Wednesday, August 14, 2013

                                ਸਰਕਾਰੀ ਧੱਕਾ
        ਪੈਸਾ ਬਠਿੰਡੇ ਦਾ, ਵਿਕਾਸ ਲੰਬੀ ਦਾ
                               ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਵਿਕਾਸ ਅਥਾਰਟੀ ਵੱਲੋਂ ਸ਼ਹਿਰਾਂ ਦੀ ਕਮਾਈ ਮੁੱਖ ਮੰਤਰੀ ਦੇ ਹਲਕੇ ਲੰਬੀ ਦੇ ਪਿੰਡਾਂ ਵਿੱਚ ਖਰਚੀ ਜਾਣ ਲੱਗੀ ਹੈ। ਹੈਰਾਨੀ ਦੀ ਗੱਲ ਹੈ ਕਿ ਵਿਕਾਸ ਅਥਾਰਟੀ ਵੱਲੋਂ ਸ਼ਹਿਰੀ ਵਿਕਾਸ ਲਈ ਕਰਜ਼ੇ ਚੁੱਕੇ ਜਾ ਰਹੇ ਹਨ ਤੇ ਸ਼ਹਿਰੀ ਜਾਇਦਾਦ ਵੇਚੀ ਜਾ ਰਹੀ ਹੈ ਪਰ ਸਰਕਾਰੀ ਸੰਪਤੀ ਵੇਚ ਕੇ ਹੋਈ ਕਮਾਈ ਮੁੱਖ ਮੰਤਰੀ ਦੇ ਹਲਕੇ ਲੰਬੀ ਵਿੱਚ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਸ਼ਹਿਰੀ ਵਿਕਾਸ ਦਾ ਬੁਰਾ ਹਾਲ ਹੈ। ਪੰਜਾਬ ਸਰਕਾਰ ਵੱਲੋਂ 16 ਜੁਲਾਈ, 2007 ਨੂੰ ਬਠਿੰਡਾ ਵਿਕਾਸ ਅਥਾਰਟੀ ਬਣਾਈ ਗਈ ਸੀ। ਮਗਰੋਂ ਅਗਸਤ 2010 ਵਿੱਚ ਅਥਾਰਟੀ ਦਾ ਘੇਰਾ ਵਧਾ ਕੇ ਇਸ ਵਿੱਚ ਮਾਨਸਾ, ਮੁਕਤਸਰ, ਫਰੀਦਕੋਟ ਤੇ ਫਿਰੋਜ਼ਪੁਰ ਦੇ ਸ਼ਹਿਰਾਂ ਨੂੰ ਸ਼ਾਮਲ ਕਰ ਲਿਆ ਗਿਆ ਸੀ। ਅਥਾਰਟੀ ਦਾ ਮੁੱਖ ਮਕਸਦ ਸ਼ਹਿਰੀ ਵਿਕਾਸ ਕਰਨਾ ਸੀ। ਅਥਾਰਟੀ ਦਾ ਖ਼ਜ਼ਾਨਾ ਹੁਣ ਪੰਜਾਬ ਸਰਕਾਰ ਵੱਲੋਂ ਵੀ.ਆਈ.ਪੀ. ਹਲਕੇ ਲਈ ਵਰਤਿਆ ਜਾਣ ਲੱਗਾ ਹੈ। ਬਠਿੰਡਾ ਵਿਕਾਸ ਅਥਾਰਟੀ ਵੱਲੋਂ ਪਹਿਲੀ ਅਪਰੈਲ, 2012 ਤੋਂ ਹੁਣ ਤੱਕ ਹਲਕਾ ਲੰਬੀ ਦੇ ਦੋ ਦਰਜਨ ਪਿੰਡਾਂ ਨੂੰ 2.92 ਕਰੋੜ ਰੁਪਏ ਦੇ ਫੰਡ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਫੰਡਾਂ ਨਾਲ ਵਿਕਾਸ ਦੇ ਕੰਮ ਕਿਸੇ ਹੋਰ ਏਜੰਸੀ ਤੋਂ ਕਰਾਏ ਜਾ ਰਹੇ ਹਨ।
                ਸਰਕਾਰੀ ਸੂਚਨਾ ਅਨੁਸਾਰ ਜੁਲਾਈ 2012 ਤੋਂ ਹਲਕਾ ਲੰਬੀ ਵਿੱਚ ਬਠਿੰਡਾ ਵਿਕਾਸ ਅਥਾਰਟੀ ਦੇ ਫੰਡ ਵਰਤੇ ਜਾਣ ਲੱਗੇ ਹਨ। ਇਹ ਫੰਡ ਜਲ ਘਰ ਦੀਆਂ ਪਾਈਪਾਂ ਤੇ ਢਾਣੀਆਂ ਨੂੰ ਪੀਣ ਵਾਲਾ ਪਾਣੀ ਦੇਣ ਵਾਸਤੇ ਦਿੱਤੇ ਗਏ ਹਨ। ਤਕਰੀਬਨ ਦੋ ਸਾਲ ਪਹਿਲਾਂ ਅਥਾਰਟੀ ਨੇ ਲੰਬੀ ਹਲਕੇ ਦੇ ਪਿੰਡ ਖੁੱਡੀਆਂ ਗੁਲਾਬ ਸਿੰਘ ਦਾ ਵਿਕਾਸ ਕੀਤਾ ਸੀ ਜਿਸ ਵਿੱਚ ਪਿੰਡ ਦੀਆਂ ਸੜਕਾਂ, ਸੀਵਰੇਜ ਆਦਿ ਸ਼ਾਮਲ ਹੈ। ਅਥਾਰਟੀ ਨੇ ਤਕਰੀਬਨ 70 ਲੱਖ ਰੁਪਏ ਇਸ ਪਿੰਡ ਦੇ ਵਿਕਾਸ 'ਤੇ ਖਰਚ ਕੀਤੇ ਸਨ। ਉਸ ਮਗਰੋਂ ਇਸ ਹਲਕੇ ਨੂੰ ਕੋਈ ਫੰਡ ਨਹੀਂ ਦਿੱਤਾ ਗਿਆ। ਹੁਣ ਜਦੋਂ ਮੁੜ ਅਕਾਲੀ ਭਾਜਪਾ ਸਰਕਾਰ ਹੋਂਦ ਵਿੱਚ ਆਈ ਹੈ ਤਾਂ ਅਥਾਰਟੀ ਦਾ ਪੈਸਾ ਖੁੱਲ੍ਹ ਕੇ ਵਰਤਿਆ ਜਾਣ ਲੱਗਾ ਹੈ। ਇੱਥੋਂ ਤੱਕ ਕਿ ਬਠਿੰਡਾ ਵਿਕਾਸ ਅਥਾਰਟੀ ਨੇ ਮੁੱਖ ਮੰਤਰੀ ਦੇ ਸਹੁਰਿਆਂ ਦੇ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿੱਚ ਬਾਬਾ ਫ਼ਤਿਹ ਸਿੰਘ ਯਾਦਗਾਰੀ ਪਾਰਕ ਵੀ ਬਣਾਇਆ ਹੈ ਜਿਸ 'ਤੇ ਅਥਾਰਟੀ ਨੇ 1.23 ਕਰੋੜ ਰੁਪਏ ਖਰਚ ਕੀਤੇ ਹਨ। ਪਾਰਕ ਵਿੱਚ ਬਾਬਾ ਫ਼ਤਿਹ ਸਿੰਘ ਦਾ ਬੁੱਤ ਲਾਇਆ ਗਿਆ ਹੈ।
                ਅਥਾਰਟੀ ਵੱਲੋਂ ਹਲਕਾ ਲੰਬੀ ਤੇ ਚੱਕ ਫ਼ਤਿਹ ਸਿੰਘ ਵਾਲਾ ਤੋਂ ਬਿਨ੍ਹਾਂ ਹੋਰ ਕਿਸੇ ਪਿੰਡ ਦੇ ਵਿਕਾਸ ਲਈ ਕੋਈ ਪੈਸਾ ਨਹੀਂ ਦਿੱਤਾ ਹੈ। ਹਲਕਾ ਲੰਬੀ ਦੇ ਪਿੰਡ ਭਗਵਾਨਪੁਰਾ ਦੀ ਢਾਣੀ ਅਮਰ ਸਿੰਘ ਵਿੱਚ ਆਰ.ਓ. ਸਿਸਟਮ ਲਾਉਣ ਲਈ ਅਥਾਰਟੀ ਨੇ 13 ਲੱਖ ਰੁਪਏ ਜਾਰੀ ਕੀਤੇ ਸਨ ਤੇ ਇਸੇ ਤਰ੍ਹਾਂ ਡਬਵਾਲੀ ਮਲਕੋ ਵਿੱਚ ਜਲ ਘਰ ਦੀ ਚਾਰਦੀਵਾਰੀ ਖਾਤਰ 9.43 ਲੱਖ ਰੁਪਏ ਦੇ ਫੰਡ ਜਾਰੀ ਕੀਤੇ ਸਨ। ਲੰਬੀ ਦੇ ਪਿੰਡ ਮਿਡੂਖੇਡਾ ਦੀ ਇੱਕ ਢਾਣੀ ਵਿੱਚ ਪਾਣੀ ਦੀਆਂ ਪਾਈਪਾਂ ਪਾਉਣ ਲਈ 26.58 ਲੱਖ ਰੁਪਏ ਦੇ ਫੰਡ ਅਥਾਰਟੀ ਨੇ ਦਿੱਤੇ ਹਨ। ਪਿੰਡ ਪੰਜਾਬਾਂ ਵਿੱਚ ਪਾਣੀ ਦੀਆਂ ਪਾਈਪਾਂ ਲਈ 23 ਲੱਖ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ। ਲੰਬੀ ਦੇ ਪਿੰਡ ਕੰਗਣਖੇੜਾ ਨੂੰ 38.39 ਲੱਖ, ਪਿੰਡ ਭੁੱਲਰਵਾਲਾ ਨੂੰ 10.29 ਲੱਖ, ਮਿੱਠੜੀ ਬੁੱਧ ਗਿਰ ਨੂੰ 10.56 ਲੱਖ, ਡਬਵਾਲੀ ਢਾਬ ਨੂੰ 6.30 ਲੱਖ, ਪਿੰਡ ਕੰਦੂਖੇੜਾ ਨੂੰ ਪੰਜ ਲੱਖ ਰੁਪਏ ਤੇ ਪਿੰਡ ਸਹਿਣਾ ਖੇੜਾ ਨੂੰ 6.84 ਲੱਖ ਰੁਪਏ ਅਥਾਰਟੀ ਦੇ ਖਾਤੇ ਵਿੱਚੋਂ ਦਿੱਤੇ ਗਏ ਹਨ। ਇਨ੍ਹਾਂ ਪਿੰਡਾਂ ਨੂੰ ਪਾਣੀ  ਦੀਆਂ ਪਾਈਪਾਂ ਵਾਸਤੇ ਰਾਸ਼ੀ ਦਿੱਤੀ ਗਈ ਹੈ। ਅਥਾਰਟੀ ਨੇ ਪਿੰਡ ਰੋੜਾਵਾਲੀ ਵਿੱਚ ਤਾਂ ਜਲ ਘਰ ਦੀਆਂ ਪਾਈਪਾਂ ਤੇ ਜਲ ਘਰ ਦੇ ਅੰਦਰ ਚੌਕੀਦਾਰ ਦਾ ਕਮਰਾ ਬਣਾਉਣ ਵਾਸਤੇ ਵੀ 32 ਲੱਖ ਰੁਪਏ ਦਿੱਤੇ ਹਨ। ਅਥਾਰਟੀ ਵੱਲੋਂ ਪਿੰਡਾਂ ਵਿੱਚ 4.16 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ।
                   ਬਠਿੰਡਾ ਵਿਕਾਸ ਅਥਾਰਟੀ ਵੱਲੋਂ ਅਸੈਂਬਲੀ ਚੋਣਾਂ 2012 ਤੋਂ ਪਹਿਲਾਂ ਬਠਿੰਡਾ ਸੰਸਦੀ ਹਲਕੇ ਦੇ ਨੌਂ ਸ਼ਹਿਰਾਂ ਦੇ ਵਿਕਾਸ ਕਾਰਜ ਕਰਾਏ ਗਏ ਹਨ ਤੇ ਇਨ੍ਹਾਂ ਵਿੱਚੋਂ ਕੁਝ ਵਿਕਾਸ ਕਾਰਜ ਅਧੂਰੇ ਵੀ ਹਾਲੇ ਪਏ ਹਨ। ਅਥਾਰਟੀ ਨੇ ਇਨ੍ਹਾਂ ਵਿਕਾਸ ਕੰਮਾਂ ਲਈ ਓ.ਬੀ.ਸੀ. ਬੈਂਕ ਤੋਂ 90 ਕਰੋੜ ਰੁਪਏ ਦਾ ਕਰਜ਼ਾ ਮਨਜ਼ੂਰ ਕਰਾਇਆ ਸੀ ਜਿਸ ਵਿੱਚੋਂ 70 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਇਹ ਕਰਜ਼ਾ ਲੈਣ ਖਾਤਰ ਬਠਿੰਡਾ ਵਿਕਾਸ ਅਥਾਰਟੀ ਨੂੰ ਰਿੰਗ ਰੋਡ ਉਪਰ ਸਥਿਤ 20 ਵਪਾਰਕ ਪਾਕਟਾਂ ਨੂੰ ਬੈਂਕ ਕੋਲ ਗਿਰਵੀ ਰੱਖਣਾ ਪਿਆ ਸੀ। ਬੈਂਕ ਨੇ ਇਹ ਕਰਜ਼ਾ 12 ਫੀਸਦੀ ਵਿਆਜ ਦਰ 'ਤੇ ਦਿੱਤਾ ਸੀ। ਅਥਾਰਟੀ ਨੇ ਮਗਰੋਂ ਇਹ ਕਰਜ਼ਾ ਵਾਪਸ ਕਰ ਦਿੱਤਾ ਸੀ ਤੇ ਅਥਾਰਟੀ ਨੂੰ ਇਸ ਕਰਜ਼ੇ ਦਾ 7.85 ਕਰੋੜ ਰੁਪਏ ਵਿਆਜ ਵੀ ਭਰਨਾ ਪਿਆ ਸੀ। ਸਰਕਾਰੀ ਸੂਤਰਾਂ ਅਨੁਸਾਰ ਅਥਾਰਟੀ ਦੀ ਆਮਦਨ ਦਾ ਜਰੀਆ ਸ਼ਹਿਰੀ ਜਾਇਦਾਦਾਂ ਤੋਂ ਕਮਾਈ ਹੀ ਹੈ।
                                                  ਬਠਿੰਡਾ ਦੀ ਅਹਿਮ ਸੰਪਤੀ ਹੋਈ ਨਿਲਾਮ
ਪੰਜਾਬ ਸਰਕਾਰ ਵੱਲੋਂ ਬਠਿੰਡਾ ਵਿਕਾਸ ਅਥਾਰਟੀ ਨੂੰ ਬਠਿੰਡਾ ਸ਼ਹਿਰ ਦੀਆਂ ਕਈ ਜਾਇਦਾਦਾਂ ਵੇਚਣ ਦਾ ਅਧਿਕਾਰ ਦਿੱਤਾ ਗਿਆ ਸੀ ਜਿਸ ਦੀ ਕਮਾਈ ਨਾਲ ਸ਼ਹਿਰਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਬਠਿੰਡਾ ਸ਼ਹਿਰ ਦੀ ਅਹਿਮ ਸਰਕਾਰੀ ਸੰਪਤੀ ਵਿਕ ਚੁੱਕੀ ਹੈ ਤੇ ਕਈ ਸੰਪਤੀਆਂ ਦੀ ਤਿਆਰੀ ਹੈ। ਬਠਿੰਡਾ ਦੇ ਪੁਰਾਣੇ ਹਸਪਤਾਲ ਵਾਲੀ ਜਗ੍ਹਾ, ਸਿਵਲ ਸਟੇਸ਼ਨ ਦੇ ਇਲਾਕੇ ਦੀ ਅਹਿਮ ਜਗਾ, ਨਹਿਰ ਮਹਿਕਮੇ ਦੀ ਸੰਪਤੀ ਨਿਲਾਮ ਕੀਤੀ ਜਾ ਚੁੱਕੀ ਹੈ। ਇਨ੍ਹਾਂ ਸੰਪਤੀਆਂ ਤੋਂ ਹੋਈ ਕਮਾਈ ਨਾਲ ਹੀ ਅਥਾਰਟੀ ਦਾ ਖ਼ਜ਼ਾਨਾ ਭਰਿਆ ਹੈ। ਪਤਾ ਲੱਗਾ ਹੈ ਕਿ ਹੁਣ ਤਹਿਸੀਲ ਕੰਪਲੈਕਸ ਵਾਲੀ ਜਗ੍ਹਾ ਨੂੰ ਵੀ ਨਿਲਾਮ ਕੀਤਾ ਜਾਣਾ ਹੈ।

1 comment: