Sunday, August 11, 2013

                                    ਦੀਵਾਲੀ ਮੌਕੇ
        ਬਠਿੰਡਾ ਹਵਾਈ ਅੱਡੇ ਤੋਂ ਉਡਣਗੇ ਜਹਾਜ਼
                                   ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਨਵੇਂ ਹਵਾਈ ਅੱਡੇ ਤੋਂ ਦੀਵਾਲੀ ਮੌਕੇ ਹਵਾਈ ਜਹਾਜ਼ ਉਡਣਗੇ। ਦੇਸ਼ ਭਰ ਵਿੱਚ ਏਅਰਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਅਜਿਹੇ ਪੰਜ ਨਵੇਂ ਹਵਾਈ ਅੱਡੇ ਤਿਆਰ ਕੀਤੇ ਗਏ ਹਨ, ਜਿਥੋਂ ਹਾਲੇ ਤੱਕ ਹਵਾਈ ਜਹਾਜ਼ ਉਡਣੇ ਸ਼ੁਰੂ ਨਹੀਂ ਹੋਏ ਹਨ। ਪੰਜਾਬ ਸਰਕਾਰ ਦੀਵਾਲੀ ਦੇ ਸ਼ੁਭ ਦਿਹਾੜੇ 'ਤੇ ਇਸ ਹਵਾਈ ਅੱਡੇ ਨੂੰ ਚਾਲੂ ਕਰਨਾ ਚਾਹੁੰਦੀ ਹੈ। ਕੇਂਦਰੀ ਹਵਾਬਾਜ਼ੀ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਕੇਂਦਰ ਸਰਕਾਰ ਨੇ ਦੇਸ਼ ਦੇ ਪੰਜ ਹਵਾਈ ਅੱਡਿਆਂ (ਸਮੇਤ ਬਠਿੰਡਾ) ਦੇ ਰੂਟ ਨਾਲ ਸਬੰਧਤ ਗਾਈਡਲਾਈਨਜ਼ ਨਿਰਧਾਰਤ ਕਰ ਦਿੱਤੀਆਂ ਹਨ। ਮੰਤਰਾਲੇ ਨੇ ਹਵਾਈ ਕੰਪਨੀਆਂ ਨੂੰ ਇਨ੍ਹਾਂ ਨਿਯਮਾਂ ਅਨੁਸਾਰ ਇਨ੍ਹਾਂ ਪੰਜ ਹਵਾਈ ਅੱਡਿਆਂ ਤੋਂ ਉਡਾਣਾਂ ਭਰਨ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਹਵਾਈ ਕੰਪਨੀਆਂ ਇਨ੍ਹਾਂ ਹਵਾਈ ਅੱਡਿਆਂ ਤੋਂ ਯਾਤਰੀਆਂ ਦੀ ਸਮਰੱਥਾ ਦੇਖ ਰਹੀਆਂ ਹਨ।
                ਪੰਜਾਬ ਸਰਕਾਰ ਪਹਿਲਾਂ ਵਿਸਾਖੀ ਮੌਕੇ ਬਠਿੰਡਾ ਦੇ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਨਾ ਚਾਹੁੰਦੀ ਸੀ ਪਰ ਕੇਂਦਰ ਸਰਕਾਰ ਦੇ ਅੜਿੱਕੇ ਕਰਕੇ ਅਜਿਹਾ ਸੰਭਵ ਨਾ ਹੋ ਸਕਿਆ। ਸੂਤਰ ਆਖਦੇ ਹਨ ਕਿ ਇਹ ਹਵਾਈ ਅੱਡਾ ਸਿਆਸੀ ਰੰਗਤ ਲੈ ਗਿਆ ਹੈ। ਬਠਿੰਡਾ ਦਾ ਹਵਾਈ ਅੱਡਾ ਬਿਲਕੁਲ ਤਿਆਰ ਹੋ ਚੁੱਕਿਆ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਤਿੰਨ ਕਰੋੜ ਰੁਪਏ ਦੀ ਜ਼ਮੀਨ ਮੁਫ਼ਤ ਦਿੱਤੀ ਗਈ ਹੈ। ਪੰਜਾਬ ਸਰਕਾਰ ਇਸ ਵੇਲੇ ਕੇਂਦਰ ਸਰਕਾਰ ਦੇ ਮੂੰਹ ਵੱਲ ਦੇਖ ਰਹੀ ਹੈ। ਅਕਾਲੀ-ਭਾਜਪਾ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਥੋਂ ਹਵਾਈ ਉਡਾਣਾਂ ਸ਼ੁਰੂ ਕਰਕੇ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ ਪਰ ਕੇਂਦਰ ਸਰਕਾਰ ਵੱਲੋਂ ਅੜਿੱਕੇ ਖੜ੍ਹੇ ਕੀਤੇ ਜਾ ਰਹੇ ਹਨ। ਹਵਾਈ ਅੱਡੇ ਦੇ ਉਦਘਾਟਨ ਦੀ ਕੇਂਦਰ ਸਰਕਾਰ ਨੇ ਹਾਲੇ ਤੱਕ ਕੋਈ ਤਰੀਕ ਨਹੀਂ ਦਿੱਤੀ ਹੈ। ਹੁਣ ਪੰਜਾਬ ਸਰਕਾਰ ਕਾਹਲ ਵਿੱਚ ਹੈ ਕਿ ਦੀਵਾਲੀ ਮੌਕੇ ਉਡਾਣਾਂ ਸ਼ੁਰੂ ਕਰ ਦਿੱਤੀਆਂ ਜਾਣ।
                 ਏਅਰਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਦੇਸ਼ ਭਰ ਵਿੱਚ ਪੰਜ ਛੋਟੇ ਹਵਾਈ ਅੱਡੇ ਬਣਾਏ ਗਏ ਹਨ, ਜਿਥੋਂ ਸਿਰਫ਼ ਉਡਾਣਾਂ ਚੱਲਣੀਆਂ ਬਾਕੀ ਹਨ। ਏਅਰਅਥਾਰਟੀ ਵੱਲੋਂ ਇਨ੍ਹਾਂ ਨਵੇਂ ਹਵਾਈ ਅੱਡਿਆਂ 'ਤੇ ਨਵਾਂ ਸਟਾਫ ਵੀ ਤਾਇਨਾਤ ਕੀਤਾ ਗਿਆ ਹੈ। ਬਠਿੰਡਾ ਹਵਾਈ ਅੱਡੇ 'ਤੇ ਤਿੰਨ, ਜੈਸਲਮੇਰ ਹਵਾਈ ਅੱਡੇ 'ਤੇ ਚਾਰ, ਅਕੋਲਾ 'ਤੇ ਛੇ, ਕੂਚ ਬੇਹਰ 'ਤੇ 12 ਅਤੇ ਜਲਗਾਓ ਹਵਾਈ ਅੱਡੇ 'ਤੇ 11 ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਬਠਿੰਡਾ ਹਵਾਈ ਅੱਡੇ ਤੋਂ ਉਡਾਣਾਂ ਲਈ ਸਪਾਈਸਜੈੱਟ ਏਅਰ ਲਾਈਨ ਨੇ ਦਿਲਚਸਪੀ ਦਿਖਾਈ ਹੈ।  ਇਸ ਬਾਰੇ ਅੰਤਿਮ ਫੈਸਲਾ ਏਅਰਪੋਰਟ ਅਥਾਰਟੀ ਨੇ ਲੈਣਾ ਹੈ। ਪੰਜਾਬ ਸਰਕਾਰ ਵੱਲੋਂ ਮੁੱਢਲੇ ਪੜਾਅ 'ਤੇ ਬਠਿੰਡਾ-ਦਿੱਲੀ ਉਡਾਣ ਸ਼ੁਰੂ ਕੀਤੀ ਜਾਣੀ ਹੈ ਅਤੇ ਨਾਲ ਹੀ ਅੰਮ੍ਰਿਤਸਰ ਵੀ ਸ਼ਾਮਲ ਕੀਤੇ ਜਾਣ ਦਾ ਵਿਚਾਰ ਹੈ।
                 ਜ਼ਿਕਰਯੋਗ ਹੈ ਕਿ ਰਾਜ ਸਰਕਾਰ ਵੱਲੋਂ 2009 ਵਿੱਚ ਪਿੰਡ ਵਿਰਕ ਕਲਾਂ ਦੀ 37 ਏਕੜ ਜ਼ਮੀਨ ਐਕੁਆਇਰ ਕਰਕੇ ਹਵਾਈ ਅੱਡੇ ਲਈ ਦਿੱਤੀ ਗਈ ਸੀ ਅਤੇ ਉਸੇ ਸਾਲ ਏਅਰਪੋਰਟ ਅਥਾਰਟੀ ਆਫ ਇੰਡੀਆ ਨੂੰ ਜ਼ਮੀਨ ਦਾ ਕਬਜ਼ਾ ਦੇ ਦਿੱਤਾ ਗਿਆ ਸੀ। ਏਅਰਪੋਰਟ ਅਥਾਰਟੀ ਵੱਲੋਂ ਪੰਜਾਬ ਸਰਕਾਰ ਤੋਂ 40 ਏਕੜ ਜ਼ਮੀਨ ਦੀ ਹੋਰ ਮੰਗ ਕੀਤੀ ਗਈ ਹੈ। ਰਾਜ ਸਰਕਾਰ ਨੇ ਤਾਂ ਹਵਾਈ ਕੰਪਨੀਆਂ ਲਈ ਤੇਲ 'ਤੇ ਪੰਜ ਫੀਸਦੀ ਵੈਟ ਦੀ ਕਟੌਤੀ ਦਾ ਫ਼ੈਸਲਾ ਕਰ ਲਿਆ ਹੈ। ਹਵਾਈ ਅੱਡੇ ਲਈ 7.20 ਕਿਲੋਮੀਟਰ ਸੜਕ ਬਣਾਈ ਗਈ ਹੈ ਜਿਸ 'ਤੇ ਕਰੀਬ 4 ਕਰੋੜ ਰੁਪਏ ਖਰਚ ਕੀਤੇ ਗਏ ਹਨ।
                                                      ਕੇਂਦਰ ਨਾਲ ਗੱਲਬਾਤ ਜਾਰੀ
ਸ਼ਹਿਰੀ ਹਵਾਬਾਜ਼ੀ ਵਿਭਾਗ ਪੰਜਾਬ ਦੇ ਸਕੱਤਰ ਏ.ਵੇਣੂ ਪ੍ਰਸ਼ਾਦ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਬਠਿੰਡਾ ਹਵਾਈ ਅੱਡੇ ਨੂੰ ਜਲਦੀ ਚਾਲੂ ਕਰਾਉਣ ਸਬੰਧੀ ਕੇਂਦਰ ਸਰਕਾਰ ਨਾਲ ਗੱਲਬਾਤ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੀਵਾਲੀ ਤੱਕ ਇਸ ਹਵਾਈ ਅੱਡੇ ਦੇ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਸਪਾਈਸਜੈੱਟ ਏਅਰਲਾਈਨ ਵੱਲੋਂ ਉਡਾਣਾਂ ਲਈ ਰੁਚੀ ਦਿਖਾਈ ਗਈ ਹੈ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਨੇ ਆਪਣੀ ਤਰਫ਼ੋਂ ਸਾਰਾ ਕੰਮ ਮੁਕੰਮਲ ਕੀਤਾ ਹੋਇਆ ਹੈ ਅਤੇ ਕੇਂਦਰ ਸਰਕਾਰ ਵੱਲੋਂ ਉਡਾਣਾਂ ਬਾਰੇ ਅੰਤਿਮ ਫੈਸਲਾ ਲਿਆ ਜਾਣਾ ਹੈ, ਜਿਸ ਦੀ ਉਡੀਕ ਕੀਤੀ ਜਾ ਰਹੀ ਹੈ।

1 comment: