Wednesday, October 10, 2018

                   ਸੁਖਬੀਰ ਨੀਤੀ !
 ਬਾਗੀ ਅਕਾਲੀ ਲੀਡਰ ਨਹੀਂ ਮਨਾਉਣੇ ?
                    ਚਰਨਜੀਤ ਭੁੱਲਰ
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਤਰਫੋਂ ਬਾਗੀ ਹੋਏ ਸੀਨੀਅਰ ਲੀਡਰਾਂ ’ਤੇ ਟੇਢ ਵੱਟ ਲਈ ਗਈ ਹੈ ਜਿਸ ਮਗਰੋਂ ਬਾਗੀ ਸੁਰ ਰੱਖਣ ਵਾਲੇ ਆਗੂਆਂ ਦਾ ਪਾਰਾ ਹੋਰ ਚੜਿਆ ਹੈ। ਪਟਿਆਲਾ ਰੈਲੀ ਦੀ ਸਮਾਪਤੀ ਤੋਂ ਪੰਜਾਹ ਘੰਟੇ ਬੀਤ ਜਾਣ ਮਗਰੋਂ ਵੀ ਬਾਗੀ ਸੁਰ ਵਾਲੇ ਅਕਾਲੀ ਨੇਤਾਵਾਂ ਤੱਕ ਪਾਰਟੀ ਲੀਡਰਸ਼ਿਪ ਨੇ ਕੋਈ ਪਹੁੰਚ ਨਹੀਂ ਕੀਤੀ। ਬਾਗੀ ਲੀਡਰਾਂ ਨੇ ਵੀ ਹੁਣ ਦੋ ਟੁੱਕ ਫੈਸਲਾ ਲੈਣ ਦਾ ਮਨ ਬਣਾ ਲਿਆ ਹੈ। ਅਹਿਮ ਸੂਤਰਾਂ ਦੀ ਸੱਚ ਮੰਨੀਏ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ ਆਪਣੇ ਪਰਿਵਾਰ ਅੱਗੇ ਬੇਵੱਸ ਹੋ ਗਏ ਹਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਗੱਲ ’ਤੇ ਬਜ਼ਿੱਦ ਹਨ ਕਿ ਬਾਗੀ ਸੁਰਾਂ ਨੂੰ ਹੁਣ ਤੋਂ ਹੀ ਸਦਾ ਲਈ ਦੱਬ ਦਿੱਤਾ ਜਾਵੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਪਟਿਆਲਾ ਰੈਲੀ ਮਗਰੋਂ ਉਹ ਸਭ ਸੀਨੀਅਰ ਆਗੂਆਂ ਦੇ ਗਿਲੇ ਸ਼ਿਕਵੇ ਦੂਰ ਕਰ ਦੇਣਗੇ। ਸਾਬਕਾ ਮੁੱਖ ਮੰਤਰੀ ਬਾਦਲ ਰੈਲੀ ਮਗਰੋਂ ਪਿੰਡ ਬਾਦਲ ਪੁੱਜ ਗਏ  ਸਨ ਅਤੇ ਬੀਤੇ ਕੱਲ ਉਹ ਪੂਰਾ ਦਿਨ ਆਪਣੇ ਘਰ ਪਿੰਡ ਬਾਦਲ ਵਿਖੇ ਰਹੇ। ਹਲਕਾ ਲੰਬੀ ਦੇ ਵਰਕਰਾਂ ਨੂੰ ਮਿਲਦੇ ਰਹੇ। ਬਾਦਲ ਦੀ ਸਿਆਸੀ ਤਬੀਅਤ ’ਤੇ ਨਜ਼ਰ ਮਾਰੀਏ ਤਾਂ ਪਾਰਟੀ ਦੇ ਏਡੇ ਵੱਡੇ ਸੰਕਟ ਮੌਕੇ ਉਨ੍ਹਾਂ ਦਾ ਟਿਕ ਬੈਠਣਾ ਕਈ ਸਿਆਸੀ ਇਸ਼ਾਰੇ ਕਰਦਾ ਹੈ।
                  ਪਟਿਆਲਾ ਰੈਲੀ ਮਗਰੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਿੱਲੀ ਚਲੇ ਗਏ ਸਨ। ਸਾਬਕਾ ਮੁੱਖ ਮੰਤਰੀ ਬਾਦਲ ਅੱਜ ਹਲਕੇ ਦੇ ਪਿੰਡ ਵਣਾਂਵਾਲਾ ਵਿਖੇ ਗਏ। ਹਲਕਾ ਲੰਬੀ ਦੇ ਸੀਨੀਅਰ ਅਕਾਲੀ ਨੇਤਾ ਅਵਤਾਰ ਸਿੰਘ ਵਣਵਾਲਾ ਨੇ ਦੱਸਿਆ ਕਿ ਸ੍ਰੀ ਬਾਦਲ ਪਿੰਡ ਵਣਾਂਵਾਲਾ ਵਿਚ ਨਾਨਕਸਰ ਵਾਲੇ ਗੁਰੂ ਘਰ ਵਿਚ ਸਵੇਰ ਵਕਤ ਮੱਥਾ ਟੇਕਣ ਆਏ ਸਨ ਅਤੇ ਉਨ੍ਹਾਂ ਨੇ ਬਾਬਾ ਗੁਰਦੇਵ ਸਿੰਘ ਸਮਾਧ ਭਾਈ ਦਾ ਹਾਲ ਚਾਲ ਪੁੱਛਿਆ। ਉਸ ਮਗਰੋਂ ਉਹ ਦਿੱਲੀ ਚਲੇ ਗਏ ਹਨ ਜਿਥੇ ਕੇਂਦਰੀ ਨੇਤਾਵਾਂ ਨਾਲ ਮੀਟਿੰਗਾਂ ਪਹਿਲਾਂ ਹੀ ਤੈਅ ਹਨ। ਅਹਿਮ ਸੂਤਰ ਦੱਸਦੇ ਹਨ ਕਿ ਪਰਿਵਾਰ ਨੇ ਬਾਦਲ ’ਤੇ ਇਹੋ ਦਬਾਓ ਪਾਇਆ ਹੈ ਕਿ ਬਾਗੀਆਂ ਨੂੰ ਹੁਣ ਮੂੰਹ ਨਾ ਲਾਇਆ ਜਾਵੇ ਪ੍ਰੰਤ ਬਾਦਲ ਖੁਦ ਹਾਲੇ ਵੀ ਜਲਦੀ ਪਾਰਟੀ ਸੰਕਟ ਨੂੰ ਨਜਿੱਠਣ ਦੇ ਰੌਂਅ ਵਿਚ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਐਮ.ਪੀ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਮਗਰੋਂ ਪਾਰਟੀ ਵਿਚ ਸੰਕਟ ਦੀ ਸ਼ੁਰੂਆਤ ਹੋਈ ਸੀ। ਅੱਜ ਢੀਂਡਸਾ ਦਿੱਲੀ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਪੁੱਜ ਗਏ ਹਨ ਜਦੋਂ ਕਿ ਬਾਦਲ ਪਰਿਵਾਰ ਅੱਜ ਦਿੱਲੀ ਵਿਖੇ ਇਕੱਠਾ ਹੋਇਆ ਹੈ।
          ਵੱਡੇ ਬਾਦਲ ਬਾਰੇ ਆਖਿਆ ਜਾਂਦਾ ਹੈ ਕਿ ਉਹ ਖਿਲਾਰੇ ਨੂੰ ਨੱਪਣ ਲਈ ਦੇਰ ਨਹੀਂ ਲਾਉਂਦੇ ਪ੍ਰੰਤੂ ਮਾਮਲਾ ਉਦੋਂ ਹੀ ਸ਼ੱਕੀ ਬਣ ਗਿਆ ਸੀ ਜਦੋਂ ਬਾਦਲ ਨੇ ਰੁੱਸਿਆ ਨੂੰ ਪਟਿਆਲਾ ਰੈਲੀ ਮਗਰੋਂ ਮਨਾਉਣ ਦੀ ਗੱਲ ਆਖੀ। ਪਟਿਆਲਾ ਰੈਲੀ ਮਗਰੋਂ ਰੁੱਸਿਆਂ ਨੂੰ ਮਨਾਉਣ ਦੀ ਥਾਂ ਪਿੰਡ ਬਾਦਲ ਪੁੱਜ ਗਏ ਤੇ ਕਰੀਬ ਡੇਢ ਦਿਨ ਫੁਰਸਤ ਵਿਚ ਰਹੇ। ਸੂਤਰ ਦੱਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਪਾਰਟੀ ਦੇ ਉਸ ਅਕਾਲੀ ਨੇਤਾ ’ਤੇ ਕਾਫੀ ਅੌਖ ਵਿਚ ਹਨ ਜਿਸ ਨੇ ਬਲਦੀ ਤੇ ਤੇਲ ਪਾਇਆ ਅਤੇ ਖੁਦ ਪਰਦੇ ਪਿਛੇ ਰਿਹਾ। ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਬਰਗਾੜੀ ਦੇ ਇਕੱਠ ਮਗਰੋਂ ਨਿਸ਼ਾਨਿਆਂ ਦੀ ਦਿਸ਼ਾ ਵੀ ਬਦਲਣ ਲੱਗਾ ਹੈ। ਕਾਂਗਰਸ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਨੂੰ ਬਰਗਾੜੀ ਵਿਚ ਇਕੱਠੇ ਹੋਏ ਨੇਤਾ ਹੁਣ ਸੱਜਰੀ ਚੁਣੌਤੀ ਵਜੋਂ ਦਿੱਖਦੇ ਹਨ।
                             ਹੁਣ ਆਖਰੀ ਫੈਸਲਾ ਲਵਾਂਗੇ : ਸੇਖਵਾਂ
ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦਾ ਕਹਿਣਾ ਸੀ ਕਿ ਪਾਰਟੀ ਲੀਡਰਸ਼ਿਪ ਤਰਫੋਂ ਪਟਿਆਲਾ ਰੈਲੀ ਮਗਰੋਂ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ ਜਿਸ ਤੋਂ ਲੀਡਰਸ਼ਿਪ ਦੀ ਪਾਰਟੀ ਬਚਾਉਣ ਦੀ ਪਹੁੰਚ ਸ਼ੱਕੀ ਜਾਪਦੀ ਹੈ। ਉਨ੍ਹਾਂ ਆਖਿਆ ਕਿ ਪਾਰਟੀ ਬਚਾਉਣੀ ਹੈ ਜਾਂ ਨਹੀਂ , ਇਹ ਤਾਂ ਲੀਡਰਸ਼ਿਪ ਦੀ ਮਰਜ਼ੀ ਹੈ। ਸੇਖਵਾਂ ਨੇ ਆਖਿਆ ਕਿ ਦੋ ਦਿਨਾਂ ਮਗਰੋਂ ਪਾਰਟੀ ਦੇ ਮਾਝੇ ਵਿਚਲੇ ਤਿੰਨੋਂ ਲੀਡਰਾਂ ਨੇ ਮੀਟਿੰਗ ਰੱਖੀ ਹੈ ਜਿਸ ਵਿਚ ਹੁਣ ਤਕਰੀਬਨ ਆਖਰੀ ਫੈਸਲਾ ਹੀ ਲਿਆ ਜਾਵੇਗਾ। ਬ੍ਰਹਮਪੁਰਾ ਪਰਿਵਾਰ ਵਿਚ ਕੋਈ ਸਮਾਜਿਕ ਪ੍ਰੋਗਰਾਮ ਹੋਣ ਕਰਕੇ ਮੀਟਿੰਗ ਲੇਟ ਹੋਈ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਰੈਲੀ ਤੋਂ ਪਹਿਲਾਂ ਤਾਂ ਲੀਡਰਸ਼ਿਪ ਨੇ ਸੰਪਰਕ ਕੀਤਾ ਸੀ ਪ੍ਰੰਤੂ ਮਗਰੋਂ ਨਹੀਂ।
                        ਏਦਾ ਦੀ ਕੋਈ ਗੱਲ ਨਹੀਂ : ਮਲੂਕਾ
ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ  ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਸੀ ਕਿ ਪਾਰਟੀ ਤੋਂ ਨਰਾਜ਼ ਆਗੂਆਂ ਨਾਲ ਅੰਦਰਖਾਤੇ ਤਾਂ ਗੱਲਬਾਤ ਚੱਲਦੀ ਹੀ ਹੋਵੇਗੀ ਅਤੇ ਏਦਾ ਦੀ ਕੋਈ ਗੱਲ ਨਹੀਂ ਕਿ ਪਾਰਟੀ ਲੀਡਰਸ਼ਿਪ ਨਰਾਜ਼ ਆਗੂਆਂ ਨੂੰ ਨਜ਼ਰਅੰਦਾਜ ਕਰੇਗੀ। ਮਲੂਕਾ ਨੇ ਆਖਿਆ ਕਿ ਨਰਾਜ਼ ਸੀਨੀਅਰ ਆਗੂਆਂ ਨੂੰ ਪਾਰਟੀ ਪਲੇਟਫਾਰਮ ’ਤੇ ਗੱਲ ਰੱਖਣੀ ਚਾਹੀਦੀ ਸੀ। ਉਨ੍ਹਾਂ ਆਖਿਆ ਕਿ ਜਲਦ ਹੀ ਕੋਰ ਕਮੇਟੀ ਦੀ ਮੀਟਿੰਗ ਵੀ ਹੋਵੇਗੀ ਅਤੇ ਮਾਮਲਾ ਵੀ ਨਜਿੱਠ ਲਿਆ ਜਾਵੇਗਾ।


No comments:

Post a Comment