Tuesday, August 13, 2013

                                                                    ਸਰਕਾਰੀ ਸ਼ਰਧਾ  
                                             ਤਖਤਾਂ ਦੀ ਡੈਕੋਰੇਸ਼ਨ ਲਈ ਕਰਜ਼ਾ !
                                                                  ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਕਰਜ਼ਾ ਚੁੱਕ ਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਸਮਾਗਮ ਮਨਾਏ ਸਨ। ਸਰਕਾਰ ਨੇ ਗੁਰੂ ਘਰਾਂ ਦੀ ਡੈਕੋਰੇਸ਼ਨ ਵੀ ਕਰਜ਼ੇ ਨਾਲ ਕੀਤੀ ਸੀ। ਕਰਜ਼ੇ ਦਾ ਵੱਡਾ ਹਿੱਸਾ 9 ਮਹੀਨੇ ਪਹਿਲਾਂ ਹੀ ਮੋੜਿਆ ਗਿਆ ਹੈ। ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਤੋਂ ਚਾਰ ਸਰਕਾਰੀ ਵਿਭਾਗਾਂ ਵੱਲੋਂ ਗੁਰਤਾ ਗੱਦੀ ਸਮਾਗਮਾਂ ਵਾਸਤੇ 10.41 ਕਰੋੜ ਰੁਪਏ ਕਰਜ਼ਾ ਲਿਆ ਗਿਆ ਸੀ। ਪਹਿਲੀ ਵਾਰ ਧਾਰਮਿਕ ਸਮਾਗਮਾਂ ਲਈ ਕਰਜ਼ਾ ਚੁੱਕਿਆ ਗਿਆ ਸੀ। ਪੀ.ਆਈ.ਡੀ.ਬੀ. ਨੇ ਧਾਰਮਿਕ ਸਮਾਗਮਾਂ ਕਾਰਨ ਇਹ ਕਰਜ਼ਾ ਵਿਆਜ ਰਹਿਤ ਦਿੱਤਾ ਸੀ। ਇਸ ਤੋਂ ਇਲਾਵਾ ਨਗਰ ਨਿਗਮਾਂ ਵੱਲੋਂ ਵੀ ਕਰਜ਼ਾ ਚੁੱਕ ਕੇ ਹੀ ਵਿਕਾਸ ਕਰਾਇਆ ਜਾ ਰਿਹਾ ਹੈ। ਨਗਰ ਨਿਗਮ ਬਠਿੰਡਾ ਤੋਂ ਪੀ.ਆਈ.ਡੀ.ਬੀ. ਦਾ ਹਾਲੇ ਕਰਜ਼ਾ ਨਹੀਂ ਮੋੜਿਆ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਵੱਲੋਂ 5.50 ਫੀਸਦੀ ਵਿਆਜ ਦਰ 'ਤੇ ਕਰਜ਼ਾ ਦਿੱਤਾ ਜਾਂਦਾ ਹੈ। ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਗੁਰਤਾ ਗੱਦੀ ਸਮਾਗਮਾਂ 'ਤੇ ਕਰਜ਼ਾ ਚੁੱਕ ਕੇ ਖਰਚ ਕੀਤਾ ਸੀ। ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਪੀ.ਆਈ.ਡੀ.ਬੀ. ਤੋਂ 3.31 ਕਰੋੜ ਰੁਪਏ ਕਰਜ਼ਾ ਲਿਆ ਗਿਆ ਸੀ।
                 ਪੀ.ਆਈ.ਡੀ.ਬੀ. ਨੇ ਇਸ ਵਿਭਾਗ ਨੂੰ 16 ਸਤੰਬਰ, 2008 ਨੂੰ ਡੇਢ ਕਰੋੜ ਰੁਪਏ ਅਤੇ ਫਿਰ 12 ਨਵੰਬਰ, 2008 ਨੂੰ 1.81 ਕਰੋੜ ਰੁਪਏ ਕਰਜ਼ਾ ਦਿੱਤਾ ਹੈ। ਇਹ ਕਰਜ਼ਾ ਸ੍ਰੀ ਆਨੰਦਪੁਰ ਸਾਹਿਬ ਅਤੇ ਦਮਦਮਾ ਸਾਹਿਬ ਦੇ ਗੁਰੂ ਘਰਾਂ ਦੀ ਐਲ.ਈ.ਡੀ. ਲਾਈਟਾਂ ਨਾਲ ਸਜਾਵਟ ਕਰਨ ਵਾਸਤੇ ਲਿਆ ਸੀ। ਪੀ.ਆਈ.ਡੀ.ਬੀ. ਤੋਂ ਲੋਕ ਨਿਰਮਾਣ ਵਿਭਾਗ ਪੰਜਾਬ ਨੇ 5.85 ਕਰੋੜ ਰੁਪਏ ਕਰਜ਼ਾ ਲਿਆ ਸੀ। ਜਾਣਕਾਰੀ ਅਨੁਸਾਰ ਲੋਕ ਨਿਰਮਾਣ ਵਿਭਾਗ ਨੂੰ 19 ਸਤੰਬਰ, 2008 ਨੂੰ 10 ਲੱਖ ਰੁਪਏ ਅਤੇ 1.25 ਕਰੋੜ ਰੁਪਏ ਦਾ ਕਰਜ਼ਾ ਮਿਲਿਆ ਅਤੇ 2 ਦਸੰਬਰ, 2008 ਨੂੰ 4.50 ਕਰੋੜ ਰੁਪਏ ਦਾ ਲੋਨ ਪ੍ਰਾਪਤ ਹੋਇਆ। ਇਸ ਕਰਜ਼ੇ ਦਾ ਮਕਸਦ ਗੁਰਤਾ ਗੱਦੀ ਸਮਾਗਮਾਂ ਲਈ ਸ੍ਰੀ ਆਨੰਦਪੁਰ ਸਾਹਿਬ ਅਤੇ ਦਮਦਮਾ ਸਾਹਿਬ ਦੀਆਂ ਸੜਕਾਂ ਨੂੰ ਚੌੜਾ ਕਰਨਾ ਸੀ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਨੇ ਪੀ.ਆਈ.ਡੀ.ਬੀ. ਤੋਂ 1.10 ਕਰੋੜ ਰੁਪਏ ਦਾ ਲੋਨ 3 ਸਤੰਬਰ, 2008 ਨੂੰ ਪ੍ਰਾਪਤ ਕੀਤਾ। ਵਿਭਾਗ ਵੱਲੋਂ ਗੁਰਤਾ ਗੱਦੀ ਦਿਵਸ ਤਹਿਤ ਸ੍ਰੀ ਆਨੰਦਪੁਰ ਸਾਹਿਬ ਅਤੇ ਦਮਦਮਾ ਸਾਹਿਬ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਕੰਮ ਕਰਾਉਣ ਵਾਸਤੇ ਕਰਜ਼ਾ ਚੁੱਕਿਆ ਗਿਆ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ 25 ਅਕਤੂਬਰ, 2012 ਨੂੰ ਇਹ ਕਰਜ਼ਾ ਵਾਪਸ ਕੀਤਾ। ਇਸੇ ਦਿਨ ਹੀ ਲੋਕ ਨਿਰਮਾਣ ਵਿਭਾਗ ਨੇ ਪੀ.ਆਈ.ਡੀ.ਬੀ. ਨੂੰ ਕਰਜ਼ੇ ਦੇ 5.85 ਕਰੋੜ ਰੁਪਏ ਵਾਪਸ ਕੀਤੇ।
               ਗੁਰਤਾ ਗੱਦੀ ਦਿਵਸ ਮੌਕੇ ਤਲਵੰਡੀ ਸਾਬੋ ਵਿਖੇ ਜੋ ਨਸ਼ਾ ਛੁਡਾਊ ਕੇਂਦਰ ਸਥਾਪਤ ਕੀਤਾ ਗਿਆ,ਉਸ ਲਈ ਵੀ 15 ਲੱਖ ਰੁਪਏ ਕਰਜ਼ਾ ਚੁੱਕਿਆ ਗਿਆ ਸੀ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਪੀ.ਆਈ.ਡੀ.ਬੀ. ਤੋਂ 16 ਸਤੰਬਰ, 2008 ਨੂੰ 15 ਲੱਖ ਰੁਪਏ ਕਰਜ਼ਾ ਲਿਆ ਗਿਆ ਸੀ। ਪੀ.ਆਈ.ਡੀ.ਬੀ. ਨੇ ਇਸ ਦਾ ਤਿੰਨ ਲੱਖ ਰੁਪਏ ਵਿਆਜ ਵੀ ਬਣਾ ਦਿੱਤਾ ਸੀ। ਮਹਿਕਮੇ ਨੇ 25 ਅਕਤੂਬਰ, 2012 ਨੂੰ ਇਹ ਰਾਸ਼ੀ ਵਾਪਸ ਕਰ ਦਿੱਤੀ ਹੈ। ਨਗਰ ਨਿਗਮ ਬਠਿੰਡਾ ਵੱਲੋਂ ਵੀ ਸ਼ਹਿਰ ਦਾ ਵਿਕਾਸ ਕਰਜ਼ਾ ਚੁੱਕ ਕੇ ਕੀਤਾ ਗਿਆ ਹੈ ਅਤੇ ਇਹ ਕਰਜ਼ਾ ਹਾਲੇ ਤੱਕ ਮੋੜਿਆ ਨਹੀਂ ਗਿਆ ਹੈ। ਪੀ.ਆਈ.ਡੀ.ਬੀ. ਤੋਂ ਨਗਰ ਨਿਗਮ ਨੇ 52.45 ਕਰੋੜ ਰੁਪਏ ਕਰਜ਼ਾ ਲਿਆ ਸੀ ਜਿਸ ਨੂੰ ਹੁਣ ਤੱਕ 11.97 ਕਰੋੜ ਰੁਪਏ ਵਿਆਜ ਪੈ ਚੁੱਕਾ ਹੈ। ਨਗਰ ਨਿਗਮ ਨੇ ਸਰਕਾਰ ਨੂੰ ਪੱਤਰ ਭੇਜ ਕੇ ਮੰਗ ਕੀਤੀ ਸੀ ਕਿ ਇਹ ਕਰਜ਼ਾ ਮੁਆਫ਼ ਕਰਾਇਆ ਜਾਵੇ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਨਗਰ ਨਿਗਮ ਨੇ ਬਲਿਊ ਫੌਕਸ ਪ੍ਰਾਪਰਟੀ ਨੂੰ ਵਿਕਸਿਤ ਕਰਨ ਵਾਸਤੇ 40 ਕਰੋੜ ਰੁਪਏ ਕਰਜ਼ਾ ਚੁੱਕਿਆ ਸੀ ਅਤੇ 12.45 ਕਰੋੜ ਰੁਪਏ ਦਾ ਕਰਜ਼ਾ ਸ਼ਹਿਰ ਦੇ ਸੀਵਰੇਜ ਵਾਸਤੇ ਲਿਆ ਸੀ। ਪੀ.ਆਈ.ਡੀ.ਬੀ. ਵੱਲੋਂ ਕਰਜ਼ਾ ਵਾਪਸ ਲੈਣ ਵਾਸਤੇ ਪੱਤਰ ਲਿਖੇ ਜਾ ਰਹੇ ਹਨ ਪਰ ਨਿਗਮ ਨੇ ਹਾਲੇ ਤੱਕ ਇੱਕ ਵੀ ਕਿਸ਼ਤ ਨਹੀਂ ਤਾਰੀ ਹੈ। ਪੀ.ਆਈ.ਡੀ.ਬੀ. ਨੇ ਨਗਰ ਨਿਗਮ ਬਠਿੰਡਾ ਨੂੰ ਪੰਜ ਕਿਸ਼ਤਾਂ ਵਿੱਚ ਕਰਜ਼ਾ ਦਿੱਤਾ ਸੀ।

No comments:

Post a Comment