Thursday, August 22, 2013

                            ਨਵਾਂ ਕਾਰਨਾਮਾ
     ਅਧਿਆਪਕਾਂ ਦਾ ਭਰਤੀ ਸਕੈਂਡਲ  
                            ਚਰਨਜੀਤ ਭੁੱਲਰ
ਬਠਿੰਡਾ :  ਸਿੱਖਿਆ ਵਿਭਾਗ ਪੰਜਾਬ ਵਿੱਚ ਹੁਣ ਪੀ.ਟੀ.ਆਈ ਅਧਿਆਪਕਾਂ ਦੀ ਭਰਤੀ ਦਾ ਘਪਲਾ ਉਜਾਗਰ ਹੋਇਆ ਹੈ। ਜਿਨ•ਾਂ ਉਮੀਦਵਾਰਾਂ ਨੇ ਇਸ ਅਸਾਮੀ ਲਈ ਅਪਲਾਈ ਹੀ ਨਹੀਂ ਕੀਤਾ ਸੀ,ਉਨ•ਾਂ ਨੂੰ ਸਿੱਖਿਆ ਵਿਭਾਗ ਨੇ ਨਿਯੁਕਤੀ ਪੱਤਰ ਦੇ ਦਿੱਤੇ ਹਨ। ਇੱਥੋਂ ਤੱਕ ਕਈ ਅਧਿਆਪਕ ਤਾਂ ਯੋਗਤਾ ਵੀ ਪੂਰੀ ਨਹੀਂ ਕਰਦੇ ਹਨ ਜਿਨ•ਾਂ ਨੂੰ ਨਿਯੁਕਤ ਕੀਤਾ ਗਿਆ ਹੈ। ਏਦਾ ਹੀ ਕੁਝ ਉਮੀਦਵਾਰਾਂ ਦੀ ਮੈਰਿਟ ਵਧਾ ਕੇ ਉਨ•ਾਂ ਨੂੰ ਭਰਤੀ ਕਰ ਲਿਆ ਗਿਆ ਹੈ। ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਜੋ ਵੇਰਵੇ ਪ੍ਰਾਪਤ ਹੋਏ ਹਨ,ਉਨ•ਾਂ ਵਿੱਚ 72 ਪੀ.ਟੀ.ਆਈ ਅਧਿਆਪਕਾਂ ਦੀ ਭਰਤੀ ਦਾ ਸਕੈਂਡਲ ਸਾਹਮਣੇ ਆਇਆ ਹੈ। ਸਿੱਖਿਆ ਵਿਭਾਗ ਵਲੋਂ ਇਨ•ਾਂ ਅਧਿਆਪਕਾਂ ਦੀ ਭਰਤੀ ਸੈਂਟਰ ਡਿਵੈਲਪਮੈਂਟ ਆਫ਼ ਅਡਵਾਂਸ ਕੰਪਿਊਟਿੰਗ (ਸੀ.ਡੈਕ) ਤੋਂ ਕਰਾਈ ਗਈ ਹੈ। ਵੇਰਵਿਆਂ ਅਨੁਸਾਰ ਸਿੱਖਿਆ ਵਿਭਾਗ ਪੰਜਾਬ ਵਲੋਂ 175 ਪੀ.ਟੀ.ਆਈ ਅਧਿਆਪਕਾਂ ਦੀ ਭਰਤੀ ਦਾ ਇਸ਼ਤਿਹਾਰ 21 ਅਕਤੂਬਰ 2006 ਨੂੰ ਦਿੱਤਾ ਸੀ ਅਤੇ ਮਗਰੋਂ 8 ਨਵੰਬਰ 2006 ਨੂੰ ਸੋਧ ਕਰਕੇ ਅਸਾਮੀਆਂ ਦੀ ਗਿਣਤੀ 849 ਕਰ ਦਿੱਤੀ ਗਈ ਸੀ। ਇਸ ਭਰਤੀ ਲਈ ਯੋਗਤਾ ਜਮ•ਾ ਦੋ ਅਤੇ ਦੋ ਸਾਲ ਦਾ ਸੀ.ਪੀ.ਐਡ ਦਾ ਕੋਰਸ ਸੀ। ਉਮੀਦਵਾਰਾਂ ਵਲੋਂ ਸੀ.ਡੈਕ ਕੋਲ ਆਨ ਲਾਈਨ ਅਪਲਾਈ ਕੀਤੇ ਜਾਣ ਦੀ ਆਖਰੀ ਤਰੀਕ 11 ਨਵੰਬਰ 2006 ਸੀ।
                   ਸੀ.ਡੈਕ ਵਲੋਂ ਜੋ ਆਰ.ਟੀ.ਆਈ ਤਹਿਤ ਸੂਚਨਾ ਦਿੱਤੀ ਗਈ ਹੈ, ਉਸ ਅਨੁਸਾਰ 5265 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਦਸੰਬਰ 2006 ਵਿਚ ਕੌਸਲਿੰਗ ਹੋਣ ਮਗਰੋਂ 849 ਚੋਂ 587 ਉਮੀਦਵਾਰਾਂ ਦੀ ਭਰਤੀ ਕੀਤੇ ਜਾਣ ਦੀ ਸੂਚੀ ਆਊਟ ਕੀਤੀ ਗਈ। ਭਰਤੀ ਕੀਤੇ ਸਾਰੇ ਅਧਿਆਪਕਾਂ ਦੀ ਯੋਗਤਾ ਸੀ.ਪੀ.ਐਡ ਸੀ। ਭਰਤੀ ਮਗਰੋਂ 262 ਅਸਾਮੀਆਂ ਫਿਰ ਵੀ ਖ਼ਾਲੀ ਰਹਿ ਗਈਆਂ। ਸੀ.ਪੀ.ਐਡ ਤੋਂ ਉੱਚੀ ਯੋਗਤਾ ਰੱਖਣ ਵਾਲੇ ਉਮੀਦਵਾਰਾਂ ਨੇ ਇਸ ਮਾਮਲੇ ਨੂੰ ਸਾਲ 2008 ਵਿੱਚ ਚਣੌਤੀ ਦੇ ਦਿੱਤੀ ਸੀ। ਹਾਈਕੋਰਟ ਨੇ 27 ਜੁਲਾਈ 2010 ਵਿੱਚ ਫੈਸਲਾ ਦੇ ਦਿੱਤਾ ਸੀ ਕਿ ਸੀ.ਪੀ.ਐਡ ਅਤੇ ਉੱਚ ਯੋਗਤਾ ਵਾਲੇ ਉਮੀਦਵਾਰਾਂ ਦੀ ਸਾਂਝੀ ਮੈਰਿਟ ਬਣਾਈ ਜਾਵੇ। ਸਿੱਖਿਆ ਵਿਭਾਗ ਨੇ ਮੁੜ ਸਾਂਝੀ ਮੈਰਿਟ ਬਣਾ ਕੇ 849 ਉਮੀਦਵਾਰਾਂ ਦਾ ਭਰਤੀ ਨਤੀਜਾ ਐਲਾਨ ਦਿੱਤਾ। ਸਿੱਖਿਆ ਵਿਭਾਗ ਨੇ ਇਨ•ਾਂ ਚੋਂ 399 ਉਮੀਦਵਾਰਾਂ ਨੂੰ ਜੁਲਾਈ 2012 ਵਿੱਚ ਨਿਯੁਕਤੀ ਪੱਤਰ ਵੀ ਦੇ ਦਿੱਤੇ ਹਨ। ਸਰਕਾਰੀ ਸੂਚਨਾ ਵਿੱਚ ਇਹ ਤੱਥ ਉਭਰੇ ਹਨ ਕਿ ਜੋ 849 ਦੇ ਭਰਤੀ ਨਤੀਜੇ ਦਾ ਐਲਾਨ ਕੀਤਾ ਗਿਆ ਹੈ ਅਤੇ ਨਿਯੁਕਤੀ ਪੱਤਰ ਦਿੱਤੇ ਹਨ,ਉਨ•ਾਂ ਵਿੱਚੋਂ 56 ਉਮੀਦਵਾਰਾਂ ਨੇ ਤਾਂ ਸੀ.ਡੈਕ ਕੋਲ ਆਨ ਲਾਈਨ ਅਪਲਾਈ ਹੀ ਨਹੀਂ ਕੀਤਾ ਸੀ ਪ੍ਰੰਤੂ ਇਨ•ਾਂ ਨੂੰ ਮਹਿਕਮੇ ਨੇ ਨਿਯੁਕਤੀ ਪੱਤਰ ਦੇ ਦਿੱਤੇ ਹਨ। ਸੀ.ਡੈਕ ਵਲੋਂ ਜੋ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਸੀ.ਡੀ ਦਿੱਤੀ ਗਈ ਹੈ,ਉਨ•ਾਂ ਵਿੱਚ ਨਿਯੁਕਤ ਕੀਤੇ 56 ਉਮੀਦਵਾਰਾਂ ਦੇ ਨਾਮ ਨਹੀਂ ਹਨ।
                 ਸੂਤਰ ਦੱਸਦੇ ਹਨ ਕਿ ਸਿੱਖਿਆ ਵਿਭਾਗ ਪੰਜਾਬ ਵਲੋਂ ਚੋਰੀ ਮੋਰੀ ਰਾਹੀਂ ਇਨ•ਾਂ ਅਧਿਆਪਕਾਂ ਨੂੰ ਭਰਤੀ ਕਰ ਦਿੱਤਾ ਗਿਆ ਹੈ ਜਦੋਂ ਕਿ ਆਨ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਹੱਕ ਮਾਰ ਦਿੱਤਾ ਗਿਆ ਹੈ। ਜਿਨ•ਾਂ ਨੇ ਬਿਨ•ਾਂ ਅਪਲਾਈ ਕੀਤੇ ਪਿਛਲੇ ਦਰਵਾਜ਼ਿਓਂ ਨੌਕਰੀ ਲੈ ਲਈ ਹੈ, ਉਨ•ਾਂ ਵਿੱਚ ਜ਼ਿਲ•ਾ ਮਾਨਸਾ ਦੇ ਪੰਜ,ਹੁਸ਼ਿਆਰਪੁਰ,ਬਠਿੰਡਾ, ਗੁਰਦਾਸਪੁਰ ਦੇ ਚਾਰ ਚਾਰ ਉਮੀਦਵਾਰ,ਪਟਿਆਲਾ, ਸੰਗਰੂਰ, ਅੰਮ੍ਰਿਤਸਰ ਦੇ ਤਿੰਨ ਤਿੰਨ ਉਮੀਦਵਾਰ,ਲੁਧਿਆਣਾ, ਮੋਗਾ,ਫਿਰੋਜ਼ਪੁਰ,ਨਵਾਂ ਸ਼ਹਿਰ ਦੇ ਦੋ ਦੋ ਉਮੀਦਵਾਰ ਅਤੇ ਜਲੰਧਰ,ਤਰਨਤਾਰਨ,ਫਰੀਦਕੋਟ,ਰੋਪੜ ਅਤੇ ਫਤਹਿਗੜ ਸਾਹਿਬ ਦਾ ਇੱਕ ਇੱਕ ਉਮੀਦਵਾਰ ਸ਼ਾਮਲ ਹੈ। ਇਨ•ਾਂ 56 ਉਮੀਦਵਾਰਾਂ ਵਿੱਚ 27 ਜਨਰਲ ਕੈਟਾਗਿਰੀ ਅਤੇ ਬਾਕੀ ਐਸ.ਸੀ ਕੈਟਾਗਿਰੀ ਸਮੇਤ ਬਾਕੀ ਕੈਟਾਗਿਰੀਜ ਦੇ ਹਨ। ਇਨ•ਾਂ ਵਿੱਚ ਦੋ ਦਰਜਨ ਲੜਕੀਆਂ ਹਨ। ਪੰਜਾਬੀ ਟ੍ਰਿਬਿਊਨ ਕੋਲ ਇਨ•ਾਂ ਉਮੀਦਵਾਰਾਂ ਦੀ ਸੂਚੀ ਵੀ ਮੌਜੂਦ ਹੈ। ਸਰਕਾਰੀ ਸੂਚਨਾ ਵਿੱਚ ਇਹ ਗੜਬੜ ਵੀ ਸਾਹਮਣੇ ਆਈ ਹੈ ਕਿ 8 ਉਮੀਦਵਾਰ ਅਜਿਹੇ ਹਨ ਜਿਨ•ਾਂ ਦੀ ਸੀ.ਡੈਕ ਅਤੇ ਸਿੱਖਿਆ ਵਿਭਾਗ ਵਲੋਂ ਬਣਾਈ ਮੈਰਿਟ ਮੇਲ ਨਹੀਂ ਖਾਂਦੀ ਹੈ। ਮਿਸਾਲ ਦੇ ਤੌਰ ਤੇ ਸੀ.ਡੈਕ ਨੇ ਰਜਿ. ਨੰਬਰ 48361 ਦੀ ਮੈਰਿਟ 57.44 ਬਣਾਈ ਗਈ ਪ੍ਰੰਤੂ ਸਿੱਖਿਆ ਵਿਭਾਗ ਨੇ ਵਿਭਾਗੀ ਮੈਰਿਟ 74.60 ਬਣਾ ਕੇ ਉਸ ਨੂੰ ਭਰਤੀ ਕਰ ਲਿਆ ਹੈ। ਇਸੇ ਤਰ•ਾਂ ਸੀ.ਡੈਕ ਨੇ ਰਜਿ. ਨੰਬਰ 38153 ਦੀ ਮੈਰਿਟ 55.76 ਬਣਾਈ ਪ੍ਰੰਤੂ ਵਿਭਾਗੀ ਮੈਰਿਟ 65.31 ਬਣਾ ਕੇ ਉਸ ਨੂੰ ਭਰਤੀ ਕਰ ਲਿਆ ਗਿਆ ਹੈ।
                  ਇਨ•ਾਂ ਅੱਠ ਉਮੀਦਵਾਰਾਂ ਵਿੱਚ ਦੋ ਲੜਕੀਆਂ ਵੀ ਸ਼ਾਮਲ ਹਨ। ਤਿੰਨ ਉਮੀਦਵਾਰ ਉਹ ਵੀ ਭਰਤੀ ਕੀਤੇ ਗਏ ਹਨ ਜਿਨ•ਾਂ ਨੇ ਕੋਰਸ ਹੀ ਸਾਲ 2006 ਤੋਂ ਮਗਰੋਂ ਕੀਤਾ ਹੋਇਆ ਹੈ। ਇਨ•ਾਂ ਵਿੱਚ ਵੀ ਇੱਕ ਲੜਕੀ ਸ਼ਾਮਲ ਹੈ। ਸੂਚਨਾ ਅਨੁਸਾਰ ਐਕਸ ਸਰਵਿਸਮੈਨ ਦੇ ਕੋਟੇ ਵਿੱਚ ਤਿੰਨ ਉਮੀਦਵਾਰ ਅਜਿਹੇ ਭਰਤੀ ਕੀਤੇ ਗਏ ਹਨ ਜੋ ਜਮ•ਾ ਦੋ ਪਾਸ ਹੀ ਨਹੀਂ ਹਨ। ਇਨ•ਾਂ ਉਮੀਦਵਾਰਾਂ ਨੇ ਮੈਟ੍ਰਿਕ ਤੋਂ ਮਗਰੋਂ ਤਿੰਨ ਤਿੰਨ ਮਹੀਨੇ ਦਾ ਇੱਕ ਕੋਰਸ ਕੀਤਾ ਹੋਇਆ ਹੈ ਜਦੋਂ ਕਿ ਯੋਗਤਾ ਜਮ•ਾ ਦੋ ਪਾਸ ਅਤੇ ਸੀ.ਪੀ.ਐਡ ਰੱਖੀ ਹੋਈ ਸੀ। ਇਸ ਤੋਂ ਇਲਾਵਾ ਦੋ ਉਮੀਦਵਾਰ ਉਹ ਭਰਤੀ ਕੀਤੇ ਗਏ ਹਨ ਜੋ ਐਮ.ਏ ਪਾਸ ਹਨ ਜਦੋਂ ਕਿ ਐਮ.ਏ ਪ੍ਰੋਫੈਸਨਲ ਡਿਗਰੀ ਨਹੀਂ ਹੈ। ਪਿੰਡ ਸਾਹੋਕੇ ਦੇ ਸਤੀਸ਼ ਕੁਮਾਰ ਨੇ ਇਸ ਮਾਮਲੇ ਦੀ ਉੱਚ ਪੱਧਰੀ ਪੜਤਾਲ ਦੀ ਮੰਗ ਕੀਤੀ ਹੈ ਤਾਂ ਜੋ ਯੋਗ ਉਮੀਦਵਾਰਾਂ ਨੂੰ ਇਨਸਾਫ ਮਿਲ ਸਕੇ। ਦੱਸਣਯੋਗ ਹੈ ਕਿ ਸਿੱਖਿਆ ਵਿਭਾਗ ਨੇ ਇਹ ਸੂਚਨਾ ਦੇਣ ਤੋਂ ਆਨਾਕਾਨੀ ਕੀਤੀ ਜਿਸ ਕਰਕੇ ਸੂਚਨਾ ਕਮਿਸ਼ਨ ਪੰਜਾਬ ਨੇ ਦੇ ਹੁਕਮਾਂ ਤੇ ਸੂਚਨਾ ਪ੍ਰਾਪਤ ਹੋਈ ਹੈ। ਜੋ ਘਪਲਾ ਕਰਕੇ ਭਰਤੀ ਹੋਏ ਹਨ,ਉਨ•ਾਂ ਚੋਂ ਕਾਫ਼ੀ ਨੂੰ ਤਾਂ ਨਿਯੁਕਤੀ ਪੱਤਰ ਵੀ ਮਿਲ ਚੁੱਕੇ ਹਨ।  ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਪੜਤਾਲ ਡਿਪਟੀ ਡਾਇਰੈਕਟਰ ਨੂੰ ਕਰਨ ਵਾਸਤੇ ਆਖਿਆ ਹੈ। ਡਿਪਟੀ ਡਾਇਰੈਕਟਰ ਰਾਜੇਸ਼ ਕੁਮਾਰ ਦਾ ਕਹਿਣਾ ਸੀ ਕਿ ਉਨ•ਾਂ ਨੇ ਸੀ.ਡੈਕ ਦੇ ਰਿਕਾਰਡ ਦੀ ਛਾਣਬੀਣ ਕੀਤੀ ਹੈ ਜਿਸ ਚੋਂ ਹਾਲੇ 48 ਉਮੀਦਵਾਰਾਂ ਦੇ ਨਾਮ ਨਹੀਂ ਲੱਭੇ ਹਨ ਜਿਨ•ਾਂ ਦੀ ਨਿਯੁਕਤੀ ਹੋਈ ਹੈ। ਉਨ•ਾਂ ਦੱਸਿਆ ਕਿ ਉਨ•ਾਂ ਵਲੋਂ ਹਾਲੇ ਰਿਕਾਰਡ ਦੀ ਘੋਖ ਕੀਤੀ ਜਾ ਰਹੀ ਹੈ। ਡੀ.ਪੀ.ਆਈ (ਸੈਕੰਡਰੀ) ਕਮਲ ਗਰਗ ਨੂੰ ਵਾਰ ਵਾਰ ਫੋਨ ਕੀਤਾ ਪ੍ਰੰਤੂ ਉਨ•ਾਂ ਚੁੱਕਿਆ ਨਹੀਂ।
                                          ਮਾਮਲਾ ਧਿਆਨ ਵਿੱਚ ਨਹੀਂ : ਪ੍ਰਿੰਸੀਪਲ ਸਕੱਤਰ
ਸਿੱਖਿਆ ਵਿਭਾਗ ਪੰਜਾਬ ਦੀ ਪ੍ਰਿੰਸੀਪਲ ਸਕੱਤਰ ਅੰਜਲੀ ਭਾਵੜਾ ਦਾ ਕਹਿਣਾ ਸੀ ਕਿ ਪੀ.ਟੀ.ਆਈ ਅਧਿਆਪਕਾਂ ਦਾ ਇਹ ਮਾਮਲਾ ਉਨ•ਾਂ ਦੇ ਨੋਟਿਸ ਵਿੱਚ ਨਹੀਂ ਹੈ। ਉਨ•ਾਂ ਆਖਿਆ ਕਿ ਜੋ ਅਧਿਆਪਕ ਨਿਯੁਕਤ ਹੋਏ ਹਨ,ਉਨ•ਾਂ ਨੇ ਅਪਲਾਈ ਤਾਂ ਕੀਤਾ ਹੀ ਹੋਵੇਗਾ। ਇਸ ਵਿੱਚ ਕੋਈ ਹੋਰ ਕਾਰਨ ਹੋ ਸਕਦਾ ਹੈ। ਉਨ•ਾਂ ਆਖਿਆ ਕਿ ਉਹ ਇਸ ਮਾਮਲੇ ਦਾ ਪਤਾ ਕਰਨਗੇ ਅਤੇ ਉਸ ਮਗਰੋਂ ਹੀ ਅਗਲਾ ਕਦਮ ਲਿਆ ਜਾਵੇਗਾ।

No comments:

Post a Comment