Thursday, October 18, 2018

                   ਅਮੀਰ ਮਹਿਲਾ ਮੰਤਰੀ
ਬਾਦਲਾਂ ਦੀ ਨੂੰਹ ਕੋਲ ਸਾਢੇ 21 ਕਿੱਲੋ ਸੋਨਾ !
                      ਚਰਨਜੀਤ ਭੁੱਲਰ
ਬਠਿੰਡਾ : ‘ਵੱਡੇ ਘਰਾਂ ਦੇ ਵੱਡੇ ਤੋਹਫ਼ੇ’ , ਕੇਂਦਰੀ ਮੰਤਰੀ ਬੀਬਾ ਬਾਦਲ ’ਤੇ ਇਹ ਤੱਥ ਸੌ ਫ਼ੀਸਦੀ ਢੱੁਕਦੇ ਹਨ। ਜਿੱਦਾਂ ਉਨ੍ਹਾਂ ਦੇ ਵਿਹੜੇ ’ਚ ਤੋਹਫ਼ੇ ਛੱਪਰ ਪਾੜ ਕੇ ਡਿੱਗੇ ਹਨ, ਉਹ ਕੋਈ ਅਲੋਕਾਰੀ ਗੱਲ ਨਹੀਂ। ਗੱਲ ਇਹ ਵੀ ‘24 ਕੈਰਟ’ ਸੱਚ ਹੈ ਕਿ ਬੀਬੀ ਬਾਦਲ ਕੋਲ ਏਨਾ ਸੋਨਾ ਹੈ ਜਿਨ੍ਹਾਂ ਕਿਸੇ ਗ਼ਰੀਬ ਦੇ ਪੀਪੇ ’ਚ ਆਟਾ ਨਹੀਂ ਹੁੰਦਾ। ਬੇਸ਼ੱਕ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ‘ਮਜੀਠੀਆ ਪਰਿਵਾਰ’ ਦੇ ਮਾਲੀ ਪਿਛੋਕੜ ’ਤੇ ਵਿਅੰਗ ਕਸੇ ਸਨ ਪ੍ਰੰਤੂ ਹੁਣ ਮਜੀਠੀਆ ਪਰਿਵਾਰ ਨੇ ਆਪਣੀ ਧੀ ਹਰਸਿਮਰਤ ਨੂੰ ਵਰ੍ਹਾ 2017-18 ਦੌਰਾਨ ਕਰੋੜਾਂ ਰੁਪਏ ਦਾ ਤੋਹਫ਼ਾ ਦਿੱਤਾ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਉਰਫ਼ ‘ਬੀਬਾ ਬਾਦਲ’ ਨੂੰ ਆਪਣੇ ਮਾਪਿਆਂ ਤੋਂ ਕਰੀਬ 19 ਏਕੜ ਬਹੁਕੀਮਤੀ ਜ਼ਮੀਨ ਤੋਹਫ਼ੇ ਵਿਚ ਮਿਲੀ ਹੈ। ਪ੍ਰਧਾਨ ਮੰਤਰੀ ਦਫ਼ਤਰ ਕੋਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜੋ ਹੁਣ ਸਾਲ 2017-18 ਦੇ ਸੰਪਤੀ ਦੇ ਵੇਰਵੇ ਨਸ਼ਰ ਕੀਤੇ ਹਨ, ਉਨ੍ਹਾਂ ਅਨੁਸਾਰ ਸਤਿਆਜੀਤ ਸਿੰਘ ਮਜੀਠੀਆ, ਗੁਰਮੇਹਰ ਸਿੰਘ ਮਜੀਠੀਆ ਅਤੇ ਵਿਕਰਮਜੀਤ ਸਿੰਘ ਨੇ 153 ਕਨਾਲ਼ਾਂ 12 ਮਰਲੇ ਦੀ ‘ਗਿਫ਼ਟ ਡੀਡ’ 11 ਅਕਤੂਬਰ 2017 ਅਤੇ 21 ਦਸੰਬਰ 2017 ਨੂੰ ਹਰਸਿਮਰਤ ਕੌਰ ਬਾਦਲ ਦੇ ਨਾਮ ਕਰਾਈ  ਹੈ।
                 ਜ਼ਿਲ੍ਹਾ ਸਿਰਸਾ (ਹਰਿਆਣਾ) ਦੇ ਰਾਣੀਆ ਵਿਚ ਬੀਬੀ ਬਾਦਲ ਦੇ ਨਾਮ ’ਤੇ ਕਰੀਬ ਪੌਣੇ 31 ਏਕੜ ਖੇਤੀ ਵਾਲੀ ਜ਼ਮੀਨ ਹੈ। ਕੇਂਦਰੀ ਮੰਤਰੀ ਬੀਬਾ ਬਾਦਲ ਦੇ ਨਾਮ ’ਤੇ ਇੱਕ ‘ਗਿਫ਼ਟ ਡੀਡ’ 20 ਅਕਤੂਬਰ 2016 ਨੂੰ ਵੀ ਹੋਈ ਸੀ ਜੋ ਕਿ 255 ਕਨਾਲ਼ਾਂ 12 ਮਰਲੇ ਜ਼ਮੀਨ ਦੀ ਸੀ। ਦੋ ਸਾਲ ਪਹਿਲਾਂ ਤੱਕ ਬੀਬੀ ਬਾਦਲ ਦੇ ਨਾਮ ’ਤੇ ਕੋਈ ਖੇਤੀ ਵਾਲੀ ਜ਼ਮੀਨ ਨਹੀਂ ਸੀ। ਤੱਥਾਂ ਅਨੁਸਾਰ ਕੇਂਦਰੀ ਮੰਤਰੀ ਬਾਦਲ ਨੇ ਮਾਲੀ ਵਰ੍ਹਾ 2017-18 ਦੌਰਾਨ ਆਪਣੀ ਧੀ ਗੁਰਲੀਨ ਕੌਰ ਨੂੰ 20 ਏਕੜ ਦਾ ਤੋਹਫ਼ਾ ਦੇ ਕੇ ਆਪਣਾ ਫ਼ਰਜ਼ ਨਿਭਾਇਆ ਹੈ। ਬੀਬੀ ਬਾਦਲ ਨੇ 20 ਸਤੰਬਰ 2017 ਅਤੇ 31 ਅਕਤੂਬਰ 2017 ਨੂੰ ‘ਗਿਫ਼ਟ ਡੀਡ’ ਜ਼ਰੀਏ ਆਪਣੀ ਧੀ ਨੂੰ 162 ਏਕੜ 18 ਮਰਲੇ ਜ਼ਮੀਨ ਦੀ ਸੌਗਾਤ ਦਿੱਤੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਸਭ ਤੋਂ ਪਹਿਲਾਂ ਆਪਣੀ ਸੱਸ ਮਰਹੂਮ ਸੁਰਿੰਦਰ ਕੌਰ ਬਾਦਲ ਤੋਂ ਵਸੀਅਤ ਰਾਹੀਂ ਜਿਊਲਰੀ ਮਿਲੀ ਸੀ। ਇਸ ਵੇਲੇ ਬੀਬੀ ਬਾਦਲ ਕੋਲ 7.03 ਕਰੋੜ ਰੁਪਏ ਦੀ ਜਿਊਲਰੀ ਹੈ। ਸੋਨੇ ਦਾ ਅੱਜ ਦਾ ਭਾਅ 32.20 ਲੱਖ ਰੁਪਏ ਪ੍ਰਤੀ ਕਿੱਲੋ ਹੈ ਅਤੇ ਇਸ ਹਿਸਾਬ ਨਾਲ ਬੀਬੀ ਬਾਦਲ ਕੋਲ ਕਰੀਬ 21.50 ਕਿੱਲੋ ਸੋਨਾ ਹੈ।
         ਵੇਰਵਿਆਂ ਅਨੁਸਾਰ ਕੇਂਦਰੀ ਮੰਤਰੀ ਬਾਦਲ ਨੇ ਸਭਨਾਂ ਕੇਂਦਰੀ ਮਹਿਲਾ ਵਜ਼ੀਰਾਂ ਨੂੰ ਸੋਨੇ ਦੇ ਮਾਮਲੇ ’ਚ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਮੇਨਕਾ ਗਾਂਧੀ ਕੋਲ ਵੀ ਸਿਰਫ਼ ਸਵਾ ਕਰੋੜ ਦੇ ਗਹਿਣੇ ਹਨ। ਜਦੋਂ ਬੀਬੀ ਬਾਦਲ ਕੇਂਦਰੀ ਮੰਤਰੀ ਬਣੀ ਸੀ ਤਾਂ ਉਦੋਂ ਉਸ ਕੋਲ 5.40 ਕਰੋੜ ਦੀ ਜਵੈਲਰੀ ਸੀ ਜੋ ਹੁਣ ਵੱਧ ਕੇ 7.03 ਕਰੋੜ ਦੀ ਹੋ ਗਈ ਹੈ। ਲੰਘੇ ਮਾਲੀ ਵਰੇ੍ਹ ਦੌਰਾਨ ਬੀਬਾ ਬਾਦਲ ਦੀ ਕਰੀਬ 1.01 ਕਰੋੜ ਦੀ ਜਿਊਲਰੀ ਵਧੀ  ਹੈ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਾਲ 2014-15 ਦੌਰਾਨ ਬੀਬੀ ਬਾਦਲ ਨੂੰ 11.92 ਕਰੋੜ ਰੁਪਏ ਦੇ ਅੌਰਬਿਟ ਰਿਜ਼ਾਰਟ ਲਿਮਟਿਡ ਦੇ ਸ਼ੇਅਰ ਗਿਫ਼ਟ ਕੀਤੇ ਸਨ। ਇਵੇਂ ਹੀ ਸੁਖਬੀਰ ਸਿੰਘ ਬਾਦਲ ਨੂੰ ਪਿੰਡ ਬਾਦਲ ਵਿਚਲੇ ਰਿਹਾਇਸ਼ੀ ਮਕਾਨ ਦੀ ਜ਼ਮੀਨ ਤੋਹਫ਼ੇ ਵਿਚ ਮਿਲੀ ਸੀ।  ਸੁਖਬੀਰ ਸਿੰਘ ਕੋਲ ਇਸ ਵਕਤ ਸਿਰਫ਼ 9 ਲੱਖ ਰੁਪਏ ਦੀ ਜਵੈਲਰੀ ਹੈ ਅਤੇ ਦੋ ਮੈਸੀ ਟਰੈਕਟਰ ਵੀ ਹਨ। ਬਾਦਲ ਪਰਿਵਾਰ ਕੋਲ 29.70 ਲੱਖ ਦੇ ਖੇਤੀ ਮਸ਼ੀਨਰੀ ਤੇ ਸੰਦ ਤੋਂ ਇਲਾਵਾ 10.31 ਲੱਖ ਦਾ ਬਾਲਾਸਰ ਫਾਰਮ ਹਾਊਸ ਵਿਚ ਫ਼ਰਨੀਚਰ ਹੈ।
               ਬਾਦਲ ਪਰਿਵਾਰ ਦਾ 11.06 ਕਰੋੜ ਦਾ ਪਿੰਡ ਬਾਦਲ ਵਿਚ ਰਿਹਾਇਸ਼ੀ ਮਕਾਨ ਵੀ ਹੈ ਜਿਸ ਵਿਚ 1.66 ਕਰੋੜ ਦਾ ਇਕੱਲਾ ਫ਼ਰਨੀਚਰ ਹੈ ਜਦੋਂ ਕਿ ਬਾਲਾਸਰ ਫਾਰਮ ਹਾਊਸ ਤੇ 10.31 ਲੱਖ ਦਾ ਫ਼ਰਨੀਚਰ ਹੈ। ਜੋ ਬਾਦਲ ਪਰਿਵਾਰ ਦੀ ਹੋਰ ਸੰਪਤੀ ਹੈ, ਉਨ੍ਹਾਂ ਦੇ ਵੇਰਵੇ ਪਹਿਲਾਂ ਹੀ ਕਾਫ਼ੀ ਵਾਰ ਨਸ਼ਰ ਹੋ ਚੁੱਕੇ ਹਨ। ਸੁਖਬੀਰ ਦੇ ਲੜਕੇ ਦਾ ਵੀ ਇੱਕ ਬੈਂਕ ਖਾਤਾ ਹੈ ਜਿਸ ਵਿਚ ਕਰੀਬ 50.06 ਲੱਖ ਰੁਪਏ ਪਏ ਹਨ।

1 comment:

  1. ਕਦੇ ਇਸ ਦੇ ਮਾਪਿਆ ਕੋਲ ਕਾਰ ਦੇਣ ਨੂ ਵੇ ਪੈਸੇ ਹੈ ਨਹੀ ਸੀ!!!
    ਹੁਣ ਇਹ ਅਰਬਾਂਪਤੀ ਕਿਵੇ ਬਣ ਗਏ?

    ReplyDelete