਰਮੇਲ ਸਿੰਘ ਨੇ ਵਿਜਟਿੰਗ ਕਾਰਡ ਛਪਾ ਲਏ ਹਨ। ਪਿੰਡ ਬੁਰਜ ਰਾਜਗੜ੍ਹ ਖੁਰਦ ਦੇ ਸਰਪੰਚ ਸਤਨਾਮ ਸਿੰਘ ਨੇ ਤਾਂ ਆਪਣੇ ਘਰ ਦੇ ਗੇਟ ਅੱਗੇ ਸਰਪੰਚ ਲਿਖ ਕੇ ਇਹ ਵੀ ਲਿਖਿਆ ਹੈ ਕਿ ਆਮ ਲੋਕਾਂ ਦੀ ਸੇਵਾ ਲਈ 24 ਘੰਟੇ ਹਾਜ਼ਰ। ਪਿੰਡ ਕਰਾੜ ਵਾਲਾ ਦੇ ਨੌਜਵਾਨ ਸਰਪੰਚ ਗੁਰਨੈਬ ਸਿੰਘ ਢਿੱਲੋਂ ਨੇ ਆਪਣੇ ਘਰ ਦੇ ਵਰਾਂਡੇ ਵਿੱਚ ਨਵਾਂ ਦਫ਼ਤਰ ਬਣਾ ਲਿਆ ਹੈ। ਪਿੰਡ ਕੌਟੜਾ ਕੌੜਿਆਂ ਵਾਲਾ ਦੇ ਸਰਪੰਚ ਨੇ ਵੀ ਕਮਰੇ ਨੂੰ ਰੰਗ ਕਰਾ ਕੇ ਫਰਨੀਚਰ ਰੱਖ ਦਿੱਤਾ ਹੈ। ਪਿੰਡ ਜੇਠੂਕੇ ਦੇ ਸਰਪੰਚ ਨੇ ਵੀ ਕਮਰੇ ਨੂੰ ਨਵੇਂ ਸਿਰਿਓਂ ਰੰਗ ਰੋਗਨ ਕਰਕੇ ਸਜਾ ਦਿੱਤਾ ਹੈ।
                ਪਿੰਡ ਧਿੰਗੜ ਦੇ ਸਰਪੰਚ ਨੇ ਘਰ ਅੱਗੇ ਨੇਮ ਪਲੇਟ ਲਗਾ ਲਈ ਹੈ ਤੇ ਵਿਜਟਿੰਗ ਕਾਰਡ ਛਪਣੇ ਦਿੱਤੇ ਹਨ। ਬਠਿੰਡਾ ਜ਼ਿਲ੍ਹੇ ਦੇ ਬਹੁਤੇ ਸਰਪੰਚਾਂ ਨੇ ਆਪਣੇ ਵਾਹਨਾਂ ਉਪਰ ਵੀ ਸਰਪੰਚ ਲਿਖ ਲਿਆ ਹੈ। ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਹੁਣ ਨਵੇਂ ਸਰਪੰਚ ਪੂਰੀ ਟੌਹਰ ਕੱਢ ਕੇ ਰੱਖਦੇ ਹਨ। ਕਈ ਸਰਪੰਚਾਂ ਨੇ ਨਵੇਂ ਫੋਨ ਵੀ ਲੈ ਲਏ ਹਨ।ਜੋ ਮਹਿਲਾ ਸਰਪੰਚ ਬਣਨੀਆਂ ਹਨ, ਉਨ੍ਹਾਂ ਦੇ ਪਤੀਆਂ ਨੇ ਉਨ੍ਹਾਂ ਨੂੰ ਨਵੇਂ ਮੋਬਾਈਲ ਫੋਨ ਲੈ ਕੇ ਦੇ ਦਿੱਤੇ ਹਨ। ਤਲਵੰਡੀ ਸਾਬੋ ਦੇ ਕਈ ਸਰਪੰਚਾਂ ਨੇ ਤਾਂ ਆਪਣੇ ਮੋਬਾਈਲ ਤੇ ਰਿੰਗ ਟੋਨ ਵੀ ਸਰਪੰਚੀ ਵਾਲੀ ਭਰਾ ਲਈ ਹੈ। ਪਿੰਡ ਘੁੱਦਾ ਦੀ ਸਰਪੰਚੀ ਰਾਖਵੀਂ ਹੈ ਤੇ ਪੰਚਾਇਤ ਦਾ ਫਰਨੀਚਰ ਜ਼ਿਆਦਾ ਹੈ ਜੋ ਸਰਪੰਚ ਨੂੰ ਘਰ ਰੱਖਣਾ ਕਾਫ਼ੀ ਮੁਸ਼ਕਲ ਹੋ ਗਿਆ ਸੀ। ਇਨ੍ਹਾਂ ਸਰਪੰਚਾਂ ਨੇ ਸਹੁੰ ਚੁੱਕਣ ਮਗਰੋਂ ਆਪੋ ਆਪਣੇ ਪਿੰਡਾਂ ਵਿੱਚ ਧਾਰਮਿਕ ਸਮਾਗਮ ਵੀ ਕਰਾਏ ਹਨ।
                                                      ਲੱਡੂਆਂ ਤੋਂ ਅਫ਼ਸਰਾਂ ਦੀ ਤੌਬਾ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਫਸਰਾਂ ਦੀ ਨਵੇਂ ਸਰਪੰਚਾਂ ਨੇ ਬੱਸ ਕਰਾ ਦਿੱਤੀ ਹੈ। ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰਾਂ ਵਿੱਚ ਨਵੇਂ ਸਰਪੰਚ ਜਿੱਤਣ ਮਗਰੋਂ ਹੁਣ ਤੱਕ ਲੱਡੂ ਖੁਆ ਰਹੇ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਉਸ ਨੇ ਏਨੇ ਲੱਡੂ ਛਕ ਲਏ ਹਨ ਤੇ ਡਰ ਲੱਗਦਾ ਹੈ ਕਿ ਕਿਤੇ ਸ਼ੂਗਰ ਹੀ ਨਾ ਹੋ ਜਾਵੇ। ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮਜ ਨੂੰ ਵੀ ਨਵੇਂ ਸਰਪੰਚ ਲੱਡੂ ਖੁਆ ਆਏ ਹਨ।

No comments:

Post a Comment