Sunday, August 4, 2013

                               ਸਰਕਾਰੀ ਪੁਚਕਾਰ
        ਸੁੱਕੇ ਸਟਾਰ ਲਾਤੇ ਪੁਲੀਸ ਅਫਸਰਾਂ ਦੇ
                                 ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਸਰਕਾਰ ਵਲੋਂ ਤਰੱਕੀ ਦੇ ਫੋਕੇ ਸਟਾਰ ਲਗਾ ਕੇ ਸੈਂਕੜੇ ਪੁਲੀਸ ਅਫਸਰਾਂ ਨੂੰ ਵੀ ਠੱਗ ਲਿਆ ਹੈ। ਪੰਜਾਬ ਸਰਕਾਰ ਪ੍ਰਚਾਰ ਤਾਂ ਇਨ•ਾਂ ਅਫਸਰਾਂ ਨੂੰ ਰੈਗੂਲਰ ਤਰੱਕੀ ਦੇਣ ਦਾ ਕਰ ਰਹੀ ਹੈ ਜਦੋਂ ਕਿ ਇਨ•ਾਂ ਤਰੱਕੀ ਵਾਲੇ ਅਫਸਰਾਂ ਨੂੰ ਆਰਜ਼ੀ ਤਰੱਕੀ ਦਿੱਤੀ ਗਈ ਹੈ। ਸੱਚਮੁੱਚ ਉਨ•ਾਂ ਪੁਲੀਸ ਅਫਸਰਾਂ ਨਾਲ ਠੱਗੀ ਵੱਜ ਗਈ ਹੈ ਜੋ ਰੈਗੂਲਰ ਤਰੱਕੀ ਦੇ ਯੋਗ ਸਨ ਅਤੇ ਸ਼ਰਤਾਂ ਪੂਰੀਆਂ ਕਰਦੇ ਸਨ। ਜੋ ਸ਼ਰਤਾਂ ਤੋਂ ਦੂਰ ਸਨ, ਉਨ•ਾਂ ਨੂੰ ਕੋਈ ਗਿਲਾ ਨਹੀਂ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਜਿਨ•ਾਂ ਅਧਿਕਾਰੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਸੀ, ਉਨ•ਾਂ ਨੂੰ ਤਰੱਕੀ ਦਿੱਤੀ ਗਈ ਹੈ। ਹੋਇਆ ਉਲਟ ਹੈ ਕਿ ਜੋ ਕਈ ਅਧਿਕਾਰੀ ਦਾਗੀ ਸਨ,ਉਨ•ਾਂ ਨੂੰ ਵੀ ਤਰੱਕੀ ਦੇ ਸਟਾਰ ਲਗਾ ਦਿੱਤੇ ਗਏ ਹਨ। ਪੰਜਾਬੀ ਟ੍ਰਿਬਿਊਨ ਕੋਲ ਗ੍ਰਹਿ ਵਿਭਾਗ ਪੰਜਾਬ ਦੀ ਗੁਪਤ ਸ਼ਾਖਾ ਦੇ ਪੱਤਰ ਹਨ ਜਿਨ•ਾਂ ਤੋਂ ਇਨ•ਾਂ ਪੁਲੀਸ ਅਫਸਰਾਂ ਨੂੰ ਆਰਜ਼ੀ ਤਰੱਕੀ ਦਿੱਤੇ ਜਾਣ ਦਾ ਭੇਤ ਖੁੱਲ•ਾ ਹੈ। ਗੁਪਤ ਪੱਤਰਾਂ ਅਨੁਸਾਰ ਜਿਨ•ਾਂ ਇੰਸਪੈਕਟਰਾਂ ਨੂੰ ਆਰਜ਼ੀ ਤਰੱਕੀ ਦੇ ਕੇ ਡੀ.ਐਸ.ਪੀ ਬਣਾਇਆ ਗਿਆ ਹੈ, ਉਨ•ਾਂ ਨੂੰ ਤਨਖਾਹ ਤਾਂ ਇੰਸਪੈਕਟਰ ਰੈਂਕ ਦੀ ਹੀ ਮਿਲੇਗੀ ਪ੍ਰੰੰਤੂ ਉਸ ਨੂੰ ਚਾਰਜ ਅਤੇ ਰੈਂਕ ਡੀ.ਐਸ.ਪੀ ਵਾਲਾ ਦਿੱਤਾ ਗਿਆ ਹੈ। ਇਸੇ ਤਰ•ਾਂ ਜਿਨ•ਾਂ ਡੀ.ਐਸ.ਪੀਜ਼ ਨੂੰ ਤਰੱਕੀ ਦੇ ਕੇ ਐਸ.ਪੀ ਬਣਾਇਆ ਗਿਆ ਹੈ, ਉਨ•ਾਂ ਤਰੱਕੀ ਵਾਲੇ ਐਸ.ਪੀਜ਼ ਨੂੰ ਸਿਰਫ਼ ਰੈਂਕ ਤੇ ਚਾਰਜ ਹੀ ਐਸ.ਪੀ ਵਾਲਾ ਦਿੱਤਾ ਗਿਆ ਹੈ ਜਦੋਂ ਕਿ ਖ਼ਜ਼ਾਨੇ ਚੋ ਤਨਖਾਹ ਉਹ ਡੀ.ਐਸ.ਪੀ ਵਾਲੀ ਹੀ ਲੈਣਗੇ।
              ਪੰਜਾਬ ਸਰਕਾਰ ਵਲੋਂ ਪਹਿਲਾਂ ਵੀ ਆਰਜ਼ੀ ਤਰੱਕੀ ਦਿੱਤੀ ਜਾਂਦੀ ਰਹੀ ਹੈ ਪ੍ਰੰਤੂ ਉਹ ਤਰੱਕੀ ਸਿਰਫ਼ ਇੰਸਪੈਕਟਰ ਤੱਕ ਹੀ ਸੀਮਿਤ ਹੁੰਦੀ ਸੀ। ਪਹਿਲੀ ਦਫ਼ਾ ਹੋਇਆ ਹੈ ਕਿ ਡੀ.ਐਸ.ਪੀਜ਼ ਅਤੇ ਐਸ.ਪੀਜ ਨੂੰ ਆਰਜ਼ੀ ਤਰੱਕੀ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਏਦਾ ਕਰਕੇ ਖ਼ਜ਼ਾਨੇ ਤੇ ਭਾਰ ਪੈਣ ਤੋਂ ਬੱਚਤ ਕਰ ਲਈ ਹੈ ਅਤੇ ਰੈਗੂਲਰ ਤਰੱਕੀ ਦੇ ਯੋਗ ਅਫਸਰਾਂ ਨੂੰ ਆਰਜ਼ੀ ਤਰੱਕੀ ਦੇ ਕੇ ਪਿੱਛਾ ਵੀ ਛਡਵਾ ਲਿਆ ਹੈ। ਗ੍ਰਹਿ ਵਿਭਾਗ ਪੰਜਾਬ ਦੀ ਗੁਪਤ ਸ਼ਾਖਾ 1 ਦੇ ਪੱਤਰ ਨੰਬਰ 1/ 40/ 2011 -2 ਐਚ (1) / 2164 ਮਿਤੀ 24 ਜੁਲਾਈ 2013 ਅਨੁਸਾਰ ਪੰਜਾਬ ਦੇ 39 ਡੀ.ਐਸ.ਪੀਜ਼ ਨੂੰ ਤਰੱਕੀ ਦੇ ਕੇ ਸਿਰਫ਼ ਐਸ.ਪੀ ਦਾ ਚਾਰਜ ਅਤੇ ਰੈਂਕ ਦਿੱਤਾ ਗਿਆ ਹੈ। ਹੁਕਮਾਂ ਵਿੱਚ ਸਾਫ ਲਿਖਿਆ ਹੈ ਕਿ ਤਰੱਕੀ ਵਾਲੇ ਅਧਿਕਾਰੀਆਂ ਨੂੰ ਕੋਈ ਮਾਲੀ ਅਤੇ ਸੀਨੀਅਰਤਾ ਦਾ ਲਾਭ ਨਹੀਂ ਦਿੱਤਾ ਜਾਵੇਗਾ ਅਤੇ ਉਹ ਤਰੱਕੀ ਤੋਂ ਪਹਿਲਾਂ ਵਾਲੇ ਰੈਂਕ ਦੀ ਤਨਖਾਹ ਲੈਣ ਦੇ ਹੱਕਦਾਰ ਹੋਣਗੇ। ਸਰਕਾਰ ਹੁਣ ਇਨ•ਾਂ ਅਫਸਰਾਂ ਤੋਂ ਕੰਮ ਤਾਂ ਉੱਚ ਅਹੁਦੇ ਵਾਲਾ ਲਵੇਗੀ ਪ੍ਰੰਤੂ ਤਨਖਾਹ ਉਨ•ਾਂ ਨੂੰ ਹੇਠਲੇ ਅਹੁਦੇ ਦੀ ਦਿੱਤੀ ਜਾਵੇਗੀ। ਉਹ ਅਧਿਕਾਰੀ ਅੰਦਰੋਂ ਅੰਦਰੀਂ ਨਰਾਜ਼ ਹਨ ਜੋ ਰੈਗੂਲਰ ਤਰੱਕੀ ਦੀ ਉਡੀਕ ਵਿੱਚ ਬੈਠੇ ਸਨ। ਇਸੇ ਤਰ•ਾਂ ਗ੍ਰਹਿ ਵਿਭਾਗ ਦੀ ਗੁਪਤ ਸ਼ਾਖਾ 1 ਦੇ ਪੱਤਰ ਨੰਬਰ 4/ 232/ 2013-3 ਐਚ 3/ 1934 ਮਿਤੀ 24 ਜੁਲਾਈ 2013 ਅਨੁਸਾਰ 119 ਇੰਸਪੈਕਟਰਾਂ ਨੂੰ ਆਰਜ਼ੀ ਡੀ.ਐਸ.ਪੀ ਬਣਾਇਆ ਗਿਆ ਹੈ। ਇਨ•ਾਂ ਨੂੰ ਵੀ ਸਿਰਫ਼ ਚਾਰਜ ਅਤੇ ਰੈਂਕ ਹੀ ਦਿੱਤਾ ਗਿਆ ਹੈ । ਰੈਗੂਲਰ ਤਰੱਕੀ ਹੁੰਦੀ ਤਾਂ ਇਨ•ਾਂ ਅਫਸਰਾਂ ਨੂੰ ਇੰਨਕਰੀਮੈਂਟ ਲੱਗਣਾ ਸੀ ਅਤੇ ਸਕੇਲ ਦਾ ਫਰਕ ਪੈਣਾ ਸੀ।
               ਇੰਸਪੈਕਟਰਾਂ ਤੋਂ ਡੀ.ਐਸ.ਪੀ ਬਣਨ ਵਾਲਿਆਂ ਵਿੱਚ 49 ਅਧਿਕਾਰੀ ਪੀ.ਏ.ਪੀ ਦੇ ਹਨ। ਇਨ•ਾਂ ਤਰੱਕੀ ਵਾਲੇ ਅਧਿਕਾਰੀਆਂ ਦੀ ਆਉਂਦੇ ਦਿਨਾਂ ਵਿੱਚ ਫੀਲਡ ਵਿੱਚ ਤਾਇਨਾਤੀ ਹੋ ਜਾਣੀ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਵਿਖੇ ਸਮਾਗਮਾਂ ਵਿੱਚ ਇਨ•ਾਂ ਅਫਸਰਾਂ ਨੂੰ ਤਰੱਕੀ ਦੇ ਸਟਾਰ ਲਗਾਏ ਹਨ। ਜਦੋਂ ਇਹ ਅਫਸਰ ਆਪੋ ਆਪਣੇ ਘਰੀਂ ਪੁੱਜੇ ਤਾਂ ਉਦੋਂ ਇਨ•ਾਂ ਅਫਸਰਾਂ ਨੂੰ ਅੰਦਰਲੀ ਸਚਾਈ ਪਤਾ ਲੱਗੀ ਹੈ। ਉਪ ਮੁੱਖ ਮੰਤਰੀ ਪੰਜਾਬ ਨੇ ਤਾਂ ਇਨ•ਾਂ ਅਫਸਰਾਂ ਦੇ ਸਟਾਰ ਵੀ ਵਰਦੀਆਂ ਤੇ ਪੁੱਠੇ ਹੀ ਲਗਾ ਦਿੱਤੇ ਹਨ ਜਿਸ ਦਾ ਮੌਕੇ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗ ਸਕਿਆ ਹੈ। ਸੂਤਰ ਆਖਦੇ ਹਨ ਕਿ ਅਕਾਲੀ ਭਾਜਪਾ ਸਰਕਾਰ ਨੇ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਆਰਜ਼ੀ ਤਰੱਕੀ ਦਿੱਤੀ ਹੈ ਤਾਂ ਜੋ ਪੁਲੀਸ ਨੂੰ ਖੁਸ਼ ਕੀਤਾ ਜਾ ਸਕੇ। ਅਸੈਂਬਲੀ ਚੋਣਾਂ 2012 ਤੋਂ ਪਹਿਲਾਂ ਵੀ ਏਦਾ ਦੀ ਤਰੱਕੀ ਦਿੱਤੀ ਗਈ ਸੀ। ਉਦੋਂ ਸਿਰਫ਼ ਇੰਸਪੈਕਟਰ ਰੈਂਕ ਤੱਕ ਦੀ ਆਰਜ਼ੀ ਤਰੱਕੀ ਦਿੱਤੀ ਗਈ ਸੀ।
                                          ਸਟਾਰ ਥਾਣੇਦਾਰੀ ਵਾਲੇ, ਤਨਖਾਹ ਹੌਲਦਾਰ ਦੀ
ਪੰਜਾਬ ਸਰਕਾਰ ਨੇ ਮੁਫਤੋਂ ਮੁਫਤ ਵਿੱਚ ਛੋਟੇ ਵੱਡੇ ਥਾਣੇਦਾਰ ਬਣਾ ਕੇ ਵਾਹ ਵਾਹ ਖੱਟ ਲਈ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿਘੰ ਬਾਦਲ ਨੇ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਨੂੰ ਤਰੱਕੀ ਦੇ ਕੇ ਸਟਾਰ ਲਗਾਏ ਹਨ,ਉਹ ਇਕੱਲੇ ਸਟਾਰ ਹੀ ਹਨ। ਇਨ੍ਹਾਂ ਮੁਲਾਜ਼ਮਾਂ ਦੇ ਫੀਤੀਆਂ ਤਾਂ ਲਗਾ ਦਿੱਤੀਆਂ ਗਈਆਂ ਹਨ ਪ੍ਰੰਤੂ ਉਨ੍ਹਾਂ ਨੂੰ ਤਨਖਾਹ ਪੁਰਾਣੇ ਹੀ ਮਿਲੇਗੀ। ਪੰਜਾਬ ਸਰਕਾਰ ਦੇ ਖਜ਼ਾਨੇ ਤੇ ਇਨ੍ਹਾਂ ਤਰੱਕੀਆਂ ਨਾਲ ਕੋਈ ਬੋਝ ਨਹੀਂ ਪਏਗਾ। ਡੀ.ਜੀ.ਪੀ ਵਲੋਂ 23 ਜੁਲਾਈ 2013 ਨੂੰ 420 ਹੌਲਦਾਰਾਂ ਅਤੇ ਛੋਟੇ ਥਾਣੇਦਾਰਾਂ ਨੂੰ ਆਰਜੀ ਤਰੱਕੀ ਦੇ ਦਿੱਤੀ ਹੈ। ਉਪ ਮੁੱਖ ਮੰਤਰੀ ਪੰਜਾਬ ਨੇ ਜਲੰਧਰ ਵਿਖੇ ਇਨ੍ਹਾਂ ਮੁਲਾਜ਼ਮਾਂ ਦੇ ਤਰੱਕੀ ਦੇ ਸਟਾਰ ਲਗਾਏ ਹਨ। ਤਰੱਕੀ ਲੈਣ ਵਾਲੇ ਥਾਣੇਦਾਰ ਖੁਸ਼ ਹਨ ਅਤੇ ਪੰਜਾਬ ਸਰਕਾਰ ਵੀ ਖੁਸ਼ ਹੈ ਕਿਉਂਕਿ ਬਹੁਤੇ ਥਾਣੇਦਾਰਾਂ ਨੂੰ ਰੈਗੂਲਰ ਤਰੱਕੀ ਨਹੀਂ ਦੇਣੀ ਪਈ ਹੈ।  ਸਮਾਜਿਕ ਨਜ਼ਰਾਂ ਵਿੱਚ ਇਹ ਮੁਲਾਜ਼ਮ ਛੋਟੇ ਤੋਂ ਵੱਡੇ ਥਾਣੇਦਾਰ ਬਣ ਗਏ ਹਨ ਪ੍ਰੰਤੂ ਇਨ੍ਹਾਂ ਦੀ ਤਨਖਾਹ ਤੇ ਕੋਈ ਫਰਕ ਨਹੀਂ ਪਿਆ ਹੈ।
                ਡੀ.ਜੀ.ਪੀ ਵਲੋਂ 23 ਜੁਲਾਈ ਨੂੰ ਪੱਤਰ ਨੰਬਰ 9649 ਤਹਿਤ ਜੋ 150 ਹੌਲਦਾਰਾਂ ਨੂੰ ਏ.ਐਸ.ਆਈ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ,ਉਨ੍ਹਾਂ ਵਿੱਚ ਸਾਫ ਲਿਖਿਆ ਹੈ ਕਿ ਤਰੱਕੀ ਮਿਲਣ ਮਗਰੋਂ ਵੀ ਏ.ਐਸ.ਆਈ ਤਨਖਾਹ ਹੌਲਦਾਰ ਵਾਲੀ ਹੀ ਲੈਣਗੇ। ਇਨ੍ਹਾਂ ਨੂੰ ਤਨਖਾਹ ਹੌਲਦਾਰ ਵਾਲੀ ਮਿਲੇਗੀ ਜਦੋਂ ਕਿ ਸਟਾਰ ਛੋਟੇ ਥਾਣੇਦਾਰ ਵਾਲੇ ਲਗਾ ਦਿੱਤੇ ਗਏ ਹਨ। ਬਠਿੰਡਾ ਜੋਨ ਦੇ ਅਜਿਹੀ ਤਰੱਕੀ ਲੈ ਕੇ ਏ.ਐਸ.ਆਈ ਬਣਨ ਵਾਲਿਆਂ ਦੀ ਗਿਣਤੀ 40 ਤੋਂ ਉਪਰ ਹੈ। ਸੂਤਰ ਦੱਸਦੇ ਹਨ ਕਿ ਇਹ ਤਰੱਕੀ ਏਨੀ ਕਾਹਲੀ ਵਿੱਚ ਕੀਤੀ ਗਈ ਹੈ ਕਿ ਤਰੱਕੀ ਤੋਂ ਪਹਿਲਾਂ ਕਿਸੇ ਦਾ ਕੋਈ ਰਿਕਾਰਡ ਚੈੱਕ ਨਹੀਂ ਕੀਤਾ ਗਿਆ ਹੈ। ਡੀ.ਜੀ.ਪੀ ਦੇ ਹੁਕਮ ਨੰਬਰ 9661 ਤਹਿਤ 150 ਏ.ਐਸ.ਆਈ ਨੂੰ ਤਰੱਕੀ ਦੇ ਕੇ ਸਬ ਇੰਸਪੈਕਟਰ ਬਣਾਇਆ ਗਿਆ ਹੈ। ਇਨ੍ਹਾਂ ਵਿੱਚ ਅੱਧੀ ਦਰਜ਼ਨ ਬਠਿੰਡਾ ਰੇਂਜ ਨਾਲ ਸਬੰਧਿਤ ਹਨ। ਇਹ ਨਵੇਂ ਬਣਾਏ ਸਬ ਇੰਸਪੈਕਟਰ ਤਨਖਾਹ ਖਜ਼ਾਨੇ ਚੋਂ ਏ.ਐਸ.ਆਈ ਵਾਲੀ ਹੀ ਲੈਣਗੇ। ਪੰਜਾਬ ਸਰਕਾਰ ਬਿਨ੍ਹਾਂ ਹੋਰ ਤਨਖਾਹ ਦਿੱਤੇ ਇਨ੍ਹਾਂ ਤਰੱਕੀ ਵਾਲੇ ਮੁਲਾਜ਼ਮਾਂ ਤੋਂ ਵੱਧ ਕੰਮ ਲਏਗੀ। ਹੁਕਮਾਂ ਵਿੱਚ ਸਾਫ ਲਿਖਿਆ ਹੈ ਕਿ ਇਹ ਅਧਿਕਾਰੀ ਇਸ ਤਰੱਕੀ ਦੇ ਅਧਾਰ ਤੇ ਕੋਈ ਸੀਨੀਅਰਤਾ ਨਹੀਂ ਲੈ ਸਕਣਗੇ।
                ਡੀ.ਜੀ.ਪੀ ਵਲੋਂ ਹੁਕਮ ਨੰਬਰ 9630 ਮਿਤੀ 23 ਜੁਲਾਈ 2013 ਤਹਿਤ 120 ਸਬ ਇੰਸਪੈਕਟਰਾਂ ਨੂੰ ਇੰਸਪੈਕਟਰ ਬਣਾਇਆ ਗਿਆ ਹੈ। ਇਨ੍ਹਾਂ ਇੰਸਪੈਕਟਰਾਂ ਨੂੰ ਖਜ਼ਾਨੇ ਚੋਂ ਤਨਖਾਹ ਸਬ ਇੰਸਪੈਕਟਰ ਵਾਲੀ ਹੀ ਮਿਲੇਗੀ ਅਤੇ ਹੋਰ ਮਿਲਣ ਵਾਲੇ ਭੱਤੇ ਵੀ ਪੁਰਾਣੇ ਰੈਂਕ ਵਾਲੇ ਹੀ ਮਿਲਣਗੇ। ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਨੇ ਖਜ਼ਾਨੇ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਆਰਜੀ ਤਰੱਕੀਆਂ ਅਤੇ ਰੈਂਕ ਦਿੱਤੇ ਹਨ ਤਾਂ ਜੋ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਨੂੰ ਖੁਸ਼ ਕੀਤਾ ਜਾ ਸਕੇ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਹੈ ਕਿ 300 ਹੋਰ ਹੌਲਦਾਰਾਂ ਨੂੰ ਤਰੱਕੀ ਦੇ ਕੇ ਏ. ਐਸ.ਆਈ ਬਣਾਇਆ ਜਾਵੇਗਾ।

No comments:

Post a Comment