Tuesday, August 20, 2013

                                ਮੌਜਾਂ ਹੀ ਮੌਜਾਂ
         ਲੰਬੀ ਹਲਕੇ ਲਈ ਖਜ਼ਾਨੇ ਭਰਪੂਰ
                               ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਦਾ ਮਾਲੀ ਸੰਕਟ ਵੀ ਹਲਕਾ ਲੰਬੀ ਵਿੱਚ ਸੰਗਤ ਦਰਸ਼ਨ ਪ੍ਰੋਗਰਾਮਾਂ ਨੂੰ ਬਰੇਕ ਨਹੀਂ ਲਗਾ ਸਕਿਆ। ਇਸ ਹਲਕੇ ਵਿੱਚ ਫੰਡ ਵੰਡਣ ਦੀ ਰਫ਼ਤਾਰ ਵਿੱਚ ਕੋਈ ਕਮੀ ਨਹੀਂ ਆਈ ਹੈ। ਹਾਲਾਂਕਿ ਖਜ਼ਾਨੇ ਦੀ ਮੰਦੀ ਹਾਲਤ ਤੋਂ ਆਮ ਲੋਕ ਤੇ ਮੁਲਾਜ਼ਮ ਤੰਗ ਹਨ ਪਰ ਲੰਬੀ ਹਲਕੇ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਜਦੋਂ ਪਿਛਲੇ ਸਾਲ ਅਕਾਲੀ-ਭਾਜਪਾ ਸਰਕਾਰ ਬਣੀ ਤਾਂ ਉਸ ਮਗਰੋਂ ਲੰਬੀ ਹਲਕੇ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਤੁਰੰਤ ਮੁੜ ਸ਼ੁਰੂ ਹੋ ਗਏ। 1 ਅਪਰੈਲ 2012 ਤੋਂ ਲੈ ਕੇ ਹੁਣ ਤਕ ਇਸ ਹਲਕੇ ਵਿੱਚ ਹੋਏ ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ 44 ਪਿੰਡਾਂ ਨੂੰ ਫੰਡਾਂ ਦੇ ਖੁੱਲ੍ਹੇ ਗੱਫ਼ੇ ਮਿਲੇ ਹਨ। ਮੁੱਖ ਮੰਤਰੀ ਨੇ ਇਨ੍ਹਾਂ ਪਿੰਡਾਂ ਦੇ ਕੰਮਾਂ ਲਈ ਹੁਣ ਤਕ 35.26 ਕਰੋੜ ਰੁਪਏ ਦੇ ਫੰਡ ਵੰਡੇ ਹਨ। ਹਾਲ ਹੀ ਵਿੱਚ ਗਿੱਦੜਬਾਹਾ ਹਲਕੇ ਵਿੱਚ ਤਿੰਨ ਦਿਨ ਚੱਲੇ ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ ਵੀ ਮੁੱਖ ਮੰਤਰੀ ਨੇ 27 ਪਿੰਡਾਂ ਨੂੰ ਕਰੀਬ 11 ਕਰੋੜ ਰੁਪਏ ਵੱਖਰੇ ਵੰਡੇ। ਪੰਜਾਬ ਦੇ ਬਾਕੀ ਹਲਕਿਆਂ ਦਾ ਨਸੀਬ ਅਜਿਹਾ ਨਹੀਂ ਰਿਹਾ।
                ਸੂਚਨਾ ਅਧਿਕਾਰ ਕਾਨੂੰਨ ਤਹਿਤ ਜੋ ਵੇਰਵੇ ਮਿਲੇ ਹਨ,ਉਨ੍ਹਾਂ ਅਨੁਸਾਰ ਸ੍ਰੀ ਬਾਦਲ ਨੇ ਰਾਜਭਾਗ ਮੁੜ ਸੰਭਾਲਣ ਮਗਰੋਂ 14 ਜੁਲਾਈ 2012 ਨੂੰ ਪਹਿਲਾ ਸੰਗਤ ਦਰਸ਼ਨ ਪ੍ਰੋਗਰਾਮ ਕੀਤਾ, ਜਿਸ ਵਿੱਚ 3.66 ਕਰੋੜ ਰੁਪਏ ਦੇ ਫੰਡ ਵੰਡੇ ਗਏ। ਇਕੱਲੇ ਸਰਾਵਾ ਬੋਦਲਾਂ ਪਿੰਡ ਨੂੰ ਇਨ੍ਹਾਂ ਪ੍ਰੋਗਰਾਮਾਂ ਵਿੱਚ 1.06 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ। ਇਸੇ ਤਰ੍ਹਾਂ ਪਿੰਡ ਰੱਤਾ ਟਿੱਬਾ ਨੂੰ 56.95 ਲੱਖ ਰੁਪਏ ਦੀ ਅਤੇ ਪਿੰਡ ਮੋਹਲਾਂ ਨੂੰ 50.30 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ। ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ ਹਲਕਾ ਲੰਬੀ ਦੇ ਪਿੰਡਾਂ ਵਾਸਤੇ ਪੈਸਿਆਂ ਦਾ ਪ੍ਰਬੰਧ ਹਰ ਮਹਿਕਮੇ ਤੋਂ ਰਕਮਾਂ ਲੈ ਕੇ ਕੀਤਾ ਗਿਆ। ਇਨ੍ਹਾਂ ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ ਪੰਜਾਬ ਮੰਡੀ ਬੋਰਡ, 13ਵੇਂ ਵਿੱਤ ਕਮਿਸ਼ਨ, ਸੀ.ਡੀ. 2.32, ਦਿਹਾਤੀ ਵਿਕਾਸ ਫੰਡ, ਪਸ਼ੂ ਮੇਲਾ ਫੰਡ, ਪੀਆਈਡੀਬੀ, ਅਨਟਾਈਡ ਫੰਡ, ਸੋਸ਼ਲ ਇਨਫਰਾਸਟਰੱਕਚਰ ਫੰਡ, ਵਿਵੇਕੀ ਗਰਾਂਟ, ਜ਼ਿਲ੍ਹਾ ਗਰਾਂਟ, ਬੰਧਨ ਮੁਕਤ, ਆਰਡੀਓਐਸ 9 ਆਦਿ ਦੇ ਫੰਡ ਵੰਡੇ ਗਏ ਹਨ।
              ਮੁੱਖ ਮੰਤਰੀ ਨੇ 15 ਜੁਲਾਈ 2012 ਨੂੰ ਹਲਕਾ ਲੰਬੀ ਵਿੱਚ ਹੀ ਸੰਗਤ ਦਰਸ਼ਨ ਪ੍ਰੋਗਰਾਮ ਜਾਰੀ ਰੱਖਿਆ। ਉਸ ਦਿਨ 3.88 ਕਰੋੜ ਰੁਪਏ ਦੇ ਫੰਡ ਵੰਡੇ ਗਏ। ਇਕੱਲੇ ਕੋਲਿਆਂਵਾਲੀ ਪਿੰਡ ਨੂੰ 99.62 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ। ਇਸੇ ਤਰ੍ਹਾਂ ਪਿੰਡ ਬੁਰਜ ਸਿੱਧਵਾਂ ਨੂੰ 60.47 ਲੱਖ ਰੁਪਏ  ਦੀ ਗਰਾਂਟ ਅਤੇ ਢਾਣੀ ਬਰਕੀ ਨੂੰ 51 ਲੱਖ ਰੁਪਏ ਦੇ ਫੰਡ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਪੰਜਾਬ ਦੇ ਬਾਕੀ ਕਿਸੇ ਇੱਕ ਪਿੰਡ ਦੇ ਹਿੱਸੇ ਏਨੀ ਵੱਡੀ ਰਕਮ ਵਿਕਾਸ ਕੰਮਾਂ ਲਈ ਯਕਮੁਸ਼ਤ ਨਹੀਂ ਆਉਂਦੀ। 30 ਅਗਸਤ 2012 ਨੂੰ ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ ਮੁੱਖ ਮੰਤਰੀ ਨੇ 4.56 ਕਰੋੜ ਰੁਪਏ ਦੇ ਫੰਡ ਵੰਡੇ ਜਿਨ੍ਹਾਂ ਵਿੱਚ ਜ਼ਿਆਦਾ ਪੈਸਾ ਪੀਆਈਡੀਬੀ ਦਾ ਸੀ। ਇਨ੍ਹਾਂ ਗਰਾਂਟਾਂ 'ਚੋਂ ਜ਼ਿਆਦਾ ਫੰਡ ਢਾਣੀਆਂ ਨੂੰ ਖੜਵੰਜੇ ਲਾਉਣ, ਸ਼ਮਸ਼ਾਨਘਾਟ, ਗਲੀਆਂ ਨਾਲੀਆਂ, ਆਂਗਨਵਾੜੀ ਸੈਂਟਰਾਂ, ਪਾਣੀ ਦੀ ਨਿਕਾਸੀ ਆਦਿ ਲਈ ਸਨ। ਪਾਣੀ ਦੀਆਂ ਪਾਈਪਾਂ ਪਾਉਣ ਵਾਸਤੇ ਵੀ ਗਰਾਂਟਾਂ ਦਿੱਤੀਆਂ ਗਈਆਂ ਹਨ। ਦੂਸਰੇ ਦਿਨ 31 ਅਗਸਤ ਦੇ ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ ਮੁੱਖ ਮੰਤਰੀ ਨੇ 3.36 ਕਰੋੜ ਰੁਪਏ ਦੀ ਗਰਾਂਟ ਵੰਡੀ। ਇਵੇਂ ਹੀ 29 ਨਵੰਬਰ 2012 ਨੂੰ ਹੋਏ ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ ਮੁੱਖ ਮੰਤਰੀ ਨੇ 4.69 ਕਰੋੜ ਰੁਪਏ ਦੀ ਗਰਾਂਟ ਵੰਡੀ ਸੀ। 30 ਨਵੰਬਰ 2012 ਨੂੰ 2.80 ਕਰੋੜ ਰੁਪਏ ਵੰਡੇ ਗਏ।
                 ਸਾਲ 2013 ਦੌਰਾਨ ਮੁੱਖ ਮੰਤਰੀ ਨੇ ਪਹਿਲਾ ਸੰਗਤ ਦਰਸ਼ਨ ਪ੍ਰੋਗਰਾਮ ਹਲਕਾ ਲੰਬੀ ਵਿੱਚ 27 ਫਰਵਰੀ ਨੂੰ ਕੀਤਾ, ਜਿਸ ਵਿੱਚ 3.92 ਕਰੋੜ ਰੁਪਏ ਦੇ ਚੈੱਕ ਪਿੰਡਾਂ ਨੂੰ ਦਿੱਤੇ ਗਏ। ਦੂਸਰੇ ਦਿਨ 28 ਫਰਵਰੀ ਨੂੰ 2.09 ਕਰੋੜ ਰੁਪਏ ਦੇ ਚੈੱਕ ਦਿੱਤੇ ਗਏ। ਪਹਿਲੀ ਮਾਰਚ ਦੇ ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ 3.61 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ। ਇਸੇ ਤਰ੍ਹਾਂ 26 ਮਾਰਚ ਦੇ ਪ੍ਰੋਗਰਾਮਾਂ ਵਿੱਚ 2.65 ਕਰੋੜ ਰੁਪਏ ਦੇ ਫੰਡ ਦਿੱਤੇ ਗਏ। ਉਸ ਮਗਰੋਂ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਅਤੇ ਚੋਣ ਜ਼ਾਬਤਾ ਲੱਗ ਗਿਆ। ਇਸੇ ਕਰਕੇ ਮੁੜ ਕੋਈ ਸੰਗਤ ਦਰਸ਼ਨ ਪ੍ਰੋਗਰਾਮ ਹੋ ਨਹੀਂ ਸਕਿਆ। ਮੁੱਖ ਮੰਤਰੀ ਵੱਲੋਂ ਹੁਣ 6, 7 ਅਤੇ 8 ਅਗਸਤ ਨੂੰ ਹਲਕਾ ਗਿੱਦੜਬਾਹਾ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਕੀਤੇ ਗਏ ਹਨ, ਜਿਨ੍ਹਾਂ ਵਿੱਚ 27 ਪਿੰਡਾਂ ਨੂੰ 11 ਕਰੋੜ ਰੁਪਏ ਦੇ ਗੱਫੇ ਮਿਲੇ ਹਨ। ਪਤਾ ਲੱਗਾ ਹੈ ਕਿ ਹਲਕਾ ਮਲੋਟ ਵਿੱਚ ਵੀ ਸੰਗਤ ਦਰਸ਼ਨ ਪ੍ਰੋਗਰਾਮ ਹੋਣੇ ਹਨ।

No comments:

Post a Comment