Tuesday, October 9, 2018

                                                             ਜ਼ਿੰਦਗੀ ਦੇ ਰੰਗ
                                ਜੀਅ ਨੀ ਜਾਣ ਨੂੰ ਕਰਦਾ, ਰੰਗਲੀ ਦੁਨੀਆਂ ਤੋਂ..
                                                             ਚਰਨਜੀਤ ਭੁੱਲਰ
ਬਠਿੰਡਾ : ਹਲਕਾ ਗੁਰੂ ਹਰਸਹਾਏ ਦੇ ਬਜ਼ੁਰਗ ਮਨਜਿੰਦਰ ਸਿੰਘ ਨੂੰ ਹਾਲੇ ਵੀ ਜ਼ਿੰਦਗੀ ਛੋਟੀ ਲੱਗ ਰਹੀ ਹੈ। ਉਸ ਦੀ ਉਮਰ ਪੂਰੇ 120 ਵਰ੍ਹਿਆਂ ਦੀ ਹੋ ਗਈ ਹੈ। ਫਿਰ ਵੀ ਉਸ ਦਾ ਰੰਗਲੀ ਦੁਨੀਆਂ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ। ਉਸ ਨੇ ਜ਼ਿੰਦਗੀ ਦੇ ਹਰ ਰੰਗ ਵੇਖ ਲਏ ਹਨ। ਜ਼ਿੰਦਗੀ ਦੇ ਆਖ਼ਰੀ ਮੋੜ ’ਤੇ ਖੜੇ ਇਸ ਬਜ਼ੁਰਗ ਦੀ ਜੀਣ ਦੀ ਲਾਲਸਾ ਹਾਲੇ ਮਰੀ ਨਹੀਂ। ਇਸ ਹਲਕੇ ਦਾ ਰਵਿੰਦਰ ਸਿੰਘ 122 ਵਰ੍ਹਿਆਂ ਦਾ ਹੈ ਜੋ ਭਰਿਆ ਪਰਿਵਾਰ ਛੱਡ ਕੇ ਹਾਲੇ ਰੁਖ਼ਸਤ ਨਹੀਂ ਹੋਣਾ ਚਾਹੁੰਦਾ। ਜਦੋਂ ਕਿ ਹੁਣ ਮਨੁੱਖੀ ਜ਼ਿੰਦਗੀ ਦੀ ਅੌਸਤਨ ਉਮਰ ਕਾਫ਼ੀ ਹੇਠਾਂ ਆ ਗਈ ਹੈ ਪ੍ਰੰਤੂ ਪੁਰਾਣੇ ਬਜ਼ੁਰਗ ਹਾਲੇ ਜ਼ਿੰਦਾ ਹੈ ਜੋ ਸਾਡੇ ਕੋਲ ਪੁਰਾਣਾ ਮਨੱੁਖੀ ਖ਼ਜ਼ਾਨਾ ਹਨ। ਪੰਜਾਬ ਵਿਚ ਇਸ 255 ਬਜ਼ੁਰਗ ਅਜਿਹੇ ਹਨ ਜਿਨ੍ਹਾਂ ਦੀ ਉਮਰ 117 ਸਾਲਾਂ ਤੋਂ ਉੱਪਰ ਹੈ ਜਿਨ੍ਹਾਂ ਵਿਚ 108 ਅੌਰਤਾਂ ਹਨ ਜਦੋਂ ਕਿ 147 ਪੁਰਸ਼ ਹਨ। ਭੁੱਚੋ ਹਲਕੇ ਦਾ ਹਜ਼ਾਰਾ ਸਿੰਘ 119 ਵਰ੍ਹਿਆਂ ਦਾ ਹੈ ਅਤੇ ਧਰਮਕੋਟ ਹਲਕੇ ਦਾ ਗੁਰਤਾਰ ਸਿੰਘ ਵੀ 119 ਵਰ੍ਹਿਆਂ ਦੀ ਉਮਰ ਵਿਚ ਹੈ। ਇਨ੍ਹਾਂ ਬਜ਼ੁਰਗਾਂ ਦੇ ਲੰਮੇ ਚੌੜੇ ਪਰਿਵਾਰ ਹਨ। ਭਾਵੇਂ ਹੁਣ ਸਰੀਰਕ ਤੌਰ ’ਤੇ ਖੜਸੱੁਕ ਦਰਖ਼ਤ ਵਾਂਗ ਹਨ ਪ੍ਰੰਤੂ ਉਨ੍ਹਾਂ ਦੀ ਅੰਦਰਲਾ ਜਜ਼ਬਾ ਹਰਾ ਭਰਿਆ ਹੈ।  ਰਾਏਕੋਟ ਹਲਕੇ ਦੀ ਨਸੀਬ ਕੌਰ ਦੇ ਚੰਗੇ ਭਾਗ ਹਨ ਕਿ ਉਸ ਦੀ ਉਮਰ 107 ਸਾਲ ਹੈ। ਏਦਾਂ ਦੇ ਟਾਵੇਂ ਬਜ਼ੁਰਗ ਹੀ ਬਚੇ ਹਨ ਅਤੇ ਆਉਂਦੇ ਵਰ੍ਹਿਆਂ ਵਿਚ ਏਨੀ ਉਮਰ ਅਚੰਭਾ ਬਣ ਜਾਣੀ ਹੈ।
                  ਬਠਿੰਡਾ ਦੇ ਕਸਬਾ ਫੂਲ ਦਾ ਗੁਰਦਿਆਲ ਸਿੰਘ ਹੁਣ 116 ਵਰ੍ਹਿਆਂ ਦਾ ਹੈ ਜਿਸ ਦੀ ਹੁਣ ਸੱਤਵੀਂ ਪੀੜੀ ਚੱਲ ਰਹੀ ਹੈ। ਪਰਿਵਾਰ ਵਾਲੇ ਦੱਸਦੇ ਹਨ ਕਿ ਉਹ ਹਾਲੇ ਵੀ ਤੁਰ ਕੇ ਗੁਰੂ ਘਰ ਰੋਜ਼ਾਨਾ ਜਾਂਦਾ ਹੈ ਅਤੇ ਕਦੇ ਕੋਈ ਬਿਮਾਰੀ ਨੇੜੇ ਨਹੀਂ ਲੱਗੀ ਹੈ। ਪੰਜਾਬ ਵਿਚ 468 ਬਜ਼ੁਰਗ ਅੌਰਤਾਂ ਉਹ ਹਨ ਜਿਨ੍ਹਾਂ ਦੀ ਉਮਰ 105 ਸਾਲ ਦੇ ਆਸ ਪਾਸ ਹੈ। ਇਵੇਂ ਹੀ ਪੰਜਾਬ ਵਿਚ 5500 ਦੇ ਕਰੀਬ ਉਹ ਬਜ਼ੁਰਗ ਹਨ ਜਿਨ੍ਹਾਂ ਨੇ ਜ਼ਿੰਦਗੀ ਦਾ ਸੈਂਕੜਾ ਮਾਰ ਲਿਆ ਹੈ ਅਤੇ ਉਨ੍ਹਾਂ ਦੀ ਉਮਰ  100 ਸਾਲ ਤੋਂ 102 ਸਾਲ ਦੇ ਦਰਮਿਆਨ ਹੈ। ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਡਾ. ਰਵੀ ਰਵਿੰਦਰ ਦਾ ਪ੍ਰਤੀਕਰਮ ਸੀ ਕਿ ਇਨਸਾਨੀ ਫ਼ਿਤਰਤ ਹੈ ਕਿ ਮਨੁੱਖ ਦੀ ਜ਼ਿੰਦਗੀ ਨੂੰ ਜੀਣ ਦੀ ਸੱਧਰ ਕਦੇ ਮਰਦੀ ਨਹੀਂ। ਅੰਦਰਲਾ ਜਜ਼ਬਾ ਅਤੇ ਇੱਛਾ ਸ਼ਕਤੀ ਬਹੁਤੀਆਂ ਸਰੀਰਕ ਅਲਾਮਤਾਂ ਨੂੰ ਢਾਹ ਲੈਂਦੀ ਹੈ। ਪੁਰਾਣੇ ਖਾਣ ਪੀਣ ਦੇ ਤੌਰ ਤਰੀਕੇ ਅਤੇ ਕੁਦਰਤ ਦੇ ਨੇੜੇ ਹੋਣ ਕਰਕੇ ਸੌ ਦੀ ਉਮਰ ਪਾਰ ਕਰਨ ਵਾਲੇ ਬਹੁਤੇ ਬਜ਼ੁਰਗ ਹਨ। ਉਨ੍ਹਾਂ ਮਸ਼ਵਰਾ ਦਿੱਤਾ ਕਿ ਲੰਮੀ ਜ਼ਿੰਦਗੀ ਜੀਣ ਵਾਲੇ ਬਜ਼ੁਰਗਾਂ ’ਤੇ ਬਕਾਇਦਾ ਮੈਡੀਕਲ ਨਜ਼ਰੀਏ ਤੋਂ ਵੀ ਖੋਜ ਹੋਣੀ ਚਾਹੀਦੀ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਹਰਰੰਗਪੁਰਾ ਦੀ ਬਜ਼ੁਰਗ ਜੋੜੀ ਥੋੜ੍ਹਾ ਸਮਾਂ ਪਹਿਲਾਂ ਹੀ ਜਹਾਨੋਂ ਗਈ ਹੈ। ਹਰਰੰਗਪੁਰਾ ਦਾ ਭਗਵਾਨ ਸਿੰਘ 111 ਵਰ੍ਹਿਆਂ ਦਾ ਸੀ ਜਦੋਂ ਕਿ ਉਸ ਦੀ ਪਤਨੀ ਧੰਨ ਕੌਰ ਦੀ ਉਮਰ ਉਸ ਤੋਂ ਜ਼ਿਆਦਾ ਸੀ।
                   ਦੋਵੇਂ ਮੀਆਂ ਬੀਵੀ ਇਸ ਵਰੇ੍ਹ ਵਿਚ ਗੁਜਰ ਗਏ ਹਨ। ਗੁਰਦਾਸਪੁਰ ਦੇ ਕਾਦੀਆਂ ਹਲਕੇ ਦਾ ਫ਼ਤਿਹ ਸਿੰਘ ਵੀ ਇਸ ਵੇਲੇ 111 ਵਰ੍ਹਿਆਂ ਦਾ ਹੈ। ਹਰ ਵਰੇ੍ਹ ਏਦਾ ਦੇ ਬਜ਼ੁਰਗ ਭਰਿਆ ਸੰਸਾਰ ਛੱਡ ਕੇ ਜਾ ਰਹੇ ਹਨ। ਪੰਜਾਬ ਵਿਚ ਜੋ ਆਜ਼ਾਦੀ ਤੋਂ ਥੋੜ੍ਹੀ ਵੱਡੀ ਉਮਰ ਦੇ ਬਜ਼ੁਰਗ ਹਨ ਉਨ੍ਹਾਂ ਦੀ ਗਿਣਤੀ 4.88 ਲੱਖ ਬਣਦੀ ਹੈ ਜਿਨ੍ਹਾਂ ਵਿਚ 2.46 ਲੱਖ ਬਜ਼ੁਰਗ ਪੁਰਸ਼ ਅਤੇ 2.42 ਲੱਖ ਅੌਰਤਾਂ ਹਨ। ਇਨ੍ਹਾਂ ਬਜ਼ੁਰਗਾਂ ਦਾ ਜਨਮ ਬਟਵਾਰੇ ਦੌਰਾਨ ਜਾਂ ਫਿਰ ਵੰਡ ਦੇ ਨੇੜੇ ਹੋਇਆ। ਪੰਜਾਬ ਦੇ ਹਰ ਜ਼ਿਲ੍ਹੇ ਵਿਚ ਵਡੇਰੇ ਉਮਰ ਦੇ ਬਜ਼ੁਰਗ ਹਨ। ਪੰਚਾਇਤ ਯੂਨੀਅਨ ਦੇ ਸਾਬਕਾ ਆਗੂ ਬਲਦੇਵ ਸਿੰਘ ਝੰਡੂਕੇ ਦਾ ਕਹਿਣਾ ਸੀ ਕਿ ਮਾਲਵੇ ਵਿਚ ਤਾਂ ਰਵਾਇਤ ਹੈ ਕਿ ਜਦੋਂ ਵੀ ਕੋਈ ਬਜ਼ੁਰਗ ਲੰਮੀ ਉਮਰ ਭੋਗ ਕੇ ਸਰੀਰ ਛੱਡਦਾ ਹੈ ਤਾਂ ਉਸ ਦੇ ਭੋਗ ਸਮਾਗਮਾਂ ’ਤੇ ਮਠਿਆਈ ਪਕਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬਹੁਤੀਆਂ ਪੰਚਾਇਤਾਂ ਨੇ ਇਸ ਨੂੰ ਫ਼ਜ਼ੂਲ ਖ਼ਰਚੀ ਦੱਸ ਕੇ ਮਤੇ ਪਾਸ ਵੀ ਕੀਤੇ ਹਨ ਜਿਸ ਨੂੰ ਚੰਗਾ ਕਦਮ ਵੀ ਆਖਿਆ ਜਾ ਸਕਦਾ ਹੈ। ਯੂਨੀਵਰਸਿਟੀ ਕਾਲਜ ਘੁੱਦਾ ਦੀ ਡਾ. ਨੀਤੂ ਅਰੋੜਾ (ਕਵਿੱਤਰੀ) ਦਾ ਕਹਿਣਾ ਸੀ ਕਿ ਵੱਡੀ ਉਮਰ ਦੇ ਬਜ਼ੁਰਗ ਵੀ ਸਾਡਾ ਸਰਮਾਇਆ ਹਨ ਜੋ ਪੂਰਾ ਇਤਿਹਾਸ ਸਮੋਈ ਬੈਠੇ ਹਨ ਜਿਨ੍ਹਾਂ ਦੇ ਲੰਮੇਰੇ ਤਜਰਬਿਆਂ ਅਤੇ ਅੱਖੀਂ ਵੇਖੇ ਵਰਤਾਰਿਆਂ ਤੋਂ ਨਵਾਂ ਪੋਚ ਕਾਫ਼ੀ ਕੱੁਝ ਸਿੱਖ ਸਕਦਾ ਹੈ।
                                     16 ਹਜ਼ਾਰ ਬਜ਼ੁਰਗ ਬਾਦਲ ਦੇ ਹਾਣੀ !
ਇਨ੍ਹਾਂ ਦਿਨਾਂ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਵਡੇਰੇ ਉਮਰ ਤੋਂ ਚਰਚਾ ਵਿਚ ਹਨ। ਉਨ੍ਹਾਂ ਦੀ ਉਮਰ 93 ਸਾਲ ਹੈ। ਬਾਦਲ ਦੀ ਉਮਰ ਦੇ ਇਸ ਵੇਲੇ ਪੰਜਾਬ ਵਿਚ 16,277 ਬਜ਼ੁਰਗ (ਪੁਰਸ਼) ਹਨ। ਸਾਬਕਾ ਮੁੱਖ ਮੰਤਰੀ ਬਾਦਲ ਨੇ ਪਟਿਆਲਾ ਰੈਲੀ ਦੀ ਤਿਆਰੀ ਦੌਰਾਨ ਆਪਣੀ ਉਮਰ ਦੀ ਗੱਲ ਨੂੰ ਬਹੁਤ ਉਭਾਰਿਆ। ਉਨ੍ਹਾਂ ਤਕਰੀਬਨ ਹਰ ਮੀਟਿੰਗ ਵਿਚ ਆਖਿਆ ਕਿ ਉਹ 93 ਵਰ੍ਹਿਆਂ ਦਾ ਹੋ ਕੇ ਤਿਆਰੀ ਵਿਚ ਜੁਟਿਆ ਹੋਇਆ ਹੈ ਕਿਉਂਕਿ ਕਾਂਗਰਸ ਸਰਕਾਰ ਨੇ ਵੋਟ ਦਾ ਹੱਕ ਵੀ ਪੰਜਾਬੀਆਂ ਤੋਂ ਖੋਹ ਲਿਆ ਹੈ। ਹਾਸੇ ਹਾਸੇ ਵਿਚ ਵੀ ਬਾਦਲ ਕਈ ਦਫ਼ਾ ਆਖ ਚੁੱਕੇ ਹਨ ਕਿ ਉਹ ਤਾਂ ਹਾਲੇ ਜਵਾਨ ਹਨ।



No comments:

Post a Comment