Friday, August 23, 2013

                                  ਜੀਣਾ ਮੁਸ਼ਕਲ
        ਜ਼ਿੰਦਗੀ ਦੇ ਰਾਹ ਸਿਵਿਆਂ ਵੱਲ ਮੋੜੇ...
                                 ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਸੰਸਦੀ ਹਲਕੇ ਦੇ ਪਿੰਡ ਖੇਮਾ ਖੇੜਾ ਵਿੱਚ ਦੋ ਸ਼ਮਸ਼ਾਨਘਾਟ ਹਨ ਜਦੋਂਕਿ ਇਸ ਪਿੰਡ ਵਿੱਚ ਸਰਕਾਰੀ ਸਿਹਤ ਕੇਂਦਰ ਇੱਕ ਵੀ ਨਹੀਂ ਹੈ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਇਸ ਪਿੰਡ ਦੇ ਸ਼ਮਸ਼ਾਨਘਾਟਾਂ ਨੂੰ 27 ਫਰਵਰੀ, 2013 ਨੂੰ ਤਕਰੀਬਨ 16 ਲੱਖ ਰੁਪਏ ਦੀ ਗਰਾਂਟ ਦਿੱਤੀ ਹੈ। ਇਸ ਪਿੰਡ ਵਿੱਚ ਸਿਹਤ ਕੇਂਦਰ ਵਾਸਤੇ ਕਦੇ ਕੋਈ ਫੰਡ ਨਹੀਂ ਦਿੱਤੇ ਗਏ ਜਿਸ ਕਰਕੇ ਗਰੀਬ ਲੋਕ ਇਲਾਜ ਲਈ ਪ੍ਰਾਈਵੇਟ ਡਾਕਟਰਾਂ ਕੋਲ ਜਾਣ ਲਈ ਮਜਬੂਰ ਹਨ। ਵਿਧਾਨ ਸਭਾ ਹਲਕਾ ਲੰਬੀ ਦੇ ਇਸ ਪਿੰਡ ਤੋਂ ਇਲਾਵਾ ਪਿੰਡ ਫੁਲੂ ਖੇੜਾ ਤੇ ਸਹਿਣਾ ਖੇੜਾ ਦੇ ਸ਼ਮਸ਼ਾਨਘਾਟਾਂ ਲਈ 12.17 ਲੱਖ ਰੁਪਏ ਦੀ ਗਰਾਂਟ ਮੁੱਖ ਮੰਤਰੀ ਨੇ ਜਾਰੀ ਕੀਤੀ ਹੈ। ਇਨ੍ਹਾਂ ਪਿੰਡਾਂ ਵਿੱਚ ਕੋਈ ਡਿਸਪੈਂਸਰੀ ਵਗੈਰਾ ਖੋਲ੍ਹਣ ਦਾ ਕੋਈ ਵਿਚਾਰ ਨਹੀਂ। ਇਵੇਂ ਹੀ ਪਿੰਡ ਭਾਗੂ ਤੇ ਕੁੱਤਿਆਂ ਵਾਲੀ ਦੇ ਸ਼ਮਸ਼ਾਨਘਾਟਾਂ ਨੂੰ ਫੰਡ ਤਾਂ ਮਿਲ ਰਹੇ ਹਨ ਪਰ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਹਾਲੇ ਤੱਕ ਸਿਹਤ ਸਹੂਲਤ ਨਹੀਂ ਮਿਲੀ। ਹਲਕਾ ਲੰਬੀ ਇੱਕੋ ਇੱਕ ਹਲਕਾ ਹੈ ਜਿਥੋਂ ਦੇ ਪਿੰਡਾਂ ਨੂੰ ਸ਼ਮਸ਼ਾਨਘਾਟਾਂ ਵਾਸਤੇ ਫੰਡਾਂ ਦੀ ਕੋਈ ਕਮੀ ਨਹੀਂ ਰਹੀ।
                 ਇਕੱਤਰ ਵੇਰਵਿਆਂ ਅਨੁਸਾਰ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦੇ ਪਿੰਡ ਕਾਂਗੜ ਵਿੱਚ ਦੋ ਸ਼ਮਸ਼ਾਨਘਾਟ ਹਨ। ਇੱਕ ਜਨਰਲ ਵਰਗ ਦੇ ਲੋਕਾਂ ਦਾ ਤੇ ਦੂਸਰਾ ਐਸ.ਸੀ. ਵਰਗ ਦੇ ਲੋਕਾਂ ਦਾ। ਉਲਟਾ ਪਿੰਡ ਵਿੱਚ ਕੋਈ ਸਿਹਤ ਸਹੂਲਤ ਨਹੀਂ ਹੈ। ਪਿੰਡ ਹਰਨਾਮ ਸਿੰਘ ਵਾਲਾ ਵਿੱਚ ਜਨਰਲ ਵਰਗ ਦਾ ਵੱਖਰਾ ਸ਼ਮਸ਼ਾਨਘਾਟ ਹੈ ਜਦੋਂਕਿ ਪਿੰਡ ਦੇ ਦਲਿਤ ਲੋਕਾਂ ਦਾ ਸ਼ਮਸ਼ਾਨਘਾਟ ਵੱਖਰਾ ਹੈ। ਵਰ੍ਹਿਆਂ ਮਗਰੋਂ ਵੀ ਪਿੰਡ ਵਿੱਚ ਅੱਜ ਤੱਕ ਡਿਸਪੈਂਸਰੀ ਨਹੀਂ ਖੁੱਲ੍ਹੀ। ਇਹੋ ਕਹਾਣੀ ਪਿੰਡ ਆਲੀਕੇ ਦੀ ਹੈ। ਇੱਥੇ ਵੀ ਮਾਨਾਂ ਗੋਤ ਦੇ ਲੋਕਾਂ ਦਾ ਆਪਣਾ ਸ਼ਮਸ਼ਾਨਘਾਟ ਹੈ ਤੇ ਵਿਹੜੇ ਵਾਲਿਆਂ ਦਾ ਆਪਣਾ ਵੱਖਰਾ ਸ਼ਮਸ਼ਾਨਘਾਟ ਹੈ। ਇਸ ਪਿੰਡ ਦੇ ਲੋਕਾਂ ਨੇ ਪਿੰਡ ਵਿੱਚ ਕਦੇ ਸਰਕਾਰੀ ਡਾਕਟਰ ਨਹੀਂ ਵੇਖਿਆ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਦੀ ਤਰਜੀਹ ਜਿੰਦਗੀ ਨਹੀਂ, ਮੌਤ ਲੱਗਦੀ ਹੈ
                   ਇਸ ਮਾਮਲੇ ਵਿੱਚ ਮੁੱਖ ਮੰਤਰੀ ਪੰਜਾਬ ਦੇ ਪਿੰਡ ਬਾਦਲ ਦੀ ਹਾਲਤ ਵੱਖਰੀ ਹੈ। ਪਿੰਡ ਬਾਦਲ ਵਿੱਚ 25 ਬੈੱਡ ਦਾ ਹਸਪਤਾਲ ਵੀ ਹੈ ਤੇ ਸ਼ਮਸ਼ਾਨਘਾਟ ਵੀ ਦੋ ਹਨ। ਇੱਕ ਸ਼ਮਸ਼ਾਨਘਾਟ ਜਨਰਲ ਵਰਗ ਦਾ ਹੈ ਜਿਸ 'ਤੇ ਹੁਣ ਕਾਫ਼ੀ ਪੈਸਾ ਲੱਗਾ ਹੈ। ਦੂਸਰਾ ਪਿੰਡ ਦੇ ਆਮ ਲੋਕਾਂ ਦਾ ਸ਼ਮਸ਼ਾਨਘਾਟ ਹੈ। ਪਿੰਡ ਦੇ ਹਸਪਤਾਲ ਵਿੱਚ ਪੂਰੀ ਸਹੂਲਤ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਦੇ ਪੁਰਖਿਆਂ ਦੇ ਪਿੰਡ ਘੁੱਦਾ ਵਿੱਚ ਸ਼ਮਸ਼ਾਨਘਾਟ ਵੀ ਦੋ ਹਨ ਤੇ ਹਸਪਤਾਲ ਵੀ ਹੁਣ ਨਵਾਂ ਸਬ ਡਵੀਜ਼ਨਲ ਪੱਧਰ ਦਾ ਬਣਾਇਆ ਗਿਆ ਹੈ। ਬਾਕੀ ਪੰਜਾਬ ਦੇ ਲੋਕ ਵੀ ਆਪਣੇ ਪਿੰਡਾਂ ਨੂੰ ਪਿੰਡ ਬਾਦਲ ਤੇ ਘੁੱਦਾ ਵਰਗਾ ਵੇਖਣਾ ਚਾਹੁੰਦੇ ਹਨ, ਖਾਸਕਰ ਸਿਹਤ ਸਹੂਲਤਾਂ ਦੇ ਮਾਮਲੇ ਵਿੱਚ।ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਬਖਤੂ ਦੇ ਸ਼ਮਸ਼ਾਨਘਾਟ ਵਿੱਚ ਹਰ ਸਹੂਲਤ ਹੈ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਇਸ ਸ਼ਮਸ਼ਾਨਘਾਟ ਵਾਸਤੇ ਡੇਢ ਲੱਖ ਰੁਪਏ ਦੇ ਫੰਡ ਵੀ ਦਿੱਤੇ ਸਨ। ਪੰਚਾਇਤ ਵੱਲੋਂ ਗਰੀਬ ਆਦਮੀ ਦੇ ਸਸਕਾਰ ਵਾਸਤੇ ਇੱਕ ਹਜ਼ਾਰ ਰੁਪਏ ਦੀ ਲੱਕੜ ਦਿੱਤੀ ਜਾਂਦੀ ਹੈ ਜਦੋਂਕਿ ਬਾਕੀ ਲੋਕਾਂ ਤੋਂ 1500 ਰੁਪਏ ਲਏ ਜਾਂਦੇ ਹਨ। ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਸਰਕਾਰ ਤੋਂ ਬਹੁਤ ਦਫ਼ਾ ਡਿਸਪੈਂਸਰੀ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਇਲਾਜ ਵਾਸਤੇ ਛੇ ਕਿਲੋਮੀਟਰ ਦੂਰ ਜਾਣਾ ਪੈਂਦਾ ਹੈ।
                ਪਿੰਡ ਢੇਲਵਾਂ ਦੇ ਲੋਕਾਂ ਨੂੰ ਵੀ ਇਲਾਜ ਲਈ ਸੱਤ ਕਿਲੋਮੀਟਰ ਦੂਰ ਜਾਣਾ ਪੈਂਦਾ ਹੈ। ਮੁਢਲਾ ਸਿਹਤ ਕੇਂਦਰ ਵੀ ਪਿੰਡ ਵਿੱਚ ਨਹੀਂ। ਸ਼ਮਸ਼ਾਨਘਾਟ ਵਿੱਚ ਸਭ ਇੰਤਜ਼ਾਮ ਮੌਜੂਦ ਹਨ। ਪਿੰਡ ਦੇ ਸਰਪੰਚ ਗੁਰਲਾਭ ਸਿੰਘ ਦਾ ਕਹਿਣਾ ਸੀ ਕਿ ਸਿਹਤ ਕੇਂਦਰ ਵੀ ਜ਼ਰੂਰੀ ਹੈ ਤੇ ਸ਼ਮਸ਼ਾਨਘਾਟ ਵੀ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਪਿੰਡ ਦੇ ਲੋਕ ਲਾਗਲੇ ਪਿੰਡ ਗੰਗਾ ਜਾਂ ਨਥਾਣਾ ਵਿੱਚ ਇਲਾਜ ਲਈ ਜਾਂਦੇ ਹਨ।ਪਿੰਡ ਸਿੱਖਵਾਲਾ ਵਿੱਚ ਵੀ ਦੋ ਸ਼ਮਸ਼ਾਨਘਾਟ ਹਨ। ਪੰਜਾਬ ਦੇ ਏਦਾਂ ਦੇ ਪਿੰਡਾਂ ਦੀ ਕੋਈ ਕਮੀ ਨਹੀਂ ਜਿਥੇ ਮੋਇਆ ਵਾਸਤੇ ਸ਼ਮਸ਼ਾਨਘਾਟ ਤਾਂ ਦੋ-ਦੋ ਹਨ ਪਰ ਜੀਵਨ ਦੇਣ ਵਾਸਤੇ ਕੋਈ ਸਿਹਤ ਕੇਂਦਰ ਨਹੀਂ। ਵੱਡੀ ਸੱਟ ਗਰੀਬ ਲੋਕਾਂ ਨੂੰ ਵੱਜਦੀ ਹੈ ਜਿਨ੍ਹਾਂ ਨੂੰ ਪਿੰਡਾਂ ਦੇ ਆਰਐਮਪੀ ਡਾਕਟਰਾਂ 'ਤੇ ਨਿਰਭਰ ਹੋਣਾ ਪੈਂਦਾ ਹੈ। ਇਨ੍ਹਾਂ ਪਿੰਡਾਂ ਵਿੱਚ ਹਫਤੇ ਜਾਂ ਦੋ ਹਫਤਿਆਂ ਵਿੱਚੋਂ ਇੱਕ ਹੈਲਥ ਵਰਕਰ ਚੱਕਰ ਲਾ ਜਾਂਦਾ ਹੈ। ਇਨ੍ਹਾਂ ਪਿੰਡਾਂ ਵਿੱਚ ਮੁਢਲੀ ਸਹਾਇਤਾ ਦੇਣ ਵਾਸਤੇ ਵੀ ਸਰਕਾਰੀ ਇੰਤਜ਼ਾਮ ਨਹੀਂ ਹੈ।

No comments:

Post a Comment