Tuesday, October 23, 2018

                                                           ਦੋਵੇਂ ਹੱਥ ਲੱਡੂ
                          ਹੈਲੀਕਾਪਟਰ ਅੌਰਬਿਟ ਦੇੇ, ਖਜ਼ਾਨਾ ਅਕਾਲੀ ਦਲ ਦਾ
                                                           ਚਰਨਜੀਤ ਭੁੱਲਰ
ਬਠਿੰਡਾ  : ਸ਼੍ਰੋਮਣੀ ਅਕਾਲੀ ਦਲ ਲਈ ਬਾਦਲ ਅਤੇ ਮਜੀਠੀਆ ਪਰਿਵਾਰ ਦੇ ਹੈਲੀਕਾਪਟਰ ਸਭ ਤੋਂ ਵੱਧ ਆਰਾਮਦੇਹ ਹਨ। ਜਦੋਂ ਪੰਜਾਬ ’ਚ ਹਕੂਮਤ ਬਦਲ ਗਈ ਤਾਂ ਸਰਕਾਰੀ ਹੈਲੀਕਾਪਟਰ ਨੂੰ ਤਾਂ ਸਾਹ ਮਿਲ ਗਿਆ। ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨੇ ਦਾ ਦਮ ਘੁੱਟਣਾ ਸ਼ੁਰੂ ਹੋ ਗਿਆ ਜਿਸ ਖ਼ਜ਼ਾਨੇ ਚੋਂ ਅੌਰਬਿਟ ਏਵੀਏਸ਼ਨ ਅਤੇ ਸਰਾਇਆ ਏਵੀਏਸ਼ਨ ਦੇ ਹੈਲੀਕਾਪਟਰ ਵਰਤਣੇ ਸ਼ੁਰੂ ਹੋਏ। ਬਾਦਲ ਪਰਿਵਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨੇ ਚੋਂ ਜਹਾਜ਼ਾਂ ਦਾ ਕਿਰਾਇਆ ਤਾਰਿਆ ਜਾਂਦਾ ਹੈ। ਇਨ੍ਹਾਂ ਹੈਲੀਕਾਪਟਰਾਂ ਦੀ ਵਰਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਕਾਰਾਂ ਲਈ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ।  ਸ਼੍ਰੋਮਣੀ ਅਕਾਲੀ ਦਲ ਤਰਫ਼ੋਂ ਜੋ ਚੋਣ ਕਮਿਸ਼ਨ ਕੋਲ ਪਾਰਟੀ ਦੀ ਤਾਜ਼ਾ ਆਡਿਟ ਰਿਪੋਰਟ ਅਤੇ ਬੈਲੇਂਸ ਸੀਟ ਹੁਣ ਭੇਜੀ ਗਈ ਹੈ, ਉਸ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਮੈਸਰਜ਼ ਅੌਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦਾ ਕਰੀਬ 1.87 ਕਰੋੜ ਦਾ ਕਰਜ਼ਦਾਰ ਹੈ ਜੋ ਬਾਦਲ ਪਰਿਵਾਰ ਦੀ ਮਾਲਕੀ ਵਾਲੀ ਏਵੀਏਸ਼ਨ ਹੈ। ਮਾਲੀ ਵਰ੍ਹਾ 2017-18 ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਅੌਰਬਿਟ ਏਵੀਏਸ਼ਨ ਦਾ ਜਹਾਜ਼ ਵਰਤਿਆ ਜਿਸ ਦਾ ਇੱਕ ਵਰੇ੍ਹ ਦਾ ਕਿਰਾਇਆ 1.10 ਕਰੋੜ ਬਣਿਆ। ਪਿਛਲੇ ਵਰ੍ਹੇ 77.84 ਲੱਖ ਕਿਰਾਇਆ ਬਣਿਆ ਸੀ।
                   ਅਕਾਲੀ ਦਲ ਨੇ ਜੋ 3.74 ਕਰੋੜ ਦੀਆਂ ਫੁਟਕਲ ਦੇਣਦਾਰੀਆਂ ਦਿਖਾਈਆਂ ਹਨ, ਉਨ੍ਹਾਂ ਵਿਚ ਅੌਰਬਿਟ ਏਵੀਏਸ਼ਨ ਦੇ ਵੀ 1.87 ਕਰੋੜ ਸ਼ਾਮਿਲ ਹਨ।  ਮਜੀਠੀਆ ਪਰਿਵਾਰ ਦੀ ਜੋ ਸਰਾਇਆ ਏਵੀਏਸ਼ਨ ਹੈ, ਉਸ ਦੇ ਹੈਲੀਕਾਪਟਰ ਦਾ ਕਿਰਾਇਆ 77.84 ਲੱਖ ਰੁਪਏ ਪਿਛਲੇ ਮਾਲੀ ਵਰ੍ਹੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨੇ ਚੋਂ ਤਾਰਿਆ। ਇਵੇਂ ਲੰਘੇ ਵਰੇ੍ਹ ਅਟਾਰੀ ਏਵੀਏਸ਼ਨ ਨੂੰ 4.39 ਲੱਖ ਕਿਰਾਇਆ ਦਿੱਤਾ ਗਿਆ ਹੈ। ਦਿਲਚਸਪ ਤੱਥ ਹਨ ਕਿ ਵਰ੍ਹਾ 2017-18 ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਵੱਡਾ ਦਾਨ ਵੀ ਬਾਦਲਾਂ ਦੀ ਕੰਪਨੀ ਨੇ ਦਿੱਤਾ। ਡੱਬਵਾਲੀ ਟਰਾਂਸਪੋਰਟ ਨੇ 94.50 ਲੱਖ ਅਤੇ ਅੌਰਬਿਟ ਰਿਜ਼ਾਰਟ ਪ੍ਰਾਈਵੇਟ ਲਿਮਟਿਡ ਨੇ 97 ਲੱਖ ਰੁਪਏ ਦਾ ਦਾਨ ਅਕਾਲੀ ਦਲ ਦੀ ਝੋਲੀ ਪਾਇਆ। ਪੰਜਾਬ ਦੇ ਲੋਕ ਭੰਬਲਭੂਸੇ ਵਿਚ ਹਨ ਕਿ ਦਾਨ ਦੇਣ ਵਾਲੀ ਕੰਪਨੀ ਵੀ ਅੌਰਬਿਟ ਤੇ ਜਹਾਜ਼ ਮੁਹੱਈਆ ਕਰਾਉਣ ਵਾਲੀ ਕੰਪਨੀ ਵੀ ਅੌਰਬਿਟ। ਇੱਕ ਹੱਥ ਨੇ ਦਾਨ ਦਿੱਤਾ ਹੈ ਅਤੇ ਦੂਸਰਾ ਹੱਥ ਅਕਾਲੀ ਦਲ ਤੋਂ ਹੈਲੀਕਾਪਟਰ ਦਾ ਕਿਰਾਇਆ ਉਡੀਕ ਰਿਹਾ ਹੈ।  ਸ਼੍ਰੋਮਣੀ ਅਕਾਲੀ ਦਲ ਤਾਂ ਮੈਸਰਜ਼ ਫਾਸਟਵੇਅ ਟਰਾਂਸਮਿਸ਼ਨ ਪ੍ਰਾਈਵੇਟ ਲਿਮਟਿਡ ਦਾ 73.74 ਲੱਖ ਅਤੇ ਮੈਸਰਜ਼ ਜੀ.ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਦਾ 57.50 ਲੱਖ ਦਾ ਕਰਜ਼ਦਾਰ ਹੈ।
                   ਸ਼੍ਰੋਮਣੀ ਅਕਾਲੀ ਦਲ ਦਲ ਦੀ ਹਕੂਮਤ ਮਗਰੋਂ ਸਾਲ 2017-18 ਦੀ ਆਮਦਨ ਘਟੀ ਹੈ ਜਦੋਂ ਕਿ ਖ਼ਰਚੇ ਵਧੇ ਹਨ। 2017-18 ਦੇ ਮਾਲੀ ਵਰੇ੍ਹ ਦੌਰਾਨ ਅਕਾਲੀ ਦਲ ਨੂੰ 3.91 ਕਰੋੜ ਦੀ ਆਮਦਨ ਹੋਈ ਜਦੋਂ ਕਿ ਖਰਚਾ 4.98 ਕਰੋੜ ਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਨੇ ਮੈਂਬਰਸ਼ਿਪ ਵਜੋਂ ਕੂਪਨਾਂ ਤੋਂ 1.06 ਕਰੋੜ ਰੁਪਏ ਕਮਾਏ ਹਨ ਅਤੇ ਇਹ ਕੂਪਨ 25 ਰੁਪਏ ਤੋਂ ਪੰਜ ਹਜ਼ਾਰ ਰੁਪਏ ਤੱਕ ਦੇ ਸਨ। ਸ਼੍ਰੋਮਣੀ ਅਕਾਲੀ ਦਲ ਕੋਲ 1.73 ਕਰੋੜ ਦੀ ਅਚੱਲ ਜਾਇਦਾਦ ਹੈ।  ਸ਼੍ਰੋਮਣੀ ਅਕਾਲੀ ਦਲ ਦਾ ਲੰਮੇ ਮਾਲੀ ਵਰੇ੍ਹ ਦੌਰਾਨ ਕਰੀਬ 4.32 ਕਰੋੜ ਦੇ ਪ੍ਰਬੰਧਕੀ ਤੇ ਜਨਰਲ ਖ਼ਰਚੇ ਰਹੇ ਹਨ ਜਿਨ੍ਹਾਂ ਵਿਚ ਸਭ ਤੋਂ ਵੱਡਾ ਖਰਚਾ 3.54 ਕਰੋੜ ਦਾ ਟਰੈਵਲਿੰਗ ਦਾ ਰਿਹਾ ਹੈ। ਮੀਟਿੰਗਾਂ,ਕਾਨਫ਼ਰੰਸਾਂ ਅਤੇ ਸੰਗਤ ਦਰਸ਼ਨਾਂ ’ਤੇ 21.75 ਲੱਖ ਰੁਪਏ ਦਾ ਖ਼ਰਚ ਆਇਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਤੇ 45.62 ਲੱਖ ਰੁਪਏ ਖ਼ਰਚੇ ਗਏ ਹਨ।
                        ਪਾਰਟੀ ਕੰਮਾਂ ਲਈ ਹੈਲੀਕਾਪਟਰ ਦੀ ਵਰਤੋਂ : ਖ਼ਜ਼ਾਨਚੀ
ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਅਕਾਲੀ ਵਿਧਾਇਕ ਸ੍ਰੀ ਐਨ.ਕੇ.ਸ਼ਰਮਾ ਦਾ ਕਹਿਣਾ ਸੀ ਕਿ ਅਕਾਲੀ ਦਲ ਨੂੰ ਮੈਂਬਰਸ਼ਿਪ ਮੁਹਿੰਮ ਤੋਂ ਚੈੱਕਾਂ ਰਾਹੀਂ 1.06 ਕਰੋੜ ਦੀ ਆਮਦਨ ਹੋਈ ਹੈ। ਉਨ੍ਹਾਂ ਆਖਿਆ ਕਿ ਰੈਗੂਲਰ ਖ਼ਰਚੇ ਰੋਕੇ ਨਹੀਂ ਜਾ ਸਕਦੇ ਹਨ ਪ੍ਰੰਤੂ ਉਹ ਆਮਦਨ ’ਚ ਬੜੌ੍ਹਤਰੀ ਲਈ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਦੂਸਰੇ ਰਾਜਾਂ ਆਦਿ ਵਿਚ ਮੀਟਿੰਗਾਂ/ਕਾਨਫ਼ਰੰਸਾਂ ਆਦਿ ਲਈ ਇਹ ਹੈਲੀਕਾਪਟਰ ਪਾਰਟੀ ਕੰਮਾਂ ਲਈ ਵਰਤੇ ਗਏ ਜਿਨ੍ਹਾਂ ਦਾ ਕਿਰਾਇਆ ਪਾਰਟੀ ਹੀ ਦੇਵੇਗੀ।




No comments:

Post a Comment